ਇਸ ਧਰਤੀ 'ਤੇ ਸਿਰਫ਼ ਮਨੁੱਖ ਹੀ ਇਕ ਅਜਿਹਾ ਜੀਵ ਹੈ ਜਿਸ ਕੋਲ ਵਿਚਾਰ-ਸ਼ਕਤੀ ਹੈ। ਆਲੇ-ਦੁਆਲੇ ਜੋ ਕੁਝ ਵਾਪਰਦਾ ਹੈ, ਉਹ ਉਸ ਤੋਂ ਸਿੱਖਦਾ ਹੈ ਅਤੇ ਉਸ ਮੁਤਾਬਕ ਅੱਗੇ ਵੱਧਦਾ ਹੈ। ਜਨਮ ਲੈਣ ਤੋਂ ਬਾਅਦ ਬੱਚਾ ਜਦ ਵੱਡਾ ਹੋਣ ਲੱਗਦਾ ਹੈ ਤਾਂ ਬਚਪਨ ਵਿਚ ਚੰਗੇ-ਬੁਰੇ ਦਾ ਉਸ ਨੂੰ ਅਹਿਸਾਸ ਨਹੀਂ ਹੁੰਦਾ ਪਰ ਮਾਤਾ-ਪਿਤਾ, ਪਰਿਵਾਰ ਦੇ ਹੋਰ ਮੈਂਬਰ ਉਸ ਨੂੰ ਬੁਰੇ ਤੋਂ ਬੁਰੇ ਹਾਲਾਤ ਤੋਂ ਬਚਣ ਲਈ ਚੌਕਸ ਕਰਦੇ ਰਹਿੰਦੇ ਹਨ। ਇਹੀ ਚੌਕਸੀ ਸੰਸਕਾਰ ਹੈ। ਕੋਈ ਵੀ ਮਾਤਾ-ਪਿਤਾ ਨਹੀਂ ਚਾਹੁੰਦਾ ਕਿ ਉਸ ਦੀ ਸੰਤਾਨ ਬੁਰਾਈਆਂ ਵੱਲ ਜਾਵੇ। ਚੰਗੇ ਸੰਸਕਾਰਾਂ ਨੂੰ ਜੀਵਨ ਵਿਚ ਅਪਣਾਉਂਦੇ ਹੋਏ ਮਨੁੱਖ ਉੱਤਮ ਤੋਂ ਸਰਬੋਤਮ ਪੁਰਸ਼ ਬਣ ਜਾਂਦਾ ਹੈ। ਮਨੁੱਖ ਕੋਲ ਪੂਰਾ ਮੌਕਾ ਉਪਲਬਧ ਹੈ ਕਿ ਉਹ ਨਿੰਦਣਯੋਗ ਕੰਮਾਂ ਨੂੰ ਤਿਆਗ ਕੇ ਚੰਗੇ ਗੁਣਾਂ ਦਾ ਧਾਰਨੀ ਬਣੇ। ਰਤਨਾਕਰ ਡਾਕੂ ਦਾ ਜੀਵਨ ਮਹਾਰਿਸ਼ੀ ਨਾਰਦ ਨੇ ਅਤੇ ਅੰਗੁਲਿਮਾਲ ਦਾ ਜੀਵਨ ਮਹਾਤਮਾ ਬੁੱਧ ਨੇ ਬਦਲ ਦਿੱਤਾ। ਜੀਵਨ ਵਿਚ ਸਭ ਤੋਂ ਬੁਰਾ ਕੰਮ ਹੈ ਛਲ-ਕਪਟ ਹੈ। ਅਰਥਾਤ ਕਿਸੇ ਨੂੰ ਭਰੋਸੇ ਵਿਚ ਲੈ ਕੇ ਉਸ ਨੂੰ ਠੱਗ ਲੈਣਾ। ਵੈਸੇ ਵੀ ਠੱਗਣ ਵਾਲਾ ਨਿੰਦਣਯੋਗ ਮੰਨਿਆ ਗਿਆ ਹੈ। ਇਸ ਦੇ ਇਲਾਵਾ ਈਰਖਾ, ਸਾੜਾ, ਚੁਗਲੀ, ਸਦਭਾਵਨਾ ਨੂੰ ਖ਼ਰਾਬ ਕਰਨਾ, ਆਪਣੀ ਚੜ੍ਹਤ ਲਈ ਝੂਠ-ਫਰੇਬ, ਧੌਂਸ ਦਿਖਾਉਣਾ ਇਹ ਸਭ ਵਿਚਾਰਕ ਬੁਰਾਈਆਂ ਹੀ ਹਨ। ਬਸ ਇਨ੍ਹਾਂ ਔਗੁਣਾਂ ਤੋਂ ਬਾਹਰ ਨਿਕਲ ਕੇ ਸੰਵੇਦਨਸ਼ੀਲ, ਸਹਿਯੋਗੀ, ਮਦਦਗਾਰ, ਸੰਕਟ ਵਿਚ ਸਾਥ ਦੇਣ ਦੀ ਬਿਰਤੀ, ਕਰੁਣਾ, ਦਇਆ ਆਦਿ ਕਿਸੇ ਨੂੰ ਵੀ ਪਰਿਵਾਰ ਤੋਂ ਲੈ ਕੇ ਸਮਾਜ ਤਕ, ਸਭ ਜਗ੍ਹਾ ਸਨਮਾਨਯੋਗ ਬਣਾਉਂਦੇ ਹਨ। ਹਰ ਪ੍ਰਬੁੱਧ ਵਿਅਕਤੀ ਦਾ ਫ਼ਰਜ਼ ਹੈ ਕਿ ਉਹ ਆਲੇ-ਦੁਆਲੇ ਇਸ ਤਰ੍ਹਾਂ ਦੇ ਲੋਕਾਂ ਨੂੰ ਲੱਭ ਕੇ ਸਬਰ-ਸੰਤੋਖ ਨਾਲ ਉਨ੍ਹਾਂ ਨੂੰ ਯੋਗ ਬਣਾਵੇ ਤੇ ਸਮਾਜ ਦੀ ਮੁੱਖ ਧਾਰਾ 'ਚ ਲਿਆਵੇ। ਪੁਰਸ਼ੋਤਮ ਬਣਨ ਦਾ ਇਹੀ ਇਕ ਰਸਤਾ ਹੈ। ਭਗਵਾਨ ਸ੍ਰੀਰਾਮ ਤੇ ਸ੍ਰੀਕ੍ਰਿਸ਼ਨ ਨੇ ਅਜਿਹਾ ਕੀਤਾ ਤਾਂ ਹੀ ਉਹ ਪੁਰਸ਼ੋਤਮ ਕਹਾਉਂਦੇ ਹਨ। ਮਨੁੱਖ ਨੂੰ ਰੱਬ ਦਾ ਹੀ ਅੰਸ਼ ਮੰਨਿਆ ਜਾਂਦਾ ਹੈ। ਇਸ ਲਈ ਉਸ ਨੂੰ ਰੂਹਾਨੀਅਤ ਦੀ ਮਹੱਤਤਾ ਨੂੰ ਸਮਝਦੇ ਹੋਏ ਦੁਨੀਆ 'ਤੇ ਆਉਣ ਦੇ ਆਪਣੇ ਮਕਸਦ ਨੂੰ ਪੂਰਾ ਕਰਦੇ ਹੋਏ ਹੋਰਾਂ ਦਾ ਭਲਾ ਕਰਨ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ, ਨਾ ਕਿ ਹੋਰਾਂ ਦੇ ਰਾਹਾਂ 'ਚ ਕੰਡੇ ਖਿਲਾਰਨ ਦਾ ਕੰਮ ਕਰਨਾ ਚਾਹੀਦਾ ਹੈ। ਚੇਤੇ ਰੱਖੋ, ਚੰਗੇ ਕੰਮਾਂ ਨਾਲ ਹੀ ਜਗ 'ਤੇ ਉਸਤਤ ਹੁੰਦੀ ਹੈ।

-ਸਲਿਲ ਪਾਂਡੇ।

Posted By: Jagjit Singh