ਕਿਸ਼ਤ ਛੇਵੀਂ

ਡਾ. ਜਸਬੀਰ ਸਿੰਘ ਸਰਨਾ - ਮੱਕਾ, ਕਾਅਬਾ ਤੇ ਬਗ਼ਦਾਦ ਤੋਂ ਹੁੰਦੇ ਹੋਏ ਗੁਰੂ ਨਾਨਕ ਸਾਹਿਬ ਬਗ਼ਦਾਦ ਸ਼ਹਿਰ ਤੋਂ ਅਗਲੇ ਮੁਕਾਮ ਵੱਲ ਚੱਲ ਪਏ।

ਫ਼ਕੀਰ ਬਹਿਲੋਲ ਨੂੰ ਨਜਾਤ

ਸ਼ਹਿਰ ਬਗ਼ਦਾਦ ਦੇ ਬਾਹਰ ਦਜ਼ਲਾ ਨਾਂ ਦਾ ਦਰਿਆ ਹੈ। ਉਸ ਦੇ ਕੰਢੇ ਇਕ ਫ਼ਕੀਰ ਝੌਂਪੜੀ ਬਣਾ ਕੇ ਰਹਿੰਦਾ ਸੀ। ਉਸ ਦਾ ਨਾਂ ਬਹਿਲੋਲ ਸੀ। ਉਸ ਨੇ ਆਪਣੇ ਮੁਰੀਦਾਂ ਕੋਲੋਂ ਬਾਬਾ ਨਾਨਕ ਦੀ ਸਿਫ਼ਤ-ਸਲਾਹ ਸੁਣੀ ਕਿ ਕਿਵੇਂ ਮੱਕਾ ਕਾਬਾ ਨੇ ਉਨ੍ਹਾਂ ਦਾ ਤੁਵਾਫ਼ (ਪਰਿਕਰਮਾ) ਕੀਤਾ ਹੈ।

ਪੀਰ ਦਸਤਗੀਰ ਆਪਣੇ ਮੁਰੀਦਾਂ ਤੇ ਸਾਥੀਆਂ ਨਾਲ ਆਇਆ ਤੇ ਬਾਬਾ ਜੀ ਦੇ ਦੀਦਾਰ ਕਰ ਕੇ ਬੜਾ ਖ਼ੁਸ਼ ਹੋਇਆ। ਉਸ ਨੇ ਆਪਣੇ ਸ਼ੰਕੇ ਮਿਟਾਉਣ ਲਈ ਗੁਰੂ ਸਾਹਿਬ ਨੂੰ ਕਈ ਸਵਾਲ ਕੀਤੇ, ਜਿਨ੍ਹਾਂ ਦੇ ਜਵਾਬ ਸੁਣ ਕੇ ਉਸ ਦੀ ਤਸੱਲੀ ਹੋਈ ਤੇ ਦਿਲ ਵਿਚ ਬਾਬਾ ਜੀ ਲਈ ਬਹੁਤ ਇੱਜ਼ਤ ਤੇ ਪਿਆਰ ਪੱਕਾ ਹੋ ਗਿਆ। ਗੁਰੂ ਜੀ ਨੇ ਕਿਹਾ ਕਿ ਬੰਦੇ ਨੂੰ ਸੰਸਾਰਕ ਖ਼ਾਹਿਸਾਂ ਨੂੰ ਮਾਰ ਕੇ, ਲੋਭ-ਲਾਲਚ ਮਿਟਾ ਕੇ ਖ਼ੁਦਾ ਦੀ ਹਰ ਸਮੇਂ, ਹਰ ਥਾਂ ਹਾਜ਼ਰ ਨਾਜ਼ਰ ਜਾਣਦੇ ਹੋਏ ਬੰਦਗੀ ਕਰਨੀ ਚਾਹੀਦੀ ਹੈ। ਇਹ ਸੁਣ ਕੇ ਬਹਿਲੋਲ ਫ਼ਕੀਰ ਬਹੁਤ ਖ਼ੁਸ਼ ਹੋਇਆ ਤੇ ਅਰਜ਼ ਕੀਤੀ ਕਿ ਉਸ ਦੀ ਝੌਂਪੜੀ ਨੂੰ ਆਪਣੇ ਪਵਿੱਤਰ ਕਦਮਾਂ ਨਾਲ ਫ਼ੈਜ਼ਯਾਬ (ਪਵਿੱਤਰ) ਕਰੋ। ਗੁਰੂ ਜੀ ਨੇ ਉਸ ਦਾ ਪਿਆਰ ਦੇਖ ਕੇ ਬੇਨਤੀ ਕਬੂਲ ਕੀਤੀ ਤੇ ਬਹਿਲੋਲ ਆਪਣੇ ਮੁਰੀਦਾਂ ਨਾਲ ਬਾਬਾ ਜੀ ਨੂੰ ਆਪਣੀ ਝੌਂਪੜੀ ਵਿਚ ਲੈ ਗਿਆ ਤੇ ਝੌਂਪੜੀ ਦੇ ਬਾਹਰ ਆਪਣੇ ਹੱਥੀਂ ਬਾਬਾ ਜੀ ਦੇ ਬੈਠਣ ਲਈ ਚਾਦਰ ਵਿਛਾਈ। ਕਾਫ਼ੀ ਦੇਰ ਤਕ ਗੁਰੂ ਜੀ ਨਾਲ ਗਿਆਨ-ਚਰਚਾ ਹੁੰਦੀ ਰਹੀ। ਖਾਣੇ ਦਾ ਸਮਾਂ ਜਾਣ ਕੇ ਖਾਣਾ ਖਾਣ ਲਈ ਅਰਜ਼ ਕੀਤੀ ਤਾਂ ਬਾਬਾ ਜੀ ਚੁੱਪ ਰਹੇ। ਇਸ ਚੁੱਪ ਨੂੰ ਗੁਰੂ ਜੀ ਦੀ ਹਾਂ ਸਮਝ ਕੇ ਬਹਿਲੋਲ ਜੀ ਨੇ ਆਪਣੇ ਮੁਰੀਦ ਅਮਰ ਰਜ਼ਾ ਨੂੰ ਕਿਹਾ ਕਿ ਬਾਜ਼ਾਰ ਤੋਂ ਖਾਣੇ ਦਾ ਸਾਮਾਨ ਲੈ ਕੇ ਖਾਣਾ ਤਿਆਰ ਕਰੋ। ਉਸ ਸਮੇਂ ਬਾਬਾ ਜੀ ਸਿਰ 'ਤੇ ਕੰਘਾ ਕਰ ਰਹੇ ਸਨ ਤੇ ਦੋ ਵਾਲ ਕੰਘੇ 'ਚ ਆਏ। ਬਾਬਾ ਜੀ ਨੇ ਅਮਰ ਰਜ਼ਾ ਨੂੰ ਪੁੱਛਿਆ ਇਹ ਕੀ ਹੈ? ਉਸ ਨੇ ਕਿਹਾ ਮੂਏ (ਵਾਲ) ਹਨ। ਬਾਬਾ ਜੀ ਨੇ ਕਿਹਾ ਵਾਲ ਨਹੀਂ, ਇਹ ਐਨਕ ਹੈ। ਜੋ ਤੁਸੀਂ ਖਾਣੇ ਦਾ ਸਾਮਾਨ ਲੈਣ ਜਾ ਰਹੇ ਹੋ, ਉਹ ਕਿਸੇ ਇਨਸਾਨ ਦੀ ਦੁਕਾਨ ਤੋਂ ਲੈ ਕੇ ਆਣਾ। ਸੁਣ ਕੇ ਬਹਿਲੋਲ ਜੀ ਬੋਲੇ, ਇਹ ਸ਼ਹਿਰ ਪੀਰਾਨੇ-ਪੀਰ ਦਸਤਗੀਰ ਜੀ ਦਾ ਹੈ। ਸਾਰਿਆਂ ਨੂੰ ਯਕੀਨ ਹੈ ਕਿ ਦਸਤਗੀਰ ਜੀ ਦੇ ਸ਼ਹਿਰ 'ਚ ਰਹਿਣ ਕਾਰਨ ਸਾਰੇ ਨਜਾਤ (ਗੁਨਾਹਾਂ ਦੀ ਮਾਫ਼ੀ) ਪਾਉਣਗੇ। ਗੁਰੂ ਜੀ ਨੇ ਕਿਹਾ, ਐਸਾ ਨਹੀਂ ਹੈ। ਜ਼ਿੰਦਗੀ ਵਿਚ ਜੋ ਜੋ ਕਿਸੇ ਨੇ ਕੀਤਾ ਹੁੰਦਾ ਹੈ, ਖ਼ੁਦਾ ਦੇ ਘਰ ਵਿਚ ਉਸ ਦਾ ਹਿਸਾਬ ਹੁੰਦਾ ਹੈ। ਇਹ ਖ਼ਿਆਲ ਕਿ ਅਸੀਂ ਪੀਰ ਜੀ ਦੇ ਸ਼ਹਿਰ 'ਚ ਰਹਿੰਦੇ ਹਾਂ, ਇਸ ਲਈ ਬਖ਼ਸ਼ੇ ਜਾਵਾਂਗੇ, ਦਰੁਸਤ ਨਹੀਂ। ਗੁਰੂ ਜੀ ਨੇ ਅਮਰ ਰਜ਼ਾ ਨੂੰ ਇਕ ਟਕਾ ਦਿੱਤਾ ਤੇ ਕਿਹਾ ਕਿ ਇਸ ਟਕੇ ਦਾ ਸਾਮਾਨ ਲੈਣ ਜੀ ਜੋ ਐਨਕ ਤੈਨੂੰ ਦਿੱਤੀ ਹੈ, ਉਸ ਨੂੰ ਅੱਖਾਂ 'ਤੇ ਲਟਕਾ ਕੇ ਦੇਖ ਲੈਣਾ ਕਿ ਦੁਕਾਨਦਾਰ ਇਨਸਾਨ ਹੈ! ਜੀ ਹਜ਼ੂਰ ਕਹਿ ਕੇ ਉਹ ਬਾਜ਼ਾਰ ਗਿਆ ਤੇ ਇਕ ਦੁਕਾਨ ਵਿਚ ਐਨਕ ਲਗਾ ਕੇ ਦੇਖਿਆ ਤਾਂ ਉਹ ਹਿਰਨ ਦਿਸਿਆ। ਦੂਸਰੀ ਦੁਕਾਨ 'ਤੇ ਜਾ ਕੇ ਦੇਖਿਆ ਤਾਂ ਉਹ ਮੁਰਗਾ ਦਿਸਿਆ। ਇਸੇ ਤਰ੍ਹਾਂ ਕਈ ਦੁਕਾਨਾਂ ਦੇਖੀਆਂ ਤਾਂ ਕੋਈ ਵੀ ਇਨਸਾਨ ਨਾ ਦਿਸਿਆ। ਪਰੇਸ਼ਾਨ ਹੋ ਕੇ ਉਹ ਖ਼ਾਲੀ ਹੱਥ ਤੁਰ ਪਿਆ। ਆਖ਼ਰ ਇਕ ਛੋਟੀ ਜਿਹੀ ਦੁਕਾਨ ਦੇਖੀ, ਜਿਸ ਦਾ ਮਾਲਕ ਜਟਾਜੂਟ ਧਾਰੀ ਸੀ। ਉਸ ਦੀਆਂ ਅੱਖਾਂ 'ਚ ਮਸਤੀ ਤੇ ਮੱਥੇ 'ਤੇ ਚਮਕ ਸੀ। ਅਮਰ ਰਜ਼ਾ ਨੇ ਐਨਕ ਲਾ ਕੇ ਦੇਖੀ ਦਾ ਉਹੀ ਸੂਰਤ ਦੇਖੀ ਜੋ ਬਗੈਰ ਐਨਕ ਦੇ ਸੀ। ਦੁਬਾਰਾ ਐਨਕ ਲਾ ਕੇ ਵੇਖਿਆ ਤਾਂ ਤਸੱਲੀ ਹੋ ਗਈ ਕਿ ਇਹੋ ਅਸਲੀ ਇਨਸਾਨ ਹੈ। ਦੁਕਾਨਦਾਰ ਨੂੰ ਟਕਾ ਦੇ ਕੇ ਜੋ ਚਾਹੀਦਾ ਸੀ ਉਹ ਦੱਸ ਦਿੱਤਾ। ਦੁਕਾਨਦਾਰ ਨੇ ਟਕੇ ਨੂੰ ਪਛਾਣ ਕੇ ਮੱਥੇ 'ਤੇ ਲਾਇਆ ਤੇ ਫਿਰ ਉਸ ਨੂੰ ਅੰਦਰ ਰੱਖ ਕੇ ਅਮਰ ਰਜ਼ਾ ਨੂੰ ਸਾਮਾਨ ਦਿੱਤਾ ਤਾਂ ਅਮਰ ਰਜ਼ਾ ਨੇ ਕਿਹਾ, 'ਮੈਂ ਤੁਹਾਨੂੰ ਇਕ ਟਕਾ ਦਿੱਤਾ ਸੀ ਪਰ ਤੁਸਾਂ ਗ਼ਲਤੀ ਨਾਲ ਵੱਧ ਸਾਮਾਨ ਦੇ ਦਿੱਤਾ ਹੈ।' ਉਸ ਨੇ ਕਿਹਾ, ' ਇਹ ਸਾਮਾਨ ਉਸ ਟਕੇ ਦਾ ਨਹੀਂ, ਉਸ ਟਕੇ ਦੀ ਕੀਮਤ ਬੇਸ਼ੁਮਾਰ ਹੈ, ਜੋ ਮੈਂ ਦੇ ਨਹੀਂ ਸਕਦਾ। ਜੋ ਸਾਮਾਨ ਦਿੱਤਾ ਹੈ, ਉਹ ਉਸ ਟਕੇ ਦੇ ਦੀਦਾਰ ਦੀ ਕੀਮਤ ਹੈ। ਜਲਦੀ ਜਾਵੋ, ਤੁਹਾਡੀ ਇੰਤਜ਼ਾਰ ਹੋ ਰਹੀ ਹੈ।' ਅਮਰ ਰਜ਼ਾ ਨੇ ਜੋ ਦੇਖਿਆ ਸੀ ਆ ਕੇ ਬਹਿਲੋਲ ਨੂੰ ਦੱਸਿਆ। ਬਹਿਲੋਲ ਜੀ ਦਾ ਬਾਬਾ ਜੀ 'ਤੇ ਭਰੋਸਾ ਹੋਰ ਵਧ ਗਿਆ ਉਨ੍ਹਾਂ ਨੂੰ ਅੱਲ੍ਹਾ ਦੀ ਜ਼ਾਤ ਕਰ ਕੇ ਮੰਨਣ ਲੱਗੇ। ਬਾਬਾ ਜੀ ਸ਼ਾਮ ਨੂੰ ਆਪਣੀ ਥਾਂ 'ਤੇ ਆ ਗਏ। ਕੀਰਤਨ ਵਿਚ ਬੇਅੰਤ ਲੋਕ ਆਏ, ਜਿਸ ਦੀ ਵਜ੍ਹਾ ਇਹ ਸੀ ਕਿ ਬਗ਼ਦਾਦਾ ਦਾ ਉਹ ਵੱਡਾ ਪੀਰ ਅਬਦੁਲ ਰਹਿਮਾਨ ਦਸਤਗੀਰ ਵੀ ਸਾਥੀਆਂ ਸਮੇਤ ਹਾਜ਼ਰ ਸੀ।

ਇਕ ਦਿਨ ਕੀਰਤਨ ਤੋਂ ਬਾਅਦ ਗੁਰੂ ਜੀ ਨੂੰ ਮਰਦਾਨਾ ਜੀ ਨੇ ਬੇਨਤੀ ਕੀਤੀ ਕਿ ਹੁਣ ਕਿਸੇ ਦੂਸਰੀ ਥਾਂ ਚੱਲੋ ਕਿਉਂਕਿ ਇਥੇ ਦਾ ਪਾਣੀ ਬੜਾ ਕੌੜਾ ਹੈ। ਬਾਬਾ ਜੀ ਨੇ ਆਖਿਆ ਕਿ ਇਸ ਜ਼ਮੀਨ ਨੇ ਖ਼ੁਦਾ ਦੀ ਸਿਫ਼ਤ-ਸਲਾਹ ਦਾ ਕੀਰਤਨ ਸੁਣਿਆ ਹੈ। ਇਹ ਜ਼ਰੂਰ ਮਿੱਠਾ ਪਾਣੀ ਦੇਵੇਗੀ। ਬਾਬਾ ਜੀ ਨੇ ਮਰਦਾਨਾ ਜੀ ਨੂੰ ਆਪਣੀ ਆਸਾ (ਸੋਟੀ) ਦਿੱਤੀ ਤੇ ਕਿਹਾ ਕਿ ਇਸ ਨੂੰ ਜ਼ਮੀਨ 'ਚ ਗੱਡ ਦਿਓ। ਮਰਦਾਨਾ ਜੀ ਨੇ ਆਸਾ ਜ਼ਮੀਨ 'ਚ ਗੱਡੀ ਹੀ ਸੀ ਕਿ ਪਾਣੀ ਦਾ ਚਸ਼ਮਾ ਨਿਕਲ ਆਇਆ, ਜੋ ਮਿੱਠਾ ਸੀ। ਇਸ ਆਬੇ-ਹਯਾਤ (ਅੰਮ੍ਰਿਤ) ਨੂੰ ਪੀ ਕੇ ਸੰਗਤ ਨੇ ਆਪਣੇ ਦਿਲਾਂ ਨੂੰ ਪਵਿੱਤਰ ਕੀਤਾ। ਬਾਅਦ 'ਚ ਇਸ ਚਸ਼ਮੇ ਨੂੰ ਖੂਹ ਦੀ ਸ਼ਕਲ 'ਚ ਬਦਲ ਦਿੱਤਾ ਗਿਆ, ਜਿਸ ਦਾ ਨਾਂ 'ਵਲੀ ਹਿੰਦ ਦਾ ਚਸ਼ਮਾ' ਹੈ।

