ਲੋਕਾਈ ’ਚ ਕੋਈ ਵੀ ਵਿਅਕਤੀ ਬਿਨਾਂ ਕਰਮ ਕੀਤੇ ਨਹੀਂ ਰਹਿ ਸਕਦਾ। ਉਹ ਜਾਂ ਤਾਂ ਵਿਚਾਰਾਂ ਦੇ ਮਾਧਿਅਮ ਨਾਲ ਸਰਗਰਮ ਹੈ ਜਾਂ ਕਿਰਿਆਵਾਂ ਜ਼ਰੀਏ ਜਾਂ ਫਿਰ ਕਾਰਨ ਬਣ ਕੇ ਕਰਮ ਵਿਚ ਯੋਗਦਾਨ ਦੇ ਰਿਹਾ ਹੈ। ਜੀਵ-ਜੰਤੂ ਹੋਣ ਜਾਂ ਮਨੁੱਖ, ਕੋਈ ਵੀ ਬਿਨਾਂ ਕਰਮ ਤੋਂ ਨਹੀਂ ਹੈ ਅਤੇ ਨਾ ਹੀ ਕਦੇ ਰਹਿ ਸਕਦਾ ਹੈ। ਵਿਦਵਾਨਾਂ ਨੇ ਮੁੱਖ ਤੌਰ ’ਤੇ ਤਿੰਨ ਤਰ੍ਹਾਂ ਦੇ ਕਰਮ ਦੱਸੇ ਹਨ ਜਿਨ੍ਹਾਂ ਵਿਚ ਇਕ ਹੁੰਦਾ ਹੈ ਕਿਰਿਆਤਮਕ ਕਰਮ ਜਿਸ ਦਾ ਫ਼ਲ ਇਸੇ ਜੀਵਨ ਵਿਚ ਤੁਰੰਤ ਪ੍ਰਾਪਤ ਹੋ ਜਾਂਦਾ ਹੈ। ਦੂਜਾ ਸੰਚਿਤ ਕਰਮ ਹੁੰਦਾ ਹੈ ਜਿਸ ਦਾ ਫ਼ਲ ਬਾਅਦ ਵਿਚ ਮਿਲਦਾ ਹੈ। ਤੀਜਾ ਹੁੰਦਾ ਹੈ ਕਿਸਮਤ। ਜੇ ਉਲਟ ਹਾਲਾਤ ਵਿਚ ਵੀ ਲੋਕ ਸੁਖੀ ਰਹਿ ਕੇ ਜੀਵਨ ਗੁਜ਼ਾਰ ਰਹੇ ਹੁੰਦੇ ਹਨ ਤਾਂ ਇਸ ਦਾ ਸਿਹਰਾ ਉਨ੍ਹਾਂ ਦੇ ਸੰਚਿਤ ਕਰਮ ਦਾ ਨਤੀਜਾ ਸੀ। ਜਦ ਰਾਵਣ ਆਪਣੇ ਜੀਵਨ ਵਿਚ ਬੇਹੱਦ ਸ਼ਕਤੀਸ਼ਾਲੀ ਅਤੇ ਸੁਖੀ ਸੀ ਉਦੋਂ ਇਹ ਉਸ ਦੇ ਸੰਚਿਤ ਕਰਮ ਦਾ ਨਤੀਜਾ ਸੀ ਪਰ ਉਸੇ ਰਾਵਣ ਦੇ ਘਰ ਕੋਈ ਦੀਵਾ ਬਾਲਣ ਵਾਲਾ ਵੀ ਨਹੀਂ ਰਿਹਾ ਤਾਂ ਇਹ ਉਸ ਦੀ ਕਿਸਮਤ ਸੀ। ਸਵਾਮੀ ਵਿਵੇਕਾਨੰਦ ਨੇ ਕਿਹਾ ਹੈ ਕਿ ਆਪਣੇ ਵਿਚਾਰਾਂ ’ਤੇ ਕਾਬੂ ਰੱਖੋ, ਨਹੀਂ ਤਾਂ ਉਹ ਤੁਹਾਡਾ ਕਰਮ ਬਣ ਜਾਣਗੇ ਅਤੇ ਆਪਣੇ ਕਰਮਾਂ ’ਤੇ ਕਾਬੂ ਰੱਖੋ, ਨਹੀਂ ਤਾਂ ਉਹ ਤੁਹਾਡੀ ਕਿਸਮਤ ਬਣ ਜਾਣਗੇ।’ ਸੰਸਾਰ ਵਿਚ ਤਿੰਨ ਤਰ੍ਹਾਂ ਦੇ ਲੋਕ ਹਨ। ਇਕ ਕਿਸਮਤਵਾਦੀ ਜੋ ਕਿ ਮੰਨਦੇ ਹਨ ਕਿ ਸਭ ਕੁਝ ਪਹਿਲਾਂ ਤੋਂ ਹੀ ਤੈਅ ਹੈ, ਇਸ ਲਈ ਪੁਰਸ਼ਾਰਥ ਕਰ ਕੇ ਵੀ ਕੀ ਬਦਲ ਜਾਵੇਗਾ। ਦੂਜੇ ਹਨ ਪੁਰਸ਼ਾਰਥਵਾਦੀ ਜਿਨ੍ਹਾਂ ਨੂੰ ਲੱਗਦਾ ਹੈ ਕਿ ਕਿਸਮਤ ਕੁਝ ਨਹੀਂ ਹੁੰਦੀ, ਕਰਮ ਹੀ ਸਭ ਕੁਝ ਹੈ। ਤੀਜੇ ਹੁੰਦੇ ਹਨ ਪਰਮਾਰਥੀ ਜੋ ਪਰਮ ਅਰਥ ਅਰਥਾਤ ਪਰਮਾਤਮਾ ਵਿਚ ਹੀ ਸਭ ਕੁਝ ਮੰਨਦੇ ਹੋਏ ਲਾਭ-ਹਾਨੀ ’ਚ ਇੱਕੋ ਜਿਹੇ ਰਹਿ ਕੇ ਜੀਵਨ ਬਤੀਤ ਕਰਦੇ ਹਨ। ਰਿਸ਼ੀਆਂ-ਮੁਨੀਆਂ ਨੇ ਤੀਜੀ ਸ਼੍ਰੇਣੀ ਦੇ ਲੋਕਾਂ ਨੂੰ ਉੱਤਮ ਬਿਰਤੀ ਵਾਲੇ ਦੱਸਿਆ ਹੈ। ਅਜਿਹੇ ਵਿਅਕਤੀ ਕਿਸੇ ਵੀ ਹਾਲਾਤ ਵਿਚ ਆਨੰਦ ਭਰਪੂਰ ਅਰਥਾਤ ਸ਼ਾਂਤ ਭਾਵ ਨਾਲ ਜੀਵਨ ਗੁਜ਼ਾਰਦੇ ਹਨ। ਆਮ ਤੌਰ ’ਤੇ ਕਰਮ ਹੀ ਸਾਡੇ ਉੱਥਾਨ ਅਤੇ ਪਤਨ ਦਾ ਕਾਰਨ ਹੈ। ਕਰਮ ਹੀ ਸਾਡੇ ਜੀਵਨ ਦੀ ਦਿਸ਼ਾ ਤੇ ਦਸ਼ਾ ਤੈਅ ਕਰਦਾ ਹੈ। ਚੰਗੇ ਕੰਮ ਕਰਾਂਗੇ ਤਾਂ ਸੰਸਾਰ ਸਾਡੀ ਵਡਿਆਈ ਕਰੇਗਾ, ਮਾੜੇ ਕੰਮਾਂ ਬਦਲੇ ਥੂ-ਥੂ ਕਰੇਗਾ। ਇਸ ਲਈ ਸਾਨੂੰ ਸਾਰਿਆਂ ਨੂੰ ਹਮੇਸ਼ਾ ਹੋਰਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਰਮਾਂ ਤੋਂ ਦੂਰੀ ਬਣਾ ਕੇ ਰੱਖਦੇ ਹੋਏ ਨੇਕ ਕਰਮ ਹੀ ਕਰਨੇ ਚਾਹੀਦੇ ਹਨ।

-ਅੰਸ਼ੂ ਪ੍ਰਧਾਨ।

Posted By: Jagjit Singh