ਆਦਿ ਕਾਲ ਤੋਂ ਹੀ ਸ੍ਰਿਸ਼ਟੀ ਅੰਦਰ 'ਸਤੋ, ਰਜੋ ਤੇ ਤਮੋ ਗੁਣ' ਵਿਦਮਾਨ ਰਹੇ ਹਨ। ਇਨ੍ਹਾਂ ਤਿੰਨ ਗੁਣਾਂ ਨੂੰ ਸਨਾਤਨ ਗ੍ਰੰਥਾਂ ਨੇ ਤ੍ਰਿਗੁਣੀ ਮਾਇਆ ਕਿਹਾ ਹੈ। ਭਗਵਾਨ ਸ਼ਿਵ, ਜੋ 'ਸਤੋ-ਗੁਣ' ਦਾ ਆਸਰਾ ਲੈਕੇ 14 ਭਵਨਾਂ ਨੂੰ ਧਾਰਣ ਕਰਦੇ ਹਨ, 'ਰਜੋ-ਗੁਣ' ਦਾ ਆਸਰਾ ਲੈ ਕੇ ਸ੍ਰਿਸ਼ਟੀ ਦੀ ਰਚਨਾ ਕਰਦੇ ਹਨ, 'ਤਮੋ-ਗੁਣ' ਦਾ ਆਸਰਾ ਲੈ ਕੇ ਸੰਹਾਰ ਕਰਦੇ ਹਨ ਪਰ ਫਿਰ ਵੀ ਇਸ ਤ੍ਰਿਗੁਣੀ ਮਾਇਆ ਤੋਂ ਨਿਰਲੇਪ ਹਨ। 'ਸੱਚ, ਅਨੰਦ ਸਰੂਪ, ਅਨੰਤ ਗਿਆਨ ਨਾਲ ਸੰਪੰਨ, ਨਿਰਮਲ, ਬ੍ਰਹਮਾ ਆਦਿ ਨਾਵਾਂ ਨਾਲ ਪੁਕਾਰੇ ਜਾਣ ਤੇ ਸਤੋਗੁਣ ਜ਼ਰੀਏ ਪ੍ਰਾਪਤ ਹੋਣ ਵਾਲੇ ਅਖੰਡ ਸ਼ਿਵ ਦਾ ਅਸੀਂ ਧਿਆਨ ਧਰਦੇ ਹਾਂ। ਸ੍ਰਿਸ਼ਟੀ ਦੇ ਆਦਿ ਸ਼ਿਵ ਹਨ, ਮੱਧ ਸ਼ਿਵ ਹਨ ਤੇ ਅੰਤ ਵੀ ਸ਼ਿਵ ਹਨ।

'ਓਮ ਨਮੋ ਸ਼ਿਵਾਏ' ਮੰਤਰ ਦੇ ਜਾਪ ਜ਼ਰੀਏ ਕਰਮ, ਭਗਤੀ ਤੇ ਗਿਆਨ ਦਾ ਫਲ ਪ੍ਰਦਾਨ ਕਰਨ ਵਾਲੇ ਵੀ ਸ਼ਿਵ ਹਨ। ਹੇ ਭਗਵਾਨ ਸ਼ਿਵ! ਜਿਵੇਂ ਜਲ ਵਿਚ ਸੀਤਲਤਾ, ਅਗਨੀ 'ਚ ਦਹਿਨ, ਸੂਰਜ 'ਚ ਤਾਪ, ਚੰਦਰਮਾ 'ਚ ਅਨੰਦ, ਫੁੱਲਾਂ 'ਚ ਸੁਗੰਧ, ਦੁੱਧ 'ਚ ਘਿਓ ਦਾ ਵਾਸਾ ਹੈ ਉਸੇ ਤਰ੍ਹਾਂ ਆਪ ਵੀ ਸਾਰੇ ਸੰਸਾਰ ਵਿਚ ਵਾਸ ਕਰਦੇ ਹੋ। ਆਪ ਹੀ ਕਰਤਾ, ਹਰਤਾ, ਭਰਤਾ, ਸਾਕਸ਼ੀ, ਨਿਰਗੁਣ ਹੋ,।ਆਪ ਹੀ ਵਿਸ਼ਣੂ ਜੀ ਨੂੰ ਸ਼੍ਰੀ ਸਨਾਤਨ ਵੇਦਾਂ ਦਾ ਉਪਦੇਸ਼ ਦੇਣ ਵਾਲੇ, ਅਨੇਕ ਅੱਖਰ, ਮਾਤਰਾ, ਧਿਆਨ, ਪੂਜਾ ਦਾ ਰਹੱਸ ਸਮਝਾਉਣ ਵਾਲੇ, ਸੰਪੂਰਨ ਵਿੱਦਿਆਵਾਂ ਦੇ ਸਵਾਮੀ ਤੇ ਵੇਦਾਂ ਨੂੰ ਪ੍ਰਗਟ ਕਰਨ ਵਾਲੇ 'ਵੇਦਪਤੀ' ਹੋ।

