ਤੀਜੀ ਕਿਸ਼ਤ

ਰੁਕਨਦੀਨ ਕਨਦੀਨ ਕਾਜ਼ੀ ਨੇ ਮੱਕਾ ਕਾਅਬਾ ਵਿਖੇ ਗੁਰੂ ਸਾਹਿਬ ਨੂੰ ਤਿੰਨ ਸਵਾਲ ਕੀਤੇ -

ਦੀਨ ਵਿਚ ਗਾਣਾ-ਵਜਾਉਣਾ ਹਰਾਮ ਦੱਸਿਆ ਹੈ। ਆਪ ਇੰਜ ਕਿਉਂ ਕਰਦੇ ਹੋ?

ਗੁਰੂ ਜੀ ਨੇ ਕਿਹਾ ਕੁਰਾਨ ਸ਼ਰੀਫ਼ ਵਿਚ ਇਸ ਦੀ ਕੋਈ ਮਨਾਹੀ ਨਹੀਂ। ਆਪ ਦੇ ਨਬੀ ਖ਼ੁਦ ਗਾਣ-ਵਜਾਉਣ ਦੇ ਸ਼ੌਕੀਨ ਸਨ ਤੇ ਐਸੀਆਂ ਮਹਿਫ਼ਲਾਂ 'ਚ ਖ਼ੁਸ਼ੀ ਨਾਲ ਜਾਂਦੇ ਸਨ। ਹਦੀਸਾਂ ਵਿਚ ਲਿਖਿਆ ਹੈ ਕਿ ਇਕ ਵਾਰ ਕੁਰੈਸ਼ ਕਬੀਲੇ (ਪੈਗ਼ਬਰ ਖ਼ੁਦਾ ਦੇ ਕਬੀਲੇ ਦਾ ਨਾਂ) ਦੀ ਇਕ ਸ਼ਾਦੀ 'ਚ ਜਦੋਂ ਮੁਹੰਮਦ ਸਾਹਿਬ ਦਾਅਵਤ 'ਤੇ ਉੱਥੇ ਪੁੱਜੇ ਤਾਂ ਲੜਕੀਆਂ ਘੜਾ ਵਜਾ ਕੇ ਸ਼ਾਦੀ ਦੇ ਗੀਤ ਗਾ ਰਹੀਆਂ ਸਨ। ਉਨ੍ਹਾਂ ਨੂੰ ਵੇਖ ਕੇ ਉਹ ਧਰਮੀ ਗੀਤ ਗਾਉਣ ਲੱਗੀਆਂ। ਮੁਹੰਮਦ ਸਾਹਿਬ ਨੇ ਉਨ੍ਹਾਂ ਨੂੰ ਕਿਹਾ, ਉਹੀ ਗਾਵੋ ਜੋ ਪਹਿਲਾਂ ਗਾ ਰਹੀਆਂ ਸੋ। ਮੈਨੂੰ ਉਸ ਨਾਲ ਪ੍ਰੇਮ ਹੈ। ਖ਼ੁਦਾ ਤੁਹਾਨੂੰ ਇੱਜ਼ਤ ਬਖ਼ਸ਼ੇਗਾ।

ਬਾਬਾ ਜੀ ਨੇ ਰੁਕਨਦੀਨ ਨੂੰ ਕਿਹਾ ਕਿ ਸ਼ਾਦੀ ਦੇ ਗਾਣੇ ਸੁਣਨ ਲਈ ਲੜਕੀਆਂ ਲਈ ਖ਼ੁਦਾ ਵਾਸਤੇ ਖ਼ੁਦਾ ਤੋਂ ਉਨ੍ਹਾਂ ਦੀ ਇੱਜ਼ਤ ਦੀ ਦੁਆ ਕਰਦੇ ਹਨ ਤੇ ਮੈਂ ਜੋ ਖ਼ੁਦਾ ਨੂੰ ਹਾਜ਼ਰ-ਨਾਜ਼ਰ ਜਾਣਦਾ ਹੋਇਆ ਉਸ ਦੀ ਸਿਫ਼ਤ-ਸਲਾਹ ਵਿਚ ਗਾਉਂਦਾ ਹਾਂ, ਉਸ ਨੂੰ ਆਪਣੇ ਖ਼ੁਦਾ ਦੀ ਬਰਾਬਰੀ ਕਰਨ ਵਾਲੇ ਉਨ੍ਹਾਂ ਮੁਲਜ਼ਮਾਂ ਦੇ ਕਹਿਣ 'ਤੇ ਹਰਾਮ ਕਹਿ ਰਹੇ ਹੋ, ਇਹ ਕਿੱਥੋਂ ਦਾ ਇਨਸਾਫ਼ ਹੈ। ਆਪ ਆਪਣੇ ਘਰ ਦੀ ਵਾਕਫ਼ੀਅਤ (ਗਿਆਨ) ਹਾਸਲ ਕਰੋ।

ਦੀਨ ਸਾਨੂੰ ਵਾਲ ਕਟਵਾਉਣ ਦੀ ਇਜਾਜ਼ਤ ਦੇਂਦਾ ਹੈ ਪਰ ਆਪ ਜਟਾ-ਜੂਟ ਕਿਉਂ ਹੋ?

