-ਸੰਤ ਰਾਜਿਦਰ ਸਿੰਘ ਜੀ

ਅੱਜਕੱਲ੍ਹ ਸਮੁੱਚੇ ਸੰਸਾਰ ’ਚ ਲੋਕ ਸ਼ਾਂਤੀ ਹਾਸਲ ਕਰਨ ਲਈ ਹੱਥ-ਪੈਰ ਮਾਰ ਰਹੇ ਹਨ। ਵੱਖ-ਵੱਖ ਮੁਲਕ ਵੀ ਲਗਾਤਾਰ ਆਪਸ ਵਿਚ ਵਾਰਤਾ ਕਰਦੇ ਰਹਿੰਦੇ ਹਨ ਤਾਂ ਕਿ ਆਪਸ ’ਚ ਸ਼ਾਂਤੀ ਬਰਕਰਾਰ ਰਹਿ ਸਕੇ। ਸ਼ਾਂਤੀ ਦੀ ਭਾਲ ਵਿਸ਼ਵ ਪੱਧਰ ’ਤੇ ਜਾਰੀ ਹੈ। ਇਹ ਹੈਰਤ ਦੀ ਗੱਲ ਹੈ ਕਿ ਬਹੁਤ ਸਾਰੇ ਲੋਕਾਂ ਦੁਆਰਾ ਸ਼ਾਂਤੀ ਦੀ ਲੰਬੀ ਖੋਜ ਦੇ ਬਾਵਜੂਦ ਇਸ ਦੀ ਪ੍ਰਾਪਤੀ ਭਰਮਾਊ ਲੱਗਦੀ ਹੈ। ਇਸ ਧਰਤੀ ’ਤੇ ਅਜਿਹਾ ਕੁਝ ਵੀ ਪ੍ਰਤੀਤ ਨਹੀਂ ਹੁੰਦਾ ਜੋ ਸਾਨੂੰ ਸੱਚੀ ਅਤੇ ਸਦਾ ਲਈ ਸ਼ਾਂਤੀ ਦੇ ਸਕੇ। ਇਨਸਾਨੀ ਜੀਵਨ ਤੇ ਦੁੱਖ ਨਾਲ-ਨਾਲ ਚੱਲਦੇ ਹਨ। ਭਾਵੇਂ ਹੀ ਕੋਈ ਅਮੀਰ ਹੋਵੇ ਜਾਂ ਗਰੀਬ, ਰਾਜਾ ਹੋਵੇ ਜਾਂ ਰੰਕ, ਸਭ ਦਾ ਜੀਵਨ ਕਿਸੇ ਨਾ ਕਿਸੇ ਸਮੱਸਿਆ ਨਾਲ ਘਿਰਿਆ ਰਹਿੰਦਾ ਹੈ। ਕਿਸੇ ਵੀ ਵਿਅਕਤੀ ਦਾ ਜੀਵਨ ਦੁਰਘਟਨਾ ਜਾਂ ਬਿਮਾਰੀ ਦੇ ਬਿਨਾਂ ਬਤੀਤ ਨਹੀਂ ਹੁੰਦਾ। ਸਾਡੇ ਸਿਰ ’ਤੇ ਮੌਤ ਦਾ ਸਾਇਆ ਨਿਰੰਤਰ ਮੰਡਰਾਉਂਦਾ ਰਹਿੰਦਾ ਹੈ ਅਤੇ ਅਸੀਂ ਆਪਣਾ ਜੀਵਨ ਸ਼ਾਂਤੀ ਨਾਲ ਬਤੀਤ ਨਹੀਂ ਕਰ ਪਾਉਂਦੇ। ਪਰਿਵਾਰ ਦੇ ਕਿਸੇ ਵੀ ਜੀਅ ਦੇ ਬਿਮਾਰ ਜਾਂ ਦੁਖੀ ਹੋਣ ’ਤੇ ਪਰਿਵਾਰ ਦੇ ਸਾਰੇ ਮੈਂਬਰ ਦੁੱਖ ਦੀ ਅਵਸਥਾ ਵਿਚ ਆ ਜਾਂਦੇ ਹਨ। ਇਸੇ ਤਰ੍ਹਾਂ ਘਰ ਅਤੇ ਬਾਹਰ ਸਾਡਾ ਕਿਸੇ ਨਾ ਕਿਸੇ ਨਾਲ ਝਗੜਾ ਜਾਂ ਤਣਾਅ ਚੱਲਦਾ ਹੀ ਰਹਿੰਦਾ ਹੈ। ਯਕੀਨਨ ਅਜਿਹਾ ਵਕਤ ਵੀ ਆਉਂਦਾ ਹੈ ਜਦ ਸਾਨੂੰ ਜੀਵਨ ਵਿਚ ਖ਼ੁਸ਼ੀਆਂ ਦਾ ਅਨੁਭਵ ਹੁੰਦਾ ਹੈ ਪਰ ਉਹ ਖ਼ੁਸ਼ੀਆਂ ਪਲ-ਛਿਣ ਦੀਆਂ ਹੀ ਹੁੰਦੀਆਂ ਹਨ ਤੇ ਜਲਦ ਹੀ ਅਸੀਂ ਕਿਸੇ ਨਾ ਕਿਸੇ ਤਣਾਅ ’ਚ ਘਿਰ ਜਾਂਦੇ ਹਾਂ। ਸਾਨੂੰ ਮਹਿਸੂਸ ਹੋਣ ਲੱਗਦਾ ਹੈ ਕਿ ਜੀਵਨ ’ਚ ਸ਼ਾਂਤੀ ਹਾਸਲ ਕਰਨਾ ਨਾਮੁਮਕਿਨ ਹੈ। ਵੈਸੇ ਸੱਚੀ ਸ਼ਾਂਤੀ ਅਸੀਂ ਇਸੇ ਜੀਵਨ ’ਚ ਹਾਸਲ ਕਰ ਸਕਦੇ ਹਾਂ। ਸਾਨੂੰ ਬਸ ਆਪਣੇ ਜਿਊਣ ਦੇ ਨਜ਼ਰੀਏ ਨੂੰ ਬਦਲਣਾ ਪੈਣਾ ਹੈ, ਜੀਵਨ ਦੇ ਉਤਰਾਅ-ਚੜ੍ਹਾਅ ਨੂੰ ਸਹਾਰਨਾ ਪੈਣਾ ਹੈ। ਆਮ ਤੌਰ ’ਤੇ ਅਸੀਂ ਸ਼ਾਂਤੀ ਦੀ ਤਲਾਸ਼ ਬਾਹਰਲੇ ਜਗਤ ’ਚ ਕਰਦੇ ਹਾਂ। ਅਸੀਂ ਭੌਤਿਕ ਵਸਤਾਂ, ਸਮਾਜਿਕ ਦਰਜੇ ਤੇ ਰਿਸ਼ਤੇ-ਨਾਤਿਆਂ ’ਚ ਸ਼ਾਂਤੀ ਤਲਾਸ਼ਦੇ ਹਾਂ ਪਰ ਇਨ੍ਹਾਂ ’ਚੋਂ ਕਿਸੇ ਦੇ ਵੀ ਗੁਆਚ ਜਾਣ ’ਤੇ ਅਸੀਂ ਉਤੇਜਿਤ ਹੋ ਜਾਂਦੇ ਹਾਂ। ਸਾਡੇ ਮਨ ਦੀ ਸ਼ਾਂਤੀ ਭੰਗ ਹੋ ਜਾਂਦੀ ਹੈ। ਪਰ ਸੱਚੀ ਸ਼ਾਂਤੀ ਸਾਡੇ ਅੰਦਰ ਮੌਜੂਦ ਹੈ। ਧਿਆਨ ਰਾਹੀਂ ਅਸੀਂ ਆਪਣੇ ਅੰਦਰ ਪ੍ਰਭੂ ਦੀ ਦਿੱਵਿਆ ਜੋਤੀ ਨਾਲ ਜੁੜਦੇ ਹਾਂ। ਅਜਿਹਾ ਕਰਨ ਨਾਲ ਸਾਡੀ ਆਤਮਾ ਅਤਿਅੰਤ ਖ਼ੁਸ਼ੀ ਤੇ ਆਨੰਦ ਦਾ ਅਹਿਸਾਸ ਕਰਦੀ ਹੈ। ਇਹ ਪਰਮ ਸੁੱਖ ਆਤਮਾ ਦੇ ਨਾਲ ਹਰ ਵੇਲੇ ਰਹਿੰਦਾ ਹੈ।

Posted By: Jagjit Singh