ਨਈ ਦੁਨੀਆ, ਨਵੀਂ ਦਿੱਲੀ : Maha Shivratri 2020 : ਮਹਾਦੇਵ ਦੀ ਉਪਾਸਨਾ ਨਾਲ ਭਗਤਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਭੋਲੇਨਾਥ ਲਿੰਗ ਸਰੂਪ 'ਚ ਵਿਰਾਜਮਾਨ ਹਨ ਤੇ ਮੂਰਤੀ ਰੂਪ 'ਚ ਵੀ ਧਰਤੀ ਲੋਕ 'ਚ ਕਈ ਥਾਵਾਂ 'ਤੇ ਮੌਜੂਦ ਹਨ। ਮਹਾਦੇਵ ਸਿਰਫ਼ ਯਾਦ ਕਰਨ ਨਾਲ ਹੀ ਖ਼ੁਸ਼ ਹੋ ਜਾਂਦੇ ਹਨ। ਮਹਾਦੇਵ ਦੀ ਅਰਾਧਨਾ ਰੋਜ਼ਾਨਾ ਕਰਨ ਦਾ ਸ਼ਾਸਤਰਾਂ 'ਚ ਵਿਧਾਨ ਹੈ ਪਰ ਖ਼ਾਸ ਅਵਸਰਾਂ 'ਤੇ ਕੀਤੀ ਗਈ ਅਰਾਧਨਾ ਨਾਲ ਵਿਸ਼ੇਸ਼ ਫਲ਼ ਦੀ ਪ੍ਰਾਪਤੀ ਹੁੰਦੀ ਹੈ।

ਸੋਮਵਾਰ ਹੈ ਸ਼ਿਵ ਦਾ ਪ੍ਰਿਅ ਵਾਰ

ਵਾਰਾਂ 'ਚ ਸੋਮਵਾਰ ਮਹਾਦੇਵ ਦਾ ਪ੍ਰਿਅ ਵਾਰ ਹੈ। ਇਸ ਦਿਨ ਸ਼ਿਵਜੀ ਦੀ ਅਰਾਧਨਾ ਕਰਨ ਨਾਲ ਸ਼ਿਵ ਪ੍ਰਸੰਨ ਹੁੰਦੇ ਹਨ। ਸੋਮਵਾਰ ਚੰਦਰਮਾ ਨਾਲ ਜੁੜਿਆ ਹੋਇਆ ਵਾਰ ਹੈ ਤੇ ਚੰਦਰਮਾ ਨੂੰ ਸ਼ਿਵ ਨੇ ਆਪਣੇ ਮਸਤਕ 'ਤੇ ਧਾਰਨ ਕੀਤਾ ਹੈ। ਮਹਾਦੇਵ ਦੀ ਅਰਾਧਨਾ ਨਾਲ ਚੰਦਰਦੇਵ ਨੂੰ ਫੇਫੜਿਆਂ ਸਬੰਧੀ ਰੋਗ ਤੋਂ ਸੋਮਨਾਥ 'ਚ ਮੁਕਤੀ ਮਿਲੀ ਸੀ ਤੇ ਮਹਾਦੇਵ ਜੋਤਿਰਲਿੰਗ ਰੂਪ 'ਚ ਉੱਥੇ ਹਨ। ਸ਼ੈਵ ਪੰਥ 'ਚ ਚੰਦਰ ਦੇ ਆਧਾਰ 'ਤੇ ਹੀ ਸਾਰੇ ਵਰਤ-ਤਿਉਹਾਰ ਮਨਾਉਣ ਦੀ ਪਰੰਪਰਾ ਹੈ। ਇਸੇ ਤਰ੍ਹਾਂ ਪ੍ਰਦੋਸ਼ ਵਰਤ ਦੋਵਾਂ ਮਹੀਨਿਆਂ ਦੀ ਤ੍ਰਿਓਦਸ਼ੀ ਨੂੰ ਆਉਂਦਾ ਹੈ। ਪ੍ਰਦੋਸ਼ ਤਿਥੀ 'ਤੇ ਪ੍ਰਦੋਸ਼ ਕਾਲ 'ਚ ਸ਼ਿਵ ਅਰਾਧਨਾ ਦਾ ਕਾਫ਼ੀ ਮਹੱਤਵ ਹੈ। ਇਸ ਦਿਨ ਵਰਤ ਕਰ ਕੇ ਸ਼ਿਵ ਪੂਜਾ ਕਰਨ ਨਾਲ ਸਾਰੇ ਸੁੱਖਾਂ ਨੂੰ ਭੋਗਣ ਤੋਂ ਬਾਅਦ ਸ਼ਿਵ ਚਰਨਾਂ 'ਚ ਜਗ੍ਹਾ ਮਿਲਦੀ ਹੈ।

