ਪ੍ਰੇਰਨਾ ਸ਼ਬਦ ਦਾ ਅਰਥ ਬਹੁਤ ਵਿਆਪਕ ਹੈ। ਜੀਵਨ ਦੇ ਹਰੇਕ ਮੋੜ 'ਤੇ ਅਸੀਂ ਹਾਂ-ਪੱਖੀ ਜਾਂ ਨਾਂਹ-ਪੱਖੀ ਰੂਪ ਵਿਚ ਕਿਸੇ ਨਾ ਕਿਸੇ ਤੋਂ ਪ੍ਰੇਰਿਤ ਹੁੰਦੇ ਰਹਿੰਦੇ ਹਾਂ ਅਤੇ ਸਾਡੇ ਕੰਮ, ਉਦੇਸ਼ ਅਤੇ ਸੰਕਲਪ ਆਦਿ ਤਮਾਮ ਤਰ੍ਹਾਂ ਦੇ ਵਿਵਹਾਰਕ ਗੁਣ ਵੀ ਇਸੇ ਤੋਂ ਨਿਰਧਾਰਤ ਹੁੰਦੇ ਹਨ। ਮਨੁੱਖ ਸਫਲਤਾ ਲਈ ਆਪਣੇ ਅੰਦਰ ਆਤਮ-ਵਿਸ਼ਵਾਸ ਅਤੇ ਉਤਸ਼ਾਹ ਨੂੰ ਜਗਾਉਂਦਾ ਹੈ ਜੋ ਅੰਦਰੂਨੀ ਪ੍ਰੇਰਨਾ ਨੂੰ ਵਿਕਸਤ ਕਰਦੇ ਹਨ। ਜੇ ਵਿਵਹਾਰਕ ਤੌਰ 'ਤੇ ਦੇਖੀਏ ਤਾਂ ਆਤਮ-ਵਿਸ਼ਵਾਸ ਮਨੁੱਖ ਦੀ ਕਾਰਜ-ਸਮਰੱਥਾ 'ਤੇ ਨਿਰਭਰ ਕਰਦਾ ਹੈ ਅਤੇ ਸਭ ਮਨੁੱਖੀ ਵਿਵਹਾਰ ਸਿਰਫ਼ ਫ਼ਾਇਦੇ ਜਾਂ ਨੁਕਸਾਨ ਨਾਲ ਨਿਰਧਾਰਤ-ਸੰਚਾਲਿਤ ਹੁੰਦੇ ਹਨ। ਜੇ ਵਿਅਕਤੀ ਨੂੰ ਨੁਕਸਾਨ ਦੇ ਬਦਲੇ ਫ਼ਾਇਦਾ ਜ਼ਿਆਦਾ ਨਜ਼ਰ ਆਉਂਦਾ ਹੈ ਤਾਂ ਉਹ ਉਸ ਲਈ ਪ੍ਰੇਰਨਾ ਦਾ ਜ਼ਰੀਆ ਬਣ ਜਾਂਦੇ ਹਨ। ਪ੍ਰੇਰਨਾ ਦੋ ਤਰ੍ਹਾਂ ਨਾਲ ਵਿਅਕਤੀ ਨੂੰ ਪ੍ਰਭਾਵਿਤ ਕਰਦੀ ਹੈ। ਇਕ ਬਾਹਰਲੀ ਪ੍ਰੇਰਨਾ ਅਤੇ ਦੂਜੀ ਅੰਦਰੂਨੀ ਪ੍ਰੇਰਨਾ। ਬਾਹਰਲੀ ਪ੍ਰੇਰਨਾ ਦੇ ਸਰੂਪ ਨੂੰ ਦੇਖੀਏ ਤਾਂ ਇਸ ਵਿਚ ਸਥਾਈਪੁਣਾ ਨਹੀਂ ਹੁੰਦਾ ਬਲਕਿ ਇਹ ਪਲਾਂ-ਛਿਣਾਂ ਦੀ ਹੁੰਦੀ ਹੈ ਜਿਸ ਦਾ ਖਿੰਡਣਾ-ਪੁੰਡਣਾ ਤੈਅ ਹੈ। ਇਹ ਸਿਰਫ਼ ਤੇ ਸਿਰਫ਼ ਪ੍ਰੇਰਕ 'ਤੇ ਨਿਰਭਰ ਕਰਦੀ ਹੈ। ਜਦ ਤਕ ਪ੍ਰੇਰਕ ਮੌਜੂਦ ਹੈ ਉਦੋਂ ਤਕ ਹੀ ਬਾਹਰਲੀ ਪ੍ਰੇਰਨਾ ਵਿਅਕਤੀ ਨੂੰ ਪ੍ਰੇਰਿਤ ਕਰਦੀ ਹੈ। ਬਾਹਰਲੀ ਪ੍ਰੇਰਨਾ ਆਮ ਤੌਰ 'ਤੇ ਸਾਡੇ ਅੰਦਰ ਮਾਨਸਿਕ ਦਬਾਅ ਅਤੇ ਤਣਾਅ ਆਦਿ ਵੀ ਪੈਦਾ ਕਰ ਦਿੰਦੀ ਹੈ ਜਿਸ ਨਾਲ ਹੀਣ ਭਾਵਨਾ ਪੈਦਾ ਹੋ ਜਾਂਦੀ ਹੈ। ਸਿੱਟੇ ਵਜੋਂ ਕਾਰਜ ਸਮਰੱਥਾ ਅਤੇ ਸਿਰਜਣਾਤਮਕ ਸ਼ਕਤੀ ਵਿਚ ਗਿਰਾਵਟ ਆਉਣ ਲੱਗਦੀ ਹੈ। ਜ਼ਿੰਮੇਵਾਰੀਆਂ ਵਿਅਕਤੀ ਨੂੰ ਆਪਣੇ ਟੀਚੇ ਤੇ ਸੰਕਲਪ ਨਿਰਧਾਰਤ ਕਰਨ 'ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਅਤੇ ਇਹ ਹਕੀਕਤ ਹੈ ਕਿ ਜ਼ਿੰਮੇਵਾਰੀਆਂ ਦੀ ਘਾਟ ਪ੍ਰੇਰਨਾ ਵੀ ਖੋਹ ਲੈਂਦੀ ਹੈ। ਅੰਦਰੂਨੀ ਪ੍ਰੇਰਨਾ ਵਿਅਕਤੀ ਵਿਚ ਹਮੇਸ਼ਾ ਬਣੀ ਰਹਿੰਦੀ ਹੈ ਅਤੇ ਇਹ ਮਨੁੱਖ ਦੀ ਆਤਮਾ 'ਚੋਂ ਨਿਕਲ ਕੇ ਹਾਂ-ਪੱਖੀ ਸੋਚ ਦਾ ਸੰਚਾਰ ਕਰਦੇ ਹੋਏ ਉਸ ਨੂੰ ਸਬਰ-ਸੰਤੋਖੀ ਤੇ ਸੰਕਲਪ ਵਾਲਾ ਬਣਾਉਂਦੀ ਹੈ। ਸਹੀ ਅਰਥਾਂ ਵਿਚ ਇਹੋ ਸੱਚੀ ਪ੍ਰੇਰਨਾ ਹੈ। ਪ੍ਰੇਰਨਾ ਸਦਕਾ ਕਾਰਜ ਸਮਰੱਥਾ ਦੇ ਨਾਲ ਹੀ ਸੋਚ ਵਿਚ ਵੀ ਬਦਲਾਅ ਆਉਂਦਾ ਹੈ ਜਿਸ ਕਾਰਨ ਉਦੇਸ਼ ਪ੍ਰਾਪਤੀ ਵਾਸਤੇ ਆਲਸ ਦੂਰ ਹੁੰਦੀ ਹੈ ਤੇ ਵਿਅਕਤੀ ਦ੍ਰਿੜ੍ਹ ਇਰਾਦੇ ਵਾਲਾ ਬਣਦਾ ਹੈ। ਸੋ, ਆਪਣੇ ਅੰਦਰ ਪ੍ਰੇਰਨਾ ਪੈਦਾ ਕਰਨ ਦੇ ਨਾਲ-ਨਾਲ ਨਾਂਹ-ਪੱਖੀ ਪ੍ਰੇਰਨਾ ਨੂੰ ਦੂਰ ਵੀ ਕਰਨਾ ਚਾਹੀਦਾ ਹੈ।

-ਸ਼ਿਵਾਂਸ਼ੂ ਰਾਏ।

Posted By: Sukhdev Singh