ਜ਼ਿਲ੍ਹਾ ਮੁਕਤਸਰ ਵਿਚ ਪ੍ਰਸਿੱਧ ਇਤਿਹਾਸਕ ਨਗਰ ਹੈ ਮੁਕਤਸਰ ਸਾਹਿਬ। ਇਸ ਦਾ ਪਹਿਲਾ ਨਾਂ ‘ਖਿਦਰਾਣੇ ਦੀ ਢਾਬ’ ਜਾਂ ‘ਤਾਲ ਖਿਦਰਾਣਾ’ ਸੀ। ਇਥੇ ਵਰਖਾ ਦਾ ਪਾਣੀ ਚਾਰਾਂ-ਪਾਸਿਆਂ ਤੋਂ ਆ ਕੇ ਇਕੱਤਰ ਹੋ ਜਾਂਦਾ, ਜੋ ਸਾਲ ਭਰ ਲੋਕਾਂ ਦੀ ਪਾਣੀ ਦੀ ਮੰਗ ਨੂੰ ਪੂਰਿਆਂ ਕਰਦਾ। ਇਲਾਕਾ ਰੇਤਲਾ ਸੀ ਤੇ ਹੋਰ ਨੇੜੇ-ਨੇੜੇ ਪਾਣੀ ਦੇ ਭੰਡਾਰ ਨਹੀਂ ਸਨ। ਇਸ ਲਈ ਖਿਦਰਾਣੇ ਦੀ ਢਾਬ ਪਾਣੀ ਦੀ ਮਹੱਤਤਾ ਕਰਕੇ ਪਹਿਲਾਂ ਹੀ ਜਾਣਿਆ-ਪਛਾਣਿਆ ਨਾਂ ਸੀ। ਫਿਰ ਇਹ ਅਸਥਾਨ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਚਰਨ-ਛੋਹ ਤੇ ਦਸਮੇਸ਼ ਪਿਤਾ ਦੇ ਪਿਆਰੇ ਗੁਰਸਿੱਖਾਂ ਦੇ ਲਹੂ ਨਾਲ ਪਾਵਨ ਹੋ ਕੇ ਮੁਕਤਸਰ ਸਾਹਿਬ ਅਖਵਾਇਆ।

ਸੰਨ 1704 ਤਕ ਪਹਾੜੀ ਰਾਜਿਆਂ ਤੇ ਮੁਗ਼ਲਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਏ ਬਹੁਤ ਸਾਰੇ ਯੁੱਧਾਂ ’ਚ ਹਾਰ ਦਾ ਮੰੂਹ ਦੇਖਣਾ ਪਿਆ। ਦਸਮੇਸ਼ ਪਿਤਾ ਦੀਆਂ ਲਾਡਲੀਆਂ ਫ਼ੌਜਾਂ ਦੀ ਤਾਕਤ ਤੋਂ ਉਹ ਭਲੀ-ਭਾਂਤ ਜਾਣੂ ਸਨ। ਗੁਰੂ ਸਾਹਿਬ ਨਾਲ ਉਨ੍ਹਾਂ ਆਖ਼ਰੀ ਵਾਰ ਦੋ ਹੱਥ ਕਰਨ ਲਈ ਬਾਦਸ਼ਾਹ ਔਰੰਗਜ਼ੇਬ ਪਾਸੋਂ ਫ਼ੌਜੀ ਮਦਦ ਮੰਗੀ। ਔਰੰਗਜ਼ੇਬ ਉਸ ਸਮੇਂ ਦੱਖਣ ਦੀ ਮੁਹਿੰਮ ’ਤੇ ਸੀ। ਉਸ ਨੇ ਪਹਾੜੀ ਰਾਜਿਆਂ ਦੀ ਮਦਦ ਲਈ ਸਰਹਿੰਦ ਤੇ ਲਾਹੌਰ ਦੇ ਸੂਬੇਦਾਰਾਂ ਨੂੰ ਹੁਕਮ ਜਾਰੀ ਕੀਤੇ। ਸਰਹਿੰਦ-ਲਾਹੌਰ ਦੇ ਸੂਬੇਦਾਰਾਂ ਤੇ ਪਹਾੜੀ ਰਾਜਿਆਂ ਨੇ ਮਿਲ ਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ ਕਿਉਂਕਿ ਦਸਮੇਸ਼ ਪਿਤਾ ਦੇ ਸੂਰਮੇ ਸਿੰਘਾਂ ਨੇ ਪਹਿਲਾਂ ਕਈ ਵਾਰ ਜੰਗ ’ਚ ਪਹਾੜੀ ਰਾਜਿਆਂ ਦੀਆਂ ਦੌੜਾਂ ਲੁਆਈਆਂ ਸਨ। ਉਨ੍ਹਾਂ ਆਹਮੋ ਸਾਹਮਣੀ ਲੜਾਈ ਨਾਲੋਂ ਘੇਰਾਬੰਦੀ ’ਤੇ ਜ਼ੋਰ ਦਿੱਤਾ।

1704 ਈਸਵੀ, ਗਰਮੀ ਦੇ ਮਹੀਨਿਆਂ ’ਚ ਬਾਰਿਸ਼ਾਂ ਨਾਲ ਦੁਸ਼ਮਣ ਫ਼ੌਜਾਂ ਦਾ ਬੁਰਾ ਹਾਲ ਹੋਣ ਲੱਗਾ। ਸਮੇਂ-ਸਮੇਂ ਖ਼ਾਲਸਾ ਫ਼ੌਜਾਂ ਹਮਲਾ ਕਰ ਕੇ ਦੁਸ਼ਮਣ ਦਾ ਜਾਨੀ-ਮਾਲੀ ਨੁਕਸਾਨ ਕਰਦਿਆਂ ਰਸਦਾਂ ਦੀ ਲੱੁਟ-ਮਾਰ ਕਰ ਲੈਂਦੀਆਂ। ਖ਼ਾਲਸਾ ਫ਼ੌਜ ਦੇ ਹਮਲਿਆਂ ਕਾਰਨ ਦੁਸ਼ਮਣ ਦੇ ਹੌਸਲੇ ਪਸਤ ਹੋ ਚੱੁਕੇ ਸਨ। ਦੁਸ਼ਮਣ ਨੂੰ ਆਪਣੀ ਬਹੁ-ਗਿਣਤੀ ’ਤੇ ਮਾਣ ਸੀ। ਵਜ਼ੀਰ ਖ਼ਾਂ ਦੇ ਹੁਕਮ ਨਾਲ ਘੇਰਾਬੰਦੀ ਸਖ਼ਤ ਕਰ ਦਿੱਤੀ ਗਈ। ਘੇਰਾ ਲੰਮੇਰਾ ਤੇ ਸਖ਼ਤ ਹੋਣ ਕਰਕੇ ਨਿੱਤ ਦੀ ਲੜਾਈ ਨਾਲ ਖ਼ਾਲਸਾ ਫ਼ੌਜਾਂ ਦੀ ਗਿਣਤੀ ਘਟਦੀ ਜਾ ਰਹੀ ਸੀ। ਅਨਾਜ-ਪਾਣੀ ਦੇ ਭੰਡਾਰ ਖ਼ਤਮ ਹੋ ਰਹੇ ਸਨ। ਪਸ਼ੂਆਂ ਲਈ ਚਾਰੇ ਦੀ ਭਾਰੀ ਕਿੱਲਤ ਆ ਗਈ। ਬਹੁਤ ਸਾਰੇ ਬਹਾਦਰ ਸਿੰਘ ’ਤੇ ਪਾਲਤੂ ਜਾਨਵਰ ਭੁੱਖ ਦੀ ਭੇਟ ਚੜ੍ਹ ਗਏ। ਸਿਦਕੀ ਸਿੰਘਾਂ ਦੀ ਸਿਦਕ-ਸਬੂਰੀ ਦੀ ਪਰਖ ਹੋ ਰਹੀ ਸੀ। ਦੁਸ਼ਮਣ ਦੇ ਵਾਰ-ਵਾਰ ਢੰਡੋਰਾ ਦੇਣ ’ਤੇ ਕਿ ‘ਜੇਕਰ ਕੋਈ ਖ਼ਾਲੀ ਹੱਥ ਜਾਣਾ ਚਾਹੇ ਤਾਂ ਉਸ ਨੂੰ ਜਾਣ ਦਿੱਤਾ ਜਾਵੇਗਾ’, ਕੋਈ ਸਿੰਘ ਸਿਦਕ ਤੋਂ ਨਹੀ ਡੋਲਿਆ।