ਬਾਬਾ ਜੀ ਨੇ ਕਿਹਾ ਕਿ ਜੇਕਰ ਆਪ ਖ਼ੁਦਾ ਦੇ ਮੁਲਜ਼ਮਾਂ ਦੇ ਬਣਾਏ ਕਾਨੂੰਨਾਂ 'ਤੇ ਚੱਲੋਗੇ ਤਾਂ ਦੋਜ਼ਕ ਦੀ ਅੱਗ 'ਚ ਸੜੋਗੇ। ਕੁਰਾਨ ਸ਼ਰੀਫ਼ ਵਾਲ ਕਟਵਾਉਣ ਦੀ ਇਜਾਜ਼ਤ ਬਿਲਕੁਲ ਨਹੀਂ ਦੇਂਦਾ। ਦੇਖੋ ਸਪਾਰਾ-2 : ਸੂਰਤ ਬੱਕਰ ਰਕੂਅ : 24 ਆਇਤ 196, ਜਿਸ ਦਾ ਭਾਵ ਇਸ ਤਰ੍ਹਾਂ ਹੈ - 'ਖ਼ੁਦਾ ਦੇ ਵੱਲ ਹੱਜ ਕਰਨ ਵਾਲੇ ਮੁਸਲਮਾਨਾਂ ਲਈ ਵਾਲ ਰੱਖਣੇ ਬਹੁਤ ਜ਼ਰੂਰੀ ਹਨ। ਹਰ ਮੁਸਲਮਾਨ ਲਈ ਹੱਜ ਕਰਨਾ ਜ਼ਰੂਰੀ ਹੈ ਤਦ ਹੀ ਉਸ ਦੀ ਜ਼ਿੰਦਗੀ ਕਾਮਯਾਬ ਹੈ। ਜਟਾ-ਜੂਟ ਰਹਿ ਕੇ ਹੱਜ ਦੀਆਂ ਦੂਸਰੀਆਂ ਸ਼ਰਤਾਂ ਨੂੰ ਪੂਰਾ ਕਰੋ। ਯਜ਼ਰਵੇਦ ਵਿਚ ਵੀ ਵਾਲ ਕਟਵਾਉਣ ਦੀ ਸਖ਼ਤ ਮਨਾਹੀ ਹੈ। (ਸੂਰਤੀ 119)

ਸਾਰੇ ਪੈਗ਼ੰਬਰਾਂ, ਇਮਾਮਾਂ ਨੇ ਖ਼ਾਨਾ ਕਾਅਬਾ ਨੂੰ ਖ਼ੁਦਾ ਦਾ ਘਰ ਦੱਸਿਆ ਹੈ। ਆਪ ਕੀ ਕਹਿੰਦੇ ਹੋ?

ਬਾਬਾ ਜੀ ਨੇ ਦੱਸਿਆ ਕਿ ਕੁਰਾਨ ਸ਼ਰੀਫ਼ ਇਸ ਨੂੰ ਗ਼ਲਤ ਕਹਿੰਦੇ ਹਨ। ਬਾਬਾ ਜੀ ਨੇ ਅਰਬੀ 'ਚ ਕਿਹਾ ਕਿ ਖ਼ੁਦਾਵੰਦ ਕਰੀਮ ਨੇ ਹਜ਼ਰਤ ਮੁਹੰਮਦ ਸਾਹਿਬ ਨੂੰ ਸਾਫ਼ ਕਹਿ ਦਿੱਤਾ ਸੀ ਕਿ ਮੈਂ ਕਿਸੇ ਇਮਾਰਤ 'ਚ ਕੈਦ ਨਹੀਂ। ਮੈਂ ਹਰ ਇਨਸਾਨ ਦੀ ਸ਼ਾਹਰਗ਼ ਦੀ ਨਾੜੀ ਤੋਂ ਵੀ ਨਜ਼ਦੀਕ ਹਾਂ। ਇਹ ਸੁਣ ਕੇ ਹਾਜ਼ਰੀਨ 'ਤੇ ਗਹਿਰਾ ਅਸਰ ਹੋਇਆ ਅਤੇ ਸਾਰਿਆਂ ਨੇ ਖ਼ੁਸ਼ੀ ਨਾਲ ਉੱਚੀ ਆਵਾਜ਼ ਵਿਚ (ਅਰਬੀ 'ਚ) ਕਿਹਾ, 'ਕੁਰਾਨ ਜਾਣਦੇ ਹਨ, ਖ਼ਿਦਮਤ ਵਿਚ ਹਾਜ਼ਰ ਹਨ। ਖ਼ੁਦਾ ਆਪ ਦਾ ਭਲਾ ਕਰੇ ਅਤੇ ਨੇਕੀਆਂ ਬਖ਼ਸ਼ੇ।'

ਹੁਣ ਕਾਜ਼ੀ ਰੁਕਨਦੀਨ ਨੇ ਆਪਣੇ ਸਾਥੀਆਂ, ਜੋ ਸ਼ਹਿਰ ਤੋਂ ਤੁਰਨ ਸਮੇਂ ਉਸ ਨੂੰ ਰਸਤੇ 'ਚ ਬਾਬਾ ਨਾਨਕ ਦੀ ਨੂੰ ਕਈ ਤਰੀਕਿਆਂ ਨਾਲ ਮਾਰ ਦੇਣ ਦੀ ਸਲਾਹ ਦੇ ਰਹੇ ਸਨ, ਨੂੰ ਮੁਖਾਤਿਬ ਹੋ ਕੇ ਕਿਹਾ ਮੇਰੇ ਨਾਨਕ ਜੀ ਨੂੰ ਸਜਦਾ ਕਰਦਾ ਵੇਖ ਕੇ ਆਪ ਸਭ ਬਹੁਤ ਤਿਲਮਿਲਾਏ ਹੋਵੋਗੇ ਪਰ ਮੇਰੀਆਂ ਅੱਖਾਂ ਨੇ ਚੰਗੀ ਤਰ੍ਹਾਂ ਪਛਾਣ ਕੇ ਸਜਦਾ ਕੀਤਾ ਹੈ। ਉਨ੍ਹਾਂ ਨੇ ਸਾਡੇ ਸ਼ਰਈ (ਇਸਲਾਮੀ ਕਾਨੂੰਨ ਮੁਤਾਬਿਕ) ਇਮਾਮਾਂ ਤੇ ਮੁੱਲਾਂ ਆਦਿ ਦੇ ਬਣਾਏ ਹੋਏ ਕਾਨੂੰਨਾਂ ਨੂੰ ਕੁਰਾਨ ਮਜੀਦ ਦੇ ਹਵਾਲਿਆਂ ਰਾਹੀਂ ਗ਼ਲਤ ਸਾਬਤ ਕਰ ਦਿੱਤਾ ਹੈ।

ਬਾਬਾ ਨਾਨਕ ਜੀ ਨੇ ਕੁਰਾਨ ਮਜੀਦ ਦੇ ਹਵਾਲੇ ਨਾਲ ਸਾਬਤ ਕਰ ਦਿੱਤਾ ਹੈ ਕਿ ਖ਼ੁਦਾ ਦੇ ਰਾਹ 'ਤੇ ਚੱਲਣ ਵਾਲੇ ਮੁਸਲਮਾਨਾਂ ਨੂੰ ਵਾਲ ਕਟਾਉਣ ਦੀ ਮਨਾਹੀ ਹੈ। ਖ਼ੁਦਾ ਦੀ ਸਿਫ਼ਤ-ਸਲਾਹ ਵਿਚ ਗਾਣ-ਵਜਾਉਣ ਦੀ ਮੁਲਸਮਾਨਾਂ ਨੂੰ ਕੋਈ ਮਨਾਹੀ ਨਹੀਂ ਹੈ ਤੇ ਖ਼ੁਦਾ ਦੀ ਹਰ ਥਾਂ ਮੌਜੂਦਗੀ ਨੂੰ ਵੀ ਸਾਬਤ ਕਰ ਦਿੱਤਾ ਹੈ, ਆਪ ਲੋਕ ਵੀ ਸਜਦਾ ਕਰੋ। ਇਹ ਸੁਣ ਕੇ ਸਾਰਿਆਂ ਨੇ ਬਾਬਾ ਜੀ ਨੂੰ ਸਜਦਾ ਕੀਤਾ ਤੇ ਬਾਬਾ ਜੀ ਨੂੰ ਬੇਨਤੀ ਕਰ ਕੇ ਉਨ੍ਹਾਂ ਦੇ ਪੈਰ, ਜੋ ਧਰਤੀ ਨੇ ਪਕੜ ਰੱਖੇ ਸਨ, ਆਜ਼ਾਦ ਕਰ ਦਿੱਤੇ।

ਹੁਣ ਗੁਰੂ ਨਾਨਕ ਸਾਹਿਬ ਸਾਰੀ ਰਾਤ ਮੱਕਾ ਵਿਚ ਕੀਰਤਨ ਕਰਦੇ ਰਹੇ। ਸਵੇਰ ਤਕ ਬਹੁਤ ਸੰਗਤ ਇਕੱਠੀ ਹੋ ਗਈ। ਤਾਜਦੀਨ ਨੇ ਉਨ੍ਹਾਂ ਦੀ ਗਿਣਤੀ 300 ਲਿਖੀ ਹੈ। ਹਜ਼ੂਰ ਦੇ ਦਰਸ਼ਨ ਕਰਨ ਵਾਲਿਆਂ ਨੇ ਖਜੂਰਾਂ ਤੇ ਊਠਣੀਆਂ ਦਾ ਦੁੱਧ ਹਾਜ਼ਰ ਕੀਤਾ, ਜੋ ਕੀਰਤਨ ਦੀ ਸਮਾਪਤੀ ਤੋਂ ਬਾਅਦ ਹਾਜ਼ਰੀਨ (ਸੰਗਤ) 'ਚ ਵੰਡ ਦਿੱਤਾ ਗਿਆ। ਇਸ ਸੰਗਤ 'ਚ ਕਾਜ਼ੀ ਰੁਕਨਦੀਨ ਤੋਂ ਇਲਾਵਾ ਖ਼ਵਾਜ਼ਾ ਜ਼ੈਨਲਬਦੀਨ, ਹਾਜ਼ੀ ਗ਼ੁਲਾਮ ਅਹਿਮਦ (ਕੁਰੈਸ਼ ਕਬੀਲੇ ਦਾ ਸਰਦਾਰ) ਤੇ ਇਬਨੇ ਅਸਵੂੱਧ ਤੇ ਬੁੱਧੂ ਕਬੀਲੇ ਦੇ ਵੱਡੇ ਸਰਦਾਰ ਵੀ ਹਾਜ਼ਰ ਸਨ। ਇਨ੍ਹਾਂ ਨੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਵਾਰੀ-ਵਾਰੀ ਬਾਬਾ ਜੀ ਦਾ ਗੁਣ-ਗਾਇਨ ਕੀਤਾ। ਇਸ ਤੋਂ ਬਾਅਦ ਰੁਕਨਦੀਨ ਜੀ ਤੇ ਸੰਗਤ ਨੇ ਦੁਆ ਕੀਤੀ ਕਿ ਕੋਈ ਐਸੀ ਹਦਾਇਤ (ਬਖ਼ਸ਼ਿਸ ਕਰੋ, ਜਿਸ ਨੂੰ ਗ੍ਰਹਿਣ ਕਰ ਕੇ ਸੰਸਾਰੀ ਝਮੇਲਿਆਂ ਤੋਂ ਛੁੱਟ ਜਾਈਏ ਤੇ ਨਜਾਤ (ਮੁਕਤੀ) ਪਾ ਸਕੀਏ। ਬਾਬਾ ਜੀ ਬੋਲੇ, 'ਕਰਤਾਰ ਚਿੱਤ ਆਵੇ' ਤੇ ਹੱਕ ਸੱਚ ਨੂੰ ਅਪਨਾਉਣ ਬਾਰੇ ਅਰਬੀ ਵਿਚ ਇਹ ਸ਼ਬਦ ਉਚਾਰਿਆ :

ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ£ ਹਕਾ ਕਬੀਰ ਕਰੀਮ ਤੂ ਬੇਐਬ ਪਰਵਰਦਗਾਰ£ ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲ ਦਾਨੀ£ ਮਮ ਸਰ ਮੂਇ ਅਜਰਾਈਲ ਗਿਰਫਤਹ ਦਿਲ ਹੇਚਿ ਨ ਦਾਨੀ£ (੧) ਰਹਾਉ£

ਜਨ ਪਿਸਰ ਪਦਰ ਬਿਰਾਦਰਾ ਕਸ ਨੇਸ ਦਸਤੰਗੀਰ£ ਆਖਿਰ ਬਿਅਫਤਮ ਕਸ ਨ ਦਾਰਦ ਚੂੰ ਸਵਦ ਤਕਬੀਰ£ (੨)

ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ£ ਗਾਹੇ ਨ ਨੇਕੀ ਕਾਰ ਕਰਦਮ ਮਮ ਈਂ ਚਿਨੀ ਅਹਵਾਲ£ (੩)

ਬਦ ਬਖਤ ਹਮ ਚੁ ਬਖੀਲ ਗਾਫਿਲ ਬੇਨਜਰ ਬੇਬਾਕ£ ਨਾਨਕ ਬੁਗੋਯਦ ਜਨੁ ਤੁਰਾ ਤੇਰ ਚਾਕਰਾਂ ਪਾ ਖਾਕ £ (੪)£ (ਰਾਗ ਤਿਲੰਗ ਮਹਲਾ ਪਹਿਲਾ, ਘਰ ਪਹਿਲਾ)

ਇਸ ਦੇ ਅਰਥ ਹਨ, ਮੈਂ ਸੱਚ ਕਹਿਦਾਂ ਹਾ ਖ਼ੁਦਾ ਬਹੁਤ ਮਿਹਰਬਾਨ, ਬੇਬਾਕ ਤੇ ਪਰਵਰਦਿਗਾਰ ਹਨ। ਤੁਹਾਡੇ ਅੱਗੇ ਦੁਆ ਹੈ ਕਿ ਕ੍ਰਿਪਾ ਕਰ ਕੇ ਚੰਗੀ ਤਰ੍ਹਾਂ ਸੁਣੋ। ਇਹ ਖ਼ੁਦਾ ਜਾਣਦਾ ਹੈ ਕਿ ਸੰਸਾਰ ਫ਼ਾਨੀ ਹੈ ਪਰ ਇਹ ਮਨੁੱਖ ਨਹੀਂ ਜਾਣਦਾ ਕਿ ਮੌਤ ਦਾ ਫ਼ਰਿਸ਼ਤਾ ਉਸ ਨੂੰ ਵਾਲਾਂ ਤੋਂ ਪਕੜ ਬੈਠਾ ਹੈ ਤੇ ਜਾਨ ਕੱਢ ਕੇ ਲੈ ਜਾਵੇਗਾ। ਤਦ ਕੋਈ ਵੀ ਪਿਤਾ, ਪੁੱਤਰ, ਔਰਤ, ਭਾਈ ਵਗੈਰਾ ਮਦਦਗਾਰ ਨਹੀਂ ਹੋਵੇਗਾ। ਮੇਰਾ ਦਿਲ ਲੋਭ-ਲਾਲਚ ਤੇ ਭੈੜੇ ਖ਼ਿਆਲਾਂ ਨਾਲ ਦਿਨ-ਰਾਤ ਦੱਬਿਆ ਰਹਿੰਦਾ ਹੈ। ਮੇਰੀ ਐਸੀ ਹਾਲਤ ਹੈ ਕਿ ਕਦੀ ਚੰਗਾ ਕੰਮ ਕੀਤਾ ਹੀ ਨਹੀਂ। ਮੇਰੇ ਜਿਹਾ ਬਦਕਿਸਮਤ, ਚੁਗਲਖ਼ੋਰ, ਕਮੀਨਾ, ਸੁਸਤ, ਕਮ-ਅਕਲ ਤੇ ਜ਼ਿੱਦੀ ਹੋਰ ਕੋਈ ਨਹੀਂ। ਮੇਰੀ ਦੁਆ ਹੈ ਕਿ ਮੈਂ ਮੌਤ ਨੂੰ ਯਾਦ ਰੱਖਦਾ ਹੋਇਆ, ਦਿਨ-ਰਾਤ ਤੇਰੀ ਬੰਦਗੀ 'ਚ ਮਸਰੂਫ਼ ਰਹਿੰਦਾ, ਪਵਿੱਤਰ ਜ਼ਿੰਦਗੀ ਗੁਜ਼ਾਰਾਂ। ਮੈਨੂੰ ਆਪਣੀ ਬੰਦਗੀ ਵਾਲੇ ਪਵਿੱਤਰ ਇਨਸਾਨਾਂ ਦੇ ਪੈਰਾਂ ਦੀ ਧੂੜ ਬਖ਼ਸ਼ੋ।

