ਤੁਸੀਂ ਕਦੇ-ਕਦਾਈਂ ਇਹ ਜ਼ਰੂਰ ਸੋਚਦੇ ਹੋਵੋਗੇ ਕਿ ਤੁਸੀਂ ਇੰਨਾ ਦਬਾਅ, ਇੰਨੀਆਂ ਪਰੇਸ਼ਾਨੀਆਂ, ਇੰਨੀਆਂ ਅਸਫਲਤਾਵਾਂ ਬਰਦਾਸ਼ਤ ਨਹੀਂ ਕਰ ਸਕਦੇ। ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਭ ਕੁਝ ਕਰ ਲਿਆ ਹੈ ਪਰ ਹਾਲਾਤ ਬੇਕਾਬੂ ਹਨ। ਇਸ ਵਾਸਤੇ ਹਰਗਿਜ਼ ਜ਼ਰੂਰੀ ਨਹੀਂ ਕਿ ਤੁਸੀਂ ਤੁਰੰਤ ਕੁਝ ਕਰੋ। ਕੁਝ ਨਹੀਂ ਸੁੱਝ ਰਿਹਾ ਹੈ ਤਾਂ ਰੁਕ ਜਾਣ ਵਿਚ ਵੀ ਕੋਈ ਬੁਰਾਈ ਨਹੀਂ। ਨਵੀਂ ਉਮੀਦ ਅਤੇ ਉਮੀਦਾਂ ਦੀ ਧੁੱਪ, ਦੇਰ-ਸਵੇਰ ਖ਼ੁਦ ਹੀ ਪੁੱਜ ਜਾਵੇਗੀ।

ਤਾਜ਼ੀ ਹਵਾ ਅਤੇ ਰੋਸ਼ਨੀ ਅੰਦਰ ਆ ਸਕੇ, ਇਸ ਵਾਸਤੇ ਜ਼ਰੂਰੀ ਹੈ ਕਿ ਤੁਸੀਂ ਆਪਣੇ ਦਿਮਾਗ ਦੀਆਂ ਖਿੜਕੀਆਂ ਨੂੰ ਖੁੱਲ੍ਹੀਆਂ ਰੱਖੋ। ਉਨ੍ਹਾਂ 'ਤੇ ਭੈਅ, ਡਰ ਅਤੇ ਅਸ਼ੁਭ ਹੋਣ ਦੀ ਕੁਸੈਲੀ ਧੂੜ ਨਾ ਜੰਮਣ ਦਿਓ। ਮਨ ਵੀ ਛੋਟਾ ਕਰਨ ਦੀ ਜ਼ਰੂਰਤ ਨਹੀਂ।

ਜੀਵਨ ਤਾਂ ਹਰ ਪਲ ਨਵਾਂ ਵੀ ਹੋ ਰਿਹਾ ਹੈ ਅਤੇ ਪੁਰਾਣਾ ਵੀ। ਅਸੀਂ ਜਿਸ ਪਲ ਵਿਚ ਨਵੇਂ ਹੋ ਜਾਂਦੇ ਹਾਂ, ਉਸ ਪਲ ਤੋਂ ਸਾਡੀ ਜ਼ਿੰਦਗੀ ਨਵੀਂ ਹੋਣ ਲੱਗਦੀ ਹੈ। ਨਵੀਆਂ ਰਾਹਾਂ ਵੱਲ ਕਦਮ ਵਧਾਉਂਦੇ ਸਮੇਂ, ਜੋ ਨਹੀਂ ਹੈ, ਉਸ 'ਤੇ ਬੇਚੈਨ ਹੋਣ ਦੀ ਥਾਂ ਜੋ ਸਾਹਮਣੇ ਹੈ, ਉਸ 'ਤੇ ਕੇਂਦਰਿਤ ਹੋਣਾ ਚਾਹੀਦਾ ਹੈ। ਚੁਣੌਤੀਆਂ ਰਸਤੇ ਦੀਆਂ ਰੁਕਾਵਟਾਂ ਨਹੀਂ ਹਨ, ਰਸਤੇ ਵੀ ਹਨ।

