ਚਰਿੱਤਰ ਨਿਰਮਾਣ ਦੇ ਆਯੋਜਨ ਖ਼ੂਬ ਹੋ ਰਹੇ ਹਨ। ਧਾਰਮਿਕ ਪ੍ਰੋਗਰਾਮਾਂ ਦੀ ਭਰਮਾਰ ਹੁੰਦੀ ਜਾ ਰਹੀ ਹੈ ਅਤੇ ਚੰਗੇ ਉਪਦੇਸ਼ਾਂ ਦੀ ਵਰਖਾ ਵੀ ਖ਼ੂਬ ਹੋ ਰਹੀ ਹੈ ਪਰ ਇੱਥੇ-ਉੱਥੇ ਇਹੀ ਸੁਣਨ ਨੂੰ ਮਿਲਦਾ ਹੈ ਕਿ ਜ਼ਮਾਨਾ ਬਹੁਤ ਖ਼ਰਾਬ ਆ ਗਿਆ ਹੈ, ਕਿਸੇ 'ਤੇ ਭਰੋਸਾ ਕਰਨ ਦਾ ਵਕਤ ਨਹੀਂ ਰਹਿ ਗਿਆ ਹੈ। ਛੋਟੇ-ਛੋਟੇ ਸਵਾਰਥਾਂ ਲਈ ਲੋਕ ਇਕ-ਦੂਜੇ ਨਾਲ ਲੜ ਰਹੇ ਹਨ। ਇੱਜ਼ਤ ਬਚਾਉਣਾ ਮੁਸ਼ਕਲ ਹੋ ਗਿਆ ਹੈ ਆਦਿ-ਆਦਿ।

ਇਨ੍ਹਾਂ ਵਾਕਾਂ ਤੋਂ ਤਾਂ ਲੱਗਦਾ ਹੈ ਕਿ ਇਸ ਦੌਰ ਤੋਂ ਪਹਿਲਾਂ ਕੋਈ ਅਜਿਹਾ ਵਕਤ ਸੀ ਕਿ ਇੰਨੇ ਨਾਂਹ-ਪੱਖੀ ਹਾਲਾਤ ਨਹੀਂ ਸਨ ਅਤੇ ਲੋਕ ਇਕ-ਦੂਜੇ ਦਾ ਲਿਹਾਜ਼ ਕਰਦੇ ਸਨ, ਸਮਾਜ ਅਤੇ ਪਰਿਵਾਰ ਵਿਚ ਭਾਈਚਾਰਾ ਤੇ ਏਕਤਾ ਸੀ। ਹੁਣ ਸਵਾਲ ਇਹ ਉੱਠਦਾ ਹੈ ਕਿ ਪਹਿਲਾਂ ਵੀ ਸੰਤ-ਮਹਾਤਮਾ ਗ੍ਰੰਥਾਂ ਦਾ ਉਪਦੇਸ਼ ਦਿੰਦੇ ਸਨ ਅਤੇ ਹੁਣ ਵੀ ਵੱਖ-ਵੱਖ ਮਾਧਿਅਮਾਂ ਨਾਲ ਉਨ੍ਹਾਂ ਹੀ ਧਰਮ-ਗ੍ਰੰਥਾਂ ਨੂੰ ਲੈ ਕੇ ਪ੍ਰਵਚਨ ਕਰ ਰਹੇ ਹਨ ਤਾਂ ਅਸਰ ਵੀ ਉਸੇ ਤਰ੍ਹਾਂ ਹੀ ਦਿਖਣਾ ਚਾਹੀਦਾ ਸੀ ਪਰ ਹੁਣ ਸਭ ਕੁਝ ਉਲਟਾ ਆਖ਼ਰ ਕਿੱਦਾਂ ਹੋ ਰਿਹਾ ਹੈ? ਇਸ ਗੰਭੀਰ ਵਿਸ਼ੇ 'ਤੇ ਚਿੰਤਨ ਕਰਨ ਤੋਂ ਭਾਵ ਤਾਂ ਇਹੀ ਨਿਕਲ ਰਿਹਾ ਹੈ ਕਿ ਉਪਦੇਸ਼ ਸੁਣਨ ਵਾਲੇ ਪਹਿਲਾਂ ਵਰਗੇ ਨਹੀਂ ਰਹੇ ਜਾਂ ਸੁਣਾਉਣ ਵਾਲਿਆਂ ਦੀ ਬੋਲ-ਬਾਣੀ ਵਿਚ ਉਹ ਅਸਰ ਨਹੀਂ ਕਿ ਸੁਣਨ ਵਾਲੇ ਦਾ ਦਿਲੋ-ਦਿਮਾਗ ਬਦਲ ਜਾਵੇ।

