ਚੁਰਾਸੀ ਲੱਖ ਜੂਨਾਂ 'ਚੋਂ ਮਨੁੱਖ ਦੀ ਜੂਨੀ ਨੂੰ ਉੱਤਮ ਮੰਨਿਆ ਗਿਆ ਹੈ। ਅਜਿਹਾ ਇਸ ਲਈ ਕਿਉਂਕਿ ਰੱਬ ਨੇ ਉਸ ਨੂੰ ਬਾਕੀ ਜੂਨਾਂ ਤੋਂ ਵੱਧ ਬੁੱਧੀ ਬਖ਼ਸ਼ੀ ਹੈ। ਦਇਆ-ਭਾਵਨਾ ਮਨੁੱਖੀ ਸੁਭਾਅ ਦਾ ਗਹਿਣਾ ਹੁੰਦੀ ਹੈ ਪਰ ਅੱਜਕੱਲ੍ਹ ਮਨੁੱਖ ਦਾਨ-ਪੁੰਨ ਅਤੇ ਲੋੜਵੰਦਾਂ ਦੀ ਭਲਾਈ ਤੋਂ ਦੂਰ ਹੁੰਦਾ ਜਾ ਰਿਹਾ ਹੈ। ਪਿਛਲੇ ਸਮਿਆਂ ਵੱਲ ਦੇਖਿਆ ਜਾਵੇ ਤਾਂ ਪੁੰਨ-ਦਾਨ, ਸੇਵਾ, ਦਸਵੰਧ, ਦਇਆ, ਸਬਰ-ਸੰਤੋਖ, ਪਰੇਮ, ਸਹਿਣਸ਼ੀਲਤਾ, ਨਿਮਰਤਾ ਜਿਹੇ ਗੁਣਾਂ ਨਾਲ ਮਨੁੱਖ ਭਰੇ ਪਏ ਹੁੰਦੇ ਸਨ। ਪੰਜਾਬੀ ਤਾਂ ਸਰਬੱਤ ਦਾ ਭਲਾ ਮੰਗਣ ਵਾਲੇ ਮੰਨੇ ਜਾਂਦੇ ਹਨ। ਸਾਡੇ ਗੁਰੂ ਸਾਹਿਬਾਨ ਨੇ ਵੀ ਸਮੁੱਚੀ ਮਾਨਵਤਾ ਨੂੰ ਤਾਰਨ, ਮਨੁੱਖਤਾ ਦੇ ਭਲੇ ਲਈ ਉਪਦੇਸ਼ ਦਿੱਤੇ ਪਰ ਅੱਜ ਅਸੀਂ ਇੰਨੇ ਲਾਲਚੀ ਤੇ ਮਤਲਬੀ ਹੋ ਚੁੱਕੇ ਹਾਂ ਕਿ ਹੋਰਾਂ ਦੇ ਭਲੇ ਵਾਸਤੇ ਸੋਚਣਾ ਹੀ ਛੱਡ ਦਿੱਤਾ ਹੈ। ਅੱਜ ਮਨੁੱਖ ਆਪਸੀ ਸਾਂਝਾਂ, ਹਮਦਰਦੀ ਅਤੇ ਪਿਆਰ ਨੂੰ ਜ਼ਿੰਦਗੀ 'ਚੋਂ ਬਿਲਕੁਲ ਮਨਫ਼ੀ ਕਰੀ ਬੈਠਾ ਹੈ। ਇਨਸਾਨੀਅਤ ਦਮ ਤੋੜਦੀ ਜਾ ਰਹੀ ਹੈ। ਲੋਕ ਅਰਥੀ ਨੂੰ ਮੋਢਾ ਦੇਣਾ ਤਾਂ ਪੁੰਨ ਸਮਝਦੇ ਹਨ ਪਰ ਜਿਊਂਦੇ ਇਨਸਾਨ ਦੀ ਮਦਦ ਤੋਂ ਕੰਨੀ ਕਰਤਾਉਂਦੇ ਹਨ। ਜੇ ਅਸੀਂ ਲੋੜਵੰਦਾਂ ਦੀ ਮਦਦ ਕਰਦੇ ਵੀ ਹਾਂ ਤਾਂ ਵਿਖਾਵਾ ਕਰਨੋਂ ਪਿੱਛੇ ਨਹੀਂ ਹਟਦੇ। ਅੱਜ ਲੋੜ ਇਸ ਗੱਲ ਦੀ ਹੈ ਕਿ ਅਸੀਂ ਆਪਣੇ ਫਾਲਤੂ ਖ਼ਰਚੇ ਘਟਾ ਕੇ ਲੋੜਵੰਦਾਂ ਦੀ ਮਦਦ ਕਰੀਏ। ਯਾਦ ਰੱਖੋ, ਇਕ ਬਲਦਾ ਦੀਵਾ ਕਈ ਬੁਝੇ ਹੋਏ ਦੀਵਿਆਂ ਨੂੰ ਜਗਾ ਸਕਦਾ ਹੈ। ਇੰਜ ਕਰਨ 'ਤੇ ਉਸ ਦੀ ਰੋਸ਼ਨੀ ਨਹੀਂ ਘਟਦੀ। ਇਸੇ ਤਰ੍ਹਾਂ ਲੋੜਵੰਦਾਂ ਦੀ ਮਦਦ ਕਰਨ ਨਾਲ ਕਦੇ ਕਿਸੇ ਦਾ ਧਨ ਘਟਦਾ ਨਹੀਂ ਸਗੋਂ ਅਸੀਸਾਂ ਰਾਹੀਂ ਵੱਧਦਾ-ਫੁੱਲਦਾ ਹੈ। ਜਦ ਕਿਸੇ ਵੀ ਤਰ੍ਹਾਂ ਦੇ ਸਵਾਰਥ, ਲਾਲਚ, ਹੰਕਾਰ, ਈਰਖਾ, ਪਾਰਟੀਬਾਜ਼ੀ, ਵਿਖਾਵੇ ਨੂੰ ਇਕ ਪਾਸੇ ਰੱਖ ਕੇ ਮਨੁੱਖ ਸੱਚੀ-ਸੁੱਚੀ ਕਿਰਤ ਕਰ ਕੇ ਭਲੇ ਦੇ ਕੰਮ ਕਰਦਾ ਹੈ ਤਾਂ ਜਗ ਵਿਚ ਉਸ ਦੀ ਉਸਤਤ ਵੱਧਦੀ ਹੈ। ਅੱਜ ਸਾਡੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਧਨ-ਦੌਲਤ, ਮਹਿਲ-ਮੁਨਾਰੇ, ਮੋਟਰ-ਗੱਡੀਆਂ ਸਭ ਕੁਝ ਹੈ ਪਰ ਸਕੂਨ ਨਹੀਂ ਹੈ। ਇਨਸਾਨ ਨੂੰ ਪੁੰਨ-ਦਾਨ ਕਰ ਕੇ ਜਿੰਨਾ ਸਕੂਨ ਮਿਲਦਾ ਹੈ ਸ਼ਾਇਦ ਬਹੁਤ ਜ਼ਿਆਦਾ ਧਨ ਇਕੱਠਾ ਕਰ ਕੇ ਨਾ ਮਿਲਦਾ। ਸੋ ਆਓ! ਕਾਮ, ਕਰੋਧ, ਲੋਭ, ਮੋਹ ਅਤੇ ਹੰਕਾਰ ਵਰਗੇ ਔਗੁਣਾਂ ਨੂੰ ਤਿਆਗ ਕੇ ਸਮਾਜ ਵਿਚ ਦਇਆ-ਭਾਵਨਾ, ਪੁੰਨ-ਦਾਨ ਅਤੇ ਹਮਦਰਦੀ ਵਾਲਾ ਮਾਹੌਲ ਸਿਰਜੀਏ ਅਤੇ ਇਕ-ਦੂਜੇ ਦਾ ਸਾਥ ਦੇਈਏ। ਵੈਸੇ ਵੀ ਦਾਨ-ਪੁੰਨ, ਦਇਆ-ਭਾਵਨਾ ਮਨੁੱਖ ਦਾ ਲੋਕ ਤੇ ਪਰਲੋਕ ਸੁਧਾਰ ਦਿੰਦੇ ਹਨ। -ਰੇਸ਼ਮ ਸਿੰਘ। ਸੰਪਰਕ : 98151-53111

Posted By: Jagjit Singh