ਨਵੀਂ ਦਿੱਲੀ, ਲਾਈਫਸਟਾਈਲ ਡੈਸਕ : ਸੋਮਵਾਰ ਦਾ ਦਿਨ ਸ਼ਿਵ ਜੀ ਨੂੰ ਸਮਰਪਿਤ ਹੁੰਦਾ ਹੈ। ਇਸ ਦਿਨ ਭਗਵਾਨ ਸ਼ਿਵ ਜੀ ਦੀ ਵਿਧੀ ਪੂਰਵਕ ਪੂਜਾ-ਉਪਾਸਨਾ ਕੀਤੀ ਜਾਂਦੀ ਹੈ। ਇਨ੍ਹਾਂ ਨੂੰ ਭੋਲੇਨਾਥ, ਮਹਾਦੇਵ, ਭੋਲਾ ਭੰਡਾਰੀ ਆਦਿ ਨਾਮਾਂ ਨਾਲ ਜਾਣਿਆ ਜਾਂਦਾ ਹੈ। ਧਾਰਮਿਕ ਮਾਨਤਾ ਹੈ ਕਿ ਜੋ ਭਗਤ ਸੱਚੇ ਮਨ ਨਾਲ ਭੋਲੇਨਾਥ ਦੀ ਪੂਜਾ ਅਰਾਧਨਾ ਕਰਦਾ ਹੈ, ਉਸਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ।

ਇੱਕ ਮੰਦਿਰ ਅਜਿਹਾ ਵੀ ਹੈ, ਜਿਥੇ ਵਰਤ ਰੱਖਣ ਵਾਲਾ ਇਨਸਾਨ ਸ਼ਿਵ ਜੀ ਨੂੰ ਚੜ੍ਹਾਵੇ 'ਚ ਝਾੜੂ ਭੇਟ ਕਰਦੇ ਹਨ। ਕੁਝ ਲੋਕ ਤਾਂ ਝਾੜੂ ਸ਼ਿਵਲਿੰਗ 'ਤੇ ਲਗਾਉਂਦੇ ਹਨ। ਤੁਸੀਂ ਇਹ ਸੋਚ ਕੇ ਹੈਰਾਨ ਹੋ ਜਾਵੋਗੇ ਕਿ ਪੂਜਾ ਕਰਨ ਦਾ ਇਹ ਕਿਹੜਾ ਤਰੀਕਾ ਹੈ? ਪਰ ਗੱਲ ਬਿਲਕੁੱਲ ਸੱਚ ਹੈ।

ਇਹ ਮੰਦਿਰ ਦੇਸ਼ ਦੇ ਸਭ ਤੋਂ ਵੱਡੇ ਰਾਜ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਅਤੇ ਸੰਭਲ ਜ਼ਿਲ੍ਹੇ ਦੇ ਬਹਿਜੋਈ ਦੇ ਸਾਦਤਬਾੜੀ ਨਾਮਕ ਪਿੰਡ 'ਚ ਹੈ, ਜਿਸਨੂੰ ਪਤਾਲੇਸ਼ਵਰ ਸ਼ਿਵ ਮੰਦਿਰ ਕਿਹਾ ਜਾਂਦਾ ਹੈ। ਇਸ ਮੰਦਿਰ 'ਚ ਸ਼ਿਵ ਜੀ ਨੂੰ ਝਾੜੂ ਚੜ੍ਹਾਉਣ ਲਈ ਸੋਮਵਾਰ, ਸ਼ਿਵਰਾਤਰੀ ਅਤੇ ਸਾਉਣ ਦੇ ਮਹੀਨੇ 'ਚ ਲੰਬੀ ਕਤਾਰ ਲੱਗੀ ਰਹਿੰਦੀ ਹੈ।

ਅਜਿਹੀ ਮਾਨਤਾ ਹੈ ਕਿ ਇਸ ਮੰਦਿਰ 'ਚ ਸ਼ਿਵ ਜੀ ਨੂੰ ਝਾੜੂ ਭੇਟ ਕਰਨ ਨਾਲ ਵਰਤ ਰੱਖਣ ਵਾਲਿਆਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ। ਇਸਦੇ ਲਈ ਸੋਮਵਾਰ ਨੂੰ ਸਵੇਰ ਤੋਂ ਸ਼ਰਧਾਲੂਆਂ ਨੂੰ ਲੰਬੀ ਕਤਾਰ ਲੱਗ ਜਾਂਦੀ ਹੈ। ਖ਼ਾਸਤੌਰ 'ਤੇ ਚਮੜੀ ਦੇ ਰੋਗਾਂ ਤੋਂ ਪੀੜਤ ਲੋਕਾਂ ਦੀ ਭੀੜ ਵੱਧ ਹੁੰਦੀ ਹੈ। ਇਸ ਰੋਗ ਤੋਂ ਛੁਟਕਾਰਾ ਪਾਉਣ ਲਈ ਉਹ ਸ਼ਿਵਲਿੰਗ 'ਤੇ ਝਾੜੂ ਲਗਾਉਂਦੇ ਹਨ। ਇਸ ਬਾਰੇ 'ਚ ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਉਨ੍ਹਾਂ ਦਾ ਚਮੜੀ ਸਬੰਧੀ ਰੋਗਾਂ ਤੋਂ ਜਲਦੀ ਛੁਟਕਾਰਾ ਮਿਲ ਜਾਂਦਾ ਹੈ।

ਝਾੜੂ ਕਿਥੋਂ ਮਿਲਦਾ ਹੈ

ਜੇਕਰ ਤੁਸੀਂ ਆਪਣੀ ਮਨੋਕਾਮਨਾ ਨੂੰ ਲੈ ਕੇ ਸ਼ਿਵ ਜੀ ਦੇ ਦਰਸ਼ਨਾਂ ਲਈ ਮੰਦਿਰ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਝਾੜੂ ਲੈ ਕੇ ਜਾਣ ਦੀ ਲੋੜ ਨਹੀਂ ਪਵੇਗੀ, ਕਿਉਂਕਿ ਝਾੜੂ ਤੁਹਾਨੂੰ ਉਥੇ ਹੀ ਮੰਦਿਰ ਕੰਪਲੈਕਸ 'ਚ ਉੱਚਿਤ ਕੀਮਤ 'ਤੇ ਮਿਲ ਜਾਵੇਗਾ। ਦੂਰ-ਦੂਰ ਤੋਂ ਭਗਤ ਆਪਣੀਆਂ ਮਨੋਕਾਮਨਾਵਾਂ ਲੈ ਕੇ ਆਉਂਦੇ ਹਨ ਅਤੇ ਬਾਬਾ ਦੇ ਦਰਸ਼ਨ ਕਰਦੇ ਹਨ।

Posted By: Susheel Khanna