ਧਰਮ ਨੂੰ ਭੁੱਲਦੇ ਜਾਣਾ ਜਾਂ ਉਸ ਦੇ ਹਕੀਕੀ ਰੂਪ ਤੋਂ ਅਣਭਿੱਜ ਰਹਿਣ ਦਾ ਹੀ ਨਤੀਜਾ ਹੈ ਕਿ ਵਿਅਕਤੀ ਹਰ ਪਲ ਦੁੱਖ ਤੇ ਪੀੜਾ ਨੂੰ ਹੰਢਾਉਂਦਾ ਹੈ। ਤਣਾਅ ਦਾ ਬੋਝ ਚੁੱਕੀ ਫਿਰਦਾ ਹੈ। ਚਿੰਤਾਵਾਂ ਨੂੰ ਵਿਰਾਮ ਨਹੀਂ ਦੇ ਪਾਉਂਦਾ। ਲਾਭ-ਹਾਨੀ, ਸੁੱਖ-ਦੁੱਖ, ਖ਼ੁਸ਼ੀ-ਗ਼ਮੀ ਨੂੰ ਜਿਊਂਦੇ ਹੋਏ ਜੀਵਨ ਦੇ ਅਰਥ ਨੂੰ ਅਰਥਹੀਣ ਬਣਾਉਂਦਾ ਹੈ। ਉਹ ਅਸੰਤੁਲਨ ਤੇ ਅਡੰਬਰ ’ਚ ਜਿਊਂਦੇ ਹੋਏ ਕਿਤੇ ਨਾ ਕਿਤੇ ਜੀਵਨ ਨੂੰ ਬੋਝ ਜਿਹਾ ਮਹਿਸੂਸ ਕਰਨ ਲੱਗਦਾ ਹੈ ਜਦਕਿ ਇਸ ਬੋਝ ਤੋਂ ਛੁਟਕਾਰਾ ਪਾਉਣ ਦਾ ਉਪਾਅ ਉਸੇ ਦੇ ਕੋਲ, ਉਸੇ ਦੇ ਅੰਦਰ ਹੈ। ਲੋੜ ਹੈ ਆਪਣੇ ਅੰਦਰ ਗੋਤਾ ਲਾਉਣ ਦੀ। ਜਦ ਵੀ ਉਹ ਇਸ ਤਰ੍ਹਾਂ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਜੀਵਨ ਤਾਂ ਬਹੁਤ ਅਨਮੋਲ, ਆਨੰਦਮਈ ਅਤੇ ਆਦਰਸ਼ ਹੈ। ਮਨੁੱਖ ਖ਼ੁਦ ਨੂੰ ਪਛਾਣਨ ਵਿਚ ਭੁੱਲ ਕਰ ਰਿਹਾ ਹੈ। ਇਹੀ ਕਾਰਨ ਹੈ ਕਿ ਉਹ ਸਮੱਸਿਆਵਾਂ ਨਾਲ ਘਿਰਿਆ ਹੋਇਆ ਹੈ। ਅਜਿਹੇ ਵਿਚ ਉਸ ਲਈ ਜ਼ਰੂਰੀ ਹੈ ਕਿ ਉਹ ਸੋਚੇ-ਮੈਂ ਜੋ ਕੁਝ ਹਾਂ, ਉਸ ਨੂੰ ਪ੍ਰਵਾਨ ਕਰਾਂ, ਜੋ ਨਹੀਂ ਹਾਂ, ਉਸ ਦਾ ਹੰਕਾਰ ਨਾ ਪਾਲਾਂ। ਆਖ਼ਰ ਖ਼ੁਦ ਨੂੰ ਖ਼ੁਦ ਤੋਂ ਵੱਧ ਹੋਰ ਕੌਣ ਜਾਣ ਸਕਦਾ ਹੈ। ਸ਼ੁੱਧ ਆਚਾਰ-ਸ਼ੁੱਧ ਵਿਹਾਰ ਤੇ ਸ਼ੁੱਧ ਵਿਚਾਰਾਂ ਨਾਲ ਜੁੜੀਆਂ ਚਰਿੱਤਰ ਸਬੰਧੀ ਵਿਆਖਿਆਵਾਂ ਹੀ ਧਰਮ ਦਾ ਹਕੀਕੀ ਸਰੂਪ ਹਨ। ਇਨ੍ਹਾਂ ’ਚ ਹੀ ਸੰਸਾਰਕ ਔਕੜਾਂ ਦਾ ਹੱਲ ਛੁਪਿਆ ਹੈ। ਅਸੀਂ ਧਰਮ ਦੀ ਸਾਰਥਕ ਬਣਤਰ ਚਾਹੁੰਦੇ ਹਾਂ ਪਰ ਉਸ ਵਾਸਤੇ ਸਾਧਨ ਗ਼ਲਤ ਚੁਣਦੇ ਹਾਂ। ਆਚਰਣ ਗ਼ਲਤ ਕਰਦੇ ਹਾਂ। ਤਰੀਕਾ ਗ਼ਲਤ ਅਪਣਾਉਂਦੇ ਹਾਂ। ਸ਼ੈਲੀ ਤੇ ਮਾਨਕ ਵੀ ਗ਼ਲਤ ਬੁਣਦੇ ਹਾਂ। ਤਦ ਭਲਾ ਧਰਮ ਦਾ ਹਕੀਕੀ ਰੂਪ ਕਿਵੇਂ ਉਜਾਗਰ ਹੋਵੇਗਾ। ਭਗਵਾਨ ਮਹਾਵੀਰ ਨੇ ਕਿਹਾ ਹੈ ਕਿ ਧਰਮ ਦਾ ਸਹੀ ਅਰਥ ਸਮਝੋ। ਧਰਮ ਨੂੰ ਸਹੀ ਅਰਥ ਵਿਚ ਮਾਣੋ। ਧਰਮ ਸਾਨੂੰ ਸੁੱਖ-ਸ਼ਾਂਤੀ, ਖ਼ੁਸ਼ਹਾਲੀ ਤੇ ਸਮਾਧੀ ਹੁਣੇ ਦੇਵੇ ਜਾਂ ਭਵਿੱਖ ’ਚ, ਇਸ ਦਾ ਮੁੱਲ ਨਹੀਂ। ਮੁੱਲ ਹੈ ਧਰਮ ਤੁਹਾਨੂੰ ਭਾਈਚਾਰੇ, ਪਵਿੱਤਰਤਾ, ਸੰਵੇਦਨਾ ਅਤੇ ਕਰਨਯੋਗ ਤੇ ਨਾ-ਕਰਨਯੋਗ ਦੀ ਸੋਝੀ ਦਾ ਅਜਿਹਾ ਸੂਤਰ ਦਿੰਦਾ ਹੈ ਕਿ ਹਰ ਹਾਲਾਤ ’ਚ ਆਨੰਦ ਦਾ ਅਹਿਸਾਸ ਕਰ ਸਕੀਏ। ਸੱਚਮੁੱਚ ਹੀ ਮਹਾਵੀਰ ਦੇ ਦਰਸਾਏ ਗਏ ਉਹ ਸਾਰੇ ਸੱਚ ਧਰਮ ਦੇ ਵਿਆਖਿਆ ਸੂਤਰ ਬਣੇ ਹਨ ਜਿਨ੍ਹਾਂ ਨੂੰ ਉਨ੍ਹਾਂ ਨੇ ਅਪਣਾਇਆ ਹੀ ਨਹੀਂ ਸਗੋਂ ਸਾਧਨਾ ਦੀਆਂ ਡੂੰਘਾਈਆਂ ’ਚ ਉਤਰ ਕੇ ਹਾਸਲ ਕੀਤਾ ਸੀ। ਅੱਜ ਸਾਨੂੰ ਵੀ ਉਨ੍ਹਾਂ ਦੇ ਨਜ਼ਰੀਏ ਮੁਤਾਬਕ ਧਰਮ ਨੂੰ ਧਾਰਨ ਕਰਨਾ ਨਹੀਂ, ਸਗੋਂ ਜਿਊਣਾ ਚਾਹੀਦਾ ਹੈ।-ਲਲਿਤ ਗਰਗ।

Posted By: Shubham Kumar