Raksha Bandhan History 2019 : ਭੈਣ-ਭਰਾ ਦੇ ਅਟੁੱਟ ਪਿਆਰ ਦਾ ਤਿਉਹਾਰ ਰੱਖੜੀ ਇਸ ਵਾਰ 15 ਅਗਸਤ ਦਿਨ ਵੀਰਵਾਰ ਨੂੰ ਮਨਾਇਆ ਜਾਵੇਗਾ। ਰੱਖੜੀ ਦਾ ਤਿਉਹਾਰ ਵੀਰਵਾਰ ਦੇ ਦਿਨ ਆਉਣ ਨਾਲ ਇਸ ਦਾ ਮਹੱਤਵ ਕਾਫ਼ੀ ਵਧ ਗਿਆ ਹੈ। ਇਸ ਖ਼ਬਰ ਦੇ ਜ਼ਰੀਏ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਆਖ਼ਰ ਕਦੋਂ ਤੋਂ ਰੱਖੜੀ ਬੰਨ੍ਹਣ ਦੀ ਰੀਤ ਸ਼ੁਰੂ ਹੋਈ ਅਤੇ ਇਸ ਦੇ ਪਿੱਛੇ ਅਸਲੀ ਕਾਰਨ ਕੀ ਹੈ।

ਪੁਰਾਣਿਕ ਮਾਨਤਾ ਅਨੁਸਾਰ ਮਹਾਭਾਰਤ ਦੀ ਲੜਾਈ ਹੋਣ ਵਾਲੀ ਸੀ। ਇਸ ਤੋਂ ਪਹਿਲਾਂ ਸ੍ਰੀਕ੍ਰਿਸ਼ਨ ਨੇ ਰਾਜਾ ਸ਼ਿਸ਼ਪਾਲ 'ਤੇ ਸੁਦਰਸ਼ਨ ਚੱਕਰ ਚਲਾਇਆ ਸੀ। ਅਜਿਹਾ ਕਰਦੇ ਸਮੇਂ ਉਨ੍ਹਾਂ ਦਾ ਹੱਥ ਜ਼ਖ਼ਮੀ ਹੋ ਗਿਆ ਸੀ। ਉਸ ਦੌਰਾਨ ਦਰੋਪਤੀ ਨੇ ਆਪਣੀ ਸਾੜ੍ਹੀ ਦਾ ਪੱਲਾ ਪਾੜ ਕੇ ਉਨ੍ਹਾਂ ਦੇ ਉਂਗਲ 'ਤੇ ਬੰਨ੍ਹ ਦਿੱਤਾ। ਇਸ ਤੋਂ ਬਾਅਦ ਸ੍ਰੀ ਕ੍ਰਿਸ਼ਨ ਨੇ ਦਰੋਪਤੀ ਨੂੰ ਰੱਖਿਆ ਦਾ ਵਚਨ ਦਿੱਤਾ ਸੀ। ਇਹ ਸਭ ਕੁਝ ਸਾਉਣ ਮਹੀਨੇ ਦੀ ਪੂਰਨਮਾਸ਼ੀ ਨੂੰ ਹੀ ਹੋਇਆ ਸੀ। ਇਸ ਲਈ ਉਸ ਦਿਨ ਤੋਂ ਬਾਅਦ ਹੀ ਰੱਖੜੀ ਦਾ ਤਿਉਹਾਰ ਮਨਾਇਆ ਜਾਣ ਲੱਗਿਆ। ਕਹਿੰਦੇ ਹਨ ਕਿ, ਰੱਖੜੀ ਵਾਲੇ ਦਿਨ ਭਗਵਾਨ ਵਿਸ਼ਨੂੰ ਦੇ ਅਵਤਾਰ ਹੈਗ੍ਰੀਵ ਦਾ ਜਨਮਦਿਨ ਵੀ ਹੁੰਦਾ ਹੈ। ਇਸ ਦਿਨ ਇਨ੍ਹਾਂ ਦੀ ਪੂਜਾ ਕਰਨ ਨਾਲ ਧਨ ਦੀ ਪ੍ਰਾਪਤੀ ਹੁੰਦੀ ਹੈ।

ਮਾਨਤਾ ਅਨੁਸਾਰ, ਇਸ ਦਿਨ ਭੈਣਾਂ ਨੂੰ ਖ਼ਾਸ ਤਰ੍ਹਾਂ ਨਾਲ ਰੱਖੜੀ ਦੀ ਥਾਲੀ ਸਜਾਉਣੀ ਚਾਹੀਦੀ ਹੈ। ਇਸ ਖ਼ਾਸ ਥਾਲੀ 'ਚ ਰੋਲੀ, ਅਕਸ਼ਤ, ਕੁਮਕੁਮ, ਮਠਿਆਈ, ਦੀਪਕ ਅਤੇ ਰੱਖੜੀ ਜ਼ਰੂਰ ਰੱਖੋ। ਇਸ ਤੋਂ ਬਾਅਦ ਭਰਾ ਨੂੰ ਪੂਰਬ ਜਾਂ ਪੱਛਮ ਵਾਲੀ ਦਿਸ਼ਾ 'ਚ ਬਿਠਾਓ ਅਤੇ ਉਸ ਦੀ ਆਰਤੀ ਉਤਾਰੋ। ਹਾਲਾਂਕਿ, ਸ਼ੁੱਭ ਫਲ਼ ਲਈ ਉੱਤਰ ਦਿਸ਼ਾ ਵੀ ਯੋਗ ਮੰਨੀ ਗਈ ਹੈ। ਆਰਤੀ ਉਤਾਰਨ ਤੋਂ ਬਾਅਦ ਭਰਾ ਦੇ ਮੱਥੇ 'ਤੇ ਤਿਲਕ ਲਗਾਓ ਅਤੇ ਉਸ ਦੇ ਸੱਜੇ ਗੁੱਟ 'ਤੇ ਰੱਖੜੀ ਬੰਨ੍ਹੋ। ਰੱਖੜੀ ਬੰਨ੍ਹਣ ਤੋਂ ਬਾਅਦ ਫਿਰ ਭਰਾ ਦੀ ਆਰਤੀ ਉਤਾਰੋ ਅਤੇ ਉਸ ਨੂੰ ਮਠਿਆਈ ਖਵਾਓ।

Posted By: Jagjit Singh