ਸਾਗਰ ਮੰਥਨ ਵਿਚ 14 ਰਤਨ ਨਿਕਲੇ ਸਨ। ਕਲਪ ਬਿ੍ਰਖ ਉਨ੍ਹਾਂ ਵਿਚੋਂ ਇਕ ਸੀ। ਰੂਹਾਨੀ ਮਾਨਤਾ ਹੈ ਕਿ ਇਸ ਦੇ ਹੇਠਾਂ ਬੈਠ ਕੇ ਜੋ ਵੀ ਮੰਗਿਆ ਜਾਵੇ, ਉਹ ਮਿਲ ਜਾਂਦਾ ਹੈ। ਗਿਆਨ ਵੀ ਕਲਪ ਬਿ੍ਖ ਦੀ ਤਰ੍ਹਾਂ ਹੁੰਦਾ ਹੈ। ਗਿਆਨ ਪ੍ਰਾਪਤ ਕਰ ਕੇ ਮਨੁੱਖ ਆਪਣੀ ਮਨੋ-ਕਾਮਨਾ ਦੀ ਪੂਰਤੀ ਕਰ ਸਕਦਾ ਹੈ। ਅੱਜ ਲੋਕਾਂ ਵਿਚ ਗਿਆਨ ਦੀ ਕਮੀ ਹੈ। ਅਸਲ ਵਿਚ ਡਿਗਰੀ ਹਾਸਲ ਕਰ ਲੈਣਾ ਹੀ ਪ੍ਰਾਪਤੀ ਨਹੀਂ ਹੈ। ਸਾਡੇ ਪੂਰਵਜਾਂ ਕੋਲ ਗਿਆਨ ਦਾ ਭੰਡਾਰ ਸੀ। ਇਸ ਜ਼ਰੀਏ ਉਨ੍ਹਾਂ ਨੇ ਖ਼ੁਦ ਨੂੰ ਅਤੇ ਸਮਾਜ ਨੂੰ ਖ਼ਸ਼ਹਾਲ ਕੀਤਾ। ਇਹ ਗਿਆਨ ਉਨ੍ਹਾਂ ਨੇ ਕੁਦਰਤ ਵਿਚ ਵਿਚਰ ਕੇ ਖ਼ੁਦ ਹੀ ਅਤੇ ਚਿੰਤਨ-ਮਨਨ ਨਾਲ ਪ੍ਰਾਪਤ ਕੀਤਾ ਸੀ। ਇਸੇ ਦੇ ਬਲਬੂਤੇ ਉਨ੍ਹਾਂ ਨੇ ਮਹਾਨ ਗ੍ਰੰਥਾਂ ਦੀ ਰਚਨਾ ਕੀਤੀ। ਉਹ ਆਪਣੇ ਵਾਤਾਵਰਨ, ਹਾਲਾਤ ਅਤੇ ਕੁਦਰਤ ਤੋਂ ਬਹੁਤ ਕੁਝ ਸਿੱਖ ਕੇ ਵਰਤਮਾਨ ਲਈ ਛੱਡ ਗਏ ਹਨ। ਇਹ ਗਿਆਨ ਵੇਦਾਂ, ਪੁਰਾਣਾਂ ਅਤੇ ਉਪਨਿਸ਼ਦਾਂ ਵਿਚ ਭਰਿਆ ਪਿਆ ਹੈ। ਇਸ ਵੇਰਵੇ ਦਾ ਇਹ ਅਰਥ ਨਹੀਂ ਕਿ ਕਿਤਾਬੀ ਵਿੱਦਿਆ ਦਾ ਕੋਈ ਅਰਥ ਨਹੀਂ ਹੈ ਪਰ ਵਿੱਦਿਆ ਗ੍ਰਹਿਣ ਕਰਨਾ ਅਤੇ ਸੱਚੇ ਗਿਆਨ ਦੀ ਪ੍ਰਾਪਤੀ, ਦੋ ਅਲੱਗ-ਅਲੱਗ ਗੱਲਾਂ ਹਨ। ਵਿੱਦਿਆ ਕਿਸੇ ਮਕਸਦ ਲਈ ਪ੍ਰਾਪਤ ਕੀਤੀ ਜਾਂਦੀ ਹੈ ਜਿਸ ਦੇ ਪੂਰਾ ਨਾ ਹੋਣ ਉੱਤੇ ਵਿਅਕਤੀ ਸੰਤਾਪ ਤੋਂ ਗ੍ਰਸਤ ਹੋ ਜਾਂਦਾ ਹੈ। ਦੂਜੇ ਪਾਸੇ ਗਿਆਨੀ ਖ਼ੁਦ ਲਈ ਕੁਝ ਨਹੀਂ ਮੰਗਦਾ। ਉਹ ਦੂਜਿਆਂ ਲਈ ਜਿਊਂਦਾ ਹੈ। ਗਿਆਨ ਪ੍ਰਾਪਤੀ ਇਕ ਅਨੋਖੀ ਸ਼ਕਤੀ ਹੈ ਪਰ ਇਸ ਨੂੰ ਹਾਸਲ ਕਰਨ ਲਈ ਹਰ ਸੰਭਵ ਯਤਨ ਕਰਨਾ ਜ਼ਰੂਰੀ ਹੈ। ਖ਼ੁਦ ਨੂੰ ਸਾਗਰ ਮੰਥਨ ਵਰਗਾ ਮੰਥਨ ਕਰ ਕੇ ਹੀ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਹੈ। ਡਿਗਰੀ ਚੁੱਕੀ ਤਾਂ ਬਹੁਤ ਸਾਰੇ ਅੱਤਵਾਦੀ, ਭ੍ਰਿਸ਼ਟਾਚਾਰੀ, ਸਵਾਰਥੀ ਲੋਕ ਵੀ ਇਸ ਸੰਸਾਰ ਵਿਚ ਹਨ। ਉਹ ਪੜ੍ਹ-ਲਿਖ ਕੇ ਜੇਕਰ ਗਿਆਨੀ ਬਣੇ ਹੁੰਦੇ ਤਾਂ ਮਨੁੱਖਤਾ ਨੂੰ ਇਸ ਤਰ੍ਹਾਂ ਨਾ ਦਰੜਦੇ। ਖ਼ੁਦ ਭੁੱਖਾ ਰਹਿ ਕੇ ਹੋਰਾਂ ਨੂੰ ਭੋਜਨ ਖੁਆ ਦੇਣਾ ਗਿਆਨੀ ਹੋਣ ਦਾ ਸਬੂਤ ਹੈ। ਗਿਆਨੀ ਉਸ ਸਾਗਰ ਦੇ ਸਮਾਨ ਹੁੰਦਾ ਹੈ ਜਿਸ ਵਿਚ ਨਦੀਆਂ ਆਪਣੀ ਹੋਂਦ ਗੁਆ ਕੇ ਖ਼ੁਦ ਸਾਗਰ ਬਣ ਜਾਣ ਵਿਚ ਖ਼ੁਦ ਨੂੰ ਧੰਨ ਮੰਨਦੀਆਂ ਹਨ। ਇਸ ਵਿਚ ਸਾੜਾ, ਸਵਾਰਥ ਅਤੇ ਆਪਣਾ-ਪਰਾਇਆ ਦੇ ਭਾਵ ਦੀ ਕੋਈ ਜਗ੍ਹਾ ਨਹੀਂ ਹੁੰਦੀ ਹੈ। ਘੱਟ ਹਾਸਲ ਕਰ ਕੇ ਜ਼ਿਆਦਾ ਦੇਣਾ ਹੀ ਗਿਆਨੀ-ਧਿਆਨੀ ਦੀ ਪਛਾਣ ਹੈ ਤੇ ਉਹੀ ਆਪਣੇ ਪਰਿਵਾਰ, ਸਮਾਜ ਅਤੇ ਸੰਸਾਰ ਨੂੰ ਸੁਰਜੀਤ ਰੱਖਣ ਦੀ ਸਮਰੱਥਾ ਰੱਖਦਾ ਹੈ।

-ਛਾਇਆ ਸ੍ਰੀਵਾਸਤਵ

Posted By: Jatinder Singh