ਹੁਣ ਕਾਜ਼ੀ ਰੁਕਨਦੀਨ ਨੇ ਹਜ਼ੂਰ ਬਾਬਾ ਨਾਨਕ ਜੀ ਕੋਲ ਦੁਆ ਕੀਤੀ ਕਿ ਉਨ੍ਹਾਂ ਨੂੰ ਆਪਣਾ ਮੁਰੀਦ ਬਣਾਉ! ਬਾਬਾ ਜੀ ਨੇ ਆਪਣੇ ਪੈਰ ਦਾ ਸੱਜਾ ਅੰਗੂਠਾ ਅੱਗੇ ਕਰ ਕੇ ਧੋਣ ਲਈ ਆਖਿਆ। ਉਸ ਨੇ ਅੰਗੂਠਾ ਮੂੰਹ ਵਿਚ ਪਾ ਕੇ ਚੂਸ ਲਿਆ। ਫਿਰ ਧੋਣ ਲੱਗਾ ਤਾਂ ਬਾਬਾ ਜੀ ਨੇ ਫ਼ਮਾਇਆ, ਹੁਣ ਧੋਣ ਦੀ ਜ਼ਰੂਰਤ ਨਹੀਂ। ਇੰਨਾ ਆਖਦਿਆਂ ਹੀ ਰੁਕਨਦੀਨ ਦੀ ਸਮਾਧੀ ਲੱਗ ਗਈ। ਕਾਫ਼ੀ ਦੇਰ ਬਾਅਦ ਤਾਜਦੀਨ ਨੇ ਬਾਬਾ ਜੀ ਨੂੰ ਉਨ੍ਹਾਂ ਨੂੰ ਸਾਵਧਾਨ ਕਰਨ ਦੀ ਇਜਾਜ਼ਤ ਮੰਗੀ। ਬਾਬਾ ਜੀ ਨੇ ਫ਼ਰਮਾਇਆ, 'ਇਹ ਖ਼ੁਦਾ ਦੇ ਦਰਬਾਰ ਦੀ ਰੰਗਤ 'ਚ ਹੈ, ਇਸ ਨੂੰ ਉਸ ਸਦਾ ਬਹਾਰ ਰੰਗਤ ਤੋਂ ਉਚਾਟ ਨਾ ਕਰੋ।' ਕਾਫ਼ੀ ਦੇਰ ਬਾਅਦ, ਉਹ ਸਾਵਧਾਨ ਹੋਏ ਤਾਂ ਗੁਰੂ ਸਾਹਿਬ ਨੇ ਰੁਕਨਦੀਨ ਨੂੰ ਕਿਹਾ ਕਿ ਇਸ ਸਮੇਂ ਜੋ ਕੁਝ ਵੀ ਵੇਖਿਆ ਹੈ ਲੋਕਾਂ ਨੂੰ ਦੱਸੋ ਤੇ ਸਿੱਖਿਆ ਦੇਣ ਦੀ ਕੋਸ਼ਿਸ਼ ਕਰਨਾ ਪਰ ਗਰੂਰ (ਹੰਕਾਰ) ਵਿਚ ਨਹੀਂ ਆਉਣਾ। ਅਜਰ (ਨੇਕ ਕੰਮ ਦਾ ਫਲ਼) ਨੂੰ ਸਾਂਭਣਾ ਹੈ।

ਇਸ ਕਹਾਣੀ ਨੂੰ ਜ਼ੈਨਲਾਬਦੀਨ ਨੇ ਆਪਣੀ ਕਿਤਾਬ 'ਤਵਾਰੀਖ ਅਰਬ' ਦੇ 300 ਸਫ਼ਿਆਂ 'ਚ ਦਰਜ ਕੀਤਾ ਹੈ। ਬਾਬਾ ਜੀ ਨੇ ਆਖਿਆ ਕਿ ਖ਼ੁਦਾ ਹਰ ਸਮੇਂ ਤੁਹਾਡੀ ਮਦਦ 'ਚ ਹਾਜ਼ਰ ਰਹੇਗਾ।

ਸਾਰੇ ਮੱਕਾ ਵਿਚ ਇਹ ਖ਼ਬਰ ਫ਼ੈਲ ਗਈ ਕਿ ਕਾਜ਼ੀ ਰੁਕਨਦੀਨ ਨੇ ਗੁਰੂ ਨਾਨਕ ਸਾਹਿਬ ਨੂੰ ਮੁਰਸ਼ਿਦ (ਗੁਰੂ) ਮੰਨ ਕੇ ਉਨ੍ਹਾਂ ਕੋਲੋਂ ਸ਼ਬਦ ਹਾਸਲ ਕਰ ਲਿਆ ਹੈ। ਇਸਲਾਮ ਨੂੰ ਤੇ ਸਾਰੇ ਸ਼ਰੀਏ ਕਾਨੂੰਨ ਛੱਡ ਕੇ ਕੋਹੀ-ਉਮਰਾ (ਇਕ ਪਹਾੜ ਦਾ ਨਾਂ) ਦੀਆਂ ਕੰਦਰਾਂ ਵਿਚ ਬੈਠ ਕੇ ਕੁਫ਼ਰ ਦਾ ਕਲਮਾ ਪੜ੍ਹ ਰਿਹਾ ਹੈ। ਘਰ-ਬਾਰ ਸਾਰਾ ਛੱਡ ਦਿੱਤਾ ਹੈ।

