ਭਾਵੁਕਤਾ ਮਨੁੱਖੀ ਸੁਭਾਅ ਦਾ ਅਹਿਮ ਹਿੱਸਾ ਹੈ। ਇਹ ਦੋ ਤਰ੍ਹਾਂ ਦੀ ਹੁੰਦੀ ਹੈ। ਇਕ ਨੂੰ ਹਾਂ-ਪੱਖੀ ਅਤੇ ਦੂਜੀ ਨੂੰ ਨਾਂਹ-ਪੱਖੀ ਭਾਵੁਕਤਾ ਕਿਹਾ ਜਾ ਸਕਦਾ ਹੈ। ਨਾਂਹ-ਪੱਖੀ ਭਾਵੁਕਤਾ ਵਿਚ ਡਰ, ਕਰੋਧ ਅਤੇ ਈਰਖਾ ਆਦਿ ਗਿਣੇ ਜਾ ਸਕਦੇ ਹਨ ਜਦਕਿ ਹਾਂ-ਪੱਖੀ ਭਾਵੁਕਤਾ ਵਿਚ ਪ੍ਰੇਮ, ਦਯਾ ਆਦਿ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਅਸਲ ਵਿਚ ਲੋੜੋਂ ਵੱਧ ਭਾਵੁਕ ਹੋਣਾ ਹਾਨੀਕਾਰਕ ਸਿੱਧ ਹੁੰਦਾ ਹੈ। ਭਾਵੁਕਤਾ ਦੀ ਉਤਪਤੀ ਭਾਵਨਾਵਾਂ ਤੇ ਬੁਨਿਆਦੀ ਲੋੜਾਂ ਤੋਂ ਹੁੰਦੀ ਹੈ।

ਬੁਨਿਆਦੀ ਲੋੜਾਂ ਜਾਂ ਭਾਵਨਾਵਾਂ ਜਦੋਂ ਬਲਵਾਨ ਹੋ ਜਾਂਦੀਆਂ ਹਨ ਤਾਂ ਵਿਅਕਤੀ ਦਾ ਦਿਲੋ-ਦਿਮਾਗ਼ ਬੇਚੈਨ ਹੋ ਜਾਂਦਾ ਹੈ। ਸ਼ਿਸ਼ੂਕਾਲ ਅਤੇ ਕਿਸ਼ੋਰ ਅਵਸਥਾ ਵਿਚ ਸਰੀਰਕ ਤੇ ਮਾਨਸਿਕ ਵਾਧੇ ਦੇ ਵਿਕਾਸ ਕਾਰਨ ਵਧੇਰੇ ਭਾਵੁਕਤਾ ਪਾਈ ਜਾਂਦੀ ਹੈ। ਭਾਵੁਕਤਾ ਵਿਚ ਅਕਸਰ ਗ਼ਲਤ ਫ਼ੈਸਲੇ ਲਏ ਜਾਣ ਦਾ ਖ਼ਤਰਾ ਰਹਿੰਦਾ ਹੈ। ਵੈਸੇ, ਉਸ ਵਿਅਕਤੀ ਨੂੰ ਹੀ ਬੁੱਧੀਮਾਨ ਕਿਹਾ ਜਾ ਸਕਦਾ ਹੈ ਜੋ ਜੀਵਨ ਦੇ ਹਰ ਤਰ੍ਹਾਂ ਦੇ ਹਾਲਾਤ ਦਾ ਟਾਕਰਾ ਕਰਨ ਵਿਚ ਸਫ਼ਲ ਹੋਵੇ। ਮਨੋਵਿਗਿਆਨੀਆਂ ਅਨੁਸਾਰ ਬੁੱਧੀ ਸਿੱਖਣ ਦੀ ਯੋਗਤਾ, ਸੂਖਮ ਵਿਚਾਰ ਦੀ ਯੋਗਤਾ ਅਤੇ ਨਵੇਂ ਹਾਲਾਤ ਵਿਚ ਖ਼ੁਦ ਨੂੰ ਢਾਲਣ ਦੀ ਯੋਗਤਾ ਹੈ। ਭਾਵਨਾਵਾਂ ਦੇ ਵੇਗ ਵਿਚ ਬੁੱਧੀ ਕੰਮ ਨਹੀਂ ਕਰਦੀ। ਇਨਸਾਨ ਜਦ ਦਿਮਾਗ਼ ਦੀ ਥਾਂ ਦਿਲ ਦੀ ਗੱਲ ਸੁਣਦਾ ਹੈ ਤਾਂ ਅਕਸਰ ਖ਼ਤਾ ਖਾਣ ਦੀ ਸੰਭਾਵਨਾ ਰਹਿੰਦੀ ਹੈ। ਸਾਡੀਆਂ ਗਿਆਨ ਇੰਦਰੀਆਂ ਸਾਡੇ ਗਿਆਨ ਦੇ ਪ੍ਰਵੇਸ਼ ਦਰਵਾਜ਼ੇ ਹਨ। ਅਸੀਂ ਜੋ ਕੁਝ ਮਹਿਸੂਸ ਕਰਦੇ ਹਾਂ, ਉਹ ਮਾਨਸਿਕ ਵਿਚਾਰ ਬਣ ਕੇ ਸਾਡੇ ਮਨ ਵਿਚ ਸਥਿਰ ਹੋ ਜਾਂਦਾ ਹੈ ਅਤੇ ਵਿਚਾਰਧਾਰਾ ਨੂੰ ਜਨਮ ਦਿੰਦਾ ਹੈ। ਜਿਹੋ ਜਿਹੇ ਸਾਡੇ ਵਿਚਾਰ ਹੁੰਦੇ ਹਨ, ਉਹੋ ਜਿਹੇ ਅਸੀਂ ਬਣ ਜਾਂਦੇ ਹਾਂ। ਵਿਚਾਰਧਾਰਕ ਸਾਂਝ ਵੀ ਹਮ-ਖ਼ਿਆਲ ਲੋਕਾਂ ਨਾਲ ਪੈ ਸਕਦੀ ਹੈ।

ਜਿੱਥੇ ਵਿਚਾਰ ਨਹੀਂ ਮਿਲਦੇ, ਉੱਥੇ ਦਿਲੀ ਸਾਂਝ ਨਹੀਂ ਪੈ ਸਕਦੀ। ਫਿਰ ਇਨਸਾਨ ਨੂੰ ਕਈ ਤਰ੍ਹਾਂ ਦੇ ਨੁਕਸਾਨ ਵੀ ਸਹਿਣੇ ਪੈ ਸਕਦੇ ਹਨ ਕਿਉਂਕਿ ਭਾਵਨਾਵਾਂ ਦਾ ਸਥਾਨ ਨਿੱਜੀ ਜ਼ਿੰਦਗੀ ਅਤੇ ਰਿਸ਼ਤੇ-ਨਾਤਿਆਂ ਵਿਚ ਹਮੇਸ਼ਾ ਬਰਕਰਾਰ ਰਹੇਗਾ। ਹੋਰਾਂ ਪ੍ਰਤੀ ਚੰਗੀਆਂ ਭਾਵਨਾਵਾਂ ਰੱਖਣ ਵਾਲੇ ਦੇ ਲੋਕ ਮੁਰੀਦ ਹੁੰਦੇ ਹਨ। ਕਾਰੋਬਾਰੀ ਸੋਚ ਵਿਚ ਭਾਵਨਾਵਾਂ ਤੇ ਭਾਵੁਕਤਾ ਲਈ ਕੋਈ ਥਾਂ ਨਹੀਂ ਹੁੰਦੀ। ਭਾਵੁਕਤਾ ਤੇ ਭਾਵਨਾਵਾਂ ਜ਼ਰੂਰੀ ਹਨ ਪਰ ਇਹ ਵੀ ਜ਼ਰੂਰੀ ਹੈ ਕਿ ਜੋਸ਼ ਦੇ ਨਾਲ-ਨਾਲ ਹੋਸ਼ ਤੋਂ ਵੀ ਕੰਮ ਲਿਆ ਜਾਵੇ। -ਕੁਲਵਿੰਦਰ ਸਿੰਘ। ਸੰਪਰਕ : 62837-29872

Posted By: Jagjit Singh