ਯੁਗਾਂ-ਯੁਗਾਂਤਰਾਂ ਤੋਂ ਚੱਲਿਆ ਆ ਰਿਹਾ ਸ਼੍ਰੀ ਮਹਾਸ਼ਿਵਰਾਤਰੀ ਦਾ ਆਲੌਕਿਕ ਤਿਉਹਾਰ ਆਪ ਦਾ ਪਰਮ ਪਿਆਰਾ ਹੈ। ਇਹ ਤਿਉਹਾਰ ਦੁਨੀਆ ਵਿਚ ਭਗਵਾਨ ਸ਼ਿਵ ਦੀ ਅਰਾਧਨਾ ਦੇ ਨਾਲ-ਨਾਲ ਪ੍ਰਕਿਰਤੀ ਪ੍ਰਤੀ ਪ੍ਰੇਮ, ਸ਼ਰਧਾ ਤੇ ਆਸਥਾ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ। ਇਸ ਸ਼ੁਭ ਦਿਹਾੜੇ ਸ਼ਿਵ ਭਗਤਾਂ ਲਈ ਮਾਤਾ ਪਾਰਵਤੀ ਤੇ ਪ੍ਰਕਿਰਤੀ ਦੋਵੇਂ ਇਕ ਸਰੂਪ ਹੋ ਜਾਂਦੇ ਹਨ। ਸ਼੍ਰੀ ਮਹਾ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਦੀ ਸ਼ੁਰੂਆਤ ਬਾਰੇ ਪੌਰਾਣਿਕ ਗ੍ਰੰਥਾਂ ਦਾ ਕਥਨ ਹੈ ਕਿ ਇਸ ਪਵਿੱਤਰ ਦਿਹਾੜੇ ਤੋਂ ਸ੍ਰਿਸ਼ਟੀ ਦਾ ਆਰੰਭ ਹੋਇਆ ਸੀ। ਭਗਵਾਨ ਸ਼ਿਵ ਨੇ ਯੋਗ ਪਰੰਪਰਾ ਦੀ ਸ਼ੁਰੂਆਤ ਇਸ ਸ਼ੁਭ ਦਿਨ ਤੋਂ ਬੀ ਕੀਤੀ ਸੀ। ਇਸ ਲਈ ਭਗਵਾਨ ਸ਼ਿਵ ਨੂੰ 'ਆਦਿ ਗੁਰੂ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸੇ ਦਿਨ ਬ੍ਰਹਮਾ ਜੀ ਨੇ ਰੁਦਰ ਰੂਪ ਵਿਚ 'ਸ਼ੰਕਰ ਜੀ' ਦੇ ਰੂਪ 'ਚ ਆਪਣੇ ਆਪ ਨੂੰ ਅਵਤਰਿਤ ਕੀਤਾ ਸੀ। ਭਗਵਾਨ ਸ਼ਿਵ ਤੇ ਮਾਤਾ ਪਾਰਵਤੀ ਦੇ ਸ਼ੁਭ-ਵਿਆਹ ਦਾ ਸ਼ੁੱਭ ਦਿਹਾੜਾ ਵੀ ਇਹੋ ਹੀ ਹੈ।

ਵੈਸੇ ਤਾਂ ਕ੍ਰਿਸ਼ਨ ਪੱਖ ਦੀ ਹਰ ਚਤੁਰਦਸ਼ੀ ਨੂੰ 'ਸ਼ਿਵਰਾਤਰੀ' ਨਾਂ ਨਾਲ ਜਾਣਿਆ ਜਾਂਦਾ ਹੈ, ਪ੍ਰਤੂ ਹਰ ਸਾਲ ਫੱਗਣ ਮਹੀਨੇ ਦੀ ਚਤੁਰਦਸ਼ੀ ਨੂੰ 'ਸ਼੍ਰੀ ਮਹਾਸ਼ਿਵਰਾਤਰੀ' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਦਿਨ ਦੁਨੀਆ ਦੇ ਕੋਨੇ-ਕੋਨੇ ਵਿੱਚੋਂ ਆਉਂਦੀ ਭਗਵਾਨ ਸ਼ਿਵ ਦੇ ਨਾਂ ਦੀ ਆਲੌਕਿਕ ਧੁਨ ਬ੍ਰਹਿਮੰਡ ਨੂੰ ਅਨੰਦਿਤ ਕਰਦੀ ਹੈ। ਸਨਾਤਨ ਗ੍ਰੰਥਾਂ ਦਾ ਕਥਨ ਹੈ ਕਿ ਵੈਸੇ ਤਾਂ ਭਗਵਾਨ ਸ਼ਿਵ ਪਾਸੋਂ ਸੰਸਾਰਿਕ ਕਾਮਨਾਵਾਂ ਤੇ ਮੁਕਤੀ ਪ੍ਰਾਪਤੀ ਲਈ ਬਹੁਤ ਸਾਰੇ ਵਰਤ ਹਨ ਪ੍ਰੰਤੂ ਮੋਕਸ਼ ਜਾਂ ਮੁਕਤੀ ਦੀ ਇੱਛਾ ਰੱਖਣ ਵਾਲਿਆਂ ਲਈ ਚਾਰ ਵਰਤ ਵਿਸ਼ੇਸ਼ ਹਨ।- ਭਗਵਾਨ ਸ਼ਿਵ ਦੀ ਪੂਜਾ, ਰੁਦਰ ਮੰਤਰਾਂ ਦਾ ਜਾਪ, ਸ਼ਿਵ ਮੰਦਿਰ 'ਚ ਉਪਵਾਸ ਜਾਂ ਵਰਤ ਤੇ ਕਾਸ਼ੀ ਵਿਖੇ ਦੇਹ-ਤਿਆਗ। ਇਨ੍ਹਾਂ ਸਾਰਿਆਂ ਵਿੱਚੋਂ 'ਸ਼ਿਵਰਾਤਰੀ ਵਰਤ' ਸਰਬੋਤਮ ਹੈ ਜੋ ਸ਼ਿਵ ਭਗਤਾਂ ਵੱਲੋਂ 'ਸਾਕਾਮ' (ਸੰਸਾਰਕ ਵਸਤਾਂ ਦੀ ਪ੍ਰਾਪਤੀ) ਜਾਂ 'ਨਿਸ਼ਕਾਮ' ਭਾਵ ਨਾਲ ਸੰਪੰਨ ਕੀਤਾ ਜਾ ਸਕਦਾ ਹੈ। ਦੁਨੀਆ ਭੋਲੇ ਭੰਡਾਰੀ ਨੂੰ ਗਿਆਨ, ਯੋਗ, ਅਨੰਦ, ਬੁੱਧੀ, ਵੈਰਾਗ ਤੇ ਮੁਕਤੀ ਦਾਤਾ ਆਦਿ ਅਨੇਕਾਂ ਨਾਵਾਂ ਨਾਲ ਪੁਕਾਰਦੀ ਹੈ ਪਰ ਆਪ ਯੰਤਰ, ਮੰਤਰ, ਤੰਤਰ, ਤਾਂਡਵ-ਨ੍ਰਿਤ, ਸਾਜ਼ ਤੇ ਸੰਗੀਤ ਦੇ ਆਚਾਰਿਆ ਵੀ ਹਨ।