ਹੁਣ ਬਾਬਾ ਨਾਨਕ ਜੀ ਨੇ ਇਥੋਂ ਮਦੀਨੇ ਜਾਣ ਦੀ ਤਿਆਰੀ ਕਰ ਲਈ ਤੇ ਰੁਕਨਦੀਨ ਕਾਜ਼ੀ ਦੀ ਅਤੇ ਉਹ ਸਾਰੇ, ਜੋ ਬਾਬਾ ਜੀ ਨੂੰ ਆਪਣਾ ਸਾਰਾ ਕੁਝ ਮੰਨ ਚੁੱਕੇ ਸਨ, ਇਕੱਠੇ ਹੋਏ ਤੇ ਆਪ ਜੀ ਦੇ ਜਾਣ ਦਾ ਸਾਰਿਆਂ ਨੇ ਸਦਮਾ ਜ਼ਾਹਿਰ ਕੀਤਾ ਤਾਂ ਬਾਬਾ ਜੀ ਨੇ ਫ਼ਰਮਾਇਆ ਕਿ ਖ਼ੁਦਾਵੰਦ ਕਰੀਮ ਨੇ ਜੋ ਹੁਕਮ ਕੀਤਾ ਸੀ, ਉਸ ਦੇ ਹੁਕਮ ਦੀ ਤਾਮੀਲ ਫ਼ਰਮਾਣ ਲਈ ਉੱਥੇ ਜਾਣਾ ਹੀ ਹੈ। ਇਸ 'ਤੇ ਉਨ੍ਹਾਂ ਨੇ ਬਾਬਾ ਜੀ ਨੂੰ ਇਕ ਰੇਸ਼ਮੀ ਚੋਗ਼ਾ (ਚੋਲਾ) ਪੇਸ਼ ਕੀਤਾ, ਜਿਸ 'ਤੇ ਕਰਾਨ ਸ਼ਰੀਫ਼ ਦੀਆਂ ਕੁਝ ਆਇਤਾਂ ਲਿਖੀਆਂ ਸਨ ਤੇ ਗੁਰੂ ਜੀ ਦੀ ਸਿਫ਼ਤ-ਸਲਾਹ ਲਿਖੀ ਸੀ। ਬਾਬਾ ਜੀ ਨੂੰ ਕੋਈ ਨਿਸ਼ਾਨੀ ਦੇਣ ਲਈ ਕਿਹਾ ਤਾਂ ਬਾਬਾ ਜੀ ਨੇ ਆਪਣੇ ਪੈਰਾਂ ਦੀ ਇਕ ਖੜਾਂਵ ਦੇ ਦਿੱਤੀ ਤੇ ੇ ਹੱਥ ਵਿਚ ਫੜਿਆ ਹੋਇਆ ਆਸਾ (ਸੋਟੀ) ਵੀ ਦੇ ਦਿੱਤਾ ਤੇ ਤਾਜਦੀਨ ਮੁਤਾਬਿਕ ਅਰਬੀ ਵਿਚ ਫ਼ਰਮਾਨ ਕੀਤਾ, 'ਇਹ ਹੈ ਕਿ ਇਸ 'ਆਸਾ' ਨੂੰ ਖ਼ੁਦਾ ਦੀ ਬਖ਼ਸ਼ਿਸ਼ ਸਮਝਣਾ। ਇਸ ਦੇ ਅੰਦਰ ਖ਼ੁਦਾ ਦੇ ਦਰਸ਼ਨ ਹਨ।' ਨਾਨਕਪੰਥੀ ਇਸ ਨੂੰ ਨਜਾਤ ਦੇਣ ਵਾਲਾ ਸਮਝਦੇ ਹਨ। ਇਹ 'ਆਸਾ' ਮੱਕਾ ਸ਼ਹਿਰ ਦੇ ਅੰਦਰ ਗੁੰਬਦਨੁਮਾ ਜੋ ਗੁਰੂ ਦਰਬਾਰ ਬਣਿਆ ਹੈ, ਉਸ ਵਿਚ ਰੱਖਿਆ ਹੋਇਆ ਹੈ ਤੇ ਲੋਕਾਂ ਨੂੰ ਇਸ ਦੇ ਦਰਸ਼ਨ ਕਰਵਾਏ ਜਾਂਦੇ ਹਨ।

ਮੱਕਾ ਦੇ ਨੇੜੇ 'ਉੱਮਰਾ' ਨਾਂ ਦਾ ਸ਼ਹਿਰ ਹੈ। ਇਥੋਂ ਦੇ ਇਮਾਮ ਜ਼ਫ਼ਰ ਦੇ ਪੁੱਤਰ ਇਮਾਮ ਗ਼ੁਲਾਮ ਕਾਦਰ ਨੇ ਬਾਬਾ ਜੀ ਨੂੰ ਬੜੇ ਸਵਾਲ ਕੀਤੇ, ਜਿਨ੍ਹਾਂ ਦੇ ਜਵਾਬ ਸੁਣ ਕੇ ਉਸ ਨੂੰ ਸਕੂਨ ਮਿਲਿਆ ਤੇ ਖ਼ੁਸ਼ ਹੋ ਕੇ ਉਸ ਨੇ ਬਾਬਾ ਜੀ ਦੇ ਮੁਰੀਦਾਂ ਨੂੰ ਬਾਬਾ ਜੀ ਦੇ ਦੱਸੇ ਰਾਹ 'ਤੇ ਚੱਲਦੇ ਹੋਏ ਬੰਦਗੀ ਕਰਨ ਲਈ, ਆਪਣੀ ਬਜ਼ੁਰਗਾਂ ਦੀ ਯਾਦ 'ਚ ਬਣੀ ਮਸੀਤ, ਜਿਸ ਵਿਚ ਸ਼ਹਿਰ ਦੇ ਲੋਕ ਨਮਾਜ਼ ਪੜ੍ਹਦੇ ਸਨ, ਹਾਜ਼ਰ ਕਰ ਦਿੱਤੀ। ਇਸ ਮਸੀਤ ਦਾ ਨਾਂ 'ਵਲੀ-ਹਿੰਦ ਮਸੀਤ' ਰੱਖਿਆ ਗਿਆ ਹੈ, ਜੋ ਹੁਣ ਵੀ ਇਸੇ ਨਾਂ ਨਾਲ ਮਸ਼ਹੂਰ ਹੈ।