ਹਰ ਮਹੀਨੇ ਆਉਂਦੀ ਹੈ ਸ਼ਿਵਰਾਤਰੀ

ਇਸੇ ਤਰ੍ਹਾਂ ਹਰ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਨੂੰ ਸ਼ਿਵਰਾਤਰੀ ਆਉਂਦੀ ਹੈ। ਇਸ ਦਿਨ ਸ਼ਿਵ ਅਰਾਧਨਾ ਦਾ ਖ਼ਾਸ ਮਹੱਤਵ ਹੈ। ਇਸ ਦਿਨ ਸ਼ਿਵਾਲਿਆ ਜਾ ਕੇ ਸ਼ਿਵਲਿੰਗ 'ਤੇ ਜਲ ਚੜ੍ਹਾ ਕੇ ਭਗਤੀ ਭਾਵ ਨਾਲ ਪੂਜਾ ਕਰਨ 'ਤੇ ਸ਼ਿਵ ਕਿਰਪਾ ਪ੍ਰਾਪਤ ਹੁੰਦੀ ਹੈ। ਇਸੇ ਤਰ੍ਹਾਂ ਸਾਲ 'ਚ ਇਕ ਵਾਰ ਫੱਗਣ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਨੂੰ ਮਹਾ ਸ਼ਿਵਰਾਤਰੀ ਪੁਰਬ ਆਉਂਦਾ ਹੈ। ਮਾਨਤਾ ਹੈ ਕਿ ਇਸ ਦਿਨ ਸ਼ਿਵ ਅਰਾਧਨਾ ਕਰਨ ਨਾਲ ਸਾਲ ਭਰ ਦੀ ਸ਼ਿਵ ਪੂਜਾ ਦਾ ਫਲ਼ ਮਿਲਦਾ ਹੈ। ਸ਼ਾਸਤਰਾਂ ਅਨੁਸਾਰ ਮਹਾ ਸ਼ਿਵਰਾਤਰੀ ਵਾਲੇ ਦਿਨ ਮਹਾਦੇਵ ਲਿੰਗ ਰੂਪ 'ਚ ਪ੍ਰਗਟ ਹੋਏ ਸਨ। ਜੋਤਿਸ਼ ਅਨੁਸਾਰ ਇਸ ਦਿਨ ਚੰਦਰਮਾ-ਸੂਰਜ ਨੇੜੇ ਹੁੰਦੇ ਹਨ। ਇਸ ਲਈ ਇਸ ਦਿਨ ਸ਼ਿਵ ਪੂਜਾ ਦਾ ਖ਼ਾਸ ਵਿਧਾਨ ਹੈ। ਮਹਾਸ਼ਿਵਰਾਤਰੀ ਨੂੰ ਜਲਰਾਤਰੀ ਵੀ ਕਿਹਾ ਜਾਂਦਾ ਹੈ।

ਇਸੇ ਤਰ੍ਹਾਂ ਸਾਉਣ ਮਹੀਨਾ ਸ਼ਿਵਜੀ ਦਾ ਪ੍ਰਿਅ ਮਹੀਨਾ ਹੈ ਤੇ ਇਸ ਪੂਰੇ ਮਹੀਨੇ ਸ਼ਿਵ ਅਰਾਧਨਾ ਦਾ ਖ਼ਾਸ ਮਹੱਤਵ ਹੈ। ਪੂਰਾ ਮਹੀਨਾ ਜਲ ਨੂੰ ਮਹੱਤਵ ਦਿੱਤਾ ਜਾਂਦਾ ਹੈ। ਇਸਲਈ ਜਲਾਭਿਸ਼ੇਕ ਦੀ ਇਸ ਮਹੀਨੇ ਖ਼ਾਸ ਮਹੱਤਾ ਹੈ। ਮਾਨਤਾ ਹੈ ਕਿ ਇਸ ਮਹੀਨੇ ਸ਼ਿਵ ਲੋਕਾਂ 'ਚ ਵਿਚਰ ਕੇ ਆਪਣੀ ਪ੍ਰਜਾ ਦਾ ਹਾਲ-ਚਾਲ ਵੀ ਜਾਣਦੇ ਹਨ।

Posted By: Seema Anand