ਇਕ ਪ੍ਰਸੰਗ ਅਨੁਸਾਰ ਰਿਸ਼ੀ ਪਾਣਿਨੀ ਦੀ ਘੋਰ ਤਪੱਸਿਆ ਤੋਂ ਪ੍ਰਸੰਨ ਹੋ ਕੇ ਭਗਵਾਨ ਸ਼ਿਵ ਨੇ ਦਰਸ਼ਨ ਦੇਣ ਸਮੇਂ ਰਹੱਸਮਈ ਢੰਗ ਨਾਲ 14 ਵਾਰ ਡਮਰੂ ਵਜਾਇਆ ਸੀ। ਰਿਸ਼ੀ ਪਾਣਿਨੀ ਨੇ 14 ਵਾਰ ਵਜਾਏ ਡਮਰੂ ਦੀ ਧੁਨੀ ਨੂੰ ਸ਼ਿਵ-ਵਰਦਾਨ ਸਮਝ ਕੇ ਉਸ ਧੁਨੀ ਦੇ ਆਧਾਰ 'ਤੇ 14 ਸੂਤਰ ਲਿਖੇ।।'ਲਘੂ ਸਿਧਾਂਤ ਕੌਮੁਦੀ' ਵਿਚ ਲਿਖੇ ਇਹ ਸੂਤਰ ਮਿਲਦੇ ਹਨ। ਇਨ੍ਹਾਂ ਧੁਨੀਆਂ ਅਤੇ ਸੂਤਰਾਂ ਦੇ ਆਧਾਰ 'ਤੇ ਹੀ ਰਿਸ਼ੀ ਪਾਣਿਨੀ ਨੇ ਸੰਸਕ੍ਰਿਤ ਭਾਸ਼ਾ ਦੇ ਵਿਆਕਰਣ ਦਾ ਨਿਰਮਾਣ ਕੀਤਾ। ਇਸ ਲਈ ਭਗਵਾਨ ਸ਼ਿਵ ਨੂੰ 'ਵਿਆਕਰਣ ਆਚਾਰੀਆ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਵਾਯਵੀਯ ਸੰਹਿਤਾ ਅਨੁਸਾਰ, ਜਿਵੇਂ ਬਿਰਖ ਦੀ ਜੜ੍ਹ ਸਿੰਜਣ ਨਾਲ ਟਾਹਣੀਆਂ ਵੀ ਰਿਸ਼ਟ-ਪੁਸ਼ਟ ਹੋ ਜਾਂਦੀਆਂ ਹਨ। ਉਸੇ ਤਰ੍ਹਾਂ ਭਗਵਾਨ ਸ਼ਿਵ ਦੀ ਪੂਜਾ ਕਰਨ ਨਾਲ ਸੰਸਾਰ ਰਿਸ਼ਟ-ਪੁਸ਼ਟ ਹੁੰਦਾ ਹੈ। ਇਸ ਲੋਕ ਵਿਚ ਪੁੱਤਰ ਪੋਤਰਿਆਂ ਦੀ ਪ੍ਰਸੰਨਤਾ ਨਾਲ ਪਿਤਾ ਪ੍ਰਸੰਨ ਹੁੰਦਾ ਹੈ ਅਤੇ ਸਾਰਿਆਂ ਦੀ ਪ੍ਰਸੰਨਤਾ ਨਾਲ ਭਗਵਾਨ ਸ਼ੰਕਰ ਖ਼ੁਸ਼ ਹੁੰਦੇ ਹਨ। ਭਗਵਾਨ ਸ਼ਿਵ ਦੀ ਮਹਿਮਾ ਦਾ ਵਰਣਨ ਕਰਦਿਆਂ ਪੁਸ਼ਪਦੰਤ ਆਚਾਰੀਆ ਲਿਖਦੇ ਹਨ, 'ਹੇ ਭਗਵਨ! ਜੇਕਰ ਮਾਂ ਸਰਸਵਤੀ ਨੀਲ ਪਹਾੜ ਦੇ ਬਰਾਬਰ ਸਿਆਹੀ, ਸਮੁੰਦਰ ਰੂਪੀ ਦਵਾਤ 'ਚ ਪਾ ਕੇ, ਕਲਪ-ਬ੍ਰਿਛ ਰੂਪੀ ਕਲਮ ਦੁਆਰਾ ਆਪ ਦੇ ਗੁਣਾਂ ਨੂੰ ਲਿਖੇ ਤਦ ਵੀ ਆਪ ਦੀ ਮਹਿਮਾ ਨੂੰ ਪਾਰ ਨਹੀਂ ਪਾ ਸਕਦੀ ਕਿਉਂਕਿ ਆਪ ਦੇ ਅਨੰਤ ਗੁਣ ਹਨ।ਦੇਵਤਿਆਂ ਦੀ ਵੀ ਕਥਨ ਵਿਚ ਨਹੀਂ ਆਉਂਦੇ ਤੇ ਫਿਰ ਆਮ ਇਨਸਾਨ ਦੀ ਕੀ ਸਮਰਥਾ ਹੈ ਕਿ ਆਪ ਦੇ ਗੁਣਾਂ ਦਾ ਵਰਨਣ ਕਰ ਸਕੇ।

