ਅਸੀਂ ਆਪਣਾ ਜੀਵਨ ਭੌਤਿਕ ਤੇ ਬੌਧਿਕ ਟੀਚਿਆਂ ਨੂੰ ਹਾਸਲ ਕਰਨ ’ਚ ਲਗਾ ਦਿੰਦੇ ਹਾਂ ਪਰ ਅਸੀਂ ਰੂਹਾਨੀਅਤ ਤੋਂ ਅਨਜਾਣ ਰਹਿੰਦੇ ਹਾਂ। ਜਦ ਭੌਤਿਕ ਮੌਤ ਦੀਆਂ ਚੜ੍ਹਦੀਆਂ ਲਹਿਰਾਂ ਸਾਡੇ ਉੱਪਰ ਆ ਜਾਂਦੀਆਂ ਹਨ ਤਾਂ ਸਾਡੇ ’ਚ ਕੋਈ ਰੂਹਾਨੀ ਸਮਰੱਥਾ ਨਹੀਂ ਹੁੰਦੀ ਕਿ ਅਸੀਂ ਆਪਣੇ ਜੀਵਨ ਦੇ ਅੰਤ ਵਿੱਚੋਂ ਆਸਾਨੀ ਨਾਲ ਨਿਕਲ ਸਕੀਏ। ਜਦ ਸਾਨੂੰ ਖ਼ਬਰ ਮਿਲਦੀ ਹੈ ਕਿ ਸਾਨੂੰ ਇਕ ਜਾਨਲੇਵਾ ਬਿਮਾਰੀ ਹੈ ਜਾਂ ਅਚਾਨਕ ਸਾਨੂੰ ਆਪਣੀ ਮੌਤ ਦਿਖਾਈ ਦਿੰਦੀ ਹੈ ਤਾਂ ਅਸੀਂ ਖ਼ੌਫ਼ਜ਼ਦਾ ਹੋ ਜਾਂਦੇ ਹਾਂ। ਸਾਨੂੰ ਸਮਝ ਨਹੀਂ ਆਉਂਦਾ ਕਿ ਅਸੀਂ ਕੀ ਕਰੀਏ। ਅਸੀਂ ਆਪਣਾ ਸਮਾਂ ਜੀਵਨ ਤੇ ਮੌਤ ਦਾ ਸੱਚਾ ਅਰਥ ਸਮਝਣ ਵਿਚ ਨਹੀਂ ਲਗਾਇਆ ਹੁੰਦਾ ਹੈ ਅਤੇ ਅਸੀਂ ਆਪਣੇ ਅੰਤ ਤੋਂ ਡਰ ਜਾਂਦੇ ਹਾਂ। ਜਿਨ੍ਹਾਂ ਵਿਅਕਤੀਆਂ ਨੇ ਧਿਆਨ-ਅਭਿਆਸ ਦੁਆਰਾ ਰੂਹਾਨੀ ਧਾਰਾ ਵਿਚ ਤੈਰਨਾ ਸਿੱਖਣ ਵਿਚ ਆਪਣਾ ਜੀਵਨ ਗੁਜ਼ਾਰਿਆ ਹੈ, ਉਨ੍ਹਾਂ ਨੂੰ ਕੋਈ ਡਰ ਨਹੀਂ ਹੁੰਦਾ। ਉਹ ਆਪਣੇ ਅੰਤ ਦਾ ਸ਼ਾਂਤੀ ਅਤੇ ਨਿਡਰਤਾ ਨਾਲ ਸਾਹਮਣਾ ਕਰਦੇ ਹਨ। ਕਿਵੇਂ? ਉਹ ਇਸੇ ਜੀਵਨ ਵਿਚ ਪਰਲੋਕ ਦੇ ਜੀਵਨ ਦੀ ਸ਼ਾਨ ਦੇਖ ਚੁੱਕੇ ਹੁੰਦੇ ਹਨ। ਉਹ ਜਿਸਮਾਨੀ ਜਾਮੇ ਤੋਂ ਉੱਪਰ ਉੱਠਣ ਦੀ ਕਲਾ ਸਿੱਖ ਚੁੱਕੇ ਹੁੰਦੇ ਹਨ ਅਤੇ ਖ਼ੁਦ ਪਰਲੋਕ ਦੇ ਖੇਤਰਾਂ ਨੂੰ ਦੇਖ ਚੁੱਕੇ ਹੁੰਦੇ ਹਨ। ਜਦ ਉਨ੍ਹਾਂ ਦਾ ਭੌਤਿਕ ਅੰਤ ਆਉਂਦਾ ਹੈ ਤਾਂ ਉਨ੍ਹਾਂ ਵਿਚ ਕਿਸ ਗੱਲ ਦਾ ਡਰ ਹੋਵੇਗਾ? ਜਦ ਉਨ੍ਹਾਂ ਦੇ ਸਰੀਰ ਦੀ ਭੌਤਿਕ ਬੇੜੀ ਡੁੱਬਣ ਵਾਲੀ ਹੋਵੇਗੀ ਤਾਂ ਉਨ੍ਹਾਂ ਨੂੰ ਪਰਲੋਕ ’ਚ ਤੈਰਨਾ ਆਉਂਦਾ ਹੋਵੇਗਾ। ਜ਼ਿਆਦਾਤਰ ਇਨਸਾਨ ਭੌਤਿਕ ਮੌਤ ਦੀ ਸੱਚਾਈ ਦੀ ਉਦੋਂ ਤਕ ਅਣਦੇਖੀ ਕਰਦੇ ਹਨ ਜਦ ਤਕ ਕਿ ਬਹੁਤ ਦੇਰ ਨਹੀਂ ਹੋ ਜਾਂਦੀ। ਉਹ ਸਮਝਦੇ ਹਨ ਕਿ ਬੌਧਿਕ ਗਿਆਨ, ਧਨ-ਦੌਲਤ, ਨਾਮ ਤੇ ਸੱਤਾ ਹਾਸਲ ਕਰਨਾ ਵੱਧ ਅਹਿਮ ਹੈ ਪਰ ਜਦ ਮੌਤ ਕੋਲ ਆਉਂਦੀ ਹੈ ਤਾਂ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਬੌਧਿਕ ਗਿਆਨ ਅਤੇ ਸੰਸਾਰਕ ਜਾਇਦਾਦਾਂ ਕਿਸੇ ਕੰਮ ਦੀਆਂ ਨਹੀਂ ਹਨ। ਉਸ ਮੌਕੇ ਉਹ ਪਛਤਾਉਂਦੇ ਹਨ ਕਿ ਉਨ੍ਹਾਂ ਨੇ ਆਤਮਾ, ਪਰਮਾਤਮਾ ਅਤੇ ਪਰਲੋਕ ਦੀ ਜਾਣਕਾਰੀ ਹਾਸਲ ਕਰਨ ਵਿਚ ਜ਼ਿਆਦਾ ਸਮਾਂ ਕਿਉਂ ਨਹੀਂ ਬਤੀਤ ਕੀਤਾ। ਜੋ ਵਿਅਕਤੀ ਛੋਟੀ ਉਮਰ ’ਚ ਰੂਹਾਨੀਅਤ ਦੀ ਸਿੱਖਿਆ ਹਾਸਲ ਕਰ ਲੈਂਦੇ ਹਨ, ਉਹ ਖ਼ੁਸ਼ਕਿਸਮਤ ਹੁੰਦੇ ਹਨ। ਉਹ ਰੋਜ਼ ਕੁਝ ਸਮਾਂ ਆਪਣੇ ਰੂਹਾਨੀ ਅਭਿਆਸ ਵਿਚ ਲਗਾ ਸਕਦੇ ਹਨ ਤਾਂ ਕਿ ਉਹ ਇਸੇ ਜੀਵਨ ਵਿਚ ਜਿਸਮਾਨੀ ਜਾਮੇ ਦੇ ਅਹਿਸਾਸ ਤੋਂ ਉੱਪਰ ਉੱਠਣ ਦੀ ਕਲਾ ਵਿਚ ਮਾਹਿਰ ਹੋ ਸਕਣ।

-ਸੰਤ ਰਾਜਿੰਦਰ ਸਿੰਘ।

Posted By: Jagjit Singh