ਜੇ ਕਿਸੇ ਕੰਮ ਦੌਰਾਨ ਨਤੀਜੇ ਹਾਂ-ਪੱਖੀ ਹੁੰਦੇ ਹਨ ਤਾਂ ਅਸੀਂ ਤੁਰੰਤ ਉਸ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਲੱਗਦੇ ਹਾਂ। ਇਸ ਦੇ ਉਲਟ ਜੇ ਨਤੀਜੇ ਨਾਂਹ-ਪੱਖੀ ਹੋਣ ਤਾਂ ਉਸ ਵਾਸਤੇ ਤਮਾਮ ਬਹਾਨਿਆਂ ਦੀ ਸੂਚੀ ਵੀ ਤਿਆਰ ਕਰ ਲਈ ਜਾਂਦੀ ਹੈ। ਆਮ ਤੌਰ 'ਤੇ ਮਨੁੱਖ ਦਾ ਸੁਭਾਅ ਹੀ ਅਜਿਹਾ ਹੁੰਦਾ ਹੈ ਕਿ ਜੇ ਕੁਝ ਚੰਗਾ ਹੋਇਆ ਹੈ ਤਾਂ ਉਹ ਸਿਰਫ਼ ਉਸ ਕਾਰਨ ਹੀ ਹੋਇਆ ਹੈ ਅਤੇ ਜੇ ਕਿਤੇ ਕੁਝ ਬੁਰਾ ਹੋਇਆ ਹੈ ਤਾਂ ਇਸ ਦੀ ਜ਼ਿੰਮੇਵਾਰੀ ਹੋਰਾਂ ਦੀ ਹੈ। ਦੋਸ਼ ਮੜ੍ਹਨ ਦੀ ਇਸ ਬਿਰਤੀ ਕਾਰਨ ਅਸੀਂ ਕਦੋਂ ਆਪਣਾ ਨੁਕਸਾਨ ਕਰਵਾ ਬੈਠਦੇ ਹਾਂ, ਇਹ ਖ਼ੁਦ ਸਾਨੂੰ ਵੀ ਪਤਾ ਨਹੀਂ ਲੱਗਦਾ। ਜੇ ਅਸੀਂ ਆਪਣੀਆਂ ਪ੍ਰਾਪਤੀਆਂ ਦਾ ਸਿਹਰਾ ਪਾਤਰ ਵਿਅਕਤੀਆਂ ਸਿਰ ਬੰਨ੍ਹੀਏ ਤਾਂ ਕੀ ਹੋ ਜਾਵੇਗਾ? ਇਸ ਨਾਲ ਕਿਤੇ ਨਾ ਕਿਤੇ ਉਨ੍ਹਾਂ ਦੇ ਹਿਰਦੇ ਵਿਚ ਸਾਡੇ ਪ੍ਰਤੀ ਸਨੇਹ ਭਾਵ ਵਿਚ ਵਾਧਾ ਹੀ ਹੋਵੇਗਾ। ਇਸ ਦੇ ਉਲਟ ਅਸਫਲਤਾਵਾਂ ਦੀ ਜ਼ਿੰਮੇਵਾਰੀ ਖ਼ੁਦ ਲੈਣ ਲੱਗੀਏ ਤਾਂ ਸ਼ਖ਼ਸੀਅਤ ਦੇ ਵਿਕਾਸ ਵਿਚ ਅਸਫਲਤਾਵਾਂ ਮੀਲ ਦਾ ਪੱਥਰ ਸਿੱਧ ਹੁੰਦੀਆਂ ਹਨ। ਆਪਣੀਆਂ ਨਾਕਾਮੀਆਂ ਨੂੰ ਸਵੀਕਾਰਨ ਦੀ ਸ਼ਕਤੀ ਮਨੁੱਖ ਵਿਚ ਸਿੱਖਣ ਦੀਆਂ ਸੰਭਾਵਨਾਵਾਂ ਨੂੰ ਜਨਮ ਦਿੰਦੀ ਹੈ। ਅਸੀਂ ਜਾਂ ਤਾਂ ਖ਼ੁਦ ਗ਼ਲਤੀ ਕਰ ਕੇ ਸਿੱਖਦੇ ਹਾਂ ਜਾਂ ਦੂਜਿਆਂ ਦੀ ਗ਼ਲਤੀ ਨੂੰ ਮਿਸਾਲ ਦੇ ਤੌਰ 'ਤੇ ਦੇਖ ਕੇ ਅਹਿਸਾਸ ਕਰਦੇ ਹਾਂ। ਮਹਾਤਮਾ ਗਾਂਧੀ ਆਜ਼ਾਦੀ ਅੰਦੋਲਨ ਦੌਰਾਨ ਹਰੇਕ ਸਫਲਤਾ ਦੇਸ਼ ਦੀ ਜਨਤਾ ਅਤੇ ਕਾਰਕੁਨਾਂ ਨੂੰ ਸਮਰਪਿਤ ਕਰਦੇ ਸਨ ਅਤੇ ਜੇ ਕੋਈ ਅੰਦੋਲਨ ਅਸਫਲ ਹੁੰਦਾ ਤਾਂ ਉਸ ਵਾਸਤੇ ਖ਼ੁਦ ਨੂੰ ਦੋਸ਼ੀ ਮੰਨਦੇ। ਅਸਫਲਤਾ ਲਈ ਖ਼ੁਦ ਨੂੰ ਜ਼ਿੰਮੇਵਾਰ ਮੰਨਣ ਵਾਲੀ ਇਸ ਬਿਰਤੀ ਨੇ ਉਨ੍ਹਾਂ ਨੂੰ ਇਤਿਹਾਸ ਵਿਚ ਮਹਾਨ ਬਣਾ ਦਿੱਤਾ। ਇਸ ਸੰਸਾਰ ਵਿਚ ਅਜਿਹਾ ਕੋਈ ਵੀ ਮਨੁੱਖ ਨਹੀਂ ਹੈ ਜਿਸ ਨੂੰ ਠੋਕਰ ਨਾ ਲੱਗੀ ਹੋਵੇ। ਇਹ ਸੰਸਾਰ ਅਜਿਹੇ ਤਮਾਮ ਲੋਕਾਂ ਦੀ ਸਫਲਤਾ ਦੀ ਕਹਾਣੀ ਦਾ ਚਸ਼ਮਦੀਦ ਗਵਾਹ ਹੈ ਜਿਨ੍ਹਾਂ ਦੀ ਸਫਲਤਾ ਅਨੇਕ ਠੋਕਰਾਂ ਦੀ ਬੁਨਿਆਦ 'ਤੇ ਹੀ ਖੜ੍ਹੀ ਹੋਈ ਹੈ। ਜੀਵਨ ਵਿਚ ਡਿਗਰੀ ਪ੍ਰਾਪਤ ਕਰ ਲੈਣ 'ਤੇ ਇਹ ਬਿਲਕੁਲ ਨਹੀਂ ਸਮਝਣਾ ਚਾਹੀਦਾ ਕਿ ਸੰਪੂਰਨ ਗਿਆਨ ਦੀ ਪ੍ਰਾਪਤੀ ਹੋ ਗਈ ਹੈ। ਇੱਥੇ ਸੰਪੂਰਨ ਕੋਈ ਵੀ ਨਹੀਂ ਹੈ, ਸਭ ਆਪਣੀ ਸਮਰੱਥਾ ਅਤੇ ਮਿਹਨਤ ਦੇ ਆਧਾਰ 'ਤੇ ਪੂਰਨ ਯਤਨ ਕਰਦੇ ਹਨ। ਜੀਵਨ ਤਾਉਮਰ ਚੱਲਣ ਵਾਲੀ ਪਾਠਸ਼ਾਲਾ ਦੇ ਸਮਾਨ ਹੈ ਜਿੱਥੇ ਨਿੱਤ ਨਵੇਂ ਗਿਆਨ ਦੀ ਪ੍ਰਾਪਤੀ ਹੋਵੇਗੀ। ਪਰ ਜੇ ਅਸੀਂ ਇਹ ਸੋਚਣ ਲੱਗੇ ਕਿ ਸਾਨੂੰ ਤਾਂ ਸਭ ਕੁਝ ਪਹਿਲਾਂ ਹੀ ਆਉਂਦਾ ਹੈ ਤਾਂ ਇਹ ਸੋਚ ਨਵਾਂ ਸਿੱਖਣ ਅਤੇ ਸਮਝਣ ਦੀਆਂ ਸੰਭਾਵਨਾਵਾਂ ਦਾ ਅੰਤ ਕਰ ਦੇਵੇਗੀ। ਇਸ ਲਈ ਤਾਉਮਰ ਖ਼ੁਦ ਦੇ ਅੰਦਰ ਦੇ ਸਿੱਖਣ ਦੇ ਭਾਵ ਨੂੰ ਜ਼ਿੰਦਾ ਰੱਖਣਾ ਜ਼ਰੂਰੀ ਹੈ ਤਾਂ ਜੋ ਅਸੀਂ ਅਸਫਲਤਾਵਾਂ ਨੂੰ ਸਵੀਕਾਰਦੇ ਹੋਏ ਸਫਲਤਾ ਦੇ ਰਾਹ 'ਤੇ ਅੱਗੇ ਤੁਰਦੇ ਜਾ ਸਕੀਏ।

-ਸੌਰਭ ਜੈਨ।

Posted By: Rajnish Kaur