ਇੱਜ਼ਤ-ਮਾਣ ਹਾਸਲ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹੋ ਹੈ ਕਿ ਅਸੀਂ ਵੀ ਦੂਜਿਆਂ ਦਾ ਅਦਬ ਕਰੀਏ। ਜਦ ਅਸੀਂ ਦੂਜਿਆਂ ਦਾ ਸਨਮਾਨ ਕਰਦੇ ਹਾਂ ਤਾਂ ਸਾਡੇ ਸ਼ਿਸ਼ਟਾਚਾਰ ਤੋਂ ਪ੍ਰਭਾਵਿਤ ਹੋ ਕੇ ਉਹ ਵੀ ਸਾਡਾ ਸਨਮਾਨ ਕਰਦੇ ਹਨ। ਸਾਡੇ ਵਿਵਹਾਰ ਨਾਲ ਸਾਡਾ ਇਕ ਅਕਸ ਬਣਦਾ ਹੈ ਅਤੇ ਸਮਾਜ ਇਸੇ ਅਕਸ ਨਾਲ ਸਾਨੂੰ ਜਾਣਦਾ-ਪਛਾਣਦਾ ਹੈ। ਸਮਾਜ ਵਿਚ ਜਿਸ ਮਨੁੱਖ ਦਾ ਜਿਹੋ-ਜਿਹਾ ਅਕਸ ਬਣਦਾ ਹੈ, ਲੋਕ ਉਸ ਨੂੰ ਉਸੇ ਰੂਪ ਵਿਚ ਯਾਦ ਕਰਦੇ ਹਨ। ਕੋਈ ਵਿਅਕਤੀ ਕਿੰਨਾ ਹੀ ਅਮੀਰ ਜਾਂ ਰੂਪਵਾਨ ਕਿਉਂ ਨਾ ਹੋਵੇ ਪਰ ਜੇ ਉਸ ਦਾ ਵਿਵਹਾਰ ਚੰਗਾ ਨਹੀਂ ਹੈ ਤਾਂ ਉਸ ਦੇ ਅਮੀਰ ਅਤੇ ਰੂਪਵਾਨ ਹੋਣ ਦੇ ਕੋਈ ਮਾਇਨੇ ਨਹੀਂ ਹਨ। ਜਦ ਅਸੀਂ ਦੂਜਿਆਂ ਦਾ ਸਨਮਾਨ ਨਹੀਂ ਕਰਾਂਗੇ ਤਾਂ ਉਹ ਸਾਨੂੰ ਘੁਮੰਡੀ ਸਮਝਣਗੇ ਅਤੇ ਸਾਡਾ ਸਨਮਾਨ ਵੀ ਨਹੀਂ ਕਰਨਗੇ। ਲੋਕ ਤੁਹਾਡਾ ਮੁਲੰਕਣ ਧਨ-ਦੌਲਤ ਜਾਂ ਸੁੰਦਰਤਾ ਦੇਖ ਕੇ ਨਹੀਂ ਕਰਦੇ ਸਗੋਂ ਮਨੁੱਖ ਆਪਣੀ ਵਿਵਹਾਰ ਕੁਸ਼ਲਤਾ ਨਾਲ ਹੀ ਜਾਣਿਆ ਜਾਂਦਾ ਹੈ। ਮਹਾਤਮਾ ਗਾਂਧੀ ਕਹਿੰਦੇ ਹਨ ਕਿ ਸੱਚੀ ਦੌਲਤ ਸੋਨਾ-ਚਾਂਦੀ ਨਹੀਂ ਸਗੋਂ ਖ਼ੁਦ ਮਨੁੱਖ ਹੀ ਹੈ। ਮਨੁੱਖ ਨੂੰ ਧਨ ਦੀ ਖੋਜ ਧਰਤੀ ਦੇ ਅੰਦਰੋਂ ਨਹੀਂ ਸਗੋਂ ਆਪਣੇ ਹਿਰਦੇ 'ਚ ਹੀ ਕਰਨੀ ਹੈ। ਸਮਾਜਿਕ ਪ੍ਰਾਣੀ ਹੋਣ ਦੇ ਨਾਤੇ ਮਨੁੱਖ ਦਾ ਇਹ ਕਰਤੱਵ ਹੈ ਕਿ ਉਹ ਸਮਾਜ ਦੇ ਨਿਯਮਾਂ ਦੀ ਪਾਲਣਾ ਕਰੇ। ਸਾਹਮਣੇ ਵਾਲੇ ਵਿਅਕਤੀ ਨਾਲ ਮਾੜਾ ਵਿਵਹਾਰ ਨਾ ਕਰੋ। ਅਸੀਂ ਜਿਹੋ-ਜਿਹਾ ਵਿਵਹਾਰ ਦੂਜਿਆਂ ਨਾਲ ਕਰਾਂਗੇ, ਉਹੋ ਜਿਹਾ ਵਿਵਹਾਰ ਦੂਜੇ ਵੀ ਸਾਡੇ ਨਾਲ ਕਰਨਗੇ। ਇਸ ਲਈ ਸਾਨੂੰ ਦੂਜਿਆਂ ਤੋਂ ਆਦਰ-ਮਾਣ ਦੀ ਇੱਛਾ ਰੱਖਣ ਤੋਂ ਪਹਿਲਾਂ ਸਾਨੂੰ ਉਨ੍ਹਾਂ ਦੀ ਇੱਜ਼ਤ ਵੀ ਕਰਨੀ ਚਾਹੀਦੀ ਹੈ। ਸਾਡੇ ਚੰਗੇ ਵਿਵਹਾਰ ਨਾਲ ਜਿੱਥੇ ਸਾਹਮਣੇ ਵਾਲਾ ਪ੍ਰਭਾਵਿਤ ਹੁੰਦਾ ਹੈ, ਉੱਥੇ ਹੀ ਸਾਨੂੰ ਵੀ ਅੰਦਰੋਂ ਖ਼ੁਸ਼ੀ ਮਿਲਦੀ ਹੈ। ਮਨੁੱਖ ਆਪਣੀਆਂ ਹੀ ਨਜ਼ਰਾਂ ਵਿਚ ਉੱਠਦਾ ਅਤੇ ਡਿੱਗਦਾ ਹੈ। ਜਦ ਮਨੁੱਖ ਆਪਣੀਆਂ ਨਜ਼ਰਾਂ ਤੋਂ ਡਿੱਗਦਾ ਹੈ ਤਾਂ ਉਸ ਦੀ ਅੰਤਰ-ਆਤਮਾ ਉਸ ਨੂੰ ਨਕਾਰਦੀ ਹੈ ਅਤੇ ਜਦ ਉਹ ਆਪਣੀਆਂ ਨਜ਼ਰਾਂ ਵਿਚ ਉੱਠਦਾ ਹੈ ਤਾਂ ਉਸ ਦੀ ਅੰਤਰ-ਆਤਮਾ ਉਸ ਦਾ ਹੌਸਲਾ ਵਧਾਉਂਦੀ ਹੈ। ਮਨੁੱਖ ਦੀ ਬੋਲ-ਬਾਣੀ ਉਸ ਲਈ ਵਰਦਾਨ ਵੀ ਹੋ ਸਕਦੀ ਹੈ ਤੇ ਸਰਾਪ ਵੀ। ਮਿੱਠੇ ਵਚਨ ਦਵਾਈ ਦਾ ਕੰਮ ਕਰਦੇ ਹਨ ਜਦਕਿ ਕੌੜੇ ਵਚਨ ਦਿਲ 'ਤੇ ਤੀਰ ਦੀ ਤਰ੍ਹਾਂ ਵੱਜਦੇ ਹਨ। ਮਨੁੱਖ ਨੂੰ ਸਦਾ ਇਹੋ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਆਪਣੇ ਵਤੀਰੇ ਨਾਲ ਸਮਾਜ ਵਿਚ ਆਦਰਸ਼ ਸਥਾਪਤ ਕਰੇ। ਅਜਿਹਾ ਕਰਨ ਲਈ ਉਸ ਨੂੰ ਆਪਣੀ ਸੋਚ ਨੂੰ ਵਿਕਸਤ ਕਰਨਾ ਚਾਹੀਦਾ ਹੈ। ਜਦ ਅਸੀਂ ਆਪਣੀ ਸੋਚ ਨੂੰ ਵਿਕਸਤ ਕਰਦੇ ਹਾਂ ਤਾਂ ਸਾਡਾ ਗਿਆਨ ਦਾ ਦਾਇਰਾ ਵਧਦਾ ਹੈ। ਉਦੋਂ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਹਰ ਵਿਅਕਤੀ ਸਾਡੇ ਵਾਂਗ ਹੀ ਹੈ ਅਤੇ ਉਦੋਂ ਅਸੀਂ ਨਰ ਵਿਚ ਨਾਰਾਇਣ ਲੱਭ ਲੈਂਦੇ ਹਾਂ।

-ਅਚਾਰੀਆ ਅਨਿਲ ਵਤਸ।

Posted By: Jagjit Singh