ਜਿਵੇਂ-ਜਿਵੇਂ ਉਮਰ ਵਧਦੀ ਜਾਂਦੀ ਹੈ, ਤਿਵੇਂ-ਤਿਵੇਂ ਬਚਪਨ ਦੂਰ ਹੁੰਦਾ ਜਾਂਦਾ ਹੈ। ਵੱਡੀ ਉਮਰ ਨੂੰ ਬਾਲ-ਬੱਚੇ ਪਿਆਰੇ ਲੱਗਦੇ ਹਨ। ਕਦੇ-ਕਦੇ ਵੱਡੀ ਉਮਰ ਅਤੇ ਬਾਲ ਉਮਰ ਵਿਚਕਾਰ ਕੰਧਾਂ ਖੜ੍ਹੀਆਂ ਹੋ ਜਾਂਦੀਆਂ ਹਨ। ਕੰਧਾਂ ਕਈ ਕਿਸਮ ਦੀਆਂ ਹੁੰਦੀਆਂ ਹਨ। ਆਮ ਤੌਰ ’ਤੇ ਆਪਾਂ ਮਿੱਟੀ, ਇੱਟਾਂ, ਪੱਥਰਾਂ ਅਤੇ ਚੂਨੇ, ਬਜਰੀ ਆਦਿ ਦੀਆਂ ਕੰਧਾਂ ਤਕ ਹੀ ਖੜ੍ਹੇ ਰਹਿੰਦੇ ਹਾਂ। ਪਰ ਸੋਚ, ਰੁਚੀਆਂ, ਆਦਤਾਂ, ਖ਼ਿਆਲਾਂ, ਰਹਿਣ-ਸਹਿਣ, ਸੁਭਾਅ, ਖਾਣ-ਪੀਣ, ਪਹਿਰਾਵੇ, ਕੰਮਕਾਰ, ਲਿਖਣ-ਪੜ੍ਹਨ ਅਤੇ ਬੋਲ-ਬਾਣੀ ਦੀਆਂ ਕੰਧਾਂ ਵੀ ਹੁੰਦੀਆਂ ਹਨ। ਕੁਚੱਜੇ ਬੋਲਾਂ ਦੀ ਕੰਧ, ਸਾਊ ਤੇ ਸਹਿਜ ਭਾਵਨਾ ਨੂੰ ਅਣਡਿੱਠ ਕਰਨ ਵਾਲੀ ਕੰਧ, ਸਮੇਂ ਨੂੰ ਬਰਬਾਦ ਕਰਨ ਵਾਲੀ ਕੰਧ, ਕੌੜੇ ਵਿਵਹਾਰ ਵਾਲੀ, ਮਿਹਨਤ, ਸਿਆਣਪ, ਪੁਰੂਸ਼ਾਰਥ, ਪਿਆਰ, ਸੰਜਮ, ਸੁਚੱਜ, ਸਾਦਗੀ, ਸਪਸ਼ਟਤਾ, ਸੱਚ, ਸੋਚ, ਸਿਹਤ, ਸਹਿਯੋਗ ਅਤੇ ਸਹਿਹੋਂਦ ਨੂੰ ਅਣਡਿੱਠ ਕਰਨ ਵਾਲੀ ਕੰਧ। ਕੁਦਰਤ ਤੋਂ ਬੇਮੁਹਾਰੇ ਹੋ ਕੇ ਤੁਰਨ ਵਾਲੀ ਕੰਧ। ਸੋਹਣੀ ਸਿੱਖਿਆ ਨੂੰ ਟਿੱਚ ਕਰ ਕੇ ਜਾਣਨ ਵਾਲੀ ਕੰਧ। ਇਸ ਤਰ੍ਹਾਂ ਦੀਆਂ ਦਰਜਨਾਂ ਕਿਸਮ ਦੀਆਂ ਬੇਲੋੜੀਆਂ ਕੰਧਾਂ ਨੂੰ ਢਾਹ ਕੇ ਇਨ੍ਹਾਂ ਦੀ ਕੈਦ ਤੋਂ ਬਾਹਰ ਰਹਿ ਕੇ ਜਿਊਣ ਦਾ ਆਪਣਾ ਹੀ ਆਨੰਦ ਹੁੰਦਾ ਹੈ। ਬਚਪਨ ਨੂੰ ਜ਼ਿੰਦਗੀ ਦੇ ਬਹਾਰ ਵਾਲੇ ਵਰਿ੍ਹਆਂ ਵਾਂਗ ਸਵੀਕਾਰ ਕੀਤਾ ਜਾਂਦਾ ਹੈ। ਅਣਭੋਲ ਬੱਚਿਆਂ ਦੀਆਂ ਅੱਖਾਂ ਵਿਚ ਰੱਬ ਦੀ ਮੂਰਤ ਵਸਦੀ ਹੈ। ਸੁੱਚੇ ਵਿਸ਼ਵਾਸ ਦੀ ਦੌਲਤ ਹੁੰਦੀ ਹੈ। ਬਚਪਨ ਦੀਆਂ ਨਿੱਕੀਆਂ-ਨਿੱਕੀਆਂ ਆਦਤਾਂ ਵੱਡੀ ਉਮਰ ਲਈ ਆਸਰਾ ਬਣ ਬੈਠਦੀਆਂ ਹਨ। ਗਾਉਣਾ, ਹੱਸਣਾ, ਪੌਦੇ ਲਾਉਣਾ, ਪੰਛੀਆਂ ਤੇ ਪਸ਼ੂਆਂ ਨੂੰ ਪਿਆਰ ਕਰਨਾ, ਸੋਹਣੀਆਂ ਕਿਤਾਬਾਂ ਪੜ੍ਹਨੀਆਂ, ਕੰਮ ਵਿਚ ਰੁਚੀ ਲੈਣੀ, ਸੋਹਣੀ ਸਿਹਤ ਤਾਮੀਰ ਕਰਨੀ, ਅੰਧ-ਵਿਸ਼ਵਾਸ ਨੂੰ ਠੋਕਰ ਮਾਰਨੀ, ਚੰਗੀਆਂ ਰੁਚੀਆਂ ਨੂੰ ਅਪਨਾਉਣ ਨਾਲ ਆਦਮੀ ਦੀ ਉਮਰ ਫੁੱਲਾਂ ਦੀ ਮਹਿਕ ਬਣੀ ਰਹਿੰਦੀ ਹੈ। ਕਦੇ-ਕਦੇ ਆਦਮੀ ਆਪਣੇ ਅੰਦਰ ਦੀ ਮਹਿਕ ਨੂੰ ਖ਼ਤਮ ਕਰ ਬੈਠਦਾ ਹੈ। ਝੂਠ ਜ਼ਿੰਦਗੀ ਦਾ ਉਲਾਂਭਾ ਹੁੰਦਾ ਹੈ। ਨਸ਼ਾ ਆਦਮੀ ਲਈ ਲਾਹਨਤ ਹੁੰਦਾ ਹੈ। ਇਨ੍ਹਾਂ ਮਾੜੀਆਂ ਚੀਜ਼ਾਂ ਤੋਂ ਖ਼ੁਦ ਨੂੰ ਬਚਾਉਣ ਲਈ ਸੋਹਣਾ ਸਾਹਿਤ ਪੜ੍ਹੋ। ਕਲਾ, ਨਾਚ, ਸੰਗੀਤ, ਹੋਣਹਾਰ ਹੁਨਰ ਵਿਚ ਰੁਚੀਆਂ ਲੈਣੀਆਂ ਸ਼ੁਰੂ ਕਰੋ। ਆਪਣੇ ਪਿੰਡ, ਸ਼ਹਿਰ, ਗਲੀ-ਮੁਹੱਲੇ, ਮੁਲਕ ਵਾਂਗ ਸਮੁੱਚੀ ਮਨੁੱਖਤਾ ਨਾਲ ਆੜੀ ਪਾਓ। ਇਨ੍ਹਾਂ ਸਾਰਿਆਂ ਨਾਲ ਮਿੱਤਰਤਾ ਦੇ ਭਾਵ ਨਾਲ ਰਹਿਣਾ ਸ਼ੁਰੂ ਕਰੋ।

-ਓਮ ਪ੍ਰਕਾਸ਼ ਗਾਸੋ

(94635-61123)

Posted By: Jatinder Singh