ਪੱਤਝੜ ਰੁੱਤ ਦੀ ਰਵਾਨਗੀ ਅਤੇ ਬਸੰਤ ਰੁੱਤ ਦੀ ਆਮਦ ਮੰਨੇ ਜਾਂਦੇ ਮਾਘ ਮਹੀਨੇ ਦੀ ਸ਼ੁਰੂਆਤ ਹੀ ਮਾਘੀ ਦੇ ਪਵਿੱਤਰ ਧਾਰਮਿਕ ਤਿਉਹਾਰ ਨਾਲ ਹੁੰਦੀ ਹੈ। ਇਸਦੇ ਨਾਲ ਹੀ ਪੂਰਾ ਮਾਘ ਮਹੀਨਾ ਦਾਨ ਪੁੰਨ ਅਤੇ ਪਾਠ ਪੂਜਾ ਕਰਨ ਨੂੰ ਚੰਗਾ ਸਮਝਿਆ ਜਾਂਦਾ ਹੈ। ਭਾਵੇਂ ਬਸੰਤ ਰੁੱਤ ਫੱਗਣ ਮਹੀਨੇ ਦੌਰਾਨ ਮੌਲ਼ਦੀ, ਪੈਲਾਂ ਪਾਉਂਦੀ, ਜਵਾਨ ਹੁੰਦੀ ਹੈ ਪਰ ਬਸੰਤ ਰੁੱਤ ਦਾ ਜਨਮ ਇਕ ਤਰ੍ਹਾਂ ਮਾਘ ਮਹੀਨੇ ਹੀ ਹੋ ਜਾਂਦਾ ਹੈ। ਸ੍ਰੀ ਹਰਿਮੰਦਰ ਸਾਹਿਬ, ਅੰਮਿ੍ਰਤਸਰ ਵਿਖੇ ਲੋਹੜੀ ਦੀ ਰਾਤ ਨੂੰ ਬਸੰਤ ਰਾਗ ਦਾ ਗਾਇਨ/ਬਸੰਤ ਰਾਗ ਵਿਚ ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਆਰੰਭ ਹੋ ਜਾਂਦਾ ਹੈ ਅਤੇ ਇਹ ਗਾਇਨ ਹੋਲੇ ਮੁਹੱਲੇ ਤਕ ਕੀਤਾ ਜਾਂਦਾ ਹੈ।

ਮਾਘ ਮਹੀਨੇ ਬਾਰੇ ਗੁਰਬਾਣੀ ਵਿਚ ਵੀ ਜ਼ਿਕਰ ਮਿਲਦਾ ਹੈ-

ਮਾਘਿ ਪੁਨੀਤ ਭਈ

ਤੀਰਥੁ ਅੰਤਰਿ ਜਾਨਿਆ॥

ਸਾਜਨ ਸਹਜਿ ਮਿਲੇ ਗੁਣ ਗਹਿ ਅੰਕਿ ਸਮਾਨਿਆ॥

ਪ੍ਰੀਤਮ ਗੁਣ ਅੰਕੇ ਸੁਣਿ ਪ੍ਰਭ ਬੰਕੇ ਤੁਧੁ ਭਾਵਾ ਸਰਿ ਨਾਵਾ ॥

ਗੰਗ ਜਮੁਨ ਤਹ ਬੇਣੀ ਸੰਗਮ ਸਾਤ ਸਮੁੰਦ ਸਮਾਵਾ ॥

ਪੁੰਨ ਦਾਨ ਪੂਜਾ ਪਰਮੇਸੁਰ

ਜੁਗਿ ਜੁਗਿ ਏਕੋ ਜਾਤਾ ॥

ਨਾਨਕ ਮਾਘਿ ਮਹਾ ਰਸੁ ਹਰਿ ਜਪਿ ਅਠਸਠਿ ਤੀਰਥ ਨਾਤਾ ॥੧੫॥

(ਸ੍ਰੀ ਗੁਰੂ ਨਾਨਕ ਦੇਵ ਜੀ, ਬਾਰਹ ਮਾਹਾ ਤੁਖਾਰੀ ਰਾਗੁ)

ਮਾਘਿ ਮਜਨੁ ਸੰਗਿ ਸਾਧੂਆ

ਧੂੜੀ ਕਰਿ ਇਸਨਾਨੁ ॥

ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ ॥

ਜਨਮ ਕਰਮ ਮਲੁ ਉਤਰੈ

ਮਨ ਤੇ ਜਾਇ ਗੁਮਾਨੁ ॥

ਕਾਮਿ ਕਰੋਧਿ ਨ ਮੋਹੀਐ

ਬਿਨਸੈ ਲੋਭੁ ਸੁਆਨੁ ॥

ਸਚੈ ਮਾਰਗਿ ਚਲਦਿਆ

ਉਸਤਤਿ ਕਰੇ ਜਹਾਨੁ ॥

ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ ॥

ਜਿਸ ਨੋ ਦੇਵੈ ਦਇਆ ਕਰਿ ਸੋਈ ਪੁਰਖੁ ਸੁਜਾਨੁ ॥

ਜਿਨਾ ਮਿਲਿਆ ਪ੍ਰਭੁ ਆਪਣਾ ਨਾਨਕ ਤਿਨ ਕੁਰਬਾਨੁ ॥

ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰੁ ਮਿਹਰਵਾਨੁ ॥੧੨॥

(ਗੁਰੂ ਅਰਜਨ ਦੇਵ ਜੀ, ਬਾਰਹ ਮਾਹਾ ਮਾਂਝ )

ਸੂਫੀ ਕਾਵਿ ਅਤੇ ਲੋਕ ਕਾਵਿ ਵਿਚ ਵੀ ਮਾਘ ਮਹੀਨੇ ਬਾਰੇ ਜ਼ਿਕਰ ਮਿਲਦਾ ਹੈ-

ਮਾਘੀ ਨਹਾਵਣ ਮੈਂ ਚੱਲੀ ਜੋ ਤੀਰਥ ਕਰ ਸਮਿਆਨ।

ਗੱਜ ਗੱਜ ਬਰਸੇ ਮੇਘਲਾ ਮੈਂ ਰੋ ਰੋ ਕਰਾਂ ਇਸ਼ਨਾਨ।

ਮਾਘ ਮਹੀਨੇ ਗਏ ਉਲਾਂਘ, ਨਵੀਂ ਮੁਹਬਤ ਬਹੁਤੀ ਤਾਂਘ,

ਇਸ਼ਕ ਮੁਅੱਜ਼ਨ ਦਿੱਤੀ ਬਾਂਗ, ਪੜ੍ਹਾਂ ਨਮਾਜ਼ ਪੀਆ ਦੀ ਤਾਂਘ,

ਦੁਆਈਂ ਕੀ ਕਰਾਂ।

ਆਖਾਂ ਪਿਆਰੇ ਮੈਂ ਵੱਲ ਆ, ਤੇਰੇ ਮੁੱਖ ਵੇਖਣ ਦਾ ਚਾਅ,

ਭਾਵੇਂ ਹੋਰ ਤੱਤੀ ਨੂੰ ਤਾਅ, ਬੁੱਲ੍ਹਾ ਸ਼ੌਹ ਨੂੰ ਆਣ ਮਿਲਾ,

ਤੇਰੀ ਹੋ ਰਹਾਂ ।।

(ਬੁੱਲੇ੍ਹ ਸ਼ਾਹ)

ਚੜ੍ਹ ਪਿਆ ਮਾਘ ਮਹੀਨਾ,

ਸੁੱਕੇ ਨੈਣ ਨ ਸਾਡੇ, ਬੱਦਲ ਭਰਿਆਂ ਦੇ ਵਾਂਙੂੰ,

ਅੱਖਾਂ ਭਰੀਆਂ ਹੀ ਰਹੀਆਂ।

(ਭਾਈ ਵੀਰ ਸਿੰਘ)

ਮੈਂ ਮਾਘੋਂ ਕੂਕਣ ਲਗੀ ਹਾਂ ਕੁੜੀ ਹੋਈ ਮੁਟਿਆਰ

(ਧਨੀ ਰਾਮ ਚਾਤਿ੍ਰਕ)