ਭਗਵਾਨ ਮਹੇਸ਼ਵਰ ਦੇ ਆਲੌਕਿਕ ਰੂਪ ਦੀ ਉਪਮਾ ਕਰਦਿਆਂ ਸ਼ਾਸਤਰਾਂ 'ਚ ਲਿਖਿਆ ਹੈ, 'ਚਾਂਦੀ ਦੇ ਪਹਾੜ ਵਰਗੀ ਜਿਨ੍ਹਾਂ ਦੀ ਸ਼ੋਭਾ ਹੈ, ਜੋ ਚੰਦਰਮਾ ਨੂੰ ਅਲੰਕਾਰ ਰੂਪ 'ਚ ਧਾਰਣ ਕਰਦੇ ਹਨ, ਰਤਨਮਈ ਅਲੰਕਾਰਾਂ ਨਾਲ ਜਿਨ੍ਹਾਂ ਦਾ ਸਰੀਰ ਉੱਜਲ ਹੈ, ਜਿਨ੍ਹਾਂ ਦੇ ਹੱਥਾਂ ਵਿਚ ਪਰਸ਼ੂ, ਮ੍ਰਿਗ, ਵਰ ਤੇ ਅਭਯ ਮੁਦਰਾ ਹੈ, ਜੋ ਪ੍ਰਸੰਨ ਹਨ, ਪਦਮ ਆਸਨ 'ਤੇ ਬਿਰਾਜਮਾਨ ਹਨ, ਦੇਵਤੇ ਜਿਨ੍ਹਾਂ ਦੀ ਉਸਤਤ ਕਰਦੇ ਹਨ, ਜੋ ਬਾਘ ਦੀ ਖੱਲ ਪਹਿਨਦੇ ਹਨ, ਜੋ ਆਦਿ ਜਗਤ ਦੀ ਉਤਪਤੀ ਦੇ ਆਧਾਰ ਤੇ ਹਰ ਕਿਸਮ ਦੇ ਡਰ-ਭੈਅ ਨੂੰ ਦੂਰ ਕਰਨ ਵਾਲੇ ਹਨ, ਜਿਨ੍ਹਾਂ ਦੇ ਪੰਜ ਮੁੱਖ ਤੇ ਤਿੰਨ ਨੇਤਰ ਹਨ, ਉਸ ਮਹੇਸ਼ਵਰ ਦਾ ਧਿਆਨ ਕਲਿਆਣਕਾਰੀ ਹੈ।

ਭਗਵਾਨ ਸ਼ਿਵ ਨੂੰ 'ਨੀਲਕੰਠ' ਨਾਂ ਨਾਲ ਵੀ ਪੁਕਾਰਿਆ ਜਾਂਦਾ ਹੈ। ਬ੍ਰਹਿਮੰਡ ਦੇ ਕਲਿਆਣ ਲਈ ਉਨ੍ਹਾਂ ਨੇ ਮਹਾਸ਼ਿਵਰਾਤਰੀ ਦੇ ਦਿਨ ਸਾਗਰ ਮੰਥਨ ਦੌਰਾਨ ਨਿਕਲੇ 14 ਰਤਨਾਂ ਵਿੱਚੋਂ 'ਕਾਲਕੇਤੂ' ਜਾਂ 'ਹਲਾਹਲ' ਨਾਂ ਦੇ ਜ਼ਹਿਰ ਨੂੰ ਦੁਨੀਆ ਵਿਚ ਫੈਲਣ ਤੋਂ ਰੋਕਣ ਵਾਸਤੇ ਉਸ ਨੂੰ ਆਪਣੇ ਕੰਠ 'ਚ ਧਾਰਣ ਕਰ ਲਿਆ ਸੀ। ਭਗਵਾਨ ਸ਼ਿਵ ਦਾ ਕੈਲਾਸ਼ ਉੱਪਰ ਹੀ ਨਹੀਂ ਸਗੋਂ 'ਓਮਕਾਰ' ਵਜੋਂ ਵੇਦਾਂ ਵਿਚ ਵੀ ਧਾਮ ਮੰਨਿਆ ਗਿਆ ਹੈ। ਭਗਵਾਨ ਸ਼ਿਵ 'ਮ੍ਰਿਤਯੁੰਜਯ' ਹਨ। ਜਿਨ੍ਹਾਂ ਲੋਕਾਂ ਦਾ ਚਿੱਤ ਭਗਵਾਨ ਸ਼ਿਵ ਵਿਚ ਲੱਗਿਆ ਹੈ, ਜਿਨ੍ਹਾਂ ਦੀ ਬੁੱਧੀ ਸਥਿਰ ਹੈ, ਉਨ੍ਹਾਂ ਨੂੰ ਲੋਕ-ਪਰਲੋਕ ਤੇ ਪਰਮਾਨੰਦ ਦੀ ਪ੍ਰਾਪਤੀ ਹੁੰਦੀ ਹੈ।

- ਤਲਵਿੰਦਰ ਸ਼ਾਸਤਰੀ ਨਾਰੀਕੇ

94643-48258

Posted By: Harjinder Sodhi