Makar Sankranti 2022 : ਹਿੰਦੂ ਧਰਮ 'ਚ ਸੂਰਜ ਦੇਵ ਨੂੰ ਪ੍ਰਤੱਖ ਦੇਵ ਕਿਹਾ ਜਂਦਾ ਹੈ। ਜੋ ਰੋਜ਼ਾਨਾ ਸਾਕਸ਼ਾਤ ਦਰਸ਼ਨ ਦੇ ਕੇ ਸਾਰੇ ਜਗਤ ਵਿਚ ਊਰਜਾ ਦਾ ਸੰਚਾਰ ਕਰਦੇ ਹਨ। ਧਰਤੀ ਉੱਤੇ ਰਹਿਣ ਵਾਲੇ ਸਾਰੇ ਜੀਵ ਸੂਰਜ ਦੇਵ ਦੀ ਸ਼ਕਤੀ ਦੁਆਰਾ ਨਿਯੰਤਰਿਤ ਹਨ। ਇਸ ਦੇ ਨਾਲ ਹੀ ਭਾਰਤੀ ਜੋਤਿਸ਼ 'ਚ ਸੂਰਜ ਨੂੰ ਨੌਂ ਗ੍ਰਹਿਆਂ ਦਾ ਸਵਾਮੀ ਮੰਨਿਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਸੂਰਜ ਆਪਣੀ ਨਿਯਮਤ ਗਤੀ ਨਾਲ ਆਪਣੀ ਰਾਸ਼ੀ ਬਦਲਦੇ ਹਨ। ਸੂਰਜ ਦੇ ਇਸ ਰਾਸ਼ੀ ਪਰਿਵਰਤਨ ਨੂੰ ਸੰਕ੍ਰਾਂਤੀ ਕਿਹਾ ਜਾਂਦਾ ਹੈ। ਇਸ ਤਰ੍ਹਾਂ ਸਾਲ ਵਿਚ 12 ਸੰਕ੍ਰਾਂਤੀ ਤਿਥੀਆਂ ਆਉਂਦੀਆਂ ਹਨ ਜਿਨ੍ਹਾਂ ਵਿਚੋਂ ਮਕਰ ਸੰਕ੍ਰਾਂਤੀ ਸਭ ਤੋਂ ਅਹਿਮ ਹੈ।ਆਓ ਜਾਣਦੇ ਹਾਂ ਮਕਰ ਸੰਕ੍ਰਾਂਤੀ ਦੀ ਸਹੀ ਤਾਰੀਖ ਅਤੇ ਮਹੱਤਤਾ ਬਾਰੇ...

ਮਕਰ ਸੰਕ੍ਰਾਂਤੀ ਦੀ ਤਿਥੀ

ਹਿੰਦੂ ਧਰਮ ਤੇ ਜੋਤਿਸ਼ ਸ਼ਾਸਤਰ ਅਨੁਸਾਰ, ਜਦੋਂ ਸੂਰਜ ਮਕਰ ਰਾਸ਼ੀ ਵਿਚ ਪ੍ਰਵੇਸ਼ ਕਰਦਾ ਹੈ ਤਾਂ ਇਸ ਘਟਨਾ ਨੂੰ ਮਕਰ ਸੰਕ੍ਰਾਂਤੀ ਕਿਹਾ ਜਾਂਦਾ ਹੈ। ਸੂਰਜ ਦੀ ਗਤੀ ਨਿਯਮਤ ਹੈ, ਜਿਸ ਕਾਰਨ ਹਰ ਸਾਲ 14 ਜਨਵਰੀ ਨੂੰ ਮਕਰ ਸੰਕ੍ਰਾਂਤੀ ਮਨਾਈ ਜਾਂਦੀ ਹੈ। ਇਸ ਲਈ ਇਸ ਸਾਲ ਵੀ ਮਕਰ ਸੰਕ੍ਰਾਂਤੀ 14 ਜਨਵਰੀ 2022 ਨੂੰ ਮਨਾਈ ਜਾਵੇਗੀ। ਇਹ ਦਿਨ ਸ਼ੁੱਕਰਵਾਰ ਹੈ। ਮਕਰ ਸੰਕ੍ਰਾਂਤੀ ਦਾ ਦਿਨ ਬਹੁਤ ਹੀ ਸ਼ੁਭ ਅਤੇ ਵਿਸ਼ੇਸ਼ ਮੰਨਿਆ ਜਾਂਦਾ ਹੈ। ਇਸ ਦਿਨ ਪੂਰੇ ਭਾਰਤ ਵਿੱਚ ਕੋਈ ਨਾ ਕੋਈ ਤਿਉਹਾਰ ਮਨਾਇਆ ਜਾਂਦਾ ਹੈ। ਉੱਤਰੀ ਭਾਰਤ 'ਚ ਜਿੱਥੇ ਇਸ ਦਿਨ ਨੂੰ ਖਿਚੜੀ ਜਾਂ ਉੱਤਰਾਇਨ ਵਜੋਂ ਮਨਾਇਆ ਜਾਂਦਾ ਹੈ ਉੱਥੇ ਹੀ ਦੱਖਣੀ ਭਾਰਤ ਵਿਚ ਇਸਨੂੰ ਪੋਂਗਲ ਤੇ ਅਸਾਮ 'ਚ ਬੀਹੂ ਦੇ ਰੂਪ ਵਿੱਚ ਮਨਾਉਣ ਦੀ ਪਰੰਪਰਾ ਹੈ।