ਬਹਿਲੋਲ ਜੀ ਨੇ ਗੁਰੂ ਜੀ ਨੂੰ ਬੇਨਤੀ ਕਰ ਕੇ ਕਾਫ਼ੀ ਦਿਨ ਇਥੇ ਰੱਖਿਆ। ਬਾਅਦ 'ਚ ਬਾਬਾ ਜੀ ਦੀ ਯਾਦਗਾਰ ਇਕ ਚਬੂਤਰੇ ਦੀ ਸ਼ਕਲ 'ਚ ਬਣਵਾਈ, ਜਿਸ ਦੇ ਹੇਠਾਂ ਅਰਬੀ ਤੇ ਤੁਰਕੀ ਜ਼ਬਾਨਾਂ ਵਿਚ ਲਿਖਿਆ ਅੱੱਜ ਵੀ ਮੌਜੂਦ ਹੈ। ਬਹਿਲੋਲ ਕਹਿਦੇ ਹਨ, ''ਐ ਮੁਰਾਦਾਂ ਪੂਰੀਆਂ ਕਰਨ ਵਾਲੇ ਖ਼ੁਦਾ ਤੂੰ ਜ਼ਾਹਿਰ ਖ਼ੁਦਾ ਹੈਂ। ਕੀ ਹੋਇਆ ਜੋ ਬਾਬਾ ਨਾਨਕ ਨਾਮ ਨਾਲ ਫ਼ਕੀਰੀ ਲਿਬਾਸ ਵਿਚ ਦੁਨੀਆ 'ਚ ਆਏ ਹੋ! ਮੈਂ ਪਛਾਣ ਲਿਆ ਹੈ। ਇਸ ਯਾਦਗਾਰੀ ਇਮਾਰਤ ਨੂੰ ਕਾਇਮ ਕਰਦਾ ਹਾਂ, ਜੋ ਆਉਣ ਵਾਲੀਆਂ ਪੁਸ਼ਤਾਂ ਤਕ ਕਾਇਮ ਰਹੇ। ਇਸ ਦੀ ਕਾਇਮੀ ਲਈ ਜ਼ਰੂਰੀ ਹੈ ਕਿ ਮੈਂ ਆਪ ਦੀ ਮਦਦ ਮੰਗਾਂ ਕਿ ਆਪਣੇ ਇਸ ਨੇਕ ਬਖ਼ਤ ਮੁਰੀਦ ਨੂੰ ਹਮੇਸ਼ਾ ਰਹਿਣ ਵਾਲਾ ਸਵਾਬ ਮਿਲਦਾ ਰਹੇ (917 ਹਿਜਰੀ)।''

1914 ਦੀ ਆਲਮੀ ਜੰਗ 'ਚ ਸਿੱਖ ਫ਼ੌਜੀਆਂ ਨੇ ਇਸ ਚਬੂਤਰੇ 'ਤੇ ਛੋਟਾ ਜਿਹਾ ਕਮਰਾ ਬਣਾਇਆ। ਲੜਾਈ ਤੋਂ ਬਾਅਦ ਬਗ਼ਦਾਦ ਆਜ਼ਾਦ ਹੋਇਆ ਤਾਂ ਬਹੁਤ ਸਾਰੇ ਸਿੰਧੀ ਤੇ ਦੂਸਰੇ ਸਿੱਖ ਵਪਾਰੀ ਇਥੇ ਪੁੱਜੇ। ਗੁਰੂ ਸਾਹਿਬ ਦੇ ਕਦਮਾਂ ਨੂੰ ਛੋਹ ਵਾਲੀ ਮਿੱਟੀ ਨੂੰ ਚੁੰਮਿਆ ਤੇ ਆਪਣੀ ਨੇਕ ਕਮਾਈ 'ਚੋਂ ਸ਼ਾਨਦਾਰ ਮੀਨਾਰ ਬਣਵਾਇਆ। ਇਸ ਮੀਨਾਰ ਦਾ ਨਿਸ਼ਾਨ ਸਾਹਿਬ ਬਗ਼ਦਾਦ ਸ਼ਹਿਰ ਤੋਂ ਉੱਚਾ ਝੁੱਲ ਰਿਹਾ ਹੈ ਤੇ ਸ਼ਹਿਰ ਦੇ ਚਾਰੇ ਪਾਸਿਓਂ ਦਿਸਦਾ ਹੈ। ਜੋ ਪੱਟੀ (ਸ਼ਿਲਾਲੇਖ) ਚਬੂਤਰੇ 'ਤੇ ਲੱਗੀ ਸੀ, ਉਹ ਹੁਣ ਦਰਬਾਰ ਦੀ ਦਹਿਲੀਜ਼ ਦੇ ਸਾਹਮਣੇ ਲੱਗੀ ਹੈ। ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਕੇ ਇਕ ਗ੍ਰੰਥੀ ਸਾਹਿਬ ਰੱਖਿਆ ਗਿਆ ਹੈ। ਗੁਰਦੁਆਰਾ ਸਾਹਿਬ ਦਾ ਪ੍ਰਬੰਧ ਬਹਿਲੋਲ ਜੀ ਦੇ ਮੁਰੀਦ ਅਮਰ ਰਜ਼ਾ ਦੀ ਵੰਸ਼ ਕੋਲ ਹੈ। ਇਨ੍ਹਾਂ ਕੋਲ ਇਕ ਪਵਿੱਤਰ ਕਿਤਾਬ ਵੀ ਹੈ, ਜਿਸ 'ਚ ਜਪੁਜੀ ਸਾਹਿਬ ਅਤੇ ਮੱਕਾ ਤੇ ਬਗ਼ਦਾਦ ਦੀ ਵਾਰਤਾਲਾਪ ਵੀ ਹੈ।

