ਪਿਆਰ (ਪ੍ਰੇਮ) ਦੇ ਸਬੰਧ ਵਿਚ ਗੌਤਮ ਬੁੱਧ ਨੇ ਕਿਹਾ ਹੈ, ‘‘ਇਸ ਸੰਪੂਰਨ ਜਗਤ ਵਿਚ ਜਿੰਨਾ ਕੋਈ ਹੋਰ ਤੁਹਾਡੇ ਪ੍ਰੇਮ ਦਾ ਭਾਗੀਦਾਰ ਹੈ, ਓਨਾ ਹੀ ਤੁਸੀਂ ਖ਼ੁਦ ਹੋ।’’ ਅਸਲ ਵਿਚ ਪ੍ਰੇਮ ਉਹ ਸ਼ਬਦ ਹੈ ਜਿਸ ਦੀ ਵਿਆਖਿਆ ਅਸੰਭਵ ਹੈ, ਪਰ ਜੀਵਨ ਦੀ ਸੁੰਦਰਤਾ ਇਸੇ ਵਿਚ ਲੁਕੀ ਹੋਈ ਹੈ।

ਪ੍ਰੇਮ ਇਕ ਭਾਵ ਹੈ। ਪ੍ਰੇਮ ਦੀ ਭਾਸ਼ਾ ਇਨਸਾਨ ਤਾਂ ਕੀ, ਜੀਵ-ਜੰਤੂ ਵੀ ਬਾਖ਼ੂਬੀ ਸਮਝਦੇ ਹਨ। ਕੁਦਰਤ ਦੇ ਕਣ-ਕਣ ਵਿਚ ਪ੍ਰੇਮ ਸਮਾਇਆ ਹੋਇਆ ਹੈ। ਪ੍ਰੇਮ ਦੀ ਊਰਜਾ ਨਾਲ ਹੀ ਕੁਦਰਤ ਨਿਰੰਤਰ ਵੱਧਦੀ-ਫੁੱਲਦੀ ਹੈ। ਹਰੇਕ ਰਿਸ਼ਤਾ ਪ੍ਰੇਮ ਦੇ ਭਾਵ ਨਾਲ ਹੀ ਖ਼ੁਸ਼ਹਾਲ ਹੁੰਦਾ ਹੈ। ਪ੍ਰੇਮ ਦਾ ਇੰਨਾ ਮਹੱਤਵ ਹੁੰਦੇ ਹੋਏ ਵੀ ਕੀ ਅਸੀਂ ਉਸ ਦੇ ਅਸਲੀ ਅਰਥ ਤੋਂ ਜਾਣੂ ਹਾਂ?

ਰਵਿੰਦਰਨਾਥ ਟੈਗੋਰ ਕਹਿੰਦੇ ਹਨ, ‘‘ਪ੍ਰੇਮ ਕੇਵਲ ਇਕ ਭਾਵਨਾ ਨਹੀਂ, ਇਕਮਾਤਰ ਹਕੀਕਤ ਹੈ। ਇਹ ਸਿ੍ਰਸ਼ਟੀ ਦੇ ਹਿਰਦੇ ਵਿਚ ਰਹਿਣ ਵਾਲਾ ਅੰਤਿਮ ਸੱਚ ਹੈ।’’ ਪ੍ਰੇਮ ਅਜਿਹਾ ਸ਼ਬਦ ਹੈ ਜਿਸ ਵਿਚ ਕੁਦਰਤ ਦੀਆਂ ਭਾਵਨਾਵਾਂ ਸ਼ਾਮਲ ਰਹਿੰਦੀਆਂ ਹਨ। ਪ੍ਰੇਮ ਇਕ ਅਜਿਹੀ ਨਦੀ ਹੈ ਜੋ ਕਦੇ ਸਮਾਪਤ ਨਹੀਂ ਹੁੰਦੀ। ਪ੍ਰੇਮ ਦੀ ਡੋਰ ਫੜ ਕੇ ਅਸੀਂ ਈਸ਼ਵਰ ਤਕ ਪੁੱਜ ਸਕਦੇ ਹਾਂ। ਜਿਸ ਨੇ ਪ੍ਰੇਮ ਦਾ ਭੇਤ ਪਾ ਲਿਆ, ਉਸ ਨੂੰ ਕੁਝ ਹੋਰ ਜਾਣਨ-ਸਮਝਣ ਦੀ ਜ਼ਰੂਰਤ ਨਹੀਂ।