ਮੱਕਾ ਦੇ ਮਗ਼ਰਿਬ (ਪੱਛਮ) ਵਿਚ ਤਿੰਨ ਹੁਜਰੇ (ਕੋਠੜੀਆਂ) ਹਨ। ਇਕ ਸੁਲਤਾਨ ਬਾਹੂ, ਦੂਜਾ ਸ਼ੇਖ਼ ਫ਼ਰੀਦ ਜੀ ਤੇ ਤੀਜਾ ਬਾਬਾ ਨਾਨਕ ਫ਼ਕੀਰ ਦੇ ਨਾਂ ਦੇ ਹਨ। ਮੁਸ਼ਤਾਕ ਹੁਸੈਨ (ਸਈਦ ਪ੍ਰਿਥੀਪਾਲ ਸਿੰਘ) ਨੇ ਸੰਗਤਾਂ ਨੂੰ ਦੱਸਿਆ ਕਿ ਮੱਕਾ ਰਹਿਣ ਸਮੇਂ ਉਨ੍ਹਾਂ ਨੇ ਇਸ ਮਸੀਤ ਤੇ ਸ਼ਹਿਰ ਵਿਚ ਉਸ ਗੁਰੂ ਦਰਬਾਰ ਦੇ ਦਰਸ਼ਨ ਕੀਤੇ ਹਨ, ਜਿਸ ਵਿਚ ਬਾਬਾ ਜੀ ਦੇ 'ਆਸਾ' (ਸੋਟੀ) ਦੇ ਦਰਸ਼ਨ ਕਰਵਾਏ ਜਾਂਦੇ ਹਨ। ਬਾਬਾ ਜੀ ਦੇ ਮੱਕਾ ਤੋਂ ਅਲਵਿਦਾ ਹੋਣ ਦੇ ਕੁਝ ਸਮੇਂ ਬਾਅਦ ਅਮੀਰ ਮੱਕਾ ਨੇ ਕਾਜ਼ੀ ਰੁਕਨਦੀਨ 'ਤੇ ਕਾਫ਼ਰ ਹੋਣ ਦਾ ਫ਼ਤਵਾ ਲਾਇਆ ਤੇ ਅਜਿਹੇ ਫ਼ਤਵੇ ਸੁਣਾਏ :

- ਉਹ ਆਪ ਕਾਫ਼ਰ ਹੈ ਤੇ ਉਸ ਦਾ ਮੁਰਸ਼ਿਦ ਨਾਨਕ ਫ਼ਕੀਰ ਵੀ ਕਾਫ਼ਰ ਹੈ।

ਤੀਹ ਕੋੜੇ ਮਾਰਨੇ ਤੇ ਯਾਰਾਂ ਦਿਨ ਕੋਠੀ-ਬੰਦ। ਇਸ ਦੇ ਕੁਵੈਸ਼ ਕਬੀਲੇ ਨੂੰ ਦੇਸ਼ ਛੱਡਣ ਦੀ ਸਜ਼ਾ। (ਇਹ ਲੋਕ ਹੁਣ ਤਹਿਰਾਨ ਤੇ ਅਫ਼ਗਾਨਿਸਤਾਨ ਦੀਆਂ ਪਹਾੜੀਆਂ ਵਿਚ ਰਹਿੰਦੇ ਹਨ। ਜਾਇਦਾਦ ਜ਼ਬਤ ਕੀਤੀ ਜਾਵੇ। ਮੂੰਹ ਕਾਲਾ ਕਰ ਕੇ ਮੱਕਾ ਸ਼ਹਿਰ 'ਚ ਫੇਰਿਆ ਜਾਵੇ। ਉਲਟਾ ਟੰਗਿਆ ਜਾਵੇ। ਰੇਤ 'ਚ ਗਲ਼ੇ ਤਕ ਦੱਬ ਕੇ ਸੰਗਸਾਰ ਕੀਤਾ ਜਾਵੇ। (ਪੱਥਰ ਮਾਰ-ਮਾਰ ਕੇ ਮਾਰ ਦੇਣਾ)

ਇਹ ਸਜ਼ਾਵਾਂ ਕਾਜ਼ੀ ਰੁਕਨਦੀਨ ਨੂੰ ਪਹਾੜ ਦੀ ਗੁਫ਼ਾ, ਜਿਸ 'ਚ ਬੈਠ ਕੇ ਉਹ ਗੁਰੂ ਸਾਹਿਬ ਦੇ ਸ਼ਬਦਾਂ ਨੂੰ ਪੜ੍ਹ ਕੇ ਇਬਾਦਤ ਕਰ ਰਿਹਾ ਸੀ, ਕੱਢ ਕੇ ਸੁਣਾਈਆਂ ਗਈਆਂਪਰ ਉਹ ਗੁਰੂ ਜੀ ਦੇ ਸ਼ਬਦਾਂ ਦੀ ਮਸਤੀ 'ਚ ਸਨ। ਉਨ੍ਹਾਂ ਨੂੰ ਇਨ੍ਹਾਂ ਸਜ਼ਾਵਾਂ ਦਾ ਰੱਤੀ ਭਰ ਵੀ ਅਸਰ ਨਾ ਹੋਇਆ ਤੇ ਸਾਰੀਆਂ ਸਜ਼ਾਵਾਂ ਹੱਸਦੇ-ਹੱਸਦੇ ਭੁਗਤ ਲਈਆਂ ਅਤੇ 22ਵੇਂ ਦਿਨ ਸੰਗਸਾਰ ਕਰਨ ਲਈ ਸ਼ਹਿਰ ਦੇ ਬਾਹਰ ਜੂਨ ਮਹੀਨੇ ਤਪਦੀ ਰੇਤ ਵਿਚ ਗੱਡਣ ਲਈ ਜਦੋਂ ਜਾ ਰਹੇ ਸਨ ਤਾਂ ਉਨ੍ਹਾਂ ਦੇ ਰੋਮ-ਰੋਮ 'ਚੋਂ 'ਸਤਿ ਕਰਤਾਰ, ਸਤਿ ਕਰਤਾਰ' ਦੀਆਂ ਆਵਾਜ਼ਾਂ ਆ ਰਹੀਆਂ ਸਨ। ਗਲ਼ੇ ਤਕ ਜਦੋਂ ਰੇਤ 'ਚ ਉਨ੍ਹਾਂ ਨੂੰ ਗੱਡਿਆ ਗਿਆ ਤੇ ਆਖ਼ਰੀ ਬਿਆਨ ਦੇਣ ਲਈ ਆਖਿਆ ਗਿਆ। ਕਾਜ਼ੀ ਰੁਕਨਦੀਨ ਜੀ ਦੀਆਂ ਅੱਖਾਂ ਬਾਬਾ ਜੀ ਦੇ ਸ਼ਬਦਾਂ ਦੀ ਮਸਤੀ 'ਚ ਬੰਦ ਸਨ।

