ਅਜੇ ਸਮੁੱਚੀ ਲੋਕਾਈ ਵਿਸ਼ਵ ਪੱਧਰੀ ਮਹਾਮਾਰੀ ਦੇ ਅਤਿਅੰਤ ਕਸ਼ਟਦਾਇਕ ਦੌਰ ’ਚੋਂ ਲੰਘ ਰਹੀ ਹੈ। ਇਸ ਹਾਲਤ ਲਈ ਭੌਤਿਕ ਸੋਮਿਆਂ ਦੀ ਖਿੱਚ ਕਾਰਨ ਭਾਰਤੀ ਜੀਵਨ-ਸ਼ੈਲੀ ਤੋਂ ਦੂਰ ਹੋਣਾ ਮੁੱਖ ਕਾਰਨ ਹੈ। ਸਭ ਤੋਂ ਪਹਿਲਾਂ ਮਨੁੱਖ ਨੂੰ ਬ੍ਰਹਮ ਮਹੂਰਤ ਵਿਚ ਜਾਗਣ ਦੀ ਮਹੱਤਤਾ ਸਮਝਣ ਲਈ ਕਿਹਾ ਗਿਆ ਕਿ ‘ਜੋ ਸੋਵਤ ਹੈ ਸੋ ਖੋਵਤ ਹੈ, ਜੋ ਜਾਗਤ ਹੈ ਸੋ ਪਾਵਤ ਹੈ।’ ਇਸ ਵਿਚ ‘ਸੋ’ ਸ਼ਬਦ ਦਾ ਅਰਥ ‘ਸੌ’ ਲਿਆ ਜਾਣਾ ਚਾਹੀਦਾ ਹੈ। ਅਰਥਾਤ ਸੌ ਫ਼ੀਸਦੀ ਗੁਆਉਣਾ ਜਾਂ ਹਾਸਲ ਕਰਨਾ ਹੀ ਇਸ ਦਾ ਮਤਲਬ ਹੈ। ਸਵੇਰੇ ਸੂਰਜ ਨੂੰ ਜਲ ਅਰਪਣ ਕਰਨ, ਗਾਇਤਰੀ ਮੰਤਰ ਦੇ ਜਪ ਦਾ ਮਤਲਬ ਹੀ ਸੀ ਕਿ ਈਸ਼ਵਰ ਦੀ ਕਿਰਪਾ ਹਾਸਲ ਕਰਨੀ। ਈਸ਼ਵਰ ਦੀ ਕਿਰਪਾ ਦਾ ਅਰਥ ਸਿਰਫ਼ ਅਹੁਦਾ-ਵੱਕਾਰ ਜਾਂ ਪੈਸਾ ਹੀ ਨਹੀਂ ਸਗੋਂ ਸਰੀਰ ਅਤੇ ਮਨ ਨੂੰ ਤੰਗ ਕਰਨ ਵਾਲੀਆਂ ਤਾਕਤਾਂ ਨਾਲ ਮੁਕਾਬਲਾ ਕਰਨ ਦੀ ਸਮਰੱਥਾ ਹਾਸਲ ਕਰਨਾ ਹੈ। ਇਸ ਦੀ ਕਮੀ ਨਾਲ ਹੀ ਰੋਗ ਰੋਕੂ ਸਮਰੱਥਾ ਵਿਚ ਕਮੀ ਆਉਂਦੀ ਹੈ। ਅਗਸੱਤਿਆ ਰਿਸ਼ੀ ’ਤੇ ਵੀ ਦੁਸ਼ਮਣ ਰੂਪੀ ਆਤਾਪਿ ਨਾਂ ਦੇ ਦੈਤ (ਵਾਇਰਸ) ਨੇ ਹਮਲਾ ਕੀਤਾ ਸੀ। ਉਹ ਰਿਸ਼ੀ ਦੀ ਹੱਤਿਆ ਲਈ ਖ਼ੁਰਾਕੀ ਪਦਾਰਥ ਵਿਚ ਛੁਪ ਕੇ ਉਸ ਦੇ ਪੇਟ ਵਿਚ ਚਲਾ ਗਿਆ ਸੀ। ਪੇਟ ਵਿਚ ਜਾਂਦੇ ਹੀ ਰਿਸ਼ੀ ਸਮਝ ਗਿਆ ਅਤੇ ਫਿਰ ਯੋਗਾ-ਸ਼ਕਤੀ ਨਾਲ ਉਸ ਨੂੰ ਪੇਟ ਵਿਚ ਹੀ ਮਾਰਨਾ ਸ਼ੁਰੂ ਕੀਤਾ। ਆਤਾਪਿ ਨਾਂ ਦਾ ਦਾਨਵ ਚੀਕ-ਚਹਾੜਾ ਪਾਉਣ ਲੱਗਾ ਕਿ ਮਾਫ਼ ਕਰ ਦਿਓ ਰਿਸ਼ੀ ਜੀ, ਮੈਨੂੰ ਪ੍ਰਾਣ ਦਾਨ ਦੇ ਦਿਉ। ਇਸ ਕਥਾ ਦਾ ਮਕਸਦ ਹੈ ਕਿ ਪ੍ਰਾਣ ਸ਼ਕਤੀ ਮਜ਼ਬੂਤ ਕਰਨ ਲਈ ਯੋਗਾ ਕਰਨਾ ਚਾਹੀਦਾ ਹੈ ਅਤੇ ਹਰ ਕਿਸੇ ਨੂੰ ਇਸ ਦੇ ਲਈ ਸਮਾਂ ਕੱਢਣਾ ਚਾਹੀਦਾ ਹੈ। ਯੋਗਾ ਦਾ ਮਤਲਬ ਹੀ ਸਰੀਰ ਦੀ ਪ੍ਰਾਣਵਾਯੂ (ਆਕਸੀਜਨ) ਨਾਲ ਸੰਯੋਗ ਬਣਾਉਣਾ ਹੈ। ਸਰੀਰ ਵਿਚ ਹੀ ਆਕਸੀਜਨ ਪਲਾਂਟ ਦੀ ਸਥਾਪਨਾ ਜੇ ਕੀਤੀ ਜਾਵੇ ਤਾਂ ਬਾਹਰੋਂ ਆਕਸੀਜਨ ਦੀ ਲੋੜ ਨਹੀਂ ਪਵੇਗੀ। ਅਜਿਹੀ ਸਥਿਤੀ ਵਿਚ ਮਹਾਮਾਰੀ ਦੇ ਵਿਕਰਾਲ ਰੂਪ ਨੂੰ ਦੇਖਦੇ ਹੋਏ ਹੁਣ ਸਮਾਂ ਆ ਗਿਆ ਹੈ ਕਿ ਆਪਣੇ ਰਿਸ਼ੀਆਂ ਦੁਆਰਾ ਜਿਊਣ ਦੀ ਜੋ ਕਲਾ ਦੱਸੀ ਗਈ ਸੀ, ਅਸੀਂ ਉਸ ਵੱਲ ਤਤਕਾਲ ਪਰਤੀਏ। ਦੇਰ ਰਾਤ ਤਕ ਜਾਗਣਾ ਅਤੇ ਸਵੇਰੇ ਦੇਰ ਤਕ ਸੌਣ ਦੀਆਂ ਆਦਤਾਂ ਨੂੰ ਬਦਲਣਾ ਹੋਵੇਗਾ। ਸ੍ਰੀਮਦਭਗਵਤ ਗੀਤਾ ਵਿਚ ਸ੍ਰੀ ਕ੍ਰਿਸ਼ਨ ਦੇ ਆਹਾਰ-ਵਿਹਾਰ ਦੇ ਉਪਦੇਸ਼ਾਂ ਨੂੰ ਅਪਨਾਉਣਾ ਹੋਵੇਗਾ। ਜੀਵਨ-ਸ਼ੈਲੀ ਵਿਚ ਇਸ ਗੱਲ ’ਤੇ ਵੀ ਧਿਆਨ ਦੇਣਾ ਹੋਵੇਗਾ ਕਿ ਸਾਤਵਿਕ ਆਮਦਨ ਅਰਥਾਤ ਹੱਕ-ਹਲਾਲ ਦੀ ਕਮਾਈ ਨਾਲ ਹੀ ਗੁਜ਼ਾਰਾ ਕੀਤਾ ਜਾਵੇ।

-ਸਲਿਲ ਪਾਂਡੇ

Posted By: Susheel Khanna