ਜ਼ਿੰਦਗੀ ਦਾ ਸਫ਼ਰ ਐਵੇਂ ਹੀ ਪੂਰਾ ਨਹੀਂ ਹੋ ਜਾਂਦਾ। ਜ਼ਿੰਦਗੀ ਵਿਚ ਕਈ ਤਰ੍ਹਾਂ ਦੇ ਮੋੜ ਆਉਂਦੇ ਹਨ। ਇਹ ਸਾਨੂੰ ਕਾਫੀ ਕੁਝ ਸਿਖਾਉਂਦੀ ਵੀ ਹੈ। ਜ਼ਿੰਦਗੀ ਔਖੇ-ਸੌਖੇ ਰਾਹਾਂ 'ਤੇ ਖ਼ੁਸ਼ੀ-ਗ਼ਮੀ ਸਹੇੜਦੀ ਹੋਈ ਆਪਣੀ ਚਾਲੇ ਤੁਰੀ ਜਾਂਦੀ ਹੈ। ਜ਼ਿੰਦਗੀ ਇਕ ਦੀਵੇ ਵਾਂਗ ਹੈ ਜੋ ਆਸ ਦੇ ਤੇਲ ਨਾਲ ਜਗਮਗਾਉਂਦੀ ਰਹਿੰਦੀ ਹੈ। ਜਿਵੇਂ ਤੇਲ ਖ਼ਤਮ ਹੋ ਜਾਣ 'ਤੇ ਦੀਵਾ ਬੁਝ ਜਾਂਦਾ ਹੈ ਅਤੇ ਹਨੇਰਾ ਛਾ ਜਾਂਦਾ ਹੈ ਬਿਲਕੁਲ ਉਸੇ ਤਰ੍ਹਾਂ ਚੰਗੇ ਸਮੇਂ, ਚੰਗੇ ਹਾਲਾਤ, ਚੰਗੇ ਜੀਵਨ ਅਤੇ ਚੰਗੀ ਸੂਚਨਾ ਪ੍ਰਾਪਤ ਹੋਣ ਦੀ ਆਸ ਤੋਂ ਬਿਨਾਂ ਜ਼ਿੰਦਗੀ ਅੰਧਕਾਰਮਈ ਹੋ ਜਾਂਦੀ ਹੈ। ਜ਼ਿੰਦਗੀ ਦੀ ਅਜਿਹੀ ਹਾਲਤ ਉਸ ਕਿਸ਼ਤੀ ਵਾਂਗ ਹੁੰਦੀ ਹੈ ਜੋ ਬਿਨਾਂ ਚੱਪੂਆਂ ਤੋਂ ਹੋਵੇ। ਆਸ ਸਾਡੀ ਜ਼ਿੰਦਗੀ ਵਿਚ ਨਵੀਂ ਚੇਤਨਾ, ਜੀਵਨ ਨੂੰ ਜਿਊਣ ਦੀ ਚਾਹਤ, ਨਵੀਂ ਤਰੰਗ, ਨਵੀਂ ਕਿਰਨ ਤੇ ਜਿਊਣ ਦੀ ਸੋਝੀ ਭਰ ਦਿੰਦੀ ਹੈ। ਆਸ਼ਾਵਾਦੀ ਇਨਸਾਨ ਹਮੇਸ਼ਾ 'ਚੜ੍ਹਦੀ ਕਲਾ' ਵਿਚ ਰਹਿੰਦਾ ਹੈ। ਅਜਿਹਾ ਜੀਵਨ/ ਸ਼ਖ਼ਸੀਅਤ ਦੇਰ-ਸਵੇਰ ਕਾਮਯਾਬੀ ਹਾਸਲ ਕਰ ਕੇ ਜੀਵਨ ਦੀ ਨਵੀਂ ਇਬਾਰਤ ਲਿਖਦੀ ਹੈ ਅਤੇ ਦੂਸਰਿਆਂ ਲਈ ਮੀਲ-ਪੱਥਰ ਸਾਬਤ ਹੁੰਦੀ ਹੈ। ਦੂਜੇ ਬੰਨੇ ਸਭ ਪਾਸਿਓਂ ਆਸ ਛੱਡ ਦੇਣ ਵਾਲਾ ਜੀਵਨ ਸੰਕੀਰਨਤਾ, ਨਿਰਾਸ਼ਾ ਅਤੇ ਬਦਹਾਲੀ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਸੰਕਟਾਂ ਦੇ ਬੱਦਲਾਂ ਵਿਚ ਘਿਰਿਆ ਹੋਇਆ ਇਨਸਾਨ ਆਤਮ-ਗਿਲਾਨੀ ਮਹਿਸੂਸ ਕਰਦਾ ਹੈ।

ਨਿਰਾਸ਼ਾ ਵਿਚ ਲਿਪਤ ਹੋ ਕੇ ਮਨੁੱਖ ਕਈ ਵਾਰ ਖ਼ੁਦਕੁਸ਼ੀ ਵੀ ਕਰ ਲੈਂਦਾ ਹੈ ਜੋ ਬਹੁਤ ਵੱਡੀ ਮੂਰਖਤਾ, ਪਾਪ ਅਤੇ ਗ਼ੈਰ- ਜ਼ਿੰਮੇਵਾਰਾਨਾ ਘਟੀਆ ਵਤੀਰਾ ਹੈ। ਜੇਕਰ ਜ਼ਿੰਦਗੀ ਦੇ ਵਿਹੜੇ ਵਿਚ ਆਸ ਦਾ ਬੂਟਾ ਲੱਗਾ ਹੋਇਆ ਹੋਵੇ ਤਾਂ ਅਣਸੁਖਾਵੀਆਂ ਤੇ ਦੁਖਦਾਇਕ ਘਟਨਾਵਾਂ ਲਈ ਜ਼ਿੰਦਗੀ ਵਿਚ ਕੋਈ ਥਾਂ ਨਹੀਂ ਰਹਿ ਜਾਂਦੀ ਅਤੇ ਜ਼ਿੰਦਗੀ ਦੀ ਹਰ ਸਵੇਰ ਅਤੇ ਹਰ ਸ਼ਾਮ ਖ਼ੁਸ਼ੀ ਤੇ ਖ਼ੁਸ਼ਹਾਲੀ ਦੀ ਗੋਦ ਵਿਚ ਬਤੀਤ ਹੁੰਦੀ ਹੈ। ਉਮੀਦ ਅਜਿਹੀ ਸ਼ਕਤੀ ਹੈ ਜੋ ਬਿਨਾਂ ਹਤਾਸ਼ ਹੋਏ ਅਤੇ ਬਿਨਾਂ ਡਗਮਗਾਏ ਜ਼ਿੰਦਗੀ ਨੂੰ ਜਿਊਣ ਅਤੇ ਅੱਗੇ ਵਧਣ ਦੀ ਚਿਣਗ ਜਗਾਈ ਰੱਖਦੀ ਹੈ। ਇਸ ਲਈ ਜ਼ਿੰਦਗੀ ਵਿਚ ਉਮੀਦ ਦਾ ਦਾਮਨ ਕਦੇ ਨਹੀਂ ਛੱਡਣਾ ਚਾਹੀਦਾ ਕਿਉਂਕਿ ਸਿਆਣਿਆਂ ਨੇ ਵੀ ਕਿਹਾ ਹੈ, “ਜਦ ਤਕ ਸਵਾਸ, ਤਦ ਤਕ ਆਸ।''

ਮਾਸਟਰ ਸੰਜੀਵ ਧਰਮਾਣੀ। (94785-61356)

Posted By: Sukhdev Singh