ਪਿਆਰ-ਮੁਹੱਬਤ ਖ਼ੂਬਸੂਰਤ ਤੇ ਕੋਮਲ ਅਹਿਸਾਸ ਹੈ। ਪ੍ਰੇਮ ਰਿਸ਼ਤਿਆਂ ਦੀ ਗਰਮਾਹਟ ਦੀ ਸਨੇਹਪੂਰਨ ਛੋਹ ਹੈ। ਪ੍ਰੇਮ ਊਰਜਾ ਹੈ, ਜੀਵਨ ਦਾ ਆਧਾਰ ਹੈ। ਪ੍ਰੇਮ ਦਇਆ, ਸਨੇਹ ਅਤੇ ਸਹਿਯੋਗ ਦੇ ਭਾਵਾਂ ਦਾ ਸੁਮੇਲ ਹੈ। ਓਸ਼ੋ ਤੋਂ ਜਦ ਇਕ ਵਾਰ ਪੁੱਛਿਆ ਗਿਆ ਕਿ ਪ੍ਰੇਮ ਕੀ ਹੈ ਤਾਂ ਉਨ੍ਹਾਂ ਮਾਸੂਮੀਅਤ ਨਾਲ ਜਵਾਬ ਦਿੰਦਿਆਂ ਕਿਹਾ ਕਿ ਪ੍ਰੇਮ ਪਰਮਾਤਮਾ ਹੈ। ਸ਼ਾਇਦ ਹੀ ਦੁਨੀਆ ਵਿਚ ਕੋਈ ਜੀਵ ਹੋਵੇ ਜੋ ਪ੍ਰੇਮ ਦਾ ਭੁੱਖਾ ਨਾ ਹੋਵੇ। ਪ੍ਰੇਮ ਇਨਸਾਨ ਦੀ ਬੁਨਿਆਦੀ ਜ਼ਰੂਰਤ ਹੈ। ਪ੍ਰੇਮ ਲੋਕਾਂ ਨੂੰ ਆਪਸ ਵਿਚ ਜੋੜਦਾ ਹੈ। ਇਕ ਤਰ੍ਹਾਂ ਦੇਖਿਆ ਜਾਵੇ ਤਾਂ ਪੂਰੀ ਦੁਨੀਆ ਹੀ ਪ੍ਰੇਮ 'ਤੇ ਟਿਕੀ ਹੈ। ਜੇ ਮਨੁੱਖਾਂ ਵਿਚ ਇਕ-ਦੂਜੇ ਪ੍ਰਤੀ ਪ੍ਰੇਮ-ਭਾਵ ਨਾ ਹੁੰਦਾ ਤਾਂ ਸ਼ਾਇਦ ਇਸ ਸ੍ਰਿਸ਼ਟੀ ਦਾ ਅੰਤ ਉਸ ਦੇ ਆਰੰਭ ਵਿਚ ਹੀ ਹੋ ਗਿਆ ਹੁੰਦਾ! ਦਰਅਸਲ ਇਕ-ਦੂਜੇ ਪ੍ਰਤੀ ਪ੍ਰੇਮ-ਭਾਵ ਨਾਲ ਹੀ ਸਮਾਜ ਵਿਚ ਸਥਾਈਪੁਣਾ ਕਾਇਮ ਹੋਇਆ ਹੈ। ਪ੍ਰੇਮ ਮਨੁੱਖ ਨੂੰ ਅਹਿੰਸਾ ਤੇ ਮਨੁੱਖਤਾ ਦੇ ਰਸਤੇ 'ਤੇ ਚੱਲਣਾ ਸਿਖਾਉਂਦਾ ਹੈ ਅਤੇ ਉਸ ਵਿਚ ਸੰਵੇਦਨਾ, ਸੰਸਕਾਰ ਅਤੇ ਸਹਿਣਸ਼ੀਲਤਾ ਦਾ ਭਾਵ ਵਿਕਸਤ ਕਰਦਾ ਹੈ। ਪ੍ਰੇਮ ਸਦਕਾ ਨਾ ਸਿਰਫ਼ ਕਿਸੇ ਵਿਅਕਤੀ ਦਾ ਦਿਲ ਸਗੋਂ ਸੰਪੂਰਨ ਦੁਨੀਆ ਜਿੱਤੀ ਜਾ ਸਕਦੀ ਹੈ। ਸ਼ਰਧਾ ਅਤੇ ਵਿਸ਼ਵਾਸ ਨਾਲ ਪ੍ਰੇਮ ਦੀ ਗੰਢ ਮਜ਼ਬੂਤ ਹੁੰਦੀ ਹੈ ਜਦਕਿ ਈਰਖਾ, ਸਵਾਰਥ ਤੇ ਹੰਕਾਰ ਇਸ ਦੀਆਂ ਕਮਜ਼ੋਰ ਕੜੀਆਂ ਹਨ। ਪ੍ਰੇਮ ਲੋਕਾਂ ਨੂੰ ਇਕ-ਦੂਜੇ ਦੇ ਕਰੀਬ ਲਿਆਉਂਦਾ ਹੈ ਤੇ ਉਨ੍ਹਾਂ ਵਿਚ ਇਕ-ਦੂਜੇ ਦੇ ਆਮ ਹਿੱਤਾਂ ਦੀ ਰੱਖਿਆ ਦਾ ਭਾਵ ਜਗਾਉਂਦਾ ਹੈ। ਪ੍ਰੇਮ ਜੇ ਨਿਰਸਵਾਰਥ ਹੋਵੇ ਤਾਂ ਜੀਵਨ ਵਿਚ ਕੁੜੱਤਣ ਨਹੀਂ ਰਹਿੰਦੀ। ਸੱਚਾ ਪ੍ਰੇਮ ਇਮਾਨਦਾਰ ਬਣਾਉਂਦਾ ਹੈ। ਮਾਤਾ-ਪਿਤਾ, ਵੱਡਿਆਂ ਤੇ ਅਧਿਆਪਕਾਂ ਪ੍ਰਤੀ ਪ੍ਰੇਮ ਇਨਸਾਨ ਨੂੰ ਜੀਵਨ ਦੀ ਹਰ ਮੁਸੀਬਤ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ। ਦੁਨੀਆ ਦੀਆਂ ਅਨੇਕਾਂ ਸਮੱਸਿਆਵਾਂ ਪ੍ਰੇਮ ਦੀ ਕਮੀ ਕਾਰਨ ਉਪਜਦੀਆਂ ਹਨ। ਜੇ ਦੁਨੀਆ ਦੀਆਂ ਦੋ ਮੁੱਖ ਸਮੱਸਿਆਵਾਂ-ਪੌਣਪਾਣੀ ਬਦਲਾਅ ਤੇ ਅੱਤਵਾਦ ਨੂੰ ਵੇਖਿਆ ਜਾਵੇ ਤਾਂ ਇਨ੍ਹਾਂ ਦਾ ਹੱਲ ਵੀ ਪ੍ਰੇਮ ਵਿਚ ਹੀ ਛੁਪਿਆ ਹੋਇਆ ਹੈ। ਬਦਲਦੇ ਦੌਰ 'ਚ ਨਿੱਜੀ ਸਵਾਰਥ ਤੇ ਸੌੜੀ ਮਾਨਸਿਕਤਾ ਕਾਰਨ ਪ੍ਰੇਮ ਦੀ ਦੁਰਵਰਤੋਂ ਵੀ ਵਧੀ ਹੈ। ਇਸ ਲਈ ਜ਼ਰੂਰੀ ਹੈ ਕਿ ਸੱਚੇ ਪ੍ਰੇਮ ਤੇ ਦਿਖਾਵੇ ਵਾਲੇ ਪ੍ਰੇਮ ਵਿਚਲੇ ਫ਼ਰਕ ਨੂੰ ਸਮਝਿਆ ਜਾਵੇ ਤੇ ਸਹੀ ਫ਼ੈਸਲਾ ਲੈ ਕੇ ਜੀਵਨ ਨੂੰ ਬਦਹਾਲ ਹੋਣੋਂ ਬਚਾਇਆ ਜਾਵੇ। ਹਰ ਇਨਸਾਨ ਆਪਣੇ ਅੰਦਰ ਪ੍ਰੇਮ ਪੈਦਾ ਕਰੇ।

-ਸੁਧੀਰ ਕੁਮਾਰ।

Posted By: Jagjit Singh