ਗੁਰੂ ਜੀ ਨੇ ਪੰਚ-ਪ੍ਰਧਾਨੀ ਸਿਧਾਂਤ ਨੂੰ ਸਥਾਪਤ ਕਰ, ਖ਼ਾਲਸੇ ਵਿਚ ਇੰਨਾ ਆਤਮ-ਵਿਸ਼ਵਾਸ ਤੇ ਜ਼ੁਅਰਤ ਭਰ ਦਿੱਤੀ ਕਿ ਖ਼ਾਲਸਾ ਗੁਰੂ ਜੀ ਨੂੰ ਨਿਝਕ ਹੋ ਸਲਾਹ, ਸੁਝਾਅ ਤੇ ਰਾਇ ਦੇ ਸਕਦਾ ਸੀ। ਕੁਝ ਸਿੰਘਾਂ ਨੇ ਸਲਾਹ ਦਿੱਤੀ ਕਿ ਸਾਨੂੰ ਕਿਲ੍ਹਾ ਖ਼ਾਲੀ ਕਰ ਦੇਣਾ ਚਾਹੀਦਾ ਹੈ। ਵੱਖ-ਵੱਖ ਸਮੇਂ ਯੁੱਧ ਦੇ ਢੰਗ ਤਰੀਕੇ ਵੱਖ-ਵੱਖ ਹੁੰਦੇ ਹਨ। ਗੁਰੂ ਜੀ ਨੇ ਇਸ ਸਮੇਂ ‘ਇੰਤਜ਼ਾਰ ਕਰੋ ਤੇ ਦੇਖੋ’ ਦੀ ਨੀਤੀ ’ਤੇ ਚੱਲਣ ਲਈ ਕਿਹਾ ਪਰ ਕੁਝ ਸਿੰਘ ਇਸ ਬਿਖੜੇ ਸਮੇਂ ਸੁਆਰਥ ਤੇ ਨਿਜਤਵ ਦੇ ਸ਼ਿਕਾਰ ਹੋ ਗਏ। ਮੁਸ਼ਕਲ ਦੀ ਘੜੀ ਕੁਝ ਸਿੰਘ ਮਨਮੁਖ ਬਣ ਗੁਰੂ ਜੀ ਦਾ ਸਾਥ ਛੱਡਣ ਲੱਗੇ। ਗੁਰਦੇਵ ਸਮਰੱਥ ਸਨ। ਜੇਕਰ ਉਹ ਚਾਹੁੰਦੇ ਤਾਂ ਉਸ ਸਮੇਂ ਹੀ ਉਨ੍ਹਾਂ ਦਾ ਭੁਲੇਖਾ ਦੂਰ ਕਰ ਸਕਦੇ ਸਨ ਪਰ ਗੁਰਦੇਵ ਨੇ ਖ਼ਾਲਸੇ ਨੂੰ ਸਰਵ-ਗੁਣ ਸੰਪੰਨ ਬਣਾੳਣਾ ਸੀ। ਭੁੱਲੇ ਨੂੰ ਭੁੱਲ ਦਾ ਅਹਿਸਾਸ ਕਰਵਾ, ‘ਚਰਣ ਚਲੋ ਮਾਰਗ ਗੋਬਿੰਦ’ ਦੇ ਪਾਂਧੀ ਬਣਾ ਕੇ ਇਕ ਨਵੀਂ ਮਿਸਾਲ ਬਣਾਉਣਾ ਸੀ। ਭੱੁਲ ਹਰ ਕੋਈ ਕਰ ਸਕਦਾ ਹੈ ਕਿਉਂਕਿ ਵਿਸ਼ਵ ਦਾ ਹਰ ਮਾਨਵ ਭੱੁਲਣਹਾਰ ਹੈ, ਕੇਵਲ ਕਰਤਾ ਹੀ ਅਭੱੁਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ-61 ’ਤੇ ਕਥਨ ਹੈ - ‘‘ਭੁਲਣ ਅੰਦਰਿ ਸਭੁ ਕੋ ਅਭੁਲੁ

