ਗੁਰੂ ਨਾਨਕ ਸਾਹਿਬ ਦੀ ਅਨੰਤ ਮਹਿਮਾ ਸ਼ਬਦਾਂ ਦੀ ਸਮਰਥਾ ਤੋਂ ਬਾਹਰ ਹੈ। ਗੁਰੂ ਸਾਹਿਬ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ ਪਰ ਸਭ ਤੋਂ ਪ੍ਰਮਾਣਿਕ ਭਾਈ ਗੁਰਦਾਸ ਜੀ ਦੀ ਲੇਖਨੀ ਨੂੰ ਮੰਨਿਆ ਜਾ ਸਕਦਾ ਹੈ ਜੋ ਗੁਰੂ ਸਾਹਿਬਾਨ ਦੇ ਸਮਕਾਲੀ ਤੇ ਗੁਰਮਤਿ ਦੇ ਸਭ ਤੋਂ ਉੱਘੇ ਵਿਦਵਾਨ ਸਨ। ਆਪ ਗੁਰੂ ਨਾਨਕ ਸਾਹਿਬ ਤੋਂ ਲਗਪਗ 82 ਵਰ੍ਹੇ ਛੋਟੇ ਸਨ ਤੇ ਗੁਰੂ ਰਾਮਦਾਸ ਸਾਹਿਬ ਦੇ ਸਮੇਂ ਗੁਰਸਿੱਖੀ ਧਾਰਨ ਕੀਤੀ। ਭਾਈ ਸਾਹਿਬ ਨੇ ਗੁਰੂ ਨਾਨਕ ਸਾਹਿਬ ਨੂੰ ਜਗਤ ਗੁਰੂ ਵਜੋਂ ਵੇਖਿਆ-'ਜਗਤੁ ਗੁਰੂ ਗੁਰੁ ਨਾਨਕ ਦੇਉ।'

ਧਰਮ ਜਗਤ ਅੰਦਰ ਧਰਮ ਪੁਰਖ, ਧਰਮਾਚਾਰੀਆ, ਸੰਪ੍ਰਦਾਈ ਗੁਰੂ ਤਾਂ ਬਹੁਤ ਸਨ ਪਰ ਕਿਸੇ ਧਰਮਾਤਮਾ ਲਈ 'ਜਗਤ ਗੁਰੂ' ਸ਼ਬਦ ਸ਼ਾਇਦ ਪਹਿਲੀ ਵਾਰ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਲਈ ਵਰਤਿਆ ਸੀ। ਇਸ ਤੋਂ ਪਹਿਲਾਂ ਧਰਮ ਅੰਦਰ 'ਜਗਤ ਗੁਰੂ' ਸ਼ਬਦ ਦੀ ਵਰਤੋਂ ਦਾ ਕੋਈ ਉਦਾਹਰਣ ਨਹੀਂ ਮਿਲਦਾ। ਗੁਰੂ ਨਾਨਕ ਸਾਹਿਬ ਨੂੰ ਪੂਰੇ ਸੰਸਾਰ ਨਾਲ ਜੋੜਨਾ ਉਨ੍ਹਾਂ ਦੀ ਸੋਚ ਦੀ ਵਿਆਪਕਤਾ ਦਾ ਪ੍ਰਤੀਕ ਸੀ। ਗੁਰੂ ਸਾਹਿਬ ਨੇ ਸੰਸਾਰ ਅੰਦਰ ਸੰਪੂਰਣ ਦੀ ਪਰਿਪੱਕ ਸੋਚ ਲੈ ਕੇ ਅਵਤਾਰ ਧਾਰਿਆ ਸੀ। ਭਾਈ ਗੁਰਦਾਸ ਜੀ ਪਉੜੀ 17ਵੀਂ, ਵਾਰ 26 ਵਿਚ ਜ਼ਿਕਰ ਕਰਦੇ ਹਨ :

ਪੂਰੇ ਪੂਰੀ ਮਤਿ ਹੈ ਹੋਰਸੁ ਪੁਛਿ ਨ ਮਤਾ ਪਕਾਇਆ

ਪੂਰੇ ਪੂਰਾ ਮੰਤੁ ਹੈ ਪੂਰਾ ਬਚਨੁ ਨ ਟਲੈ ਟਲਾਇਆ

ਗੁਰੂ ਨਾਨਕ ਸਾਹਿਬ ਕੋਲ ਪਰਮਾਤਮਾ ਦੀ ਬਖ਼ਸ਼ੀ ਹੋਈ ਜੀਵਨ ਦ੍ਰਿਸ਼ਟੀ ਸੀ। ਆਪ ਨੂੰ ਕਿਸੇ ਸੰਸਾਰਿਕ ਗਿਆਨ ਦੀ ਲੋੜ ਨਹੀਂ ਪਈ। ਇਹੀ ਕਾਰਨ ਸੀ ਕਿ ਬਚਪਨ 'ਚ ਜਦੋਂ ਪਿਤਾ ਮਹਿਤਾ ਕਲਿਆਨ ਦਾਸ ਜੀ ਨੇ ਪਾਂਧੇ, ਮੌਲਵੀ ਕੋਲ ਪੜ੍ਹਨ ਲਈ ਭੇਜਿਆ, ਗੁਰੂ ਨਾਨਕ ਸਾਹਿਬ ਦੇ ਬਾਲ ਸੁਭਾਉ ਸਹਿਜ ਤਰਕਾਂ ਨੇ ਉਨ੍ਹਾਂ ਅਧਿਆਪਕਾਂ ਦੇ ਸਾਰੇ ਭਰਮ ਤੋੜ ਦਿੱਤੇ। ਗੁਰੂ ਨਾਨਕ ਸਾਹਿਬ ਕੋਲ ਪਰਮਾਤਮਾ, ਧਰਮ, ਜੀਵਨ, ਸਮਾਜ ਬਾਰੇ ਮੁਕੰਮਲ ਸੋਚ ਸੀ। ਮਨੁੱਖੀ ਜੀਵਨ ਦੇ ਹਰ ਪੱਖ ਨਾਲ ਜੁੜੇ ਸਵਾਲਾਂ ਦਾ ਪੂਰਨ ਤੇ ਤਰਕਸ਼ੀਲ ਨਿਦਾਨ ਸੀ। ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਪਰਮਾਤਮਾ ਇਕ ਹੈ ਤਾਂ ਉਨ੍ਹਾਂ ਬੜੇ ਸਰਲ ਤੇ ਸਹਿਜ ਪ੍ਰਮਾਣ ਦਿੱਤੇ - 'ਏਕੋ ਹੁਕਮੁ ਵਰਤੈ ਸਭ ਲੋਈ, ਏਕਸੁ ਤੇ ਸਭ ਓਪਤਿ ਹੋਈ£' ਗੁਰੂ ਨਾਨਕ ਸਾਹਿਬ ਨੇ ਪਰਮਾਤਮਾ ਦੀ ਮਹਾਨਤਾ ਪ੍ਰਕਟ ਕੀਤੀ ਤੇ ਪਰਮਾਤਮਾ ਨਾਲ ਮੇਲ ਦੀ ਜੁਗਤ ਵੀ ਦੱਸੀ - 'ਅੰਤਰਿ ਨਾਵਣੁ ਸਾਚੁ ਪਛਾਣੈ, ਅੰਤਰਿ ਕੀ ਗਤਿ ਗੁਰਮੁਖਿ ਜਾਣੈ, ਸਾਚ ਸਬਦ ਬਿਨੁ ਮਹਲੁ ਨ ਪਛਾਣੈ' ਗੁਰੂ ਸਾਹਿਬ ਦੇ ਉਪਦੇਸ਼ ਕਿਸੇ ਖ਼ਾਸ ਵਰਗ, ਜਾਤ, ਸਮਾਜ ਜਾਂ ਦੇਸ਼ ਲਈ ਨਹੀਂ ਸਨ। ਆਪ ਦਾ ਮਿਸ਼ਨ ਪੂਰੀ ਲੋਕਾਈ ਲਈ ਸੀ - 'ਚਹੁ ਵਰਨਾਂ ਉਪਦੇਸਦਾ ਛਿਅ ਦਰਸਨ ਸਭਿ ਸੇਵਕ ਸੇਉ' ਆਪ ਹਿੰਦੂ ਤੀਰਥ ਅਸਥਾਨਾਂ 'ਤੇ ਗਏ ਤੇ ਇਸਲਾਮ ਦੇ ਪਾਵਨ ਅਸਥਾਨਾਂ 'ਤੇ ਵੀ ਪੁੱਜੇ। ਹਰ ਧਰਮ, ਸੰਪਰਦਾ ਦੇ ਧਰਮ ਪੁਰਖਾਂ ਨਾਲ ਚਰਚਾਵਾਂ ਕੀਤੀਆਂ। ਆਪ ਦੁਨੀਆ ਦੇ ਹਰ ਕੋਨੇ 'ਚ ਗਏ। ਨਵੀਆਂ ਖੋਜਾਂ ਅਨੁਸਾਰ ਗੁਰੂ ਨਾਨਕ ਸਾਹਿਬ ਦੇ ਈਸਾਈ ਧਰਮ ਦੇ ਮੁਖੀ ਪੋਪ ਨਾਲ ਵੀ ਮੇਲ ਬਾਰੇ ਜਾਣਕਾਰੀ ਮਿਲਦੀ ਹੈ। ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਬਾਰੇ ਲਿਖਿਆ ਹੈ - 'ਚੜ੍ਹਿਆ ਸੋਧਣਿ ਧਰਤਿ ਲੋਕਾਈ'

