ਤੇਜ਼ ਤੂਫ਼ਾਨ ਅਤੇ ਘਣਘੋਰ ਬਾਰਿਸ਼ ਮਗਰੋਂ ਅੰਬਰ ਸਾਫ਼ ਹੋ ਚੁੱਕਾ ਸੀ ਅਤੇ ਸੂਰਜ ਆਪਣੀ ਪੂਰਨ ਚਮਕ ਨਾਲ ਸਫ਼ੈਦ ਬੱਦਲਾਂ ਦੀ ਓਟ 'ਚੋਂ ਨਿਕਲ ਕੇ ਧਰਤੀ 'ਤੇ ਰੋਸ਼ਨੀ ਬਿਖੇਰ ਰਿਹਾ ਸੀ। ਕੁਝ ਪਲਾਂ ਮਗਰੋਂ ਸਤਰੰਗੀ ਪੀਂਘ ਸੁੰਦਰਤਾ ਬਿਖੇਰ ਰਹੀ ਸੀ। ਇਨ੍ਹਾਂ ਮਨਮੋਹਕ ਦ੍ਰਿਸ਼ਾਂ 'ਤੇ ਸੰਜੀਦਗੀ ਨਾਲ ਗ਼ੌਰ ਕਰੀਏ ਤਾਂ ਮਨ ਵਿਚ ਇਕ ਸਵਾਲ ਵਾਰ-ਵਾਰ ਉੱਠਦਾ ਹੈ ਕਿ ਇਸ ਕਾਇਨਾਤ ਵਿਚ ਕੁਦਰਤੀ ਘਟਨਾਵਾਂ ਵਜੋਂ ਮੀਂਹ ਅਤੇ ਇੰਦਰ-ਧਨੁਸ਼ ਦੇ ਅਰਥ ਕੀ ਹਨ? ਅਤੇ ਉਸ ਤੋਂ ਵੀ ਵੱਧ ਅਹਿਮ ਸਵਾਲ ਇਹ ਹੈ ਕਿ ਇਹ ਦੋਵੇਂ ਘਟਨਾਵਾਂ ਮਨੁੱਖੀ ਜੀਵਨ ਨੂੰ ਬਿਹਤਰ ਤਰੀਕੇ ਨਾਲ ਜਿਊਣ ਲਈ ਕਿਸ ਤਰ੍ਹਾਂ ਪ੍ਰੇਰਿਤ ਕਰਦੀਆਂ ਹਨ? ਸੰਜੀਦਗੀ ਨਾਲ ਵਿਚਾਰ ਕਰੀਏ ਤਾਂ ਇਹ ਸਮਝਦਿਆਂ ਦੇਰੀ ਨਹੀਂ ਲੱਗਦੀ ਕਿ ਇਸ ਪ੍ਰਸੰਗ ਵਿਚ ਬਾਰਿਸ਼ ਪ੍ਰਤੀਕ ਹੈ ਰੁਦਨ, ਅੱਥਰੂਆਂ, ਦਰਦ, ਤਿਆਗ, ਵੇਦਨਾ, ਸਮੱਸਿਆਵਾਂ ਦੀ ਅਤੇ ਉਨ੍ਹਾਂ ਸਭ ਝੰਜਟਾਂ ਦੀ ਜੋ ਮਨੁੱਖੀ ਜੀਵਨ ਵਿਚ ਨਿਰੰਤਰ ਚੱਲਦੇ ਰਹਿੰਦੇ ਹਨ। ਇੰਦਰ-ਧਨੁਸ਼ ਵਿਚ ਮਨੁੱਖੀ ਮਨ ਦੀਆਂ ਖ਼ੁਸ਼ੀਆਂ ਵੀ ਦਿਸਦੀਆਂ ਹਨ ਪਰ ਇੱਥੇ ਇਕ ਸੱਚ ਜੋ ਸਾਡੇ ਸਾਹਮਣੇ ਸਿਰ ਚੁੱਕਦਾ ਹੈ, ਉਹ ਇਹ ਹੈ ਕਿ ਜੀਵਨ ਵਿਚ ਇੰਦਰ-ਧਨੁਸ਼ ਰੂਪੀ ਖ਼ੁਸ਼ੀਆਂ ਆਮ ਘਟਨਾ ਨਹੀਂ ਹਨ ਕਿਉਂਕਿ ਹਰੇਕ ਬਾਰਿਸ਼ ਇੰਦਰ-ਧਨੁਸ਼ ਦਾ ਕਾਰਨ ਨਹੀਂ ਬਣਦੀ ਪਰ ਮਨੁੱਖੀ ਜੀਵਨ ਵਿਚ ਦੁੱਖ ਇਕ ਸੁਭਾਵਿਕ ਅਤੇ ਆਮ ਘਟਨਾ ਹੈ। ਇਹੋ ਸੰਸਾਰ ਦਾ ਨਿਯਮ ਹੈ। ਮਹਾਨ ਬ੍ਰਿਟਿਸ਼ ਨਾਵਲਕਾਰ ਥਾਮਸ ਹਾਰਡੀ ਨੇ ਇਕ ਵਾਰ ਕਿਹਾ ਸੀ, 'ਦਰਦ ਦੇ ਮੁਕਾਬਲੇ ਨਾਟਕ ਵਿਚ ਖ਼ੁਸ਼ੀਆਂ ਕਦੇ-ਕਦਾਈਂ ਆਉਣ ਵਾਲੀਆਂ ਘਟਨਾਵਾਂ ਹਨ। ਅਰਥਾਤ ਜੀਵਨ ਦਰਦ ਹੈ, ਦੁੱਖ ਦਾ ਪ੍ਰਤੀਕ ਹੈ ਪਰ ਮਨੁੱਖੀ ਮਨ ਜੀਵਨ ਦੇ ਇਸ ਵਿਗਿਆਨ ਨੂੰ ਸਮਝ ਨਹੀਂ ਪਾਉਂਦਾ ਅਤੇ ਦੁੱਖ ਨਾਲ ਘਿਰ ਜਾਣ 'ਤੇ ਤ੍ਰਾਹੀਮਾਨ ਕਰ ਉੱਠਦਾ ਹੈ। ਉਸ ਨੂੰ ਲੱਗਦਾ ਹੈ ਕਿ ਸ਼ਾਇਦ ਉਸ ਲਈ ਦੁਨੀਆ ਦਾ ਅੰਤ ਹੋ ਗਿਆ ਹੋਵੇ। ਉਸ ਨੂੰ ਆਪਣੇ ਸਾਰੇ ਸੁਪਨੇ ਟੁੱਟਦੇ ਪ੍ਰਤੀਤ ਹੁੰਦੇ ਹਨ ਪਰ ਜੀਵਨ ਵਿਚ ਦੁੱਖ ਦੇ ਆਉਣ 'ਤੇ ਇਸ ਕਦਰ ਦੁਖੀ ਹੋ ਜਾਣ ਅਤੇ ਜੀਵਨ ਅਤੇ ਜਹਾਨ ਤੋਂ ਹਾਰ ਮੰਨ ਲੈਣ 'ਤੇ ਦਰਦ ਹੋਰ ਵਧ ਜਾਂਦਾ ਹੈ। ਮਨ ਵਿਚ ਭਰੋਸਾ ਰੱਖਦੇ ਹੋਏ ਅਤੇ ਹੌਸਲੇ ਨਾਲ ਜੇ ਜੀਵਨ ਦੀਆਂ ਸਮੱਸਿਆਵਾਂ ਦਾ ਸਾਹਮਣਾ ਕੀਤਾ ਜਾਵੇ ਤਾਂ ਜੀਵਨ ਦੀਆਂ ਖ਼ੁਸ਼ੀਆਂ ਪਰਤ ਆਉਂਦੀਆਂ ਹਨ ਅਤੇ ਕਿਸੇ ਤੂਫ਼ਾਨ ਦੇ ਗੁਜ਼ਰ ਜਾਣ ਤੋਂ ਬਾਅਦ ਦੀ ਸ਼ਾਂਤੀ ਅਤੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਇਸ ਨਾਲ ਜੀਵਨ ਦੇ ਦੁੱਖ-ਦਰਦਾਂ ਦਾ ਵੀ ਸੁਚੱਜੇ ਢੰਗ ਨਾਲ ਸਾਹਮਣਾ ਕਰਨ ਦੀ ਸਮਰੱਥਾ ਵਿਕਸਤ ਹੁੰਦੀ ਹੈ।

-ਸ੍ਰੀਪ੍ਰਕਾਸ਼ ਸ਼ਰਮਾ।

Posted By: Sukhdev Singh