ਪ੍ਰਭਜੋਤ ਕੌਰ ਢਿੱਲੋਂ

ਈਰਖਾ ਬਹੁਤ ਛੋਟਾ ਪਰ ਬੇਹੱਦ ਭਿਆਨਕ ਲਫ਼ਜ਼ ਹੈ। ਇਸ ਨੂੰ ਇਕ ਤਰ੍ਹਾਂ ਦਾ ਮਾਨਸਿਕ ਰੋਗ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਦਰਅਸਲ ਈਰਖਾਲੂ ਹੋਰਾਂ ਨਾਲ ਨਫ਼ਰਤ ਕਰ ਕੇ ਆਪਣਾ ਹੀ ਨੁਕਸਾਨ ਕਰ ਰਿਹਾ ਹੁੰਦਾ ਹੈ। ਈਰਖਾ ਨਿਕੰਮੇਪਣ ਅਤੇ ਸੌੜੀ ਸੋਚ 'ਚੋਂ ਜਨਮ ਲੈਂਦੀ ਹੈ। ਸਿਆਣੇ ਕਹਿੰਦੇ ਨੇ ਕਿ ਜਿਹੜਾ ਦੂਜੇ ਦੀ ਖ਼ੁਸ਼ੀ 'ਤੇ ਖ਼ੁਸ਼ ਨਹੀਂ ਹੁੰਦਾ ਉਹ ਆਪ ਵੀ ਕਦੇ ਖ਼ੁਸ਼ ਨਹੀਂ ਰਹਿ ਸਕਦਾ। ਈਰਖਾ ਕਰਨ ਵਾਲਾ ਮਾਨਸਿਕ ਤੌਰ 'ਤੇ ਸਥਿਰ ਨਹੀਂ ਰਹਿ ਸਕਦਾ। ਭਾਰਤੀ ਦਰਸ਼ਨ ਅਨੁਸਾਰ, “ਜਿਵੇਂ ਕੀੜਾ ਕੱਪੜੇ ਨੂੰ ਕੁਤਰ ਦਿੰਦਾ ਹੈ ਉਸੇ ਤਰ੍ਹਾਂ ਈਰਖਾ ਬੰਦੇ ਦੇ ਵਜੂਦ ਨੂੰ ਖ਼ਤਮ ਕਰ ਦਿੰਦੀ ਹੈ।'' ਈਰਖਾ ਕਰਨ ਵਾਲਾ ਹਮੇਸ਼ਾ ਕੁੜ੍ਹਦਾ ਰਹਿੰਦਾ ਹੈ। ਗੱਲ-ਗੱਲ 'ਤੇ ਕਲੇਸ਼ ਪਾ ਲੈਂਦਾ ਹੈ। ਅਜਿਹੇ ਬੰਦੇ ਨਾ ਖ਼ੁਸ਼ ਰਹਿ ਸਕਦੇ ਹਨ ਅਤੇ ਨਾ ਰਹਿਣ ਦਿੰਦੇ ਹਨ। ਜਦੋਂ ਕੋਈ ਕਿਸੇ ਨਾਲ ਈਰਖਾ ਕਰਦਾ ਹੈ ਤਾਂ ਉਸ ਵਿਚ ਹਮੇਸ਼ਾ ਨੁਕਸ ਕੱਢਦਾ ਰਹਿੰਦਾ ਹੈ। ਉਸ ਨੂੰ ਇੰਨੀ ਅਕਲ ਅਤੇ ਸਮਝ ਨਹੀਂ ਹੁੰਦੀ ਕਿ ਤੇਰੇ ਵਿਚ ਸਭ ਤੋਂ ਵੱਡਾ ਨੁਕਸ ਹੈ ਕਿ ਤੂੰ ਦੂਜੇ ਲਈ ਮਾੜਾ ਸੋਚ ਅਤੇ ਕਰ ਰਿਹਾ ਏਂ। ਮਹਾਭਾਰਤ ਵਿਚ ਵੀ ਲਿਖਿਆ ਹੈ 'ਜਿਸ ਮਨੁੱਖ ਨਾਲ ਈਰਖਾ ਹੋ ਜਾਵੇ, ਉਹ ਨਾ ਤਾਂ ਨੇਕ ਲੱਗਦਾ ਹੈ, ਨਾ ਵਿਦਵਾਨ ਅਤੇ ਨਾ ਹੀ ਸਿਆਣਾ। ਓਧਰ ਸਾਫ਼ ਦਿਲ ਇਨਸਾਨ ਦੇ ਕਰਮਾਂ ਅਤੇ ਮਿਹਨਤ ਨੂੰ ਰੱਬ ਵੇਖ ਰਿਹਾ ਹੈ। ਇਸੇ ਕਾਰਨ ਉਹ ਉਸ ਨੂੰ ਸਬਰ-ਸੰਤੋਖ ਤੇ ਤਰੱਕੀਆਂ ਬਖ਼ਸ਼ਦਾ ਹੈ। ਇਸ ਲਈ ਦੂਸਰੇ ਦੀ ਤਰੱਕੀ ਨੂੰ ਵੇਖ ਕੇ ਈਰਖਾ ਕਰਨ ਦੀ ਥਾਂ ਆਪਣੇ-ਆਪ ਨੂੰ ਉਸ ਤਰ੍ਹਾਂ ਦਾ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਕਸਰ ਟਰੱਕਾਂ ਪਿੱਛੇ ਲਿਖਿਆ ਹੁੰਦਾ ਹੈ 'ਸੜ ਨਾ, ਰੀਸ ਕਰ' ਅਰਥਾਤ ਈਰਖਾ ਛੱਡ ਕੇ ਮਿਹਨਤ ਕਰ। ਈਰਖਾਲੂ ਬੰਦੇ ਆਪਣਾ ਵਧੇਰੇ ਸਮਾਂ ਦੂਜਿਆਂ ਨੂੰ ਨੀਵਾਂ ਵਿਖਾਉਣ 'ਚ ਲਗਾ ਦਿੰਦੇ ਹਨ। ਈਰਖਾ ਰਿਸ਼ਤਿਆਂ ਦਾ ਘਾਣ ਕਰ ਦਿੰਦੀ ਹੈ। ਜਿੱਥੇ ਈਰਖਾ ਹੋਵੇਗੀ ਉੱਥੇ ਰਿਸ਼ਤਿਆਂ ਵਿਚ ਮਿਠਾਸ ਨਹੀਂ ਰਹਿ ਸਕਦੀ। ਈਰਖਾ ਛੱਡ ਕੇ ਖ਼ੁਸ਼ ਹੋਣ ਦਾ ਯਤਨ ਕਰਨਾ ਚਾਹੀਦਾ ਹੈ। ਅਗਿਆਤ ਨੇ ਬਹੁਤ ਵਧੀਆ ਲਿਖਿਆ ਹੈ 'ਤੁਹਾਨੂੰ ਪਸੰਦ ਨਾ ਕਰਨ ਵਾਲੇ ਲੋਕ ਜੇ ਤੁਹਾਨੂੰ ਪਾਣੀ 'ਤੇ ਤੁਰਦਾ ਦੇਖ ਲੈਣ ਤਾਂ ਉਹ ਕਹਿਣਗੇ ਕਿ ਇਸ ਨੂੰ ਤੈਰਨਾ ਨਹੀਂ ਆਉਂਦਾ, ਇਸੇ ਲਈ ਪਾਣੀ ਉੱਤੇ ਵੀ ਤੁਰਿਆ ਫਿਰਦਾ ਹੈ।' ਈਰਖਾਲੂ ਬੰਦਾ ਆਪਣੀਆਂ ਕਮਜ਼ੋਰੀਆਂ 'ਤੇ ਪਰਦਾ ਪਾਉਣ ਲਈ ਦੂਸਰਿਆਂ 'ਚ ਨੁਕਸ ਕੱਢਦਾ ਰਹਿੰਦਾ ਹੈ। ਮੋਹਾਲੀ (98150-30221)

Posted By: Jagjit Singh