ਗੁਰੂ ਸਾਹਿਬ ਦੀ ਪ੍ਰੇਰਨਾ ਸੱਚ ਤੇ ਗੁਣਾਂ ਲਈ ਸੀ। ਸੱਚ ਕਿਸੇ ਵਿਅਕਤੀ ਜਾਂ ਸਮਾਜ ਦੀ ਮਲਕੀਅਤ ਨਹੀਂ ਹੋ ਸਕਦਾ। ਲੋਕ ਆਉਂਦੇ, ਜਾਂਦੇ ਰਹਿੰਦੇ ਹਨ, ਸਮਾਜ ਬਣਦੇ, ਵਿਗੜਦੇ ਹਨ ਪਰ ਸੱਚ ਲੋਕਾਂ ਤੇ ਸਮਾਜ ਤੋਂ ਪਹਿਲਾਂ ਦਾ ਹੋਂਦ 'ਚ ਹੈ - 'ਆਦਿ ਸਚੁ', ਇਹ ਜੁਗਾਂ–ਜੁਗਾਂ ਤੋਂ ਕਾਇਮ ਹੈ - 'ਜੁਗਾਦਿ ਸਚੁ।' ਸੱਚ ਵਰਤਮਾਨ ਵਿਚ ਵੀ ਵਰਤ ਰਿਹਾ ਹੈ ਤੇ ਭਵਿੱਖ ਵੀ ਹੈ - ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।' ਸਿਧਾਂਤਕ ਗਿਆਨ ਦੇ ਨਾਲ ਹੀ ਗੁਰੂ ਸਾਹਿਬ ਨੇ ਮਨੁੱਖੀ ਗੁਣਾਂ ਤੇ ਆਚਾਰ ਨੂੰ ਵੀ ਅਧਿਆਤਮ ਦੇ ਕੇਂਦਰ 'ਚ ਰੱਖਿਆ। ਸੱਚੇ ਮਨੁੱਖ ਦੇ ਗੁਣ ਸਾਰੀ ਲੋਕਾਈ ਦਾ ਹਿਤ ਸੰਭਾਲਣ ਲਈ ਹੁੰਦੇ ਹਨ - 'ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ, ਜੇ ਗੁਣ ਹੋਵਨਿ ਸਾਜਨਾ ਮਿਲਿ ਸਾਝ ਕਰੀਜੈ'

ਗੁਰੂ ਨਾਨਕ ਸਾਹਿਬ ਨੇ ਵਚਨ ਕੀਤੇ ਕਿ ਪਰਮਾਤਮਾ ਨੇ ਮਨੁੱਖ ਨੂੰ ਗੁਣਾਂ ਦੀ ਦਾਤ ਮਨੁੱਖਤਾ ਦੀ ਭਲਾਈ ਲਈ ਬਖ਼ਸ਼ੀ ਹੈ। ਮਨੁੱਖ ਨੂੰ ਚਾਹੀਦਾ ਹੈ ਕਿ ਉਹ ਆਪਣਾ ਫ਼ਰਜ਼ ਸਮਝ ਕੇ ਆਪਨੇ ਗੁਣਾਂ ਨਾਲ ਸਮਾਜ ਨੂੰ ਸੱਚ ਤੇ ਪਰਮਾਤਮਾ ਨਾਲ ਜੋੜਨ ਦੇ ਯਤਨ ਕਰੇ। ਧਰਮ ਦੀ ਥੋੜ੍ਹੀ ਜਿਹੀ ਵੀ ਅਧਿਆਤਮਕ ਸਮਝ ਰੱਖਣ ਵਾਲੇ ਆਪਣੀ ਸੱਤਾ ਕਾਇਮ ਕਰਨ ਤੇ ਆਪਣੀ ਪੂਜਾ ਕਰਵਾਉਣ ਲਈ ਯਤਨਸ਼ੀਲ ਰਹਿੰਦੇ ਸਨ। ਲੋਕਾਂ ਦੇ ਪਾਪ ਉਤਾਰਨ ਤੇ ਪੁੰਨ ਫਲ ਪ੍ਰਾਪਤੀ ਲਈ ਬੇਢੰਗੇ ਕਰਾਰ ਹੁੰਦੇ ਸਨ। ਗੁਰੂ ਨਾਨਕ ਸਾਹਿਬ ਨੇ ਸਾਰੀ ਲੋਕਾਈ ਨੂੰ ਆਪਨੇ ਨਾਲ ਧਰਮ ਦੇ ਪਥ ਦੀ ਯਾਤਰਾ ਕਰਵਾਈ। ਆਪ ਨੇ ਆਪਣੇ ਤੇ ਆਪਣੇ ਨਾਲ ਚੱਲਣ ਵਾਲਿਆਂ 'ਚ ਕੋਈ ਫ਼ਰਕ ਨਹੀਂ ਕੀਤਾ। ਭਾਈ ਗੁਰਦਾਸ ਜੀ ਨੇ ਇਸ ਦਾ ਕਾਰਨ ਦੱਸਿਆ ਹੈ - 'ਨਾਉ ਗਰੀਬ ਨਿਵਾਜੁ ਹੈ ਬੇਮੁਹਤਾਜ ਨ ਮੋਹੁ ਮੁਹਾਬਾ£' ਗੁਰੂ ਨਾਨਕ ਸਾਹਿਬ ਦਇਆ ਤੇ ਕ੍ਰਿਪਾ ਦੇ ਸਾਗਰ ਸਨ। ਪਿਤਾ ਮਹਿਤਾ ਕਲਿਆਨ ਦਾਸ ਜੀ ਨੇ ਵਣਜ ਲਈ ਵੀਹ ਰੁਪਏ ਦਿੱਤੇ ਤਾਂ ਭੁੱਖੇ ਸਾਧੂਆਂ ਲਈ ਲੰਗਰ ਲਾ ਦਿੱਤਾ। ਲੋੜਵੰਦਾਂ ਦਾ ਦਰਦ ਨਾ ਸਹਾਰਿਆ ਗਿਆ ਤਾਂ ਤੇਰਾ-ਤੇਰਾ ਕਰ ਕੇ ਜੋ ਕੁਝ ਕੋਲ ਸੀ ਵਰਤਾ ਦਿੱਤਾ ਪਰ ਘਾਟ ਨਾ ਆਉਣ ਦਿੱਤੀ। ਗੁਰੂ ਨਾਨਕ ਸਾਹਿਬ ਗ਼ਰੀਬਾਂ ਦੇ ਤਾਰਣਹਾਰ ਸਨ। ਗੁਰੂ ਦ੍ਰਿਸ਼ਟੀ ਵਿਚ ਗ਼ਰੀਬੀ ਦਰਅਸਲ ਗਿਆਨ ਦੀ ਸੀ। ਇਸ ਕਾਰਨ ਪੂਰਾ ਸੰਸਾਰ ਭਟਕ ਰਿਹਾ ਸੀ। ਗੁਰੂ ਸਾਹਿਬ ਨੇ ਸੱਚਾ ਗਿਆਨ ਵੰਡਿਆ ਤੇ ਲੋਕਾਂ ਦੀ ਸੁੱਤੀ ਪਈ ਚੇਤਨਾ ਨੂੰ ਜਗਾਇਆ। ਬਾਬਰ ਤੇ ਜਾਬਰ ਦਾ ਹੰਕਾਰ ਤੋੜਨ ਲਈ ਗੁਰੂ ਸਾਹਿਬ ਨੇ ਇੱਕੋ ਅਸਤ੍ਰ ਵਰਤਿਆ ਗਿਆਨ ਦਾ। ਆਪ ਨੇ ਪੰਜ ਵਿਕਾਰਾਂ ਦੇ ਸਤਾਏ ਹੋਏ - 'ਏਕ ਨਗਰੀ ਪੰਚ ਚੋਰ ਬਸੀਅਲੇ ਬਰਜਤ ਚੋਰੀ ਧਾਵੈ' ਗ਼ਰੀਬਾਂ 'ਤੇ ਵੀ ਮਿਹਰ ਕੀਤੀ ਤੇ ਨਾਮ, ਗੁਣਾਂ ਦੇ ਖ਼ਜ਼ਾਨੇ ਨਾਲ ਮਾਲਾਮਾਲ ਕਰ ਦਿੱਤਾ।

