ਜੀਵਨ ਦੇ ਉਦੇਸ਼ ਅਤੇ ਟੀਚੇ ਨੂੰ ਧਾਰਨ ਕਰਨ ਵਾਲਾ ਮਨੁੱਖ ਹੀ ਇਸ ਸਰੀਰ ਨੂੰ ਧੰਨ ਕਰ ਸਕਦਾ ਹੈ। ਖਾਣਾ-ਪੀਣਾ, ਸੌਣਾ-ਜਾਗਣਾ, ਤੁਰਨਾ-ਫਿਰਨਾ-ਇਹ ਕੰਮ ਤਾਂ ਸਾਰੇ ਜੀਵ-ਜੰਤੂ ਕਰਦੇ ਹਨ। ਪੇਟ ਦੀ ਚਿੰਤਾ ਕਰਦੇ-ਕਰਦੇ ਸੁੱਖ-ਸ਼ਾਂਤੀ ਤੇ ਖ਼ੁਸ਼ਹਾਲੀ ਦੇ ਚਿੰਤਨ ਵਿਚ ਲਿਪਤ ਹੋਣਾ ਜੀਵਨ ਨਹੀਂ ਹੈ। ਇਹ ਸਾਧਨ ਹੋ ਸਕਦਾ ਹੈ, ਮਕਸਦ ਨਹੀਂ। ਸਾਧਨ ਨੂੰ ਮਕਸਦ ਮੰਨ ਲੈਣਾ ਕੋਈ ਸਮਝਦਾਰੀ ਨਹੀਂ ਹੈ। ਇਸੇ ਤਰ੍ਹਾਂ ਹਰ ਕੰਮ ਨੂੰ ਕਰਮ ਨਹੀਂ ਕਿਹਾ ਜਾ ਸਕਦਾ।

ਜੋ ਕੰਮ ਜੀਵਨ ਲਈ ਸਾਰਥਕ ਹੋਵੇ, ਉਹੀ ਕਰਮ ਹੈ। ਚੰਗੇ ਕਰਮ ਨੂੰ ਹੀ ਕਰਮ ਮੰਨਿਆ ਜਾਵੇ ਜੋ ਕਿ ਸੱਭਿਅਤਾ ਦਾ ਧਰਮ ਹੈ। ਇਸ ਲਈ ਕਰਮ ਦੇ ਮਹੱਤਵ ਨੂੰ ਸਮਝਣ ਅਤੇ ਉਸ ਨੂੰ ਕਰਨ ਨਾਲ ਹੀ ਜੀਵਨ ਦੇ ਮਕਸਦਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ ਅਤੇ ਇਨ੍ਹਾਂ ਉਦੇਸ਼ਾਂ ਦੀ ਪੂਰਤੀ ਹੀ ਟੀਚਾ ਪ੍ਰਾਪਤੀ ਦਾ ਸਾਧਨ ਹੈ। ਅਰਥਾਤ ਕੁਝ ਵੀ ਕਰਦੇ ਰਹਿਣਾ-ਇਹ ਉਦੇਸ਼ ਨਹੀਂ ਹੈ। ਭਟਕਦੇ ਰਹਿਣ ਨਾਲ ਰਸਤਾ ਨਹੀਂ ਮਿਲਦਾ।

