ਕੁਰੂਕਸ਼ੇਤਰ : ਇਸ ਸਾਲ ਕੁੱਲ ਪੰਜ ਗ੍ਰਹਿਣ ਲੱਗਣਗੇ। 16 ਜੁਲਾਈ ਨੂੰ ਦੂਸਰਾ ਚੰਦਰ ਗ੍ਰਹਿਣ ਲੱਗੇਗਾ। 16 ਜੁਲਾਈ ਨੂੰ ਖਗਰਾਸ ਚੰਦਰ ਗ੍ਰਹਿਣ ਗੁਰੂ ਪੂਰਨਿਮਾ ਨੂੰ ਹੈ। ਇਸ ਦਿਨ ਮੰਗਲਵਾਰ ਹੈ ਅਤੇ ਉੱਤਰੀ ਆਸ਼ਾੜ ਨਛੱਤਰ ਹੈ। ਇਹ ਗ੍ਰਹਿਣ ਭਾਰਤ ਤੋਂ ਇਲਾਵਾ ਦੱਖਣੀ ਅਮਰੀਕਾ, ਯੂਰਪ, ਅਫ਼ਰੀਕਾ ਅਤੇ ਆਸਟ੍ਰੇਲੀਆ 'ਚ ਵੀ ਦਿਖਾਈ ਦੇਵੇਗਾ।

ਪੰਡਤ ਰਾਮਰਾਜ ਕੌਸ਼ਿਕ ਅਨੁਸਾਰ ਰਾਜਨੀਤੀ ਨਾਲ ਜੁੜੇ ਉਹ ਲੋਕ ਜਿਨ੍ਹਾਂ ਦੀ ਰਾਸ਼ੀ ਮੇਖ, ਬ੍ਰਿਖ, ਕੰਨਿਆ, ਬ੍ਰਿਸ਼ਚਕ, ਧਨੂ ਤੇ ਮਕਰ ਹੈ, ਉਨ੍ਹਾਂ ਖ਼ਾਸ ਲਾਭ ਹੋਣ ਦੇ ਆਸਾਰ ਹਨ। ਇਹ ਚੰਦਰ ਗ੍ਰਹਿਣ ਮੰਗਲਵਾਰ ਅਤੇ ਉੱਤਰੀ ਆਸ਼ਾੜ ਨਛੱਤਰ 'ਚ ਆ ਰਿਹਾ ਹੈ। ਇਸ ਦੇ ਪ੍ਰਭਾਵ ਨਾਲ ਰਾਜਨੀਤਕ ਉਥਲ-ਪੁਥਲ ਨਾਲ ਹੀ ਕੁਦਰਤੀ ਆਫ਼ਤ ਵਰਗੇ ਹਾਲਾਤ ਬਣਨ ਦੀ ਪੂਰੀ ਸੰਭਾਵਨਾ ਹੈ।

ਚੰਦਰ ਗ੍ਰਹਿਣ ਅਤੇ ਸੂਰਜ ਗ੍ਰਹਿਣ ਦੋਵਾਂ ਦਾ ਮਨੁੱਖੀ ਅਤੇ ਕੁਦਰਤੀ ਅਸਰ ਦਿਖਾਈ ਦਿੰਦਾ ਹੈ। ਹੁਣ ਦੇਸ਼ ਵਿਚ ਸਿਰਫ਼ ਦੋ ਵੱਡੇ ਗ੍ਰਹਿਣ ਬਚੇ ਹਨ, ਜੋ ਇਸੇ ਸਾਲ ਦਿਖਾਈ ਦੇਣਗੇ। ਭਾਰਤ 'ਚ 16-17 ਜੁਲਾਈ ਦੀ ਰਾਤ ਨੂੰ ਖਗਰਾਸ ਚੰਦਰ ਗ੍ਰਹਿਣ ਲੱਗੇਗਾ, ਜੋ ਰਾਤ ਨੂੰ 1.32 ਵਜੇ ਤੋਂ ਤੜਕੇ 4.31 ਵਜੇ ਤਕ ਰਹੇਗਾ। ਇਸ ਸਾਲ ਦਾ ਪਹਿਲਾ ਚੰਦਰ ਗ੍ਰਹਿਣ 21 ਜਨਵਰੀ ਨੂੰ ਸੀ, ਜੋ ਭਾਰਤ 'ਚ ਨਜ਼ਰ ਨਹੀਂ ਆਇਆ। ਉੱਥੇ ਪਹਿਲਾ ਸੂਰਜ ਗ੍ਰਹਿਣ 6 ਜਨਵਰੀ ਨੂੰ ਲੱਗਿਆ ਸੀ, ਦੂਸਰਾ ਸੂਰਜ ਗ੍ਰਹਿਣ 2 ਜੁਲਾਈ ਨੂੰ ਲੱਗਿਆ, ਜੋ ਭਾਰਤ 'ਚ ਨਜ਼ਰ ਨਹੀਂ ਆਇਆ। ਸਾਲ ਦਾ ਆਖਰੀ ਤੇ ਤੀਸਰਾ ਸੂਰਜ ਗ੍ਰਹਿਣ 26 ਦਸੰਬਰ ਨੂੰ ਲੱਗੇਗਾ।