ਮੁਸ਼ਤਾਕ ਹੁਸੈਨ ਦੀ ਪਿਤਾ ਨਾਲ ਮੁਲਾਕਾਤ

ਮੁਸ਼ਤਾਕ ਹੁਸੈਨ ਨੇ 'ਸਿਹਾਯਤੋ ਬਾਬਾ ਨਾਨਕ ਫ਼ਕੀਰ' ਤੇ 'ਤਵਾਰੀਖ-ਏ-ਅਰਬ' ਦੀ ਨਕਲ ਕਰ ਕੇ ਕਿਤਾਬੀ ਸ਼ਕਲ ਦੇ ਕੇ ਆਪਣੇ ਪਿਤਾ ਜੀ ਨੂੰ ਦਿੱਤੀ ਤਾਂ ਕਿ ਉਨ੍ਹਾਂ ਦੇ ਵਿਚਾਰ ਜਾਣ ਲਵੇ ਤੇ ਸੋਚਣ ਲੱਗਾ ਕਿ ਦੋ ਦਿਨ ਪੜ੍ਹ ਕੇ ਆਪਣੇ ਵਿਚਾਰ ਮੇਰੇ ਨਾਲ ਸਾਂਝੇ ਕਰਨਗੇ। ਪਰ ਦੋ ਦਿਨਾਂ ਤਕ ਮੈਨੂੰ ਨਹੀਂ ਬੁਲਾਇਆ ਤੇ ਤੀਸਰੇ ਦਿਨ ਮੈਂ ਆਪਣੀ ਕਿਤਾਬ ਮੰਗੀ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਮੈਂ ਬੜਾ ਮਾਯੂਸ ਹੋਇਆ, ਜਿਵੇਂ ਮੇਰਾ ਸਭ ਕੁਝ ਗੁੰਮ ਗਿਆ ਹੋਵੇ। ਮੈਂ ਮਦੀਨੇ ਦੀਆਂ ਗਲੀਆਂ 'ਚ ਫਿਰ ਕੇ ਗੁਰੂ ਨਾਨਕ ਸਾਹਿਬ ਦੀ ਨਿਸ਼ਾਨੀ ਦੀ ਤਲਾਸ਼ ਕਰਨ ਲੱਗਾ ਤਾਂ ਮੈਨੂੰ ਇਕ ਕਾਫ਼ਲਾ ਦਿਸਿਆ, ਜੋ ਬਹਿਤੁਲ ਮੁਕੱਦਸ ਜਾ ਰਿਹਾ ਸੀ। ਮੈਂ 'ਸਿਹਾਯਤੋ ਬਾਬਾ ਨਾਨਕ ਫ਼ਕੀਰ' ਕਿਤਾਬ 'ਚ ਪੜ੍ਹਿਆ ਸੀ ਕਿ ਮੱਕਾ ਜਾਣ ਤੋਂ ਪਹਿਲਾਂ ਗੁਰੂ ਜੀ ਇਸ ਸ਼ਹਿਰ 'ਚ ਆਏ ਸਨ। ਮੈਂ ਸੋਚਿਆ ਕਿ ਇਸ ਕਾਫ਼ਲੇ ਦੇ ਨਾਲ ਜਾ ਕੇ ਇਸ ਥਾਂ ਦੇ ਦੀਦਾਰ ਕੀਤੇ ਜਾਣ ਤੇ ਉੱਥੋਂ ਦੇ ਲੋਕਾਂ ਕੋਲੋਂ ਗੁਰੂ ਸਾਹਿਬ ਬਾਰੇ, ਉਨ੍ਹਾਂ ਦੇ ਵਿਚਾਰ ਹਾਸਲ ਕੀਤੇ ਜਾਣ। ਮੈਂ ਕਾਫ਼ਲੇ ਨਾਲ ਤੁਰ ਪਿਆ। ਇਕ ਊਠ ਵਾਲਾ, ਜੋ ਇਕੱਲਾ ਹੀ ਸੀ, ਉਸ ਨਾਲ ਹੋ ਗਿਆ। ਉਹ ਊਠ ਜ਼ਰੀਏ ਪੰਜ ਦਿਨਾਂ 'ਚ ਰੇਗਿਸਤਾਨੀ ਇਲਾਕਾ ਪਾਰ ਕਰ ਕੇ ਬੈਹਤੁਲ ਮੁਕੱਦਸ ਪੁੱਜੇ। ਪਤਾ ਲੱਗਾ ਕਿ ਊਠ ਵਾਲਾ ਸਿੰਧੀ ਹੈ ਤੇ ਬਾਬਾ ਨਾਨਕ ਜੀ ਨੂੰ ਮੰਨਣ ਵਾਲਾ ਹੈ। ਉਸ ਨੇ ਉਨ੍ਹਾਂ ਨੂੰ ਇਕ ਛੋਟੀ ਜਿਹੀ ਕਿਤਾਬ ਵਿਖਾਈ ਜੋ ਸੁਨਹਿਰੀ ਹਰਫ਼ਾਂ ਨਾਲ ਅਰਬੀ ਵਿਚ ਲਿਖਿਆ 'ਜਪੁਜੀ ਸਾਹਿਬ' ਦਾ ਗੁਟਕਾ ਸੀ। ਸ਼ਹਿਰ ਵਿਚ ਜਾ ਕੇ ਉਸ ਊਠ ਵਾਲੇ ਦੇ ਨਾਲ ਸ਼ਹਿਰ ਦੇ ਬਾਹਰ ਕਬਰਿਸਤਾਨ 'ਚ ਬਣੇ ਗੁੰਬਦਨੁਮਾ ਆਲੀਸ਼ਾਨ ਗੁਰਦੁਆਰੇ ਦੇ ਦਰਸ਼ਨ ਕੀਤੇ, ਜਿਸ ਦਾ ਜ਼ਿਕਰ 