ਜੀਵਨ ਦਾ ਰਹੱਸ ਇਹੀ ਹੈ ਕਿ ਟੀਚੇ ਵੱਲ ਨਿਰੰਤਰ ਵੱਧਦੇ ਰਹਿਣਾ ਚਾਹੀਦਾ ਹੈ। ਉਹੀ ਰਾਹੀ ਆਪਣੇ ਟੀਚੇ ਨੂੰ ਹਾਸਲ ਕਰਨ ਵਿਚ ਸਮਰੱਥ ਹੈ ਜੋ ਧਰਮ ਨੂੰ ਗ੍ਰਹਿਣ ਕਰਨ ਦਾ ਅਧਿਕਾਰੀ ਹੈ। ਟੀਚਾ ਹੋਵੇ ਕਿ ਮੁੜ ਜਨਮ ਨਾ ਮਿਲੇ ਬਲਕਿ ਭਵਸਾਗਰ ਤੋਂ ਮੁਕਤੀ ਮਿਲੇ। ਵਾਰ-ਵਾਰ ਮਾਤਲੋਕ ਵਿਚ ਆਵਾਗਮਨ ਤੋਂ ਸਦਾ ਲਈ ਛੁਟਕਾਰਾ ਮਿਲੇ। ਪ੍ਰੇਮ ਯੋਗ ਅਤੇ ਭਗਤੀ ਯੋਗ ਨਾਮਕ ਦੋ ਮਲਾਹ ਹਨ ਜਿਨ੍ਹਾਂ ਦੀ ਮਦਦ ਨਾਲ ਜੀਵਨ ਦੀ ਬੇੜੀ ਨੂੰ ਪਾਰ ਲਗਾਇਆ ਜਾ ਸਕਦਾ ਹੈ ਪਰ ਜ਼ਿਆਦਾਤਰ ਮਨੁੱਖ ਜਦ ਤਕ ਇਸ ਸੱਚ ਦਾ ਦਰਸ਼ਨ ਕਰਦੇ ਹਨ, ਉਦੋਂ ਤਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ।

ਅੰਤ ਸਮੇਂ ਵਿਚ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਜੋ ਸਾਧਨ ਰੂਪੀ ਇਹ ਸਰੀਰ ਮਿਲਿਆ ਸੀ, ਉਸ ਦੀ ਉਨ੍ਹਾਂ ਨੇ ਪੂਰੀ ਤਰ੍ਹਾਂ ਦੁਰਵਰਤੋਂ ਹੀ ਕੀਤੀ। ਅੰਤਕਾਲ ਵਿਚ ਪਛਤਾਵਾ ਕਰਨ ਨਾਲ ਕੁਝ ਨਹੀਂ ਮਿਲ ਸਕਦਾ। ਇਸ ਲਈ ਅੱਜ ਸਮੇਂ ਅਤੇ ਸਰੀਰ ਦੀ ਸੱਚੀ ਵਰਤੋਂ ਇਹੀ ਹੈ ਕਿ ਪਰਮ ਟੀਚੇ ਨੂੰ ਹਾਸਲ ਕਰਨ ਲਈ ਨਿਰੰਤਰ ਯਤਨ ਕੀਤੇ ਜਾਣ। ਆਤਮਾ ਤਕ ਪੁੱਜਣ ਦੀ ਸਫਲਤਾ ਵਿਚ ਕਰਮ-ਧਰਮ ਹੀ ਸਾਧਨ ਹੈ।

ਇਨ੍ਹਾਂ ਤੋਂ ਬਿਨਾਂ ਮਨੁੱਖੀ ਜੀਵਨ ਫ਼ਜ਼ੂਲ ਕਿਹਾ ਜਾ ਸਕਦਾ ਹੈ। ਇਸ ਵਿਚ ਸਾਧਨ ਅਤੇ ਮਕਸਦ ਹਰ ਪਲ ਸਥਿਰ ਹੋਣਾ, ਸਾਧਨਾ ਨਾਲ ਟੀਚੇ ਵੱਲ ਵਧਣਾ ਜੀਵਨ ਦਾ ਮਕਸਦ ਬਣੇ ਅਤੇ ਸਰੀਰ ਦੀ ਯਾਤਰਾ ਵਿਚ ਆਤਮਾ ਦਾ ਪਰਮਾਤਮਾ ਨਾਲ ਮਿਲਣਾ ਸੰਭਵ ਹੋਵੇ।

-ਡਾ. ਰਾਘਵੇਂਦਰ ਸ਼ੁਕਲ।

Posted By: Jagjit Singh