ਇਸ ਜਗਤ ਵਿਚ ਮਨੁੱਖ ਹੀ ਅਜਿਹਾ ਪ੍ਰਾਣੀ ਹੈ ਜਿਸ ਨੂੰ ਕੁਦਰਤ ਤੋਂ ਸ੍ਰੇਸ਼ਠਤਾ ਦਾ ਦਰਜਾ ਹਾਸਲ ਹੈ। ਇਸ ਦਾ ਕਾਰਨ ਉਸ ਵਿਚ ਹੋਰ ਜੀਵਾਂ ਦੇ ਮੁਕਾਬਲੇ ਬੁੱਧੀ ਅਤੇ ਹਿਰਦੇ ਦੀ ਪ੍ਰਧਾਨਤਾ ਹੈ। ਜੀਵਨ ਵਿਚ ਕਿਸ ਨੂੰ ਪ੍ਰਮੁੱਖਤਾ ਦੇਣੀ ਹੈ, ਇਹ ਮਨੁੱਖ ’ਤੇ ਨਿਰਭਰ ਹੈ। ਬੁੱਧੀ ਤਰਕ ਪ੍ਰਧਾਨ ਹੈ। ਇਸ ਲਈ ਇਸ ਵਿਚ ਸਵਾਰਥ, ਲੋਭ, ਮੋਹ ਆਦਿ ਬੁਰਾਈਆਂ ਦੇ ਨਾਲ ਹੋਰ ਕਈ ਭਾਵ ਵੀ ਪ੍ਰਬਲ ਰਹਿੰਦੇ ਹਨ। ਜਦ ਇਹ ਬੁਰਾਈਆਂ ਮਨੁੱਖੀ ਦਿਮਾਗ ਵਿਚ ਆ ਜਾਂਦੀਆਂ ਹਨ, ਉਦੋਂ ਵਿਵੇਕ ਨਸ਼ਟ ਹੋਣ ਕਾਰਨ ਉਹ ਸਮਾਜ ਦੇ ਨਾਲ-ਨਾਲ ਆਪਣਾ ਵੀ ਨੁਕਸਾਨ ਕਰ ਬੈਠਦਾ ਹੈ। ਨਿਰੋਲ ਬੁੱਧੀ ਵਾਲਾ ਜੀਵਨ ਨਾ ਆਪਣੇ ਲਈ ਸ੍ਰੇਸ਼ਠ ਕਿਹਾ ਜਾ ਸਕਦਾ ਹੈ, ਨਾ ਹੋਰਾਂ ਲਈ। ਅੱਜ-ਕੱਲ੍ਹ ਪਰਿਵਾਰਕ ਤੇ ਸਮਾਜਿਕ ਰਿਸ਼ਤਿਆਂ ਵਿਚ ਟੁੱਟ-ਭੱਜ ਦਾ ਮੂਲ ਕਾਰਨ ਬੁੱਧੀ ਤੱਤ ਦੀ ਪ੍ਰਧਾਨਤਾ ਹੈ। ਦੂਜੇ ਪਾਸੇ ਹਿਰਦੇ ਦਾ ਭਾਵ ਪ੍ਰਧਾਨ ਹੈ। ਇਸ ਵਿਚ ਪ੍ਰੇਮ, ਤਿਆਗ, ਦਇਆ, ਕਰੁਣਾ, ਮਮਤਾ, ਪਰਉਪਕਾਰ ਆਦਿ ਭਾਵਨਾਵਾਂ ਤੀਬਰ ਹੁੰਦੀਆਂ ਹਨ। ਇਸੇ ਲਈ ਹਿਰਦਾ ਹਮੇਸ਼ਾ ਇਨ੍ਹਾਂ ਭਾਵਨਾਵਾਂ ਨੂੰ ਅੱਗੇ ਰੱਖ ਕੇ ਹੀ ਜੀਵਨ ਜਿਊਣ ਲਈ ਪ੍ਰੇਰਿਤ ਕਰਦਾ ਹੈ। ਜਿਸ ਨਾਲ ਚੇਤਨ ਹੀ ਨਹੀਂ, ਅਚੇਤਨ ਪਦਾਰਥਾਂ ਪ੍ਰਤੀ ਵੀ ਸੰਵੇਦਨਸ਼ੀਲਤਾ ਦਾ ਭਾਵ ਜਾਗਿ੍ਰਤ ਹੁੰਦਾ ਹੈ। ਫਿਰ ਅੰਤਰ-ਮਨ ਵਿਚ ਸਵਾਰਥ ਨਹੀਂ, ਪਰਉਪਕਾਰ ਦੀ ਭਾਵਨਾ ਪੈਦਾ ਹੁੰਦੀ ਹੈ। ਜਿਸ ਨਾਲ ਪਰਿਵਾਰਕ ਤੇ ਸਮਾਜਿਕ ਰਿਸ਼ਤੇ ਦਿਲੀ ਰਿਸ਼ਤੇ ਦੇ ਬੰਧਨ ਵਿਚ ਬੱਝ ਜਾਂਦੇ ਹਨ। ਨਤੀਜੇ ਵਜੋਂ ਅਪਰਾਧ ਮੁਕਤ ਸਮਾਜ ਦਾ ਨਿਰਮਾਣ ਹੁੰਦਾ ਹੈ ਅਤੇ ਰਾਸ਼ਟਰੀ ਸ਼ਕਤੀ ਬਲਵਾਨ ਹੁੰਦੀ ਹੈ। ਅੱਜ ਮਨੁੱਖ ਵਿਚ ਬੁੱਧੀ ਪੱਖ ਤਕੜਾ ਹੋ ਗਿਆ ਹੈ। ਜਿਸ ਨਾਲ ਸਵਾਰਥ ਅਤੇ ਹੰਕਾਰ ਦੇ ਵਸ ਵਿਚ ਉਸ ਨੇ ਸਵੈ-ਇੱਛਾ ਨਾਲ ਜਿਊਣ ਦੇ ਅਨੇਕਾਂ ਰਾਹ ਲੱਭ ਲਏ ਹਨ। ਜ਼ਿਆਦਾ ਸੁੱਖ ਦੀ ਚਾਹਤ ਵਿਚ ਉਸ ਦੀ ਉਡਾਨ ਨੂੰ ਇੰਨੇ ਖੰਭ ਲੱਗ ਗਏ ਹਨ ਕਿ ਹਿਰਦਾ ਪੱਖ ਮਨਫ਼ੀ ਹੋ ਗਿਆ ਹੈ। ਨਤੀਜੇ ਵਜੋਂ ਸੰਵੇਦਨਹੀਣ ਮਨੁੱਖ ਮਨੁੱਖਤਾ ਦੇ ਰਸਤੇ ਤੋਂ ਭਟਕ ਗਿਆ ਹੈ। ਉਸ ਦੀਆਂ ਜ਼ਿਆਦਾ ਸੁੱਖ ਪਾਉਣ ਦੀਆਂ ਕੋਸ਼ਿਸ਼ਾਂ ਕਦੋਂ ਦੁੱਖ ਵਿਚ ਤਬਦੀਲ ਹੋਣ ਲੱਗੀਆਂ, ਪਤਾ ਹੀ ਨਹੀਂ ਲੱਗਾ। ਉਹ ਭੁੱਲ ਗਿਆ ਕਿ ਜ਼ਿਆਦਾ ਸੁੱਖ ਹੀ ਦੁੱਖ ਦਾ ਕਾਰਨ ਬਣਦਾ ਹੈ। ਇਸ ਲਈ ਲੋਕ ਹਿੱਤ ਵਿਚ ਹਿਰਦਾ ਤੱਤ ਨੂੰ ਪ੍ਰਧਾਨਤਾ ਦੇ ਕੇ ਜਿਊਣ ਦਾ ਯਤਨ ਕਰਨਾ ਚਾਹੀਦਾ ਹੈ ਤਾਂ ਜੋ ਸਾਡੇ ਕੋਲੋਂ ਹੋਰਾਂ ਦਾ ਜਾਣੇ-ਅਨਜਾਣੇ ਵਿਚ ਕੋਈ ਨੁਕਸਾਨ ਨਾ ਹੋ ਸਕੇ।

-ਡਾ. ਸੱਤਿਆ ਪ੍ਰਕਾਸ਼ ਮਿਸ਼ਰ।

Posted By: Jagjit Singh