ਮਕਰ ਸੰਕ੍ਰਾਂਤੀ ਦਾ ਮਹੱਤਵ

ਜੋਤਿਸ਼ ਸ਼ਾਸਤਰ ਅਨੁਸਾਰ ਸਾਲ ਵਿਚ 12 ਸੰਕ੍ਰਾਂਤੀਆਂ ਆਉਂਦੀਆਂ ਹਨ ਪਰ ਇਨ੍ਹਾਂ ਵਿੱਚੋਂ ਮਕਰ ਸੰਕ੍ਰਾਂਤੀ ਦਾ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਸੂਰਜ ਦੇ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰਨ ਦੇ ਨਾਲ ਹੀ ਉੱਤਰਾਇਣ ਦੀ ਸ਼ੁਰੂਆਤ ਹੁੰਦੀ ਹੈ। ਇਸ ਲਈ ਇਸ ਦਿਨ ਨੂੰ ਉੱਤਰਾਇਣ ਵੀ ਕਿਹਾ ਜਾਂਦਾ ਹੈ। ਇਸ ਦਿਨ ਤੋਂ ਦੇਸ਼ ਵਿੱਚ ਦਿਨ ਲੰਬੇ ਅਤੇ ਰਾਤਾਂ ਛੋਟੀਆਂ ਹੋਣ ਲੱਗਦੀਆਂ ਹਨ। ਸਰਦੀ ਰੁੱਤ ਦਾ ਅਸਰ ਘਟਣਾ ਸ਼ੁਰੂ ਹੋ ਜਾਂਦਾ ਹੈ। ਸੂਰਜ ਦੀ ਉੱਤਰਾਇਨ ਸਥਿਤੀ ਨੂੰ ਦੇਵਤਿਆਂ ਦਾ ਦਿਨ ਕਿਹਾ ਜਾਂਦਾ ਹੈ। ਇਸ ਸਮੇਂ ਦੌਰਾਨ ਲੋਕ ਦੇਵਤਿਆਂ ਦੇ ਅਸ਼ੀਰਵਾਦ ਨਾਲ ਨਵੀਂ ਊਰਜਾ ਤੇ ਉਤਸ਼ਾਹ ਨਾਲ ਆਪਣੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਦੇ ਹਨ। ਇਸ ਦਿਨ ਗੰਗਾ, ਯਮੁਨਾ ਆਦਿ ਪਵਿੱਤਰ ਨਦੀਆਂ 'ਚ ਇਸ਼ਨਾਨ ਕਰਨਾ ਵਿਸ਼ੇਸ਼ ਫਲਦਾਇਕ ਮੰਨਿਆ ਜਾਂਦਾ ਹੈ।

ਡਿਸਕਲੇਮਰ

"ਇਸ ਲੇਖ 'ਚ ਸ਼ਾਮਲ ਕਿਸੇ ਵੀ ਜਾਣਕਾਰੀ/ਸਮੱਗਰੀ/ਗਣਨਾ ਦੀ ਸ਼ੁੱਧਤਾ ਜਾਂ ਭਰੋਸੇਯੋਗਤਾ ਦੀ ਗਰੰਟੀ ਨਹੀਂ ਹੈ। ਇਹ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਕਾਂ/ਪ੍ਰਵਚਨਾਂ/ਵਿਸ਼ਵਾਸਾਂ/ਧਾਰਮਿਕ ਗ੍ਰੰਥਾਂ ਤੋਂ ਇਕੱਠੀ ਕਰਕੇ ਤੁਹਾਡੇ ਤਕ ਪਹੁੰਚਾਈ ਗਈ ਹੈ। ਸਾਡਾ ਮਕਸਦ ਸਿਰਫ ਸੂਚਨਾ ਪਹੁੰਚਾਉਣਾ ਹੈ, ਇਸ ਦੇ ਉਪਭੋਗਤਾਵਾਂ ਨੂੰ ਸਿਰਫ ਜਾਣਕਾਰੀ ਦੇ ਅਧੀਨ ਲੈਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਇਸਦੀ ਕਿਸੇ ਵੀ ਵਰਤੋਂ ਦੀ ਜ਼ਿੰਮੇਵਾਰੀ ਉਪਭੋਗਤਾ ਦੀ ਖੁਦ ਹੋਵੇਗੀ।

Posted By: Seema Anand