'ਸਿਹਾਯਤੋ ਬਾਬਾ ਨਾਨਕ ਫ਼ਕੀਰ' ਕਿਤਾਬ 'ਚ ਪੜ੍ਹਿਆ ਸੀ ਤੇ ਜਿਸ ਦਾ ਨਾਂ ਉਸ ਵਿਚ 'ਨਾਨਕ ਸ਼ਾਹ ਕਲੰਦਰ' ਲਿਖਿਆ ਸੀ। ਅੰਦਰ ਹਾਲ ਦੇ ਵਿਚ ਇਕ ਚਬੂਤਰਾ ਬਣਿਆ ਹੋਇਆ ਸੀ, ਜਿਸ 'ਤੇ ਚਾਦਰ ਵਿਛੀ ਹੋਈ ਸੀ ਤੇ ਕੁਝ ਪ੍ਰੇਮੀ ਅਰਬੀ ਜ਼ਬਾਨ ਵਿਚ ਕੀਰਤਨ ਕਰ ਰਹੇ ਸਨ। ਕੀਰਤਨ ਤੋਂ ਬਾਅਦ ਮੈਂ ਉਨ੍ਹਾਂ ਨੂੰ ਪੁੱਛਿਆ, ''ਫਲਾ ਹਾਜ਼ਾ ਮਜ਼ਹਬਹੂ?'', (ਆਪ ਦਾ ਮਜ਼ਹਬ ਜਾਂ ਧਰਮ ਕੀ ਹੈ?) ਉਨ੍ਹਾਂ ਆਖਿਆ, ''ਅੱਲ੍ਹਾ ਇਨਾਹੂ ਨਾਨਕ ਸ਼ਾਹ ਹਿੰਦੁਲ ਪੀਰ।'' (ਸਾਡਾ ਮਜ਼ਹਬ ਹਿੰਦ ਦੇ ਫ਼ਕੀਰ ਨਾਨਕ ਸ਼ਾਹ ਪੀਰ ਦਾ ਹੈ)ਪੁੱਛਿਆ, ਆਪ ਦਾ ਨਬੀ ਕੌਣ ਹੈ? ਜਵਾਬ ਮਿਲਿਆ, ''ਨਾਨਕ ਨਬੀਯਨ ਵ ਅਨ ਆਮਨਾ ਬੇਹੀਂ।'' (ਨਾਨਕ ਹੀ ਸਾਡਾ ਨਬੀ ਤੇ ਈਮਾਨ ਹੈ, ਜਿਸ ਤੇ ਸਾਡਾ ਈਮਾਨ ਕਾਇਮ ਹੈ) ਫਿਰ ਪੁੱਛਿਆ ਪੈਗ਼ਬਰ ਜਾਂ ਨਬੀ ਦੇ ਤਿੰਨ ਨਿਸ਼ਾਨ ਹੁੰਦੇ ਹਨ 1. ਕਿਤਾਬ, 2 ਤਾਕਤ 3 ਮੁਰੀਦ। ਜਿਸ ਵਿਅਕਤੀ ਨਾਲ ਗੱਲਬਾਤ ਹੋ ਰਹੀ ਸੀ, ਉਹ ਤਾਂ ਚੁੱਪ ਹੋ ਗਿਆ ਪਰ ਨਾਲ ਬੈਠੇ ਇਕ ਬੁੱਢੇ ਆਦਮੀ ਨੇ ਛਾਤੀ ਠੋਕ ਕੇ ਕਿਹਾ, ''ਅਮਾਂ ਉਮਤੀ।'' (ਅਸੀਂ ਸਾਰੇ ਉਸ ਦੇ ਮੁਰੀਦ ਹਾਂ) ਉਸ ਨੇ ਆਪਣੀ ਬਗਲ 'ਚੋਂ ਛੋਟਾ ਗੁਟਕਾ ਕੱਢ ਕੇ ਆਖਿਆ, ''ਰਾਜ਼ਾ ਕਲਾਮੁਨ।'' (ਇਹ ਕਲਾਮ ਪਾਕ ਹੈ) ਤਾਕਤ ਬਾਰੇ ਉਸ ਨੇ ਆਖਿਆ, ''ਰਾਜ਼ਾ ਬੈਤੁਲਾ ਸ਼ਹਾਦਨ ਯੁਮੇ ਹਸ਼ਰ।'' (ਮੱਕਾ ਕਾਅਬਾ ਤੋਂ ਆਪਣਾ 'ਤੁਆਫ਼' ਕਰਵਾਇਆ) ਇਨ੍ਹਾਂ ਸਵਾਲਾਂ-ਜਵਾਬਾਂ ਨਾਲ ਮੇਰਾ ਯਕੀਨ ਬਹੁਤ ਵਧ ਗਿਆ ਸੀ।

ਮਦੀਨੇ ਪਹੁੰਚ ਕੇ ਪਿਤਾ ਜੀ ਮਿਲੇ ਤਾਂ ਉਨ੍ਹਾਂ ਦੇ ਕਿਤਾਬ ਬਾਰੇ ਖ਼ਿਆਲਾਤ ਪੁੱਛੇ। ਮੇਰੇ ਪਰੇਸ਼ਾਨੀ ਨੂੰ ਭਾਂਪਦੇ ਹੋਏ, ਉਨ੍ਹਾਂ ਕਿਤਾਬ ਵਾਪਸ ਕਰ ਦਿੱਤੀ ਤੇ ਕਹਿਣ ਲੱਗੇ ਤੂੰ ਇਥੇ ਕਹਾਣੀਆਂ ਪੜ੍ਹਨ ਨਹੀਂ ਆਇਆ। ਆਪਣੇ ਮਕਸਦ ਨੂੰ ਹਾਸਲ ਕਰੋ। ਕਿਤਾਬ ਲੈ ਕੇ ਮੈਂ ਕਮਰੇ 'ਚ ਆ ਗਿਆ ਤੇ ਦੁਬਾਰਾ ਕਿਤਾਬ ਨੂੰ ਪੜ੍ਹਿਆ ਤਾਂ ਰਾਤ ਦਾ ਪਹਿਲਾ ਹਿੱਸਾ ਖ਼ਤਮ ਹੋ ਚੁੱਕਾ ਸੀ। ਮੈਂ ਗੁਰੂ ਨਾਨਕ ਸਾਹਿਬ ਅੱਗੇ ਅਰਦਾਸ ਕੀਤੀ ਕਿ ਜੋ ਕੁਝ ਮੈਂ ਤੁਹਾਡੇ ਬਾਰੇ ਪੜ੍ਹਿਆ ਹੈ, ਜੇ ਉਹ ਸਹੀ ਹੈ ਤੰ ਮੈਨੂੰ ਸੂਝ-ਬੂਝ ਬਖ਼ਸ਼ਿਸ਼ ਕਰੋ, ਜਿਸ ਤੋਂ ਮੈਂ ਸਹੀ ਰਸਤਾ ਫੜ ਸਕਾਂ। ਰਾਤ ਬਹੁਤ ਹੋਣ ਕਾਰਨ ਨੀਂਦ ਨੇ ਫ਼ਰਸ਼ 'ਤੇ ਹੀ ਲੰਮੇ ਪਾ ਦਿੱਤਾ ਸੀ। ਸੁਪਨੇ 'ਚ ਦੇਖਦਾ ਹਾਂ ਕਿ ਜਿਸ ਤਰ੍ਹਾਂ ਇਸਲਾਮ ਦੀਆਂ ਕਿਤਾਬਾਂ 'ਚ ਲਿਖਿਆ ਹੈ, ਹੂਬਹੂ ਉਸੇ ਤਰ੍ਹਾਂ ਕਿਆਮਤ ਦਾ ਨਜ਼ਾਰਾ ਹੈ। ਲੋਕ, ਜਿਨ੍ਹਾਂ ਨੂੰ ਨਜਾਤ ਨਹੀਂ ਮਿਲੀ, ਖੁੱਲ੍ਹੇ ਮੈਦਾਨ 'ਚ ਨੰਗੇ ਖੜ੍ਹੇ ਆਪਣੇ ਹੱਥਾਂ ਵਿਚ ਸੰਸਾਰ 'ਚ ਰਹਿੰਦਿਆਂ ਕੀਤੇ ਕਰਮਾਂ ਦਾ ਲੇਖਾ ਜੋਖਾ ਦੇਖ ਕੇ ਹੈਰਾਨ ਹੋ ਰਹੇ ਹਨ। ਸੂਰਜ ਨੇ ਜ਼ਮੀਨ ਨੂੰ ਤਾਂਬੇ ਦੀ ਤਰ੍ਹਾਂ ਗਰਮ ਕੀਤਾ ਹੋਇਆ ਹੈ ਤੇ ਲੋਕ ਗਰਮੀ ਨਾਲ ਤੜਪ ਰਹੇ ਹਨ। ਇਸਲਾਮ ਨੇ ਦੱਸਿਆ ਹੈ ਕਿ ਐਸੇ ਖ਼ੌਫ਼ਨਾਕ ਸਮੇਂ ਖ਼ੁਦਾ ਦੀਦਾਰ ਬਖ਼ਸ਼ ਕੇ ਜਨਤਾ ਦੇ ਦੁੱਖ ਆਪ ਮਿਟਾਉਣਗੇ ਤੇ ਆਪ ਜੱਨਤ ਤੇ ਦੋਜ਼ਕ ਦਾ ਫ਼ੈਸਲਾ ਕਰਨਗੇ। ਸਾਹਮਣੇ ਹੀਰੇ ਜੜਤ ਤਖ਼ਤ ਵੀ ਦਿਸ ਰਿਹਾ ਸੀ, ਜਿਸ ਉੱਪਰ ਸੁਨਹਿਰੀ ਪਾਲਕੀ ਸੀ। ਹਾਜ਼ਰੀਨ ਨੂੰ ਭਰੋਸਾ ਸੀ ਕਿ ਹੁਣ ਖ਼ੁਦਾਵੰਦ ਕਰੀਮ ਦੇ ਪਾਲਕੀ 'ਚੋਂ ਦੀਦਾਰ ਹੋਣਗੇ ਤੇ ਅਸੀਂ ਬਖ਼ਸ਼ੇ ਜਾਵਾਂਗੇ। ਇਨ੍ਹਾਂ ਤੜਪ ਰਹੇ ਲੋਕਾਂ ਵਿੱਚੋਂ ਆਵਾਜ਼ ਆਈ ਕਿ ਹਜ਼ਰਤ ਈਸਾ ਪੈਗ਼ੰਬਰ ਆ ਰਹੇ ਹਨ। ਸਾਰਿਆਂ ਨੂੰ ਉਮੀਦ ਹੋਈ ਕਿ ਈਸਾ ਜੀ ਸਾਡੀ ਸਿਫ਼ਾਰਸ਼ ਕਰ ਕੇ ਦੁੱਖਾਂ ਤੋਂ ਛੁਟਕਾਰਾ ਪਾਉਣ 'ਚ ਮਦਦ ਕਰਨਗੇ। ਦੇਖਿਆ ਕਿ ਅੱਗੇ-ਅੱਗੇ ਈਸਾ ਜੀ ਤੇ ਪਿੱਛੇ ਉਨ੍ਹਾਂ ਦੀ ਉੱਮਤ ਆ ਰਹੀ ਹੈ। ਈਸਾ ਜੀ ਪਾਲਕੀ ਨੂੰ ਸਜਦਾ ਕਰ ਖੱਬੇ ਪਾਸੇ ਖੜ੍ਹੇ ਹੋ ਗਏ ਤੇ ਉਨ੍ਹਾਂ ਦੀ ਉੱਮਤ ਲੋਕਾਂ 'ਚ ਮਿਲ ਗਈ। ਫਿਰ ਇਕ ਆਵਾਜ਼ ਆਈ ਕਿ ਹਜ਼ਰਤ ਮੂਸਾ ਆ ਰਹੇ ਹਨ ਪਰ ਉਹ ਵੀ ਹਜ਼ਰਤ ਈਸਾ ਵਾਂਗ ਪਾਲਕੀ ਨੂੰ ਸਜਦਾ ਕਰ ਕੇ ਉਸ ਦੇ ਨਾਲ ਖੜ੍ਹੇ ਹੋ ਗਏ। ਫਿਰ ਹਜ਼ਰਤ ਦਾਊਦ ਦੇ ਆਉਣ ਦੀ ਆਵਾਜ਼ ਆਈ। ਉਹ ਵੀ ਪਾਲਕੀ ਨੂੰ ਸਜਦਾ ਕਰ ਕੇ ਹਜ਼ਰਤ ਈਸਾ ਤੇ ਮੂਸਾ ਦੇ ਪਾਸ ਖੜ੍ਹੇ ਹੋ ਗਏ। ਹੁਣ ਹਜ਼ਰਤ ਮੁਹੰਮਦ ਸਾਹਿਬ ਦੇ ਆਉਣ ਦੀ ਆਵਾਜ਼ ਆਈ। ਲੋਕਾਂ ਨੂੰ ਭਰੋਸਾ ਹੋ ਗਿਆ ਕਿ ਇਹ ਸਾਡੀ ਸਿਫ਼ਾਰਸ਼ ਕਰ ਕੇ ਦੁੱਖਾਂ ਮੁਸੀਬਤਾਂ ਤੋ ਛੁਟਕਾਰਾ ਦਿਵਾਉਣਗੇ ਕਿਉਂਕਿ ਉਨ੍ਹਾਂ ਨੇ ਦੁਨੀਆ 'ਚ ਵਾਅਦਾ ਕੀਤਾ ਸੀ ਕਿ ਕਿਆਮਤ ਦੇ ਦਿਨ ਉਹ ਸਿਫ਼ਾਰਸ਼ ਕਰ ਕੇ ਲੋਕਾਂ ਨੂੰ ਦੁੱਖਾਂ ਤੋਂ ਛੁਟਕਾਰਾ ਦਿਵਾਉਣਗੇ। ਉਹ ਵੀ ਪਹਿਲੇ ਹਜ਼ਰਤਾਂ ਵਾਂਗ ਆ ਕੇ ਖੜ੍ਹੇ ਹੋ ਗਏ। ਚਾਰਾਂ ਨੂੰ ਖ਼ਾਮੋਸ਼ ਦੇਖ ਕੇ ਲੋਕ ਹੋਰ ਦੁਖੀ ਹੋਏ। ਫਿਰ ਇਕੱਠ ਵਿੱਚੋਂ ਆਵਾਜ਼ ਆਈ ਮਰਹਬਾ (ਵਾਹ-ਵਾਹ) ਅੱਲ੍ਹਾ ਬਾਬਾ ਨਾਨਕ ਆ ਰਹੇ ਹਨ। ਸਾਰਿਆਂ ਨੇ ਸਾਹਿਬਾਨ-ਸਾਹਿਬਾਨ ਸ਼ੁਰੂ ਕਰ ਦਿੱਤਾ। ਮੈਨੂੰ ਕਿਉਂਕਿ ਨਾਨਕ ਨਾਮ 'ਚ ਖ਼ਾਸ ਦਿਲਚਸਪੀ ਸੀ, ਸਾਹਮਣੇ ਦੇਖਿਆ ਕਿ ਨੂਰੀ ਜਲਵੇ ਦੇ ਮਾਲਕ ਆ ਰਹੇ ਹਨ ਤੇ ਡੂੰਘੀ ਨਜ਼ਰ ਨਾਲ ਜਨਤਾ ਨੂੰ ਦੇਖਦੇ ਹੋਏ ਨਿਧੜਕ ਰਫ਼ਤਾਰ ਵਿਚ ਆ ਰਹੇ ਹਨ। ਜਿੱਥੇ-ਜਿੱਥੇ ਨਜ਼ਰ ਪੈਂਦੀ ਸੀ ਲੋਕਾਂ ਨੂੰ ਆਜ਼ਾਦੀ ਮਿਲ ਕੇ ਠੰਢਕ ਮਿਲ ਰਹੀ ਸੀ। ਆਪ ਦੇ ਪਿੱਛੇ ਜਟਾਜੂਟ ਸੰਗਤ ਕੇਸਰੀ ਨਿਸ਼ਾਨ ਸਾਹਿਬ ਲੈ ਕੇ ਵਾਹਿਗੁਰੂ-ਵਾਹਿਗੁਰੂ ਦਾ ਜਾਪ ਕਰ ਰਹੀ ਸੀ ਤੇ ਨੂਰਾਨੀ ਚਿਹਰੇ ਦਾ ਜਲਾਲ ਲੱਖਾਂ ਸੂਰਜਾਂ ਦੀ ਚਮਕ ਨੂੰ ਸ਼ਰਮਸਾਰ ਕਰ ਰਿਹਾ ਸੀ। ਹਜ਼ੂਰ ਦੇ ਸਿਰ 'ਤੇ ਮੁਬਾਰਕ ਚਿੱਟੇ ਰੰਗ ਦੀ ਗੋਲ ਦਸਤਾਰ ਸੀ। ਗੋਡਿਆਂ ਤਕ ਕਲੀਦਾਰ ਚੋਲਾ ਤੇ ਹੱਥ ਵਿਚ ਸ਼ਾਨਦਾਰ ਮਾਲਾ ਸੀ। ਹੱਥ ਗੋਡਿਆਂ ਤੋਂ ਹੇਠਾਂ ਤਕ ਆਉਂਦੇ ਸਨ। ਮੁਸ਼ਤਾਕ ਜੀ ਨੇ ਦੱਸਿਆ ਕਿ ਪੂਰੇ ਪੰਥ ਵਿਚ ਕੋਸ਼ਿਸ਼ ਕੀਤੀ ਕਿ ਉਸ ਸੂਰਤ ਜਿਹੀ ਕੋਈ ਫੋਟੋ ਮਿਲ ਜਾਵੇ ਪਰ ਕਾਮਯਾਬੀ ਨਹੀਂ ਮਿਲੀ।

99065-66604

Posted By: Harjinder Sodhi