ਗੁਰੂ ਕਰਤਾਰ॥’’

ਪੇਟ ਦੀ ਭੁੱਖ ਕਈ ਵਾਰ ਮਨੁੱਖ ਨੂੰ ਨੀਚ ਤੋਂ ਨੀਚ ਕਰਮ ਕਰਨ ਲਈ ਮਜਬੂਰ ਕਰ ਦਿੰਦੀ ਹੈ। ਭਗਤ ਕਬੀਰ ਜੀ ਦਾ ਕਥਨ ਹੈ ਕਿ ‘ਹੇ ਪ੍ਰਭੂ ਆਹ ਆਪਣੀ ਮਾਲਾ ਸਾਭ ਲੈ ਭੁੁਖੇ ਪੇਟ, ਭਗਤੀ ਨਹੀਂ ਹੋ ਸਕਦੀ-‘‘ਭੂਖੇ ਭਗਤ ਨ ਕੀਜੈ ਜੇਹਿ ਮਾਲਾ ਆਪਣੀ ਲੀਜੇ॥’ ਇਨ੍ਹਾਂ ਸਿੰਘਾਂ ਉੱਤੇ ਵੀ ਪੇਟ ਦੀ ਭੁੱਖ ਭਾਰੂ ਹੋਈ। ਭੱੁਖ ਦੇ ਦੱੁਖ ਤੋਂ ਤੰਗ ਆ ਕੇ ਕੁਝ ਸਿੰਘਾਂ ਨੇ (ਇਤਿਹਾਸ ਵਿਚ ਇਨ੍ਹਾਂ ਦੀ ਗਿਣਤੀ 40 ਦੱਸੀ ਗਈ ਹੈ) ਗੁਰੂ ਤੋਂ ਬੇਮੁਖ ਹੋ ਅਨੰਦਪੁਰ ਨੂੰ ਛੱਡ ਜਾਣ ਦਾ ਇਰਾਦਾ ਧਾਰ ਲਿਆ। ਗੁਰੂ ਜੀ ਦੇ ਸਨਮੁੱਖ ਪੇਸ਼ ਹੋ ਇਨ੍ਹਾਂ ਸਿੰਘਾਂ ਨੇ ਬੇਨਤੀ ਕੀਤੀ- ‘‘ਗੁਰਦੇਵ! ਅਸੀਂ ਜਾਣਾ ਚਾਹੁਦੇ ਹਾਂ।’’

ਦਸਮੇਸ਼ ਪਿਤਾ ਸਿੰਘਾਂ ਨੂੰ ਪਿਆਰ ਭਰੀਆਂ ਨਜ਼ਰਾਂ ਨਾਲ ਤੱਕਿਆ ਤੇ ਬਚਨ ਕੀਤਾ, ‘‘ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਚਲੇ ਜਾਓ ਪਰ ਜਾਣ ਦੀ ਨਿਸ਼ਾਨੀ ਦੇ ਜਾਓ ਕਿ ਅਸੀਂ ਛੱਡ ਕੇ ਜਾ ਰਹੇ ਹਾਂ।’’ ਸਿੰਘਾਂ ਲਿਖ ਕੇ ਦੇ ਦਿੱਤਾ, ਜਿਸ ਨੂੰ ਇਤਿਹਾਸ ਵਿਚ ‘ਬੇਦਾਵਾ’ ਕਿਹਾ ਗਿਆ ਹੈ। ਇਨ੍ਹਾਂ ਸਿੰਘਾਂ ਨੇ ਅਨੰਦਪੁਰ ਨੂੰ ਛੱਡ ਘਰਾਂ ਵੱਲ ਨੂੰ ਮੰੂਹ ਕੀਤੇ। ਜਿਵੇਂ ਹੀ ਇਹ ਅਨੰਦਪੁਰ ਤੋਂ ਦੂਰ ਹੋਏ, ਇਨ੍ਹਾਂ ਨੂੰ ਗੁਰੂ ਜੀ ਦੇ ਵਿਛੋੜੇ ਦੀ ਪੀੜਾ ਤੰਗ ਕਰਨ ਲੱਗੀ। ਕਈ ਵਾਰ ਪਿਆਰ ਦਾ ਅਹਿਸਾਸ ਵਿਛੋੜੇ ਵਿਚ ਹੀ ਹੁੰਦਾ ਹੈ। ਜਦ ਘਰੀਂ ਪਹੁੰਚੇ ਤਾਂ ਇਨ੍ਹਾਂ ਨੂੰ ਸ਼ਰਮਿੰਦਗੀ ਨੇ ਆਣ ਘੇਰਿਆ, ਪਰ ਹੁਣ ਸਮਾਂ ਲੰਘ ਚੁੱਕਾ ਸੀ।

ਦੂਸਰੇ ਪਾਸੇ ਇਸ ਲੰਮੇਰੀ ਜੰਗ ਤੋਂ ਪਹਾੜੀ ਰਾਜੇ ਵੀ ਪੂਰੀ ਤਰ੍ਹਾਂ ਤੰਗ ਆ ਚੁੱਕੇ ਸਨ। ਤੰਗ ਆ ਕੇ ਪਹਾੜੀ ਰਾਜਿਆਂ ਤੇ ਸਰਹਿੰਦ ਤੇ ਲਾਹੌਰ ਦੇ ਸੂਬੇਦਾਰਾਂ ਨੇ ਆਪਣੇ ਦਸਤਖ਼ਤਾਂ ਹੇਠ ਬਾਦਸ਼ਾਹ ਵੱਲੋਂ ਪਰਵਾਨਾ ਭੇਜਿਆ ਕਿ ਜੇਕਰ ਗੁਰੂ ਜੀ ਅਨੰਦਪੁਰ ਸਾਹਿਬ ਨੂੰ ਖ਼ਾਲੀ ਕਰ ਜਾਣ ਤਾਂ ਉਨ੍ਹਾਂ ਨੂੰ ਬਿਨਾਂ ਰੋਕ-ਟੋਕ ਜਾਣ ਦਿੱਤਾ ਜਾਵੇਗਾ। ਇਸ ਲਈ ਮੁਸਲਮਾਨਾਂ ਨੇ ਕੁਰਾਨ ਅਤੇ ਪਹਾੜੀ ਰਾਜਿਆਂ ਨੇ ਗਊ ਦੀਆਂ ਕਸਮਾਂ ਵੀ ਖਾਧੀਆਂ। ਗੁਰਦੇਵ ਪਿਤਾ ਪਹਾੜੀ ਰਾਜਿਆਂ ਦੇ ਚਰਿੱਤਰ ਤੋਂ ਚੰਗੀ ਤਰ੍ਹਾਂ ਜਾਣੂ ਸਨ ਪਰ ਸਿੰਘਾਂ ਨੇ ਸਲਾਹ ਦਿੱਤੀ ਕਿ ਸਾਨੂੰ ਕਿਲ੍ਹਾ ਖ਼ਾਲੀ ਕਰ ਦੇਣਾ ਚਾਹੀਦਾ ਹੈ। ਸਲਾਹ ਮਸ਼ਵਰੇ ਪਿੱਛੋਂ ਅਨੰਦਪੁਰ ਨੂੰ ਛੱਡ ਜਾਣ ਦਾ ਫ਼ੈਸਲਾ ਹੋਇਆ। ਦੁਸ਼ਮਣ ਫ਼ੌਜਾਂ ਨੇ ਇਕਰਾਰ ਤਹਿਤ ਇਕ ਪਾਸਿਓਂ ਕੁਝ ਰਸਤਾ ਦੇ ਦਿੱਤਾ। ਰਾਤ ਦੇ ਪਹਿਲੇ ਪਹਿਰ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਦੀ ਅਨੰਦਮਈ ਧਰਤੀ ਨੂੰ ਹਮੇਸ਼ਾ-ਹਮੇਸ਼ਾ ਲਈ ਛੱਡ ਦਿੱਤਾ। ਅਨੰਦਪੁਰ ਦਾ ਕਿਲ੍ਹਾ ਖ਼ਾਲੀ ਕਰਨ ਦੀ ਦੇਰ ਸੀ ਕਿ ਦੁਸ਼ਮਣ ਫ਼ੌਜਾਂ ਨੇ ਸਭ ਕਸਮਾਂ-ਇਕਰਾਰ ਭੁੱਲ ਕੇ ਪਿੱਛੋਂ ਹਮਲਾ ਕਰ ਦਿੱਤਾ। ਸਰਸਾ ਨਦੀ ਦੇ ਕਿਨਾਰੇ ਪੰਥਕ ਪਰਿਵਾਰ ਤਿੰਨ ਭਾਗਾਂ ਤੇ ਤਿੰਨ ਦਿਸ਼ਾਵਾਂ ’ਚ ਵੰਡਿਆ ਗਿਆ। ਗੁਰੂ ਜੀ ਚਮਕੌਰ ਦੀ ਗੜ੍ਹੀ ਪਹੁੰਚੇ। ਸੰਸਾਰ ਦਾ ਸਭ ਤੋਂ ਅਸਾਵਾਂ ਯੱੁਧ ਲੜਨ ਤੇ ਚਮਕੌਰ ਦੀ ਗੜ੍ਹੀ ਵਿੱਚੋਂ ਮੁਗ਼ਲਾਂ ਦੇ ਕੈਂਪ ’ਚ ਖਲਬਲੀ ਮਚਾ, ਮਾਛੀਵਾੜੇ ਦੇ ਜੰਗਲਾਂ ਵਿਚ ‘ਮਿਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ’ ਸੁਣਾ, ਦੀਨਾ ਕਾਂਗੜ ਤੋਂ ਔਰੰਗਜ਼ੇਬ ਨੂੰ ਜ਼ਫ਼ਰਨਾਮਾ ਲਿਖ-ਪਹੁੰਚਾ, ਕਪੂਰੇ ਤੋਂ ਹੁੰਦੇ ਹੋਏ ਅਪ੍ਰੈਲ ਦੇ ਮਹੀਨੇ ਭਖਦੇ ਮਾਰੂਥਲਾਂ ਦੇ ਰਸਤੇ ਖਿਦਰਾਣੇ ਦੀ ਢਾਬ ’ਤੇ ਪਹੁੰਚੇ। ਵੈਰੀ ਦਾ ਟਿੱਡੀ ਦਲ ਵੀ ਗੁਰੂ ਜੀ ਦੇ ਪਿੱਛੇ-ਪਿੱਛੇ ਆ ਰਿਹਾ ਸੀ। ਖਿਦਰਾਣੇ ਦੀ ਢਾਬ ਖ਼ਾਲਸਾ ਫੌਜਾਂ ਦੇ ਘੇਰੇ ਵਿਚ ਸੀ। ਖਿਦਰਾਣੇ ਦੀ ਢਾਬ ਯੁੱਧ ਨੀਤੀ ਪੱਖੋਂ ਬਹੁਤ ਮਹੱਤਵਪੂਰਨ ਸੀ।

ਗੁਰੂ ਜੀ ਆਪ ਟਿੱਬੀ ਸਾਹਿਬ ਦੇ ਸਥਾਨ ’ਤੇ ਜਾ ਬਿਰਾਜੇ, ਦੁਸ਼ਮਣ ਫ਼ੌਜਾਂ ਨੇ ਹਮਲਾ ਕਰ ਦਿੱਤਾ। ਥੋੜ੍ਹਾ ਚਿਰ ਘਮਸਾਨ ਦਾ ਯੱੁਧ ਹੋਇਆ। ਯੱੁਧ ਵਿਚ ਸਭ ਤੋਂ ਅੱਗੇ ਉਹੀ ਸਿੰਘ ਮਾਤਾ ਭਾਗੋ ਜੀ ਦੀ ਅਗਵਾਈ ਵਿਚ ਲੜ ਰਹੇ ਸਨ ਜੋ ਗੁਰਦੇਵ ਤੋਂ ਬੇਮੁਖ ਹੋ ਕੇ ਅਨੰਦਪੁਰ ਛੱਡ ਆਏ ਸਨ। ਗੁਰਦੇਵ ਪਿਤਾ ਸੂਰਮਿਆਂ ਨੂੰ ਰਣ-ਤੱਤੇ ’ਚ ਜੂਝਦਿਆਂ ਤੱਕ ਖ਼ੁਸ਼ ਹੋ ਰਹੇ ਸਨ। ਸਮੇਂ-ਸਮੇਂ ਗੁਰਦੇਵ ਦੁਸ਼ਮਣ ਦਲਾਂ ’ਤੇ ਤੀਰਾਂ ਦੀ ਵਰਖਾ ਕਰਦੇ। ਦੁਸ਼ਮਣ ਫ਼ੌਜ ਅਣਗਿਣਤ ਅਤੇ ਸਿੰਘ ਗਿਣਤੀ ਦੇ ਸਨ ਪਰ ਇਕ ਪਾਸੇ ਗੁਰੂ ਪ੍ਰੀਤੀ ਅਤੇ ਦੂਸਰੇ ਪਾਸੇ ਮੁਲਾਜ਼ਮਤ। ਦਿਨ ਗਰਮੀ ਦੇ, ਪਾਣੀ ’ਤੇ ਕਬਜ਼ਾ ਸਿੰਘਾਂ ਦੇ ਹੱਥ, ਇਹ ਕੁਝ ਕਾਰਨ ਸਨ ਕਿ ਦੁਸ਼ਮਣ ਫ਼ੌਜਾਂ ਨੂੰ ਹਰਾ ਕੇ ਮੈਦਾਨ ਖ਼ਾਲਸੇ ਨੇ ਫ਼ਤਹਿ ਕੀਤਾ।

ਦੁਸ਼ਮਣ ਫ਼ੌਜਾਂ ਹਰਨ ਹੋ ਗਈਆਂ। ਦਸਮੇਸ਼ ਪਿਤਾ ਆਪ ਮੈਦਾਨ-ਏ-ਜੰਗ ’ਚ ਆਏ, ਜਿੱਥੇ ਬੇਦਾਵੀਏ ਸਿੰਘਾਂ ਨੇ ਭੁੱਲ ਬਖ਼ਸ਼ਾਉਣ ਲਈ ਜੀਵਨ ਨਿਛਾਵਰ ਕਰ ਦਿੱਤੇ ਸਨ। ਯੁੱਧ ਦੇ ਮੈਦਾਨ ਵਿਚ ਗੁਰਦੇਵ ਹਰ ਸਿੰਘ ਦੇ ਪਵਿੱਤਰ ਸਰੀਰ ਪਾਸ ਜਾਂਦੇ ’ਤੇ ਸਿੰਘਾਂ ਦੇ ਮੁਖੜੇ ਸਾਫ਼ ਕਰਦੇ ਅਤੇ ਬਖ਼ਸ਼ਿਸ਼ਾਂ ਕਰਦੇ- ‘‘ਇਹ ਮੇਰਾ ਪੰਜ ਹਜ਼ਾਰੀ, ਇਹ ਮੇਰਾ ਦਸ ਹਜ਼ਾਰੀ, ਇਹ ਮੇਰਾ ਤੀਹ ਹਜ਼ਾਰੀ।’’ ਬਖ਼ਸ਼ਿਸ਼ਾਂ ਕਰਦੇ ਗੁਰਦੇਵ ਪਿਤਾ ਪਹੁੰਚੇ ਮਹਾਂ ਸਿੰਘ ਦੇ ਪਾਸ। ਮਹਾਂ ਸਿੰਘ ਦੇ ਸੁਆਸ ਅਜੇ ਚੱਲ ਰਹੇ ਸਨ। ਗੁਰਦੇਵ ਨੇ ਸੂਰਮੇ ਸਿੰਘ ਦਾ ਮੁਖੜਾ ਸਾਫ਼ ਕੀਤਾ, ਮੂੰਹ ’ਚ ਪਾਣੀ ਪਾਇਆ, ਸੀਸ ਗੋਦ ’ਚ ਰੱਖਿਆ ਤੇ ਕਿਹਾ ਕਿ ‘‘ਮੁਕਤਿ ਭੁਗਤਿ ਜੁਗਤਿ ਸਭ ਹਾਜ਼ਰ ਹੈ... ਮੰਗ ਭਾਈ ਮਹਾਂ ਸਿੰਘ! ਜੋ ਚਾਹੁੰਦਾ ਹਂੈ?’’ ਮਹਾਂ ਸਿੰਘ ਗਿੜਗਿੜਾਇਆ, ‘‘ਦਸਮੇਸ਼ ਪਿਤਾ! ਦਰਸ਼ਨਾਂ ਦੀ ਸਿੱਕ ਸੀ, ਪੂਰੀ ਹੋ ਗਈ!’’ ‘‘ਨਹੀਂ, ਪਿਆਰੇ ਮਹਾਂ ਸਿੰਘ! ਕੁਝ ਹੋਰ ਮੰਗ!’’ ਮਹਾਂ ਸਿੰਘ ਨੇ ਆਖਿਆ ‘‘ਕਿਰਪਾ ਨਿਧਾਨ, ਗੁਰਦੇਵ ਪਿਤਾ! ਤੁੱਠੇ ਹੋ ਤਾਂ ਸਾਡੀ ਟੱੱੁਟੀ ਮੇਲ ਲਵੋ, ਕਾਗ਼ਜ਼ ਦਾ ਉਹ ਟੁਕੜਾ ਪਾੜ ਦਿਓ, ਜੋ ਅਸੀਂ ਦੇ ਆਏ ਸਾਂ!’’ ਮਹਾਂ ਸਿੰਘ ਦੀ ਖ਼ਾਹਿਸ਼ ਪੂਰੀ ਕਰਨ ਲਈ ਗੁਰਦੇਵ ਪਿਤਾ ਨੇ ਕਾਗ਼ਜ਼ ਟੁਕੜੇ-ਟੁਕੜੇ ਕਰ ਦਿੱਤਾ।

ਮਹਾਂ ਸਿੰਘ ਨੇ ਭੁੱਲਾਂ ਬਖ਼ਸ਼ਾ ਕੇ ਸ਼ੁਕਰੀਏ ਭਰੇ ਅੰਦਾਜ਼ ’ਚ ਹੱਥ ਉੱਪਰ ਚੱੁਕੇ ਤੇ ਹਮੇਸ਼ਾਂ ਲਈ ਦਸਮੇਸ਼ ਪਿਤਾ ਦੀ ਗੋਦ ’ਚ ਸੌਂ ਗਿਆ। ਗੁਰੂ ਜੀ ਨੇ ਇਨ੍ਹਾਂ ਸ਼ਹੀਦ ਸਿੰਘਾਂ ਦਾ ਆਪਣੇ ਹੱਥੀਂ ਸਸਕਾਰ ਕੀਤਾ ਤੇ ਇਨ੍ਹਾਂ ਨੂੰ ‘ਮੁਕਤਿਆਂ’ ਦੀ ਉਪਾਧੀ ਬਖ਼ਸ਼ਿਸ਼ ਕੀਤੀ। ਬੇਦਾਵੀਏ ਸਿੰਘ ਮੁਕਤ ਹੋਏ। ਖਿਦਰਾਣੇ ਦੀ ਢਾਬ ਉਸ ਦਿਨ ਤੋਂ ਮੁਕਤਸਰ ਸਾਹਿਬ ਅਖਵਾਈ।

ਇਸ ਧਰਤੀ ਤੋਂ ਸੰਦੇਸ਼ ਮਿਲਦਾ ਹੈ ਕਿ ਗੁਰੂ ਤੋਂ ਬੇਮੁਖ ਹੋ ਕੇ ਫਿਰ ਸਨਮੁੱਖ ਹੋਣ ਵਾਸਤੇ ਜੀਵਨ ਤਕ ਕੁਰਬਾਨ ਕਰਨਾ ਪੈਂਦਾ ਹੈ। ਇਹ ਸਮਾਂ ਹੈ ਵਿਚਾਰ ਕਰਨ ਦਾ ਕਿ ਅਸੀਂ ਗੁਰੂ ਦੇ ਸਨਮੁੱਖ ਹੋਣਾ ਹੈ ਜਾਂ ਬੇਮੁੱਖ ਹੋ ਕੇ ਗੁਰੂ ਦੀ ਰਹਿਮਤ ਤੇ ਬਖ਼ਸ਼ਿਸ ਤੋਂ ਦੂਰ ਹੋਣਾ ਹੈ?

- ਡਾ. ਰੂਪ ਸਿੰਘ

Posted By: Harjinder Sodhi