ਗ੍ਰੰਥਾਂ ਵਿਚ ਸ਼ਬਦ ਬ੍ਰਹਮਾ ਕਿਹਾ ਗਿਆ ਹੈ ਤਾਂ ਵਕਤਾ-ਸਰੋਤਾ ਦੇ ਵਿਚਾਲੇ ਸ਼ਬਦ ਬ੍ਰਹਮਾ ਬੇਅਸਰ ਆਖ਼ਰ ਕਿਉਂ ਹੈ? ਕਿਸੇ ਧਾਰਮਿਕ ਆਯੋਜਨ ਵਿਚ ਵਕਤਾ ਤਾਂ ਇਕ ਹੁੰਦਾ ਹੈ ਜਦਕਿ ਸਰੋਤੇ ਅਨੇਕ ਹੁੰਦੇ ਹਨ। ਜੇਕਰ ਚੰਗੇ ਉਪਦੇਸ਼ਾਂ ਦਾ ਅਸਰ ਕਿਸੇ 'ਤੇ ਨਹੀਂ ਪੈ ਤਾਂ ਮਤਲਬ ਇਹੀ ਨਿਕਲਦਾ ਹੈ ਕਿ ਸਾਰੇ ਸਰੋਤੇ ਨਾਕਾਬਲ ਸਨ? ਫਿਰ ਧਾਰਮਿਕ ਆਯੋਜਨ ਦਾ ਕੀ ਮਤਲਬ? ਉਪਦੇਸ਼ਕ ਤਾਂ ਇਸੇ ਉਦੇਸ਼ ਨਾਲ ਨਿਕਲਿਆ ਹੈ ਕਿ ਉਹ ਸਮਾਜ ਨੂੰ ਬਦਲ ਦੇਵੇਗਾ।

ਜੇਕਰ ਨਹੀਂ ਬਦਲ ਸਕਿਆ ਅਤੇ ਉਹ ਵੀ ਇਹੀ ਕਹੇ ਕਿ ਹੁਣ ਪਹਿਲਾਂ ਵਰਗਾ ਜ਼ਮਾਨਾ ਨਹੀਂ ਰਿਹਾ ਤਾਂ ਉਸ ਨੂੰ ਜਨਤਕ ਤੌਰ 'ਤੇ ਇਹ ਕਹਿਣਾ ਚਾਹੀਦਾ ਸੀ ਕਿ ਉਹ ਆਪਣੀ ਮੁਹਿੰਮ ਵਿਚ ਅਸਫਲ ਹੋ ਗਿਆ ਹੈ ਪਰ ਕੋਈ ਵੀ ਉਪਦੇਸ਼ਕ ਅਜਿਹਾ ਕਹਿਣ ਨੂੰ ਤਿਆਰ ਨਹੀਂ ਹੈ। ਦਰਅਸਲ, ਚੰਗੇ ਉਪਦੇਸ਼ਾਂ ਦੇ ਬਾਵਜੂਦ ਸਦਾਚਾਰ ਦਾ ਲਗਾਤਾਰ ਚੀਰ ਹਰਨ ਵੱਧ ਰਿਹਾ ਹੈ ਤਾਂ ਸਭ ਤੋਂ ਪਹਿਲਾਂ ਉਂਗਲੀ ਉਪਦੇਸ਼ਕ 'ਤੇ ਹੀ ਉੱਠੇਗੀ। ਜ਼ਮਾਨੇ ਨੂੰ ਦੋਸ਼ ਦਿੰਦੇ ਸਮੇਂ ਉਪਦੇਸ਼ਕ ਨੂੰ ਆਪਣਾ ਦੋਸ਼ ਦੇਖਣਾ ਚਾਹੀਦਾ ਹੈ।-ਸਲਿਲ ਪਾਂਡੇ।

Posted By: Sunil Thapa