ਆਪ ਨੇ ਆਪਨੇ ਪਰਿਵਾਰ ਤਕ ਦਾ ਮੋਹ ਤਿਆਗ ਕੇ ਪਰਮਾਤਮਾ ਨਾਲ ਪ੍ਰੀਤਿ ਲਗਾਉਣ ਦਾ ਆਦਰਸ਼ ਕਾਇਮ ਕੀਤਾ। ਮੋਹ ਤੇ ਪ੍ਰੀਤਿ ਦਾ ਵੱਡਾ ਫ਼ਰਕ ਸਾਹਮਣੇ ਰੱਖਣਾ ਗੁਰੂ ਸਾਹਿਬ ਦਾ ਵੱਡਾ ਉਪਕਾਰ ਸੀ। ਸੰਸਾਰ ਦੇ ਮੋਹ ਦੀ ਗ਼ਰੀਬੀ ਤੋਂ ਉੱਭਰ ਕੇ ਪਰਮਾਤਮਾ ਪ੍ਰੀਤਿ ਦੀ ਅਮੀਰੀ ਧਾਰਨ ਕਰਨ ਦਾ ਨਿਰਮਲ ਪੰਥ ਤਿਆਰ ਕਰਨਾ ਜੁਗਾਂ ਅੰਦਰ ਵਰਤਿਆ ਪਹਿਲਾ ਵਿਲੱਖਣ ਕੌਤਕ ਸੀ। ਗੁਰੂ ਨਾਨਕ ਸਾਹਿਬ ਨੇ ਮਨੁੱਖ ਦੇ ਦੁੱਖਾਂ ਦੀ ਨਬਜ਼ ਪਛਾਣੀ।