ਕੀ ਕਰੀਏ ਗ੍ਰਹਿਣ ਕਾਲ 'ਚ

  • ਗਰਭਵਤੀ ਔਰਤਾਂ ਨੂੰ ਗ੍ਰਹਿਣ ਵੇਲੇ ਘਰ ਅੰਦਰ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ।
  • ਕਿਸੇ ਵੀ ਤਰ੍ਹਾਂ ਦੇ ਸ਼ੁਭ ਕਾਰਜ ਇਸ ਦਿਨ ਨਾ ਕਰੋ।
  • ਆਪਣੇ ਮਨ ਵਿਚ ਦੁਰਵਿਚਾਰਾਂ ਨੂੰ ਨਾ ਪੈਦਾ ਹੋਣ ਦਿਉ।
  • ਇਸ ਦਿਨ ਬ੍ਰਹਚਾਰਤਾ ਦੀ ਪਾਲਣਾ ਕਰੋ ਅਤੇ ਆਪਣੇ ਆਰਾਧਿਆ ਦਾ ਧਿਆਨ ਕਰੋ।
  • ਜਿਨ੍ਹਾਂ ਜਾਤਕਾਂ ਦੀ ਕੁੰਡਲੀ 'ਚ ਸ਼ਨੀ ਦੀ ਸਾੜ੍ਹਸਤੀ ਜਾਂ ਢਈਏ ਦਾ ਅਸਰ ਚੱਲ ਰਿਹਾ ਹੈ, ਉਹ ਸ਼ਨੀ ਮੰਤਰ ਦਾ ਜਾਪ ਕਰਨ ਅਤੇ ਹਨੂਮਾਨ ਚਲੀਸਾ ਦਾ ਪਾਠ ਜ਼ਰੂਰ ਕਰਨ।
  • ਜਿਨ੍ਹਾਂ ਜਾਤਕਾਂ ਦੀ ਕੁੰਡਲੀ 'ਚ ਮੰਗਲ ਦੋਸ਼ ਹੈ ਉਹ ਚੰਦਰ ਗ੍ਰਹਿਣ ਵਾਲੇ ਦਿਨ ਸੁੰਦਰ ਕਾਂਡ ਦਾ ਪਾਠ ਕਰਨ ਤਾੰ ਸਕਾਰਾਤਮਕ ਨਤੀਜੇ ਮਿਲਣਗੇ।
  • ਆਟਾ, ਚੌਲ, ਚੀਨੀ, ਸਫੈਦ ਵਸਤਰ, ਸਾਬਤ ਮਾਹ, ਸਤਨਾਜ਼ਾ, ਕਾਲੇ ਤਿੱਲ ਅਤੇ ਕਾਲੇ ਕੱਪੜੇ ਕਿਸੇ ਜ਼ਰੂਰਤਮੰਦ ਨੂੰ ਦਾਨ ਦਿਓ।

Posted By: Seema Anand