ਸਾਧੂ-ਸੰਤਾਂ ਦੀ ਸੰਗਤ ਆਮ ਲੋਕਾਂ ਲਈ ਲਾਭਦਾਇਕ, ਪੁੰਨਦਾਇਕ ਅਤੇ ਮੁਕਤੀ ਦੇਣ ਵਾਲੀ ਮੰਨੀ ਗਈ ਹੈ। ਬ੍ਰਹਮਾ, ਵਿਸ਼ਣੂ ਅਤੇ ਮਹੇਸ਼ ਦੀ ਤਰ੍ਹਾਂ ਸਿਰਜਣ, ਪੋਸ਼ਣ ਅਤੇ ਕਲਿਆਣ ਸਰੋਤ ਸਾਧੂ-ਸੰਤ ਹੀ ਹੁੰਦੇ ਹਨ। ਸਮਾਜ ਅਤੇ ਰਾਸ਼ਟਰ ਵਿਚ ਸੰਸਕਾਰ ਦੀ ਸਿਰਜਣਾ, ਸ਼ੁਭ ਵਿਚਾਰਾਂ ਨਾਲ ਸ਼ਖ਼ਸੀਅਤ ਦਾ ਉੱਥਾਨ ਕਰਨਾ, ਵਿਚਾਰਕ ਪੋਸ਼ਣ ਅਤੇ ਦਿੱਵਿਆ ਕਰਮਾਂ ਨਾਲ ਲੋਕਾਂ ਦੀ ਭਲਾਈ ਦਾ ਕੰਮ ਸਾਧੂਆਂ-ਸੰਤਾਂ ਦੁਆਰਾ ਹੀ ਹੁੰਦਾ ਹੈ। ਜਦ ਮਨੁੱਖ ਦਾ ਜੀਵਨ ਕਾਮਨਾ ਅਤੇ ਵਾਸਨਾ ਕਾਰਨ ਪਤਿਤ ਹੋ ਜਾਂਦਾ ਹੈ ਉਦੋਂ ਸਾਧੂ-ਸੰਤਾਂ ਦੇ ਉਪਦੇਸ਼ ਮਨੁੱਖ ਦੇ ਅੰਤਰ-ਮਨ ਵਿਚ ਗਿਆਨ ਦੀ ਜੋਤ ਜਗਾ ਕੇ ਅਤੇ ਧੁਰ ਅੰਦਰ ਦੇ ਅੰਧਕਾਰ ਨੂੰ ਮਿਟਾ ਕੇ ਉਸ ਨੂੰ ਭਟਕਣ ਤੋਂ ਬਚਾਉਂਦੇ ਹਨ। ਅਸਲ ਵਿਚ ਸਾਧੂ-ਸੰਤਾਂ ਕੋਲ ਸ਼ਾਨਦਾਰ ਵਿਚਾਰਾਂ ਦਾ ਦਿੱਵਿਆ ਸਰੋਤ ਹੁੰਦਾ ਹੈ। ਉਨ੍ਹਾਂ ਜ਼ਰੀਏ ਉਹ ਪਰਉਪਕਾਰ, ਸੇਵਾ, ਸੱਚੇ ਕਰਮ, ਯੱਗ, ਪੂਜਾ, ਪ੍ਰਵਚਨ ਅਤੇ ਸਤਿਸੰਗ ਕਰ ਕੇ ਮਨੁੱਖ ਨੂੰ ਸਹੀ ਦਿਸ਼ਾ ਦਿਖਾ ਕੇ ਉਸ ਦਾ ਕਲਿਆਣ ਕਰਦੇ ਹਨ। ਉਨ੍ਹਾਂ ਦੀ ਸੰਗਤ ਲੋਕਾਂ ਦੀ ਭਲਾਈ ਲਈ ਦਿੱਵਿਆ ਕਰਮਾਂ ਦੀ ਪ੍ਰੇਰਣਾ ਦਿੰਦੀ ਰਹਿੰਦੀ ਹੈ। ਸਾਧੂ-ਸੰਤਾਂ ਦੇ ਪ੍ਰਭਾਵ ਕਾਰਨ ਮਨੁੱਖ ਵਿਚ ਦਿੱਵਿਆ ਕਰਮ ਕਰਨ ਦੀ ਆਦਤ ਬਣ ਜਾਂਦੀ ਹੈ ਅਤੇ ਵਿਅਕਤੀ ਮੁਕਤੀ ਪਾਉਂਦਾ ਹੈ। ਸਾਧੂ-ਸੰਤ ਪਾਰਸ ਦੀ ਤਰ੍ਹਾਂ ਆਪਣੀ ਸੰਗਤ ਦਾ ਲਾਭ ਦਿੰਦੇ ਹਨ। ਜਿਵੇਂ ਕਰੂਪ ਅਤੇ ਮੁੱਲਹੀਣ ਲੋਹਾ ਪਾਰਸ ਦੀ ਸੰਗਤ ਨਾਲ ਮੁੱਲਵਾਨ ਸੋਨਾ ਬਣ ਜਾਂਦਾ ਹੈ, ਉਸੇ ਤਰ੍ਹਾਂ ਤੁੱਛ ਵਿਅਕਤੀ ਸਾਧੂ-ਸੰਤਾਂ ਦੀ ਸੰਗਤ ਨਾਲ ਸੋਨੇ ਦੀ ਤਰ੍ਹਾਂ ਮੁੱਲਵਾਨ ਹੀ ਨਹੀਂ ਸਗੋਂ ਮਹਾਨ ਬਣ ਜਾਂਦਾ ਹੈ। ਜਿਸ ਤਰ੍ਹਾਂ ਚੰਦਨ ਜੰਗਲ ਦੇ ਆਲੇ-ਦੁਆਲੇ ਨੂੰ ਵੀ ਸੁਗੰਧਿਤ ਕਰ ਦਿੰਦਾ ਹੈ, ਉਸੇ ਤਰ੍ਹਾਂ ਆਮ ਲੋਕ ਵੀ ਸਾਧੂਆਂ ਦੀ ਸੰਗਤ ਦੀ ਮਹਿਕ ਦਾ ਲਾਹਾ ਲੈ ਕੇ ਜੀਵਨ ਨੂੰ ਸੁਗੰਧਿਤ ਕਰ ਲੈਂਦੇ ਹਨ। ਦੇਵ ਰਿਸ਼ੀ ਨਾਰਦ ਦੀ ਸੰਗਤ ਸਦਕਾ ਰਤਨਾਕਰ ਡਾਕੂ ਅਤੇ ਭਗਵਾਨ ਬੁੱਧ ਦੀ ਸੰਗਤ ਨਾਲ ਅੰਗੁਲਿਮਾਲ ਵਰਗੇ ਡਾਕੂ ਸੰਤ ਬਣ ਗਏ। ਕਿਹਾ ਵੀ ਗਿਆ ਹੈ, ‘ਸੰਗਤ ਸੇ ਗੁਣ ਹੋਤ ਹੈ, ਸੰਗਤ ਸੇ ਗੁਣ ਜਾਤ। ਬਾਸ-ਫਾਸ ਮਿਸਰੀ ਸਬ ਏਕੇ ਭਾਵ ਬਿਕਾਤ।’ ਚੰਗੀ ਅਤੇ ਬੁਰੀ ਸੰਗਤ ਦਾ ਅਸਰ ਉਨ੍ਹਾਂ ਦੇ ਅਨੁਸਾਰ ਪੈਂਦਾ ਹੀ ਹੈ। ਇਸ ਲਈ ਜੀਵਨ ਵਿਚ ਸੁੱਖ ਪ੍ਰਾਪਤ ਕਰਨ ਲਈ ਸਾਡੇ ਪੂਰਵਜਾਂ ਨੇ ਚੰਗੀ ਸੰਗਤ ਨੂੰ ਸਭ ਤੋਂ ਉੱਤਮ ਦੱਸਿਆ ਹੈ। ਚੰਗੀ ਸੰਗਤ ਸਹਾਰੇ ਹੀ ਮਨੁੱਖ ਸਾਰਥਕ ਜੀਵਨ ਬਤੀਤ ਕਰ ਸਕਦਾ ਹੈ।

-ਮੁਕੇਸ਼ ਰਿਸ਼ੀ

Posted By: Jatinder Singh