ਦੂਜੀ ਮਾਇਆ ਜਗਤ ਚਿਤ ਵਾਸੁ

ਕਾਮ ਕ੍ਰੋਧ ਅਹੰਕਾਰ ਬਿਨਾਸੁ

ਦੂਜਾ ਕਉਣੁ ਕਹਾ ਨਹੀ ਕੋਈ

ਸਭ ਮਹਿ ਏਕੁ ਨਿਰੰਜਨੁ ਸੋਈ

ਗੁਰੂ ਨਾਨਕ ਸਾਹਿਬ ਨੇ ਵਚਨ ਕੀਤੇ ਕਿ ਮਾਇਆ ਤੇ ਵਿਕਾਰਾਂ ਦੇ ਅਸਰ ਤੋਂ ਕੋਈ ਵੀ ਨਹੀਂ ਬਚ ਸਕਿਆ ਹੈ ਪਰ ਇਕ ਪਰਮਾਤਮਾ ਹੀ ਹੈ ਜੋ ਘਟ-ਘਟ ਅੰਦਰ ਵਸ ਰਿਹਾ ਹੈ। ਪਰਮਾਤਮਾ ਹੀ ਜੀਵਨ ਨੂੰ ਮਾਇਆ ਤੇ ਵਿਕਾਰਾਂ ਤੋਂ ਨਾਸ਼ ਹੋਣ ਤੋਂ ਬਚਾਉਣ ਦੇ ਸਮਰੱਥ ਹੈ। ਆਪ ਨੇ ਕਿਹਾ ਕਿ ਮਨੁੱਖ ਦੇ ਸਾਹਮਣੇ ਦੋ ਹੀ ਰਾਹ ਹਨ ਇਕ ਵਿਨਾਸ਼ ਦਾ ਤੇ ਦੂਜਾ ਵਿਗਾਸ ਦਾ ਪਰ ਰੱਖਿਅਕ ਤੇ ਤਾਰਣਹਾਰ ਇੱਕੋ ਹੈ - 'ਰਾਹ ਦੋਵੈ ਖਸਮੁ ਏਕੋ ਜਾਣੁ' ਪਰਮਾਤਮਾ ਅੰਦਰ ਅਥਾਹ ਭਰੋਸਾ ਹੋਣ ਕਾਰਨ ਹੀ ਸਾਰੀਆਂ ਸੰਸਾਰਕ ਤਾਕਤਾਂ ਨੂੰ ਝੂਠ ਕਹਿ ਕੇ ਦਰਕਿਨਾਰ ਕਰਨ ਦਾ ਹੌਸਲਾ ਵੀ ਗੁਰੂ ਨਾਨਕ ਸਾਹਿਬ ਅੰਦਰ ਸੀ - 'ਸਭਨਾ ਦਾਤਾ ਏਕੁ ਤੂ ਮਾਣਸ ਦਾਤਿ ਨ ਹੋਇ' ਆਪ ਨੇ ਸੁਲਤਾਨਪੁਰ ਲੋਧੀ ਦੀ ਮਸਜਿਦ ਅੰਦਰ ਖੜ੍ਹੇ ਹੋ ਕੇ ਵੀ ਨਮਾਜ ਪੜ੍ਹਨ ਤੋਂ ਇਨਕਾਰ ਕਰ ਦਿੱਤਾ। ਕੁਰੂਕਸ਼ੇਤਰ ਵਿਚ ਮਾਸ ਰਿੰਨ੍ਹਣ ਦਾ ਹੌਸਲਾ ਤੇ ਮੱਕੇ ਅੰਦਰ ਪੱਛਮ ਦਿਸ਼ਾ ਵੱਲ ਪੈਰ ਪਸਾਰ ਕੇ ਸੌਂ ਜਾਣ ਦਾ ਆਤਮ ਬਲ ਗਿਆਨ ਦੀ ਗ਼ਰੀਬੀ ਦੂਰ ਕਰਨ ਲਈ ਗੁਰੂ ਸਾਹਿਬ ਨੇ ਵਿਖਾਇਆ ਸੀ। ਮਲਿਕ ਭਾਗੋ ਦੇ ਭੋਜ ਦਾ ਤਿਆਗ ਗੁਰੂ ਨਾਨਕ ਸਾਹਿਬ ਨੇ ਮਨੁੱਖਤਾ ਨੂੰ ਵਿਕਾਰਾਂ ਤੋਂ ਸੁਚੇਤ ਕਰਨ ਦਾ ਜੋ ਮਿਸ਼ਨ ਅਰੰਭਿਆ, ਉਹ ਬਾਬਰ ਦਾ ਫੁਰਮਾਨ ਮੰਨਣ ਤੋਂ ਇਨਕਾਰ ਕਰ ਕੇ ਸਿਖ਼ਰ 'ਤੇ ਜਾ ਪੁੱਜਿਆ ਸੀ। ਗੁਰੂ ਸਾਹਿਬ ਨੇ ਵਿਖਾਇਆ ਕਿ ਪਰਮਾਤਮਾ ਤੇ ਅਡੋਲ ਵਿਸ਼ਵਾਸ ਤੇ ਸੱਚ ਲਈ ਦ੍ਰਿੜ੍ਹਤਾ ਮਨੁੱਖ ਨੂੰ ਅਚਿੰਤ ਬਣਾ ਦਿੰਦੀ ਹੈ। ਹਰ ਪਲ ਕਿਸੇ ਨ ਕਿਸੇ ਭੈ ਅੰਦਰ ਜਿਊਂਣ ਵਾਲੇ ਮਨੁੱਖ ਲਈ ਇਸ ਤੋਂ ਵੱਡੀ ਦਾਤ ਹੋਰ ਕੀ ਹੋ ਸਕਦੀ ਸੀ।

ਗੁਰੂ ਨਾਨਕ ਸਾਹਿਬ ਨੇ ਸੱਚ ਦਾ ਅਜਿਹਾ ਰਾਜ ਕਾਇਮ ਕੀਤਾ ਜਿੱਥੇ ਨਾ ਤਾਂ ਮਾਇਆ, ਵਿਕਾਰਾਂ ਦਾ ਸ਼ੋਰ ਸੀ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਅਗਿਆਨਤਾ, ਭਰਮ, ਦੁਵਿਧਾ ਲਈ ਕੋਈ ਗੁੰਜਾਇਸ਼ ਸੀ। ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਦੀ ਮਹਾਨਤਾ ਦਾ ਬਖਾਨ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਗਿਆਨ, ਉਪਦੇਸ਼ ਸਰਵ ਸ੍ਰੇਸ਼ਠ ਸਨ, ਜੋ ਕਿਸੇ ਹੋਰ ਮਹਾਨ ਮੰਨੇ ਜਾਣ ਵਾਲੇ ਗ੍ਰੰਥ ਵਿਚ ਵੀ ਨਹੀਂ ਮਿਲਦੇ - 'ਕਾਇਮੁ ਦਾਇਮੁ ਸਾਹਿਬੀ ਹਾਜਰੁ ਨਾਜਰੁ ਵੇਦ ਕਿਤਾਬਾ' ਗੁਰੂ ਸਾਹਿਬ ਦੇ ਉਪਦੇਸ਼ ਆਚਾਰ ਵਿਚ ਉਤਾਰਨ ਵਾਲੇ ਤੇ ਪ੍ਰਮਾਣਿਕ ਰੂਪ 'ਚ ਫਲ ਦੇਣ ਵਾਲੇ ਸਨ। ਜਿਸ ਨੇ ਵੀ ਗੁਰੂ ਸਾਹਿਬ ਦੇ ਵਚਨਾਂ ਨੂੰ ਆਪਨੇ ਜੀਵਨ ਦਾ ਆਧਾਰ ਬਣਾਇਆ, ਉਸ ਨੂੰ ਅੰਤਰ ਦੀ ਨਿਰਮਲਤਾ ਪ੍ਰਾਪਤ ਹੋ ਗਈ। ਕਿੰਨੇ ਹੀ ਠੱਗ, ਪਖੰਡੀ, ਵਿਕਾਰੀ, ਸਾਕਤ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਧਾਰਨ ਕਰ ਪੁੰਨ ਪ੍ਰਾਣੀ ਬਣ ਗਏ।