ਮਾਘ ਮਹੀਨੇ ਦੌਰਾਨ ਪੈਂਦੀ ਕੜਾਕੇ ਦੀ ਹੱਡ ਠਾਰਦੀ ਠੰਢ, ਅੰਮਿ੍ਰਤ ਵੇਲੇ ਹਰ ਪਾਸੇ ਫੈਲੀ ਧੁੰਦਲੀ ਸਵੇਰ ਅਤੇ ਫਿਰ ਦੁਪਹਿਰ ਸਮੇਂ ਨਿਕਲਦੀ ਕੋਸੀ ਕੋਸੀ ਧੁੱਪ, ਪੱਤੇ ਝੜਨ ਤੋਂ ਬਾਅਦ ਰੁੰਡ ਮੁਰੰਡ ਹੋਏ ਰੁੱਖ, ਜੋ ਬੜੀ ਬੇਸਬਰੀ ਨਾਲ ਬਸੰਤ ਬਹਾਰ ਰੁੱਤ ਦੀ ਉਡੀਕ ਕਰ ਰਹੇ ਹੁੰਦੇ ਹਨ, ਦਰਿਆਵਾਂ, ਨਦੀਆਂ, ਜਲਗਾਹਾਂ ਕਿਨਾਰੇ ਸਾਈਬੇਰੀਆ ਦੀਆਂ ਕੂੰਜਾਂ ਅਤੇ ਹੋਰ ਰੰਗ ਬਿਰੰਗੇ ਮਨਮੋਹਣੇ ਪਰਵਾਸੀ ਪੰਛੀਆਂ ਦੀਆਂ ਉਡਾਰੀਆਂ ਅਤੇ ਦੇਸੀ-ਪਰਵਾਸੀ ਪੰਛੀਆਂ ਦੀਆਂ ਰਲਵੀਆਂ ਮਿਲਵੀਆਂ ਆਵਾਜ਼ਾਂ ਰਾਹੀਂ ਪੈਦਾ ਹੁੰਦਾ ਮਨਮੋਹਣਾ ਸੰਗੀਤ ਅਸਲ ਵਿਚ ਬਹਾਰ ਰੁੱਤ ਦੇ ਜਨਮ ਹੋਣ ਦੇ ਸੂੁਚਕ ਹੁੰਦੇ ਹਨ। ਇਹ ਠੀਕ ਹੈ ਕਿ ਮਾਘ ਮਹੀਨੇ ਦੀ ਸ਼ੁਰੂਆਤ ਮੌਕੇ ਰੁੱਖਾਂ ਦੇ ਪੁਰਾਣੇ ਪੱਤੇ ਝੜ ਜਾਂਦੇ ਹਨ ਅਤੇ ਡਾਲੀਆਂ ’ਤੇ ਨਵੇਂ ਪੱਤੇ ਆਉਣ ਲਈ ਕਰੰੂਬਲਾਂ ਉਗ ਪੈਂਦੀਆਂ ਹਨ। ਇਹ ਕਰੂੰਬਲਾਂ ਮਾਘ ਮਹੀਨੇ ਦੌਰਾਨ ਪੂਰੇ ਪੱਤਿਆਂ ਦੇ ਰੂਪ ਵਿਚ ਆ ਜਾਂਦੀਆਂ ਹਨ ਅਤੇ ਬਸੰਤ ਰੁੱਤ ਦੇ ਜਨਮ ਦਾ ਐਲਾਨ ਕਰ ਦਿੰਦੇ ਹਨ। ਅਸਲ ਵਿਚ ਪੋਹ ਮਹੀਨੇ ਦੇ ਕੱਕਰ ਕਾਰਨ ਸੁੱਤੀ ਹੋਈ ਬਨਸਪਤੀ ਵੀ ਮਾਘ ਮਹੀਨੇ ਸੂਰਜ ਦੇਵਤਾ ਦੀ ਹਾਜ਼ਰੀ ਵਧਣ ਕਾਰਨ ਕੋਸੀ-ਕੋਸੀ ਧੁੱਪ ਦਾ ਆਨੰਦ ਮਾਣਦਿਆਂ ਉਸਲਵੱਟੇ ਲੈਣ ਲੱਗ ਪੈਂਦੀ ਹੈ। ਭਾਵੇਂ ਕਿ ਪੂਰੀ ਦੁਨੀਆਂ ਵਿਚ ਕੈਨੇਡਾ ਦੀ ਪੱਤਝੜ ਰੁੱਤ ਕਾਫ਼ੀ ਪ੍ਰਸਿੱਧ ਹੈ, ਪਰ ਮਾਘ ਮਹੀਨੇ ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ਵਿਚ ਪੱਤਝੜ ਰੁੱਤ ਦੀ ਰਵਾਨਗੀ ਅਤੇ ਬਸੰਤ ਰੁੱਤ ਦੇ ਆਗਮਨ ਦੀ ਕਹਾਣੀ ਹਰ ਰੁੱਖ, ਹਰ ਪੌਦਾ, ਹਰ ਫੁੱਲ, ਹਰ ਫਲ ਪਾਉਂਦਾ ਹੈ। ਜਿੱਥੇ ਮਾਘ ਮਹੀਨੇ ਹਰ ਪਾਸੇ ਲੋਕ ਪਾਠ ਪੂਜਾ ਵਿਚ ਲੀਨ ਨਜ਼ਰ ਆਉਂਦੇ ਹਨ, ਉੱਥੇ ਰੁੱਖਾਂ ਦੀਆਂ ਡਾਲੀਆਂ ਨਾਲ ਖਹਿ-ਖਹਿ ਕੇ ਲੰਘਦੀ ਵਾਅ ਵੀ ‘ਧੰਨ ਤੇਰੀ ਕੁਦਰਤ-ਧੰਨ ਤੇਰੀ ਕੁਦਰਤ’ ਕਹਿੰਦੀ ਜਾਪਦੀ ਹੈ।

