ਸੰਸਾਰ ਵਿਚ ਸੱਜਣ ਤੇ ਦੁਰਜਨ ਸਮਾਨ ਰੂਪ ਵਿਚ ਨਿਵਾਸ ਕਰਦੇ ਹਨ। ਮਹਾਪੁਰਖਾਂ ਨੇ ਸਦਾ ਹੀ ਸਾਰਿਆਂ ਨੂੰ ਇੱਕੋ ਨਜ਼ਰ ਨਾਲ ਦੇਖਣ ’ਤੇ ਜ਼ੋਰ ਦਿੱਤਾ ਹੈ ਪਰ ਇਸ ਦਾ ਮਤਲਬ ਇਹ ਹਰਗਿਜ਼ ਨਹੀਂ ਹੈ ਕਿ ਸਾਡੇ ਨਾਲ ਕੋਈ ਅਨਿਆਂ ਕਰੇ ਤੇ ਅਸੀਂ ਖ਼ੁਦ ਦਾ ਬਚਾਅ ਵੀ ਨਾ ਕਰੀਏ। ਸਾਨੂੰ ਬਿਨਾਂ ਕਿਸੇ ਨੂੰ ਨੁਕਸਾਨ ਪਹੁੰਚਾਏ ਆਪਣੀ ਉੱਨਤੀ ਲਈ ਅੱਗੇ ਵਧਣਾ ਚਾਹੀਦਾ ਹੈ। ਇਕ ਵਾਰ ਸਵਾਮੀ ਰਾਮਕ੍ਰਿਸ਼ਨ ਪਰਮਹੰਸ ਤੋਂ ਚੇਲਿਆਂ ਨੇ ਪੁੱਛਿਆ ਕਿ ਸੰਸਾਰ ਵਿਚ ਸੱਜਣ ਲੋਕ ਆਪਣਾ ਗੁਜ਼ਾਰਾ ਕਿਵੇਂ ਕਰਨ? ਤਦ ਸਵਾਮੀ ਜੀ ਨੇ ਉਨ੍ਹਾਂ ਨੂੰ ਇਕ ਕਥਾ ਸੁਣਾਈ। ਕਥਾ ਇਸ ਤਰ੍ਹਾਂ ਹੈ-ਇਕ ਚਰਾਂਦ ’ਤੇ ਕੁਝ ਮੁੰਡੇ ਗਊਆਂ ਚਰਾਉਣ ਜਾਂਦੇ ਸਨ। ਉੱਥੇ ਇਕ ਦੁਸ਼ਟ ਸੱਪ ਵੀ ਰਹਿੰਦਾ ਸੀ। ਇਕ ਦਿਨ ਇਕ ਸਾਧੂ ਉੱਥੋਂ ਲੰਘ ਰਿਹਾ ਸੀ ਤਾਂ ਮੁੰਡਿਆਂ ਨੇ ਸੱਪ ਬਾਰੇ ਉਸ ਨੂੰ ਖ਼ਬਰਦਾਰ ਕੀਤਾ। ਫਿਰ ਵੀ ਉਹ ਅੱਗੇ ਵਧ ਗਿਆ। ਉਸ ਨੂੰ ਸੱਪ ਮਿਲ ਗਿਆ। ਸਾਧੂ ਨੇ ਇਕ ਮੰਤਰ ਪੜਿ੍ਹਆ ਤੇ ਸੱਪ ਬਿਲਕੁਲ ਗੰਡੋਏ ਦੀ ਤਰ੍ਹਾਂ ਉਸ ਦੇ ਚਰਨਾਂ ’ਚ ਡਿੱਗ ਪਿਆ। ਤਦ ਸਾਧੂ ਨੇ ਸੱਪ ਨੂੰ ਇਕ ਮੰਤਰ ਦਿੱਤਾ ਤੇ ਕਿਹਾ ਕਿ ਤੂੰ ਇਸ ਦਾ ਜਾਪ ਕਰਦਾ ਰਹੇਂਗਾ ਤਾਂ ਦੁਸ਼ਟਤਾ ਵਾਲਾ ਤੇਰਾ ਸੁਭਾਅ ਸਮਾਪਤ ਹੋ ਜਾਵੇਗਾ ਅਤੇ ਤੂੰ ਈਸ਼ਵਰ ਦੀ ਪ੍ਰਾਪਤੀ ਕਰ ਸਕੇਂਗਾ। ਸੱਪ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਸਾਧੂ ਨੇ ਕਿਹਾ ਸੀ। ਉਸ ਦੇ ਸੁਭਾਅ ਵਿਚ ਬਹੁਤ ਤਬਦੀਲੀ ਆ ਗਈ। ਇਕ ਦਿਨ ਜਦ ਮੁੰਡਿਆਂ ਨੇ ਦੇਖਿਆ ਕਿ ਸੱਪ ਹੁਣ ਕੁਝ ਨਹੀਂ ਕਹਿੰਦਾ ਤਾਂ ਉਨ੍ਹਾਂ ਨੇ ਉਸ ’ਤੇ ਪੱਥਰਾਂ ਦਾ ਮੀਂਹ ਵਰ੍ਹਾ ਦਿੱਤਾ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਸੱਪ ਕਿਸੇ ਤਰ੍ਹਾਂ ਆਪਣੀ ਖੁੱਡ ਵਿਚ ਚਲਾ ਗਿਆ। ਹੁਣ ਉਹ ਦਿਨ ਵਿਚ ਆਪਣੀ ਖੁੱਡ ਤੋਂ ਬਾਹਰ ਨਹੀਂ ਸੀ ਆਉਂਦਾ। ਇਸੇ ਕਾਰਨ ਉਹ ਆਏ ਦਿਨ ਕਮਜ਼ੋਰ ਹੁੰਦਾ ਗਿਆ। ਇਕ ਸਾਲ ਬਾਅਦ ਉਹੀ ਸਾਧੂ ਉਸੇ ਜਗ੍ਹਾ ਤੋਂ ਲੰਘਿਆ। ਉਸ ਨੂੰ ਸੱਪ ਦੇਖਣ ਦੀ ਉਤਸੁਕਤਾ ਹੋਈ। ਇਸ ਲਈ ਉਹ ਉਸ ਕੋਲ ਗਿਆ। ਉਸ ਦੀ ਦੁਰਗਤੀ ਦੇਖ ਕੇ ਸਾਧੂ ਨੇ ਪੁੱਛਿਆ ਕਿ ਇਹ ਸਭ ਕਿਸ ਤਰ੍ਹਾਂ ਹੋਇਆ? ਸੱਪ ਨੇ ਹੱਡਬੀਤੀ ਸੁਣਾਈ। ਉਸ ਦੀ ਗੱਲ ਸੁਣ ਕੇ ਸਾਧੂ ਨੇ ਕਿਹਾ, ‘‘ਮੈਂ ਤਾਂ ਤੈਨੂੰ ਡੰਗ ਮਾਰਨ ਤੋਂ ਮਨ੍ਹਾ ਕੀਤਾ ਸੀ, ਫੁੰਕਾਰਾ ਮਾਰਨ ਤੋਂ ਨਹੀਂ।’’ ਇਸ ਦਾ ਅਰਥ ਇਹ ਹੈ ਕਿ ਸਾਨੂੰ ਸਦਾ ਲੋਕਾਂ ਨਾਲ ਨਿਰਮਲ ਤੇ ਸ਼ਾਲੀਨ ਵਿਹਾਰ ਕਰਨਾ ਚਾਹੀਦਾ ਹੈ ਪਰ ਜਦ ਕੋਈ ਸਾਨੂੰ ਹਾਨੀ ਪਹੁੰਚਾਏ ਤਾਂ ਉਸ ਹਾਲਤ ’ਚ ਆਪਣੀ ਸੁਰੱਖਿਆ ਕਰਨਾ ਸਾਡਾ ਪਹਿਲਾ ਕਰਤੱਬ ਵੀ ਹੈ ਅਤੇ ਧਰਮ ਵੀ।

-ਅੰਸ਼ੂ ਪ੍ਰਧਾਨ

Posted By: Jatinder Singh