ਗੁਰੂ ਨਾਨਕ ਸਾਹਿਬ ਨੇ ਜੀਵਨ ਮਰਿਆਦਾ ਦਾ ਜੋ ਗਿਆਨ ਮਨੁੱਖਤਾ ਨੂੰ ਬਖ਼ਸ਼ਿਆ ਉਹ ਅਦੁੱਤੀ ਤੇ ਪ੍ਰਚਲਤ ਧਰਮ ਗ੍ਰੰਥਾਂ ਤੋਂ ਵੱਖ ਸੀ। ਆਪ ਨੇ ਜੀਵਨ ਦੇ ਹਰ ਪਲ ਨੂੰ ਧਰਮ ਦੀ ਮਰਿਆਦਾ ਦੇ ਅੰਦਰ ਬੰਨ੍ਹ ਕੇ ਜਿਊਂਣ ਦਾ ਢੰਗ ਸਿਖਾਇਆ। ਇਸ ਨਾਲ ਜੀਵਨ ਸੁੱਖ ਤੇ ਸਹਿਜ ਨਾਲ ਭਰਪੂਰ ਹੋ ਗਿਆ। ਗੁਰੂ ਸਾਹਿਬ ਦੇ ਉਪਦੇਸ਼ ਨਿਆਂ ਤੇ ਧਰਮ ਦੇ ਬਲ ਨਾਲ ਜੋੜਨ ਵਾਲੇ ਸਨ। ਗੁਰੂ ਨਾਨਕ ਸਾਹਿਬ ਦੇ ਦਰਸਾਏ ਮਾਰਗ ਤੇ ਚੱਲਣ ਵਾਲੇ ਗੁਰਸਿੱਖ ਹਰ ਭੈ , ਹਰ ਜ਼ੁਲਮ ਨੂੰ ਜਿੱਤਣ ਦੇ ਸਮਰੱਥ ਹੋ ਗਏ- 'ਆਦਲੁ ਅਦਲੁ ਚਲਾਇਦਾ ਜਾਲਮੁ ਜੁਲਮੁ ਨ ਜੋਰ ਜਰਾਬਾ'

ਗੁਰੂ ਨਾਨਕ ਸਾਹਿਬ ਨੇ ਪਰਮਾਤਮਾ ਦੀ ਨਿਰਾਕਾਰ ਸੱਤਾ ਨਾਲ ਲੋਕਾਂ ਨੂੰ ਜੋੜਿਆ। ਆਪ ਦੇ ਪੰਥ ਦੀ ਨਿਰਪੱਖ ਤੇ ਨਿਰੋਲ ਨੁਹਾਰ ਤੋਂ ਪ੍ਰਭਾਵਿਤ ਹੋ ਕੇ ਹਰ ਧਰਮ, ਹਰ ਜਾਤ ਦੇ ਲੋਕ ਗੁਰੂ ਦੀ ਸੰਗਤ ਬਣੇ। ਜਾਤ, ਧਰਮ, ਵਰਣ, ਸੰਪਰਦਾ, ਊਚ ਨੀਚ, ਅਮੀਰ ਗ਼ਰੀਬ ਦੇ ਸਾਰੇ ਵਿਤਕਰੇ ਟੁੱਟਣ ਨਾਲ ਮੁੱਢਲਾ ਮਨੁੱਖੀ ਸਬੰਧ ਉੱਭਰ ਕੇ ਸਾਹਮਣੇ ਆਇਆ, ਜਿਸ ਨੇ ਸਾਧ ਸੰਗਤ ਦਾ ਰੂਪ ਲਿਆ। ਸਾਧ ਸੰਗਤ ਜੀਵਨ ਮੁਕਤੀ ਦਾ ਸਾਧਨ ਬਣ ਗਈ - 'ਚਾਰਿ ਵਰਨ ਇਕ ਵਰਨ ਹੋਇ ਸਾਧਸੰਗਤਿ ਮਿਲਿ ਹੋਇ ਤਰਾਬਾ' ਗੁਰੂ ਨਾਨਕ ਸਾਹਿਬ ਦੁਆਰਾ ਦਰਸਾਇਆ ਗੁਰਸਿੱਖੀ ਜੀਵਨ ਚੰਦਨ ਦੀ ਤਰ੍ਹਾਂ ਸੀ, ਜੋ ਨਿਕਟ ਆਉਣ ਵਾਲੀ ਹਰ ਕਿਸਮ ਦੀ ਬਨਸਪਤੀ ਨੂੰ ਆਪਣੀ ਸੁਗੰਧ ਨਾਲ ਇੱਕੋ ਜਿਹਾ ਸੁਗੰਧਿਤ ਕਰ ਦਿੰਦੀ ਹੈ - 'ਚੰਦਨੁ ਵਾਸੁ ਵਣਾਸਪਤਿ ਅਵਲਿ ਦੋਮ ਨ ਸੇਮ ਖਰਾਬਾ'