ਇਸ ਤੋਂ ਇਲਾਵਾ ਵੱਖ-ਵੱਖ ਧਾਰਮਿਕ ਗ੍ਰੰਥਾਂ ਵਿਚ ਮਾਘ ਮਹੀਨੇ ਦਾ ਜ਼ਿਕਰ ਆਉਂਦਾ ਹੈ। ਭਗਵਾਨ ਸ੍ਰੀ ਿਸ਼ਨ ਜੀ ਨੇ ਵੀ ਪਵਿੱਤਰ ਗ੍ਰੰਥ ਗੀਤਾ ਦੇ ਅੱਠਵੇਂ ਅਧਿਆਏ ਵਿਚ ਮਾਘ ਮਹੀਨੇ ਦੀ ਉਸਤਤਿ ਕੀਤੀ ਹੈ। ਮਹਾਂਭਾਰਤ ਵਿਚ ਵੀ ਮਾਘ ਮਹੀਨੇ ਦਾ ਜ਼ਿਕਰ ਆਉਂਦਾ ਹੈ ਕਿ ਮਾਘ ਮਹੀਨੇ ਦੀ ਸੰਗਰਾਂਦ ਨੂੰ ਸਵਰਗ ਦਾ ਦਰਵਾਜ਼ਾ ਖੁੱਲ੍ਹਦਾ ਹੈ।

ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਮਾਘ ਮਹੀਨੇ ਨਾਲ ਸਬੰਧਿਤ ਤਿਉਹਾਰ ਮਨਾਏ ਜਾਂਦੇ ਹਨ, ਜਿਨ੍ਹਾਂ ਦੇ ਨਾਂ ਤਾਂ ਵੱਖ-ਵੱਖ ਹੁੰਦੇ ਹਨ ਪਰ ਸਭ ਤਿਉਹਾਰਾਂ ਦਾ ਸਬੰਧ ਮਾਘ ਮਹੀਨੇ ਨਾਲ ਹੀ ਹੁੰਦਾ ਹੈ ਅਤੇ ਸਭ ਤਿਉਹਾਰਾਂ ਦਾ ਮਕਸਦ ਭਾਈਚਾਰਕ ਸਾਂਝ ਪੈਦਾ ਕਰਨਾ ਅਤੇ ਰੱਬ ਦੀ ਉਸਤਤਿ ਕਰਨਾ ਹੁੰਦਾ ਹੈ। ਮਾਘ ਮਹੀਨੇ ਦੀ ਸੰਗਰਾਂਦ ਨੂੰ ਮਾਘੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਪੰਜਾਬ ਵਿਚ ਮੁਕਤਸਰ ਦਾ ਮਾਘੀ ਮੇਲਾ ਬਹੁਤ ਪ੍ਰਸਿੱਧ ਹੈ। ਮਾਘੀ ਵਰਗੇ ਤਿਉਹਾਰ ਹੀ ਭਾਰਤ ਦੇ ਹੋਰਨਾਂ ਸੂਬਿਆਂ ਵਿਚ ਵੀ ਮਨਾਏ ਜਾਂਦੇ ਹਨ। ੳੱੁਤਰ ਪ੍ਰਦੇਸ਼ ਵਿਚ ਮਾਘ ਮਹੀਨੇ ਦੀ ਸੰਗਰਾਂਦ ਨੂੰ ‘ਰੰਗੋਲੀ’ ਉਤਸਵ ਮਨਾਇਆ ਜਾਂਦਾ ਹੈ। ਤਾਮਿਲਨਾਡੂ ਵਿਚ ਮਾਘੀ ਵਾਲੇ ਦਿਨ ‘ਪੋਂਗਲ’ ਤਿਉਹਾਰ ਮਨਾਇਆ ਜਾਂਦਾ ਹੈ। ਮਹਾਰਾਸ਼ਟਰ ਵਿਚ ਮਾਘੀ ਵਾਲੇ ਦਿਨ ‘ਮਿਲਣ’ ਤਿਉਹਾਰ ਮਨਾਇਆ ਜਾਂਦਾ ਹੈ। ਇਹ ਸਾਰੇ ਤਿਉਹਾਰ ਮਾਘੀ ਨਾਲ ਸਬੰਧਿਤ ਹੀ ਹੁੰਦੇ ਹਨ ਪਰ ਵੱਖ-ਵੱਖ ਸੂਬਿਆਂ ਵਿਚ ਇਨ੍ਹਾਂ ਦੇ ਨਾਂ ਵੱਖ-ਵੱਖ ਰੱਖੇ ਹੋਏ ਹਨ। ਭਾਰਤ ਦੇ ਕੁਝ ਇਲਾਕਿਆਂ ਵਿਚ ਮਾਘ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਸੂਰਜ ਦੇਵਤਾ ਦੀ ਪੂਜਾ ਵੀ ਕੀਤੀ ਜਾਂਦੀ ਹੈ, ਕਈ ਇਲਾਕਿਆਂ ਵਿਚ ਮਾਘ ਮਹੀਨੇ ਦੀ ਸੰਗਰਾਂਦ ਨੂੰ ਜਲ ਦੇਵਤਾ ਦੀ ਪੂਜਾ ਵੀ ਕੀਤੀ ਜਾਂਦੀ ਹੈ।