ਕਾਜ਼ੀਆਂ ਨੇ ਉਸ ਨੂੰ ਉੱਚੀ ਆਵਾਜ਼ ਵਿਚ, ਆਖਿਆ, 'ਰੁਕਨਦੀਨ ਤੇਰਾ ਆਖ਼ਰੀ ਸਮਾਂ ਆ ਗਿਆ ਹੈ। ਆਪਣੇ ਆਖ਼ਰੀ ਬਿਆਨ ਲਿਖਵਾ।' ਇਹ ਸੁਣਦੇ ਹੀ ਰੁਕਨਦੀਨ ਦੀਆਂ ਅੱਖਾਂ ਖੁੱਲ੍ਹ ਗਈਆਂ। ਮੱਥੇ 'ਤੇ ਜਲਾਲ ਹੀ ਜਲਾਲ ਸੀ। ਉਸ ਨੂੰ ਗੁਰੂ ਜੀ ਦਾ ਉਹ ਹੁਕਮ ਯਾਦ ਆਇਆ, ਜੋ ਬਾਬਾ ਪਾਸੋਂ ਉਨ੍ਹਾਂ ਨੂੰ ਮਿਲਿਆ ਸੀ ਕਿ ਜੋ ਕੁਝ ਵੇਖਿਆ ਹੈ, ਉਸ ਨੂੰ ਆਪਣੇ ਲੋਕਾਂ ਨੂੰ ਦੱਸਣਾ। ਉਸ ਸਮੇਂ ਸਾਰਾ ਸ਼ਹਿਰ ਹੀ ਇਕੱਠਾ ਹੋਇਆ ਸੀ। ਬਹੁਤ ਸਾਰੇ ਲੋਕ ਰੁਕਨਦੀਨ ਨੂੰ ਮਾਰਨ ਲਈ ਆਪਣੀਆਂ ਝੋਲੀਆਂ ਵਿਚ ਪੱਥਰ ਭਰ ਕੇ ਲਿਆਏ ਸਨ।

ਰੁਕਨਦੀਨ ਜੀ ਨੇ ਸੋਚਿਆ ਹੁਣ ਜਦਕਿ ਸਾਰਾ ਸ਼ਹਿਰ ਹੀ ਇਕੱਠਾ ਹੈ ਤਾਂ ਲੋਕਾਂ ਨੂੰ ਬਾਬਾ ਜੀ ਦੇ ਹੁਕਮ ਤੋਂ ਜਾਣੂ ਕਰਵਾਉਣ ਦਾ ਚੰਗਾ ਸਮਾਂ ਹੈ। ਰੁਕਨਦੀਨ ਨੇ ਆਖ਼ਰੀ ਬਿਆਨ ਇਸ ਤਰ੍ਹਾਂ ਦਿੱਤਾ, ''ਮੇਰਾ ਖ਼ੁਦਾ, ਮੇਰਾ ਦੀਨ ਇਮਾਨ ਹਜ਼ਰਤ ਗੁਰੂ ਨਾਨਕ ਹੀ ਹੈ ਜੋ ਸਭ ਤੋਂ ਵੱਡੀ ਕਿਤਾਬ ਤੇ ਕਲਾਮ ਦਾ ਮਾਲਕ ਹੈ। ਬਿਨਾਂ ਸ਼ੱਕ ਮੈਂ ਉਸ ਨਾਨਕ ਨੂੰ ਹੀ ਮੰਨਣ ਵਾਲਾ ਹਾਂ। ਸਾਰੀ ਦੁਨੀਆ ਨੂੰ ਆਖਦਾ ਹਾਂ ਕਿ ਜੇ ਤੁਸੀਂ ਵੀ ਨਜਾਤ ਚਾਹੁੰਦੇ ਹੋ ਤਾਂ ਗੁਰੂ ਨਾਨਕ ਸਾਹਿਬ ਉੱਤੇ ਆਪਣਾ ਇਮਾਨ ਕਾਇਮ ਕਰੋ, ਜੋ ਇਸ ਤਰ੍ਹਾਂ ਕਰੇਗਾ, ਉਹ ਬਹਿਸ਼ਤ ਜਾਵੇਗਾ।''

ਇਹ ਕਹਿੰਦੇ ਹੀ ਉਨ੍ਹਾਂ ਦੀ ਗਰਦਨ ਡਿੱਗ ਪਈ ਤੇ ਦੇਹਾਂਤ ਹੋ ਗਿਆ। ਜੋ ਲੋਕ ਪੱਥਰਾਂ ਦੀਆਂ ਝੋਲੀਆਂ ਭਰ ਕੇ ਲਿਆਏ ਸਨ, ਉਹ ਪੱਥਰ ਉਨ੍ਹਾਂ ਦੇ ਪੈਰਾਂ ਵਿਚ ਡਿੱਗ ਪਏ। ਇਹ ਦੇਖ ਕੇ ਤੇ ਰੁਕਨਦੀਨ ਦਾ ਬਿਆਨ ਸੁਣ ਕੇ ਬਹੁਤੇ ਲੋਕ ਗੁਰੂ ਨਾਨਕ ਜੀ 'ਤੇ ਇਮਾਨ ਲੈ ਆਏ। ਬੁੱਧੂ ਕਬੀਲੇ ਦੇ ਲੋਕ ਪੱਕੇ ਗੁਰੂ ਦੇ ਸਿੱਖ ਬਣ ਗਏ, ਜੋ ਅੱਜ ਵੀ ਮੱਕਾ ਸ਼ਹਿਰ ਅਤੇ ਬਹਿਤੁਲ-ਮੁੱਕਦਿਸ ਸ਼ਹਿਰ ਵਿਚ

ਰਹਿੰਦੇ ਹਨ।

ਡਾ. ਜਸਬੀਰ ਸਿੰਘ ਸਰਨਾ

99065-66604

Posted By: Harjinder Sodhi