ਪ੍ਰੇਮ ਅਤਿਅੰਤ ਕੋਮਲ ਭਾਵ ਹੈ। ਇਹ ਉਂਗਲੀ ਚੁੱਕਣ ’ਤੇ ਮੁਰਝਾ ਜਾਂਦਾ ਹੈ। ਇਸੇ ਲਈ ਪ੍ਰੇਮ ਕਰਨ ਤੋਂ ਪਹਿਲਾਂ ਅੰਤਰ-ਮਨ ਦੀ ਚੇਤਾਵਨੀ ਅਤੇ ਮਸ਼ਵਰਾ ਸੁਣਨਾ, ਸਮਝਣਾ ਅਤੇ ਸਵੀਕਾਰ ਕਰਨਾ ਬੇਹੱਦ ਜ਼ਰੂਰੀ ਹੈ। ਅਟੁੱਟ ਪ੍ਰੇਮ ਲਈ ਕੁਝ ਖ਼ਾਸ ਭਾਵਾਂ ਦਾ ਹੋਣਾ ਵੀ ਲਾਜ਼ਮੀ ਹੈ। ਸੱਚ, ਇਮਾਨਦਾਰੀ, ਆਪਸੀ ਸਮਝਦਾਰੀ, ਅਮਿੱਟ ਵਿਸ਼ਵਾਸ, ਪਾਰਦਰਸ਼ਿਤਾ, ਸਮਰਪਣ ਭਾਵਨਾ ਅਤੇ ਇਕ-ਦੂਜੇ ਦੇ ਪ੍ਰਤੀ ਸਨਮਾਨ ਵਰਗੇ ਸ੍ਰੇਸ਼ਠ ਤੱਤ ਸੱਚੇ ਅਤੇ ਸਾਰਥਕ ਪ੍ਰੇਮ ਦੀ ਬੁਨਿਆਦ ਹੁੰਦੇ ਹਨ। ਪ੍ਰੇਮ ਉਦੋਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਜਦ ਅਸੀਂ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਠੀਕ ਤਰ੍ਹਾਂ ਨਿਭਾਈਏ।

ਪ੍ਰੇਮ ਲੋਕਾਂ ਨੂੰ ਕਰੀਬ ਲਿਆਉਂਦਾ ਹੈ। ਇਹ ਕਿਸੇ ਵੀ ਰਿਸ਼ਤੇ ਨੂੰ ਹੁਸੀਨ ਬਣਾਉਣ ਦੀ ਸਮਰੱਥਾ ਰੱਖਦਾ ਹੈ। ਇਹ ਇਕ ਸੁਭਾਵਿਕ ਭਾਵਨਾ ਹੈ। ਇਹ ਪ੍ਰੇਮ ਹੀ ਹੈ ਜੋ ਸਾਡੇ ਜੀਵਨ ਦੇ ਤਮਾਮ ਕਸ਼ਟਾਂ ਨੂੰ ਦੂਰ ਕਰਨ ਦੀ ਸਮਰੱਥਾ ਰੱਖਦਾ ਹੈ। ਅਜਿਹੇ ’ਚ ਸਾਨੂੰ ਪ੍ਰੇਮ ਦੀ ਅਹਿਮੀਅਤ ਨੂੰ ਪਛਾਣਨਾ ਚਾਹੀਦਾ ਹੈ ਅਤੇ ਉਸ ਦੇ ਆਧਾਰ ’ਤੇ ਆਪਣੇ ਜੀਵਨ ਨੂੰ ਸੰਵਾਰਨਾ ਚਾਹੀਦਾ ਹੈ। ਪ੍ਰੇਮ ਸਦਕਾ ਹੀ ਅਦੁੱਤੀ ਆਨੰਦ ਮਾਣਿਆ ਜਾ ਸਕਦਾ ਹੈ। -ਨਰਪੇਂਦਰ ਅਭਿਸ਼ੇਕ ਨਰਪ।

Posted By: Jagjit Singh