ਅਸਲ ਵਿਚ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਵੱਖ-ਵੱਖ ਧਰਮਾਂ, ਜਾਤਾਂ ਅਤੇ ਨਸਲਾਂ ਦੇ ਲੋਕ ਰਹਿੰਦੇ ਹਨ, ਜਿਨ੍ਹਾਂ ਦੇ ਆਪੋ ਆਪਣੇ ਰਸਮ ਰਿਵਾਜ ਹਨ, ਇਸ ਤਰ੍ਹਾਂ ਭਾਰਤ ਵਿਚ ਅਨੇਕਤਾ ਵਿਚ ਏਕਤਾ ਅਤੇ ਏਕਤਾ ਵਿਚ ਅਨੇਕਤਾ ਦਾ ਸਿਧਾਂਤ ਪ੍ਰਤੱਖ ਰੂਪ ਵਿਚ ਲਾਗੂ ਹੋਇਆ ਦਿਖਾਈ ਦਿੰਦਾ ਹੈ।

ਬਸੰਤ ਪੰਚਮੀ ਦਾ ਪਵਿੱਤਰ ਤਿਉਹਾਰ ਮਾਘ ਮਹੀਨੇ ਵਿਚ ਹੀ ਮਨਾਇਆ ਜਾਂਦਾ ਹੈ। ਬਸੰਤ ਪੰਚਮੀ ਦਾ ਤਿਉਹਾਰ ਹਰ ਸਾਲ ਮਾਘ ਸੁਦੀ 5 ਨੂੰ ਮਨਾਇਆ ਜਾਂਦਾ ਹੈ। ਪੋਹ ਮਹੀਨੇ ਦੀ ਆਖ਼ਰੀ ਰਾਤ ਨੂੰ ਲੋਹੜੀ ਮੌਕੇ ਲੋਕ ਮੁੰਡਿਆਂ ਦੀ ਲੋਹੜੀ ਮਨਾਉਂਦੇ ਹਨ, ਹੁਣ ਕੁੜੀਆਂ ਦੀ ਲੋਹੜੀ ਮਨਾਉਣ ਦਾ ਰਿਵਾਜ ਵੀ ਪੈ ਗਿਆ ਹੈ। ਪੋਹ ਦੀ ਆਖ਼ਰੀ ਰਾਤ ਲੋਹੜੀ ਮੌਕੇ ਵੱਡੀ ਗਿਣਤੀ ’ਚ ਲੋਕ ਆਪਣੇ ਘਰਾਂ ਵਿਚ ਖੀਰ ਬਣਾਉਂਦੇ ਹਨ ਤੇ ਉਸ ਖੀਰ ਨੂੰ ਅਗਲੇ ਦਿਨ ਸਵੇਰੇ ਭਾਵ ਮਾਘ ਮਹੀਨੇ ਦੀ ਸੰਗਰਾਂਦ ਨੂੰ ਖਾਧਾ ਜਾਂਦਾ ਹੈ। ਇਸੇ ਲਈ ਤਾਂ ਕਿਹਾ ਜਾਂਦਾ ਹੈ-

‘‘ਪੋਹ ਰਿੱਝੀ, ਮਾਘ ਖਾਧੀ ’’

ਆਮ ਲੋਕਾਂ ਵਿਚ ਪ੍ਰਚਲਿਤ ਹੈ ਕਿ ਮਾਘ ਮਹੀਨੇ ਦੀ ਸੰਗਰਾਂਦ ਨੂੰ ਕੇਸੀ ਇਸ਼ਨਾਨ ਕਰਨ ਨਾਲ ਸਿਰ ਦੇ ਵਾਲ ਸੋਨੇ ਦੇ ਹੋ ਜਾਂਦੇ ਹਨ। ਇਸ ਕਾਰਨ ਵੱਡੀ ਗਿਣਤੀ ਲੋਕ ਗੁਰਧਾਮਾਂ ਦੇ ਸਰੋਵਰਾਂ, ਨਦੀਆਂ, ਨਹਿਰਾਂ, ਰਜਵਾਹਿਆਂ ਵਿਚ ਕੇਸੀ ਇਸ਼ਨਾਨ ਕਰਦੇ ਦਿਖਾਈ ਦਿੰਦੇ ਹਨ। ਮਾਘ ਮਹੀਨੇ ਦੌਰਾਨ ਪੂਰਾ ਮਹੀਨਾ ਵੱਖ-ਵੱਖ ਧਾਰਮਿਕ ਅਸਥਾਨਾਂ ਵਿਚ ਸ਼ਰਧਾਲੂਆਂ ਦੀ ਭਾਰੀ ਆਮਦ ਰਹਿੰਦੀ ਹੈ ਅਤੇ ਕੜਾਕੇ ਦੀ ਠੰਢ ਉੱਪਰ ਆਮ ਲੋਕਾਂ ਦੀ ਆਸਥਾ ਭਾਰੀ ਪੈ ਜਾਂਦੀ ਹੈ। ਲੋਕ ਪੂਰਾ ਮਾਘ ਮਹੀਨਾ ਵੱਖ-ਵੱਖ ਧਾਰਮਿਕ ਅਸਥਾਨਾਂ ਉੱਪਰ ਨਤਮਸਤਕ ਹੁੰਦੇ ਰਹਿੰਦੇ ਹਨ। ਜ਼ਿਆਦਾਤਰ ਇਲਾਕਿਆਂ ਵਿਚ ਪੂਰਾ ਮਾਘ ਮਹੀਨਾ ਲੰਗਰ ਚਲਾਏ ਜਾਂਦੇ ਹਨ।

ਹਰ ਸਾਲ ਮਾਘ ਮਹੀਨੇ ਦੌਰਾਨ ਬਰਸਾਤ ਵੀ ਪੈ ਜਾਂਦੀ ਹੈ, ਜਿਸ ਕਾਰਨ ਠੰਢ ਵਿਚ ਹੋਰ ਵਾਧਾ ਹੋ ਜਾਂਦਾ ਹੈ। ਮਾਘ ਮਹੀਨੇ ਪਈ ਬਰਸਾਤ ਕਣਕ ਲਈ ਬਹੁਤ ਲਾਹੇਵੰਦ ਮੰਨੀ ਜਾਂਦੀ ਹੈ ਅਤੇ ਕਿਸਾਨਾਂ ਨੂੰ ਕਣਕ ਦੀ ਫ਼ਸਲ ਨੂੰ ਹੋਰ ਪਾਣੀ ਲਗਾਉਣ ਦੀ ਲੋੜ ਨਹੀਂ ਰਹਿੰਦੀ। ਮਾਘ ਮਹੀਨੇ ਪਈ ਬਰਸਾਤ ਕਾਰਨ ਕਣਕ ਦੀ ਫ਼ਸਲ ਦਾ ਦਾਣਾ ਮੋਟਾ ਅਤੇ ਰੰਗ ਸਾਫ਼ ਹੁੰਦਾ ਹੈ ਅਤੇ ਫ਼ਸਲ ਭਰਪੂਰ ਹੁੰਦੀ ਹੈ।

- ਜਗਮੋਹਨ ਸਿੰਘ ਲੱਕੀ

Posted By: Harjinder Sodhi