ਨਰਾਤੇ ਮਨ ਅਤੇ ਸਰੀਰ ਵਿਚ ਮੁੜ ਊਰਜਾ ਭਰਨ ਦਾ ਸਮਾਂ ਹੁੰਦਾ ਹੈ। ਆਪਣੇ ਮਨ ਅਤੇ ਸਰੀਰ ਨੂੰ ਵਿਸ਼ਰਾਮ ਦਿਉ। ਨਰਾਤੇ ਤੁਹਾਡੀ ਆਤਮਾ ਦੇ ਵਿਸ਼ਰਾਮ ਦਾ ਸਮਾਂ ਹਨ। ਇਹ ਉਹ ਵੇਲਾ ਹੈ ਜਿਸ ਵਿਚ ਤੁਸੀਂ ਖ਼ੁਦ ਨੂੰ ਸਾਰੀਆਂ ਕਿਰਿਆਵਾਂ ਤੋਂ ਅਲੱਗ ਕਰ ਲੈਂਦੇ ਹੋ (ਜਿਵੇਂ ਕਿ ਖਾਣਾ-ਪੀਣਾ, ਬੋਲਣਾ, ਦੇਖਣਾ, ਛੂਹਣਾ, ਸੁਣਨਾ ਅਤੇ ਸੁੰਘਣਾ) ਅਤੇ ਖ਼ੁਦ ਵਿਚ ਹੀ ਵਿਸ਼ਰਾਮ ਕਰਦੇ ਹੋ। ਜਦ ਤੁਸੀਂ ਇੰਦਰੀਆਂ ਦੀਆਂ ਇਨ੍ਹਾਂ ਕਿਰਿਆਵਾਂ ਤੋਂ ਅਲੱਗ ਹੋ ਜਾਂਦੇ ਹੋ ਉਦੋਂ ਤੁਸੀਂ ਅੰਤਰਮੁਖੀ ਹੁੰਦੇ ਹੋ ਅਤੇ ਇਹੀ ਹਕੀਕੀ ਤੌਰ ’ਤੇ ਆਨੰਦ, ਸੁੱਖ ਅਤੇ ਉਤਸ਼ਾਹ ਦਾ ਸਰੋਤ ਹੈ। ਸਾਡੇ ਵਿਚੋਂ ਬਹੁਤ ਸਾਰੇ ਲੋਕ ਇਸ ਦਾ ਅਹਿਸਾਸ ਨਹੀਂ ਕਰ ਪਾਉਂਦੇ ਕਿਉਂਕਿ ਅਸੀਂ ਨਿਰੰਤਰ ਕਿਸੇ ਨਾ ਕਿਸੇ ਕੰਮ ਵਿਚ ਉਲਝੇ ਰਹਿੰਦੇ ਹਾਂ। ਸਾਡਾ ਮਨ ਹਰ ਸਮੇਂ ਰੁੱਝਿਆ ਰਹਿੰਦਾ ਹੈ। ਉਸ ਨੂੰ ਬੇਲਗਾਮ ਹਰਗਿਜ਼ ਨਾ ਹੋਣ ਦਿਉ। ਨਰਾਤੇ ਉਹ ਸਮਾਂ ਹੈ ਜਦ ਅਸੀਂ ਖ਼ੁਦ ਨੂੰ ਆਪਣੇ ਮਨ ਤੋਂ ਅਲੱਗ ਕਰ ਲੈਂਦੇ ਹਾਂ ਤੇ ਆਪਣੀ ਆਤਮਾ ’ਚ ਵਿਸ਼ਰਾਮ ਕਰਦੇ ਹਾਂ। ਇਹੀ ਉਹ ਸਮਾਂ ਹੈ ਜਦ ਅਸੀਂ ਆਤਮਾ ਨੂੰ ਮਹਿਸੂਸ ਕਰ ਸਕਦੇ ਹਾਂ। ਚੇਤੇ ਰੱਖੋ ਕਿ ਤੁਹਾਡਾ ਮੂਲ ਕੀ ਹੈ? ਨਰਾਤੇ ਉਹ ਮੌਕਾ ਹੈ ਜਦ ਤੁਸੀਂ ਇਸ ਸਥੂਲ ਭੌਤਿਕ ਸੰਸਾਰ ਤੋਂ ਸੂਖਮ ਰੂਹਾਨੀ ਸੰਸਾਰ ਦੀ ਯਾਤਰਾ ਕਰ ਸਕਦੇ ਹੋ। ਭਾਵੇਂ ਇਹ ਕੰਮ ਸੌਖਾ ਨਹੀਂ ਹੈ ਪਰ ਜੇ ਕੋਸ਼ਿਸ਼ ਕੀਤੀ ਜਾਵੇ ਤਾਂ ਕੁਝ ਵੀ ਅਸੰਭਵ ਨਹੀਂ ਹੁੰਦਾ। ਸਰਲ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਤੁਸੀਂ ਰੋਜ਼ਾਨਾ ਦੇ ਕੰਮਾਂ ਵਿਚੋਂ ਥੋੜ੍ਹਾ ਜਿਹਾ ਸਮਾਂ ਕੱਢੋ ਅਤੇ ਆਪਣੇ ’ਤੇ ਧਿਆਨ ਲੈ ਜਾਓ। ਤੁਸੀਂ ਮੂਲ ਦੇ ਬਾਰੇ ਸੋਚੋ। ਇਹ ਸੋਚੋ ਕਿ ਤੁਸੀਂ ਕੌਣ ਹੋ ਅਤੇ ਕਿੱਥੋਂ ਆਏ ਹੋ।

ਸੰਸਾਰ ਵਿਚ ਤੁਹਾਡੇ ਆਉਣ ਦਾ ਉਦੇਸ਼ ਕੀ ਹੈ ਅਤੇ ਕੀ ਤੁਸੀਂ ਉਸ ਮਕਸਦ ’ਤੇ ਖਰੇ ਉਤਰ ਰਹੇ ਹੋ? ਸ਼ਾਂਤ-ਚਿੱਤ ਹੋ ਕੇ ਕੀਤੀ ਸਵੈ-ਪੜਚੋਲ ਸਾਨੂੰ ਸਾਡੇ ਬਾਰੇ ਬਹੁਤ ਸਟੀਕ ਜਾਣਕਾਰੀ ਮੁਹੱਈਆ ਕਰਵਾ ਸਕਦੀ ਹੈ। ਆਪਣੇ ਅੰਦਰ ਜਾਓ ਅਤੇ ਈਸ਼ਵਰ ਦੇ ਪ੍ਰੇਮ ਨੂੰ ਚੇਤੇ ਕਰਦੇ ਹੋਏ ਵਿਸ਼ਰਾਮ ਕਰੋ। ਉਸ ਦੀਆਂ ਨਿਆਮਤਾਂ ਲਈ ਉਸ ਦਾ ਸ਼ੁਕਰਾਨਾ ਕਰੋ ਅਤੇ ਆਪਣਾ ਸਭ ਕੁਝ ਉਸ ਨੂੰ ਅਰਪਣ ਕਰਨ ਦੀ ਭਾਵਨਾ ਵਿਕਸਤ ਕਰੋ। ਆਪਣਾ ਮੁਲਾਂਕਣ ਇਸ ਤਰ੍ਹਾਂ ਕਰ ਕੇ ਤੁਸੀਂ ਅਦਭੁਤ ਆਨੰਦ ਮਹਿਸੂਸ ਕਰੋਗੇ ਅਤੇ ਦੁਨੀਆਦਾਰੀ ਦੇ ਝਮੇਲਿਆਂ ਤੋਂ ਥੋੜ੍ਹਾ ਪਰੇ ਹੋ ਕੇ ਖ਼ੁਦ ਨੂੰ ਬਹੁਤ ਹਲਕਾ-ਫੁਲਕਾ ਮਹਿਸੂਸ ਕਰੋਗੇ ਅਤੇ ਉਸ ਪਰਮ ਪਿਤਾ ਪਰਮਾਤਮਾ ਨਾਲ ਖ਼ੁਦ ਨੂੰ ਜੁੜਿਆ ਹੋਇਆ ਪਾਓਗੇ।

-(artofliving.org ਤੋਂ ਧੰਨਵਾਦ ਸਹਿਤ)।

Posted By: Jagjit Singh