ਗੁਰੂ ਨਾਨਕ ਸਾਹਿਬ ਆਪਣੀਆਂ ਧਰਮ ਯਾਤਰਾਵਾਂ ਦੌਰਾਨ ਜਿੱਥੇ ਵੀ ਗਏ ਹਰ ਥਾਂ ਉਨ੍ਹਾਂ ਦੀ ਮਾਨਤਾ ਕਾਇਮ ਹੋਈ। ਇਹ ਗੁਰੂ ਨਾਨਕ ਸਾਹਿਬ ਨੂੰ ਸਮਝਣ ਦੀ ਕੋਸ਼ਿਸ਼ ਕਰਨ ਵਾਲਿਆਂ ਲਈ ਬਹੁਤ ਮਹੱਤਵਪੂਰਨ ਤੱਥ ਹੈ। ਥਾਂ-ਥਾਂ 'ਤੇ ਗੁਰੂ ਸਾਹਿਬ ਦੀ ਸੰਗਤ ਦਾ ਕਾਇਮ ਹੋਣਾ ਉਨ੍ਹਾਂ ਦੀ ਸੋਚ ਦੇ ਮਨੁੱਖਤਾਵਾਦੀ ਤੇ ਸਰਬ ਕਲਿਆਣਕਾਰੀ ਹੋਣ ਦਾ ਜ਼ਾਹਰ ਪ੍ਰਮਾਣ ਸੀ। ਆਪ ਸੱਚ ਪੂਰਤ ਵਿਲਖਣ ਅਧਿਆਤਮਕ ਦ੍ਰਿਸ਼ਟੀ ਦੇ ਸੁਆਮੀ ਹੋਣ ਕਾਰਨ ਹੀ 'ਜਾਹਰ ਪੀਰੁ ਜਗਤੁ ਗੁਰ ਬਾਬਾ' ਦੇ ਅਦੁੱਤੀ ਮੁਕਾਮ 'ਤੇ ਜਾ ਬਿਰਾਜੇ।

ਭਾਈ ਗੁਰਦਾਸ ਜੀ ਨੇ ਕਿਹਾ ਕਿ ਪਰਮਾਤਮਾ ਆਪ ਗੁਰੂ ਨਾਨਕ ਸਾਹਿਬ ਦਾ ਰੂਪ ਧਾਰ ਕੇ ਸੰਸਾਰ 'ਚ ਆਇਆ ਤੇ ਬੇਸਹਾਰਿਆਂ ਦਾ ਸਹਾਰਾ ਬਣਿਆ - 'ਨਾਰਾਇਣ ਨਿਜ ਰੂਪਿ ਧਰਿ ਨਾਥਾ ਨਾਥ ਸਨਾਥ ਕਰਾਇਆ' ਗੁਰੂ ਨਾਨਕ ਸਾਹਿਬ ਦਾ ਸਰਬ ਸਾਂਝਾ ਸਵਰੂਪ ਮਨੁੱਖੀ ਸੱਭਿਅਤਾ ਦੇ ਇਤਿਹਾਸ ਦਾ ਸਭ ਤੋਂ ਮਨਮੋਹਕ ਤੇ ਪੂਜਨੀਕ ਅੰਗ ਹੈ।

- ਡਾ. ਸਤਿੰਦਰ ਪਾਲ ਸਿੰਘ

94159-60533

Posted By: Harjinder Sodhi