ਜਦੋਂ ਅਸਾੀਂ ਬਿਨਾਂ ਕਿਸੇ ਸਵਾਰਥ ਤੋਂ ਦਾਨ ਕਰਦੇ ਹਾਂ ਤਾਂ ਉਸ ਸੁੱਖ ਦਾ ਅਹਿਸਾਸ ਸਾਨੂੰ ਸੰਤੁਸ਼ਟੀ ਦਿੰਦਾ ਹੈ। ਸ਼ਾਸਤਰਾਂ ਵਿਚ ਦਾਨ ਨੂੰ ਵਿਸ਼ੇਸ਼ ਦਰਜਾ ਇਸ ਲਈ ਵੀ ਦਿੱਤਾ ਗਿਆ ਹੈ ਕਿ ਇਸ ਪੁੰਨ ਕਾਰਜ ਸਦਕਾ ਸਮਾਜ ’ਚ ਬਰਾਬਰੀ ਦਾ ਭਾਵ ਬਣਿਆ ਰਹਿੰਦਾ ਹੈ ਤੇ ਜ਼ਰੂਰਤਮੰਦਾਂ ਨੂੰ ਵੀ ਜੀਵਨ ਲਈ ਉਪਯੋਗੀ ਚੀਜ਼ਾਂ ਪ੍ਰਾਪਤ ਹੋ ਜਾਂਦੀਆਂ ਹਨ।

ਅੰਨ, ਜਲ, ਘੋੜਾ, ਗਊ, ਕੱਪੜੇ ਆਦਿ ਦਾ ਦਾਨ ਬਹੁਤ ਸ਼ੁਭ ਫਲਦਾਇਕ ਹੁੰਦਾ ਹੈ। ਜ਼ਰੂਰਤਮੰਦ ਨੂੰ ਘਰ ਜਾ ਕੇ ਦਿੱਤਾ ਗਿਆ ਦਾਨ ਉੱਤਮ ਹੁੰਦਾ ਹੈ। ਕਿਸੇ ਰੋਗੀ ਦੀ ਸੇਵਾ ਕਰਨੀ, ਦੇਵਤਿਆਂ ਦਾ ਪੂਜਨ ਅਤੇ ਗਿਆਨੀ ਲੋਕਾਂ ਦੀ ਸੇਵਾ ਕਰਨੀ, ਇਹ ਤਿੰਨੇ ਕੰਮ ਵੀ ਗਊ ਦਾਨ ਦੇ ਬਰਾਬਰ ਪੁੰਨ ਦੇਣ ਵਾਲੇ ਹੁੰਦੇ ਹਨ। ਇਸੇ ਤਰ੍ਹਾਂ ਦੀਨ, ਹੀਣ, ਗ਼ਰੀਬ, ਅਨਾਥ, ਅੰਗਹੀਣ ਅਤੇ ਰੋਗੀ ਮਨੁੱਖ ਦੀ ਸੇਵਾ ਲਈ ਜੋ ਧਨ ਦਿੱਤਾ ਜਾਂਦਾ ਹੈ, ਉਸ ਨਾਲ ਵੀ ਬਹੁਤ ਪੁੰਨ ਪ੍ਰਾਪਤ ਹੁੰਦਾ ਹੈ।

ਯੂਨੀਵਰਸਿਟੀ ਆਫ ਬਫੈਲੋ ਦੇ ਖੋਜਾਰਥੀ ਮਾਈਕਲ ਜੇ. ਪਾਲਿਨ ਨੇ ਅਧਿਐਨ ਮਗਰੋਂ ਇਹ ਸਿੱਟਾ ਕੱਢਿਆ ਹੈ ਕਿ ਦੂਜਿਆਂ ਦਾ ਸਹਿਯੋਗ ਕਰਨਾ ਸਾਡੀ ਸਿਹਤ ਲਈ ਵੀ ਫ਼ਾਇਦੇਮੰਦ ਹੁੰਦਾ ਹੈ। ਸਮਾਜ ਤੋਂ ਅਲੱਗ-ਥਲੱਗ ਰਹਿਣ ਵਾਲੇ ਅਤੇ ਤਣਾਅ ਵਿਚ ਜਿਊਣ ਵਾਲੇ ਲੋਕ ਜਲਦੀ ਹੀ ਸਰੀਰਕ ਰੋਗਾਂ ਦਾ ਸ਼ਿਕਾਰ ਹੋ ਜਾਂਦੇ ਹਨ ਜਦਕਿ ਦੂਜਿਆਂ ਦੀ ਮਦਦ ਕਰਨ ’ਤੇ ਸਾਨੂੰ ਲੰਬੀ ਉਮਰ ਮਿਲਦੀ ਹੈ। ਕਿਹਾ ਵੀ ਗਿਆ ਹੈ ਕਿ ਮਨੁੱਖ ਨੂੰ ਆਪਣੇ ਕਮਾਏ ਧਨ ਦਾ ਦਸਵਾਂ ਹਿੱਸਾ ਯਾਨੀ ਦਸਵੰਧ ਕਿਸੇ ਸ਼ੁਭ ਕੰਮ ਭਾਵ ਦਾਨ ਵਿਚ ਲਗਾਉਣਾ ਚਾਹੀਦਾ ਹੈ।

ਇਸ ਵਿਚ ਗਊਸ਼ਾਲਾ ਨੂੰ ਦਾਨ, ਗ਼ਰੀਬ ਬੱਚਿਆਂ ਦੀ ਸਿੱਖਿਆ ਦਾ ਪ੍ਰਬੰਧ ਜਾਂ ਗ਼ਰੀਬਾਂ ਨੂੰ ਭੋਜਨ ਖੁਆਉਣਾ ਸ਼ਾਮਲ ਹੈ। ਦਾਨ ਦੇਣਾ ਸਾਡੇ ਵਿਚਾਰਾਂ ਅਤੇ ਸਾਡੀ ਸ਼ਖ਼ਸੀਅਤ ’ਤੇ ਮਨੋਵਿਗਿਆਨਕ ਪ੍ਰਭਾਵ ਵੀ ਪਾਉਂਦਾ ਹੈ। ਸਾਡੀ ਵਿਰਾਸਤ ਤੇ ਸੱਭਿਆਚਾਰ ਸਾਨੂੰ ਬਚਪਨ ਤੋਂ ਹੀ ਦਾਨ ਦੇਣਾ ਸਿਖਾਉਂਦੇ ਹਨ ਨਾ ਕਿ ਲੈਣਾ। ਮਾਤਾ-ਪਿਤਾ, ਗੁਰੂ, ਮਿੱਤਰ, ਬੇਨਤੀਕਰਤਾ, ਉਪਕਾਰ ਕਰਨ ਵਾਲੇ, ਦੀਨ ਅਤੇ ਸੱਜਣ ਨੂੰ ਦਾਨ ਦੇਣਾ ਚੰਗਾ ਫਲ ਦਿੰਦਾ ਹੈ।

ਦਾਨ ਦੇ ਸਬੰਧ ਵਿਚ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਜੇ ਤੁਸੀਂ ਕਿਸੇ ਦਬਾਅ ਹੇਠ ਜਾਂ ਦਿਖਾਵੇ ਲਈ ਦਾਨ ਕਰਦੇ ਹੋ ਤਾਂ ਤੁਹਾਡੇ ਦਾਨ ਦਾ ਕੋਈ ਮਤਲਬ ਨਹੀਂ ਰਹਿੰਦਾ। ਸਾਰੇ ਧਰਮ ਪਰਉਪਕਾਰ ਦੀ ਹੀ ਸਿੱਖਿਆ ਦਿੰਦੇ ਹਨ। ਉਂਜ ਵੀ ਸਮਾਜ ਵਿਚ ਲੈਣਾ-ਦੇਣਾ ਬਣਿਆ ਰਹਿੰਦਾ ਹੈ। ਕੋਈ ਵੀ ਮਨੁੱਖ ਆਤਮ-ਨਿਰਭਰ ਨਹੀਂ ਹੈ। ਇਸ ਲਈ ਜਦ ਅਸੀਂ ਕਿਸੇ ਨੂੰ ਕੁਝ ਦੇਈਏ ਤਾਂ ਘੁਮੰਡ ਬਿਲਕੁਲ ਨਹੀਂ ਕਰਨਾ ਚਾਹੀਦਾ।

-ਰੇਨੂੰ ਜੈਨ।

Posted By: Jagjit Singh