ਇਨਸਾਨ ਤੇ ਜਾਨਵਰ ਦੀ ਤੁਲਨਾ ਕਰਨ 'ਤੇ ਉਨ੍ਹਾਂ ਵਿਚ ਕਾਫੀ ਫ਼ਰਕ ਉਜਾਗਰ ਹੁੰਦੇ ਹਨ। ਇਕ ਅੰਤਰ ਸਾਫ਼-ਸਫ਼ਾਈ ਦਾ ਵੀ ਹੈ। ਸਾਫ਼-ਸਫ਼ਾਈ ਰੱਖਣੀ ਇਨਸਾਨ ਦਾ ਸ਼ੌਕ ਵੀ ਹੈ ਅਤੇ ਮਜਬੂਰੀ ਵੀ। ਆਪਣੇ-ਆਪ ਨੂੰ ਸਾਫ਼ ਤੇ ਸੁੰਦਰ ਰੱਖਣ ਅਤੇ ਦੂਸਰਿਆਂ ਤੋਂ ਆਪਣੇ ਇਸ ਗੁਣ ਦੀ ਤਾਰੀਫ਼ ਕਰਵਾਉਣ ਲਈ ਹਰੇਕ ਵਿਅਕਤੀ ਤਤਪਰ ਰਹਿੰਦਾ ਹੈ। ਆਮ ਤੌਰ 'ਤੇ ਸਮਾਜ ਵਿਚ ਸੁੰਦਰ ਨੈਣ-ਨਕਸ਼ ਵਾਲਿਆਂ ਨੂੰ ਦੂਸਰਿਆਂ ਦੇ ਮੁਕਾਬਲੇ ਜ਼ਿਆਦਾ ਲਾਡ-ਪਿਆਰ ਅਤੇ ਮਹੱਤਵ ਦਿੱਤਾ ਜਾਂਦਾ ਹੈ ਪਰ ਜੋ ਵਿਅਕਤੀ ਖ਼ੁਦ ਨੂੰ ਅਤੇ ਆਪਣੇ ਵਿਚਾਰਾਂ ਨੂੰ ਸਾਫ਼-ਸੁਥਰੇ ਰੱਖਦੇ ਹਨ, ਉਹ ਵੀ ਚੰਗੇ ਮੰਨੇ ਜਾਂਦੇ ਹਨ। ਇਸ ਦੇ ਉਲਟ ਸਮੁੱਚੀ ਸਾਫ਼-ਸਫ਼ਾਈ ਨਾ ਰੱਖਣ ਵਾਲਿਆਂ ਨੂੰ ਸਮਾਜ 'ਚ ਤਿਰਸਕਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਵਿਅਕਤੀ ਲਈ ਤਨ ਦੀ ਬਾਹਰਲੀ ਸਫ਼ਾਈ ਤਾਂ ਮਹੱਤਵਪੂਰਨ ਹੈ ਹੀ, ਨਾਲ ਹੀ ਸਰੀਰ ਦੀ ਅੰਦਰੂਨੀ ਸਾਫ਼-ਸਫ਼ਾਈ ਵੀ ਜ਼ਰੂਰੀ ਹੈ ਤਾਂ ਜੋ ਉਹ ਤੰਦਰੁਸਤ ਰਹਿ ਸਕੇ। ਅਜਿਹੇ ਵਿਚ ਮਾਨਸਿਕ ਸਫ਼ਾਈ ਦੀ ਵੀ ਬਹੁਤ ਮਹੱਤਤਾ ਹੈ। ਮਨੁੱਖ ਵਾਸਤੇ ਨਿਰੋਗ ਰਹਿਣ ਲਈ ਸਰੀਰ ਦਾ ਸ਼ੁੱਧੀਕਰਨ ਕਰਨਾ ਬਹੁਤ ਜ਼ਰੂਰੀ ਹੈ। ਇਸ ਵਾਸਤੇ ਕਸਰਤ, ਸੰਤੁਲਿਤ ਭੋਜਨ ਅਤੇ ਪਾਣੀ ਦਾ ਸੇਵਨ ਕਰਦੇ ਰਹਿਣਾ ਅਤਿ ਜ਼ਰੂਰੀ ਹੈ। ਲੋੜ ਅਨੁਸਾਰ ਪਾਣੀ ਪੀਣ 'ਤੇ ਸਰੀਰ ਦੀ ਅਦਰੋਂ ਸਫ਼ਾਈ ਹੁੰਦੀ ਰਹਿੰਦੀ ਹੈ। ਪਸੀਨੇ ਅਤੇ ਪਿਸ਼ਾਬ ਰਾਹੀਂ ਵਾਧੂ ਪਦਾਰਥ ਬਾਹਰ ਨਿਕਲ ਜਾਂਦੇ ਹਨ। ਡਾਕਟਰਾਂ ਦੀ ਰਾਇ ਹੈ ਕਿ ਹਰ ਵਿਅਕਤੀ ਨੂੰ ਦਿਨ 'ਚ ਦਸ-ਬਾਰਾਂ ਗਲਾਸ ਪਾਣੀ ਪੀਣਾ ਚਾਹੀਦਾ ਹੈ। ਹਰੇਕ ਵਿਅਕਤੀ ਨੂੰ ਮਾਨਸਿਕ ਸਿਹਤ ਦਾ ਵੀ ਖ਼ਿਆਲ ਰੱਖਣਾ ਚਾਹੀਦਾ ਹੈ। ਇਹ ਉਸ ਦੀਆਂ ਆਦਤਾਂ 'ਤੇ ਨਿਰਭਰ ਕਰਦਾ ਹੈ ਕਿ ਉਹ ਆਪਣੇ ਵਿਚਾਰ ਕਿੰਨੇ ਕੁ ਸਾਫ਼ ਰੱਖ ਸਕਦਾ ਹੈ। ਚੰਗੀਆਂ-ਮਾੜੀਆਂ ਆਦਤਾਂ ਉਸ ਨੂੰ ਬਚਪਨ ਤੋਂ ਹੀ ਪੈ ਜਾਂਦੀਆਂ ਹਨ। ਚੰਗੀ ਸੋਚ ਵਾਲੇ ਮਾਪਿਆਂ ਦੇ ਬੱਚੇ ਅਕਸਰ ਅਧਿਆਪਕਾਂ ਦੀ ਆਗਿਆ ਦਾ ਪਾਲਣ ਕਰਨ ਵਾਲੇ ਹੁੰਦੇ ਹਨ। ਉਹ ਦੂਸਰਿਆਂ ਨਾਲੋਂ ਕਿਤੇ ਜ਼ਿਆਦਾ ਚੰਗੀ ਸੋਚ ਦੇ ਮਾਲਕ ਹੁੰਦੇ ਹਨ। ਉਨ੍ਹਾਂ ਨੂੰ ਜੀਵਨ ਵਿਚ ਕਾਮਯਾਬ ਹੋਣ 'ਚ ਕੋਈ ਜ਼ਿਆਦਾ ਔਖ ਨਹੀਂ ਹੁੰਦੀ। ਇਸ ਦੇ ਉਲਟ ਮਾੜੀ ਸੋਚ ਵਾਲੇ ਬਹੁਤੀ ਦੇਰ ਕਾਮਯਾਬ ਨਹੀਂ ਰਹਿ ਸਕਦੇ। ਜੇ ਕੋਈ ਚਾਹੁੰਦਾ ਹੈ ਕਿ ਜ਼ਿਆਦਾਤਰ ਲੋਕ ਉਸ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋਣ ਤਾਂ ਉਸ ਲਈ ਸਰੀਰਕ ਅਤੇ ਮਾਨਸਿਕ ਸ਼ੁੱਧੀਕਰਨ ਵੱਲ ਧਿਆਨ ਦੇਣਾ ਬੇਹੱਦ ਜ਼ਰੂਰੀ ਹੈ। -ਸੁਖਦੀਪ ਸਿੰਘ ਗਿੱਲ। ਸੰਪਰਕ : 94174-52887

Posted By: Jagjit Singh