ਸੰਘਰਸ਼ ਅਤੇ ਨਾਕਾਮੀਆਂ ਸਿਰਫ਼ ਨਿਰਾਸ਼ ਹੀ ਨਹੀਂ ਕਰਦੀਆਂ, ਬਹੁਤ ਕੁਝ ਸਿਖਾਉਂਦੀਆਂ ਵੀ ਹਨ। ਨਾ-ਉਮੀਦੀ ਵਿਚ ਹੀ ਉਮੀਦ ਲੁਕੀ ਹੁੰਦੀ ਹੈ। ਬੀਤੀਆਂ ਗੱਲਾਂ ਤੋਂ ਭੱਜ ਕੇ ਨਹੀਂ, ਉਨ੍ਹਾਂ ਤੋਂ ਸਿੱਖ ਕੇ ਹੀ ਉੱਭਰਿਆ ਜਾ ਸਕਦਾ ਹੈ।

ਮਨੋਵਿਗਿਆਨੀ ਕਹਿੰਦੇ ਹਨ ਕਿ ਅਸੀਂ ਇਸੇ ਜਾਲ ਵਿਚ ਫਸ ਕੇ ਰਹਿ ਜਾਂਦੇ ਹਾਂ ਕਿ ਜਾਂ ਤਾਂ ਸਭ ਕੁਝ ਚਾਹੀਦਾ ਹੈ ਜਾਂ ਕੁਝ ਵੀ ਨਹੀਂ। ਅਤੇ ਇਹ ਸੋਚ ਸਾਡਾ ਸੰਤੁਲਨ ਵਿਗਾੜ ਦਿੰਦੀ ਹੈ। ਕਈ ਵਾਰ ਘੱਟ ਰੋਸ਼ਨੀ ਵਿਚ ਹੀ ਚੀਜ਼ਾਂ ਡੂੰਘਾਈ ਨਾਲ ਸਮਝ ਆਉਂਦੀਆਂ ਹਨ। ਧੁੰਦਲਾਪਣ ਨਵੀਆਂ ਕਹਾਣੀਆਂ ਨੂੰ ਜਨਮ ਦਿੰਦਾ ਹੈ। ਦਿਮਾਗ ਸਾਫ਼ ਹੋਵੇ ਅਤੇ ਅਸੀਂ ਧੁੰਦ ਦਾ ਮਜ਼ਾ ਲੈਣ ਲਈ ਤਿਆਰ ਹੋਈਏ ਤਾਂ ਕਹਾਣੀਆਂ ਚੰਗੀਆਂ ਬਣਦੀਆਂ ਹਨ।

ਸਫਲਤਾ ਸਿਰ 'ਤੇ ਚੜ੍ਹਦੀ ਹੈ ਅਤੇ ਅਸਫਲਤਾ ਦਿਲ 'ਤੇ। ਜਿੱਤ ਦੇ ਨਸ਼ੇ ਵਿਚ ਝੂਮਦੇ ਹੋਏ ਨੂੰ ਹਾਰ ਨਹੀਂ ਦਿਸਦੀ ਅਤੇ ਹਾਰੇ ਹੋਏ ਨੂੰ ਜਿੱਤ ਦੀ ਕੋਈ ਉਮੀਦ ਨਜ਼ਰ ਨਹੀਂ ਆਉਂਦੀ ਪਰ ਅਸਲੀ ਜਿੱਤ ਉਨ੍ਹਾਂ ਦੀ ਹੁੰਦੀ ਹੈ ਜੋ ਸਫਲਤਾ ਨੂੰ ਸਿਰ 'ਤੇ ਨਹੀਂ ਚੜ੍ਹਨ ਦਿੰਦੇ ਅਤੇ ਹਾਰ ਨੂੰ ਦਿਲ 'ਤੇ ਨਹੀਂ ਲੈਂਦੇ। ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਕਹਿੰਦੀ ਹੈ, 'ਹਾਰ ਹੋਵੇ ਜਾਂ ਜਿੱਤ, ਮੈਂ ਆਪਣਾ 100 ਫ਼ੀਸਦੀ ਦੇਣ 'ਤੇ ਧਿਆਨ ਕੇਂਦਰਿਤ ਕਰਦੀ ਹਾਂ। ਜੋ ਕਰਦੀ ਹਾਂ, ਪੂਰੇ ਮਨ ਨਾਲ ਕਰਦੀ ਹਾਂ।' ਤੁਹਾਡੀ ਸਫਲਤਾ ਦਾ ਦਰਵਾਜ਼ਾ ਵੀ ਖੁੱਲ੍ਹੇਗਾ ਜ਼ਰੂਰ। ਸ਼ਰਤ ਬਸ ਇਹੀ ਹੈ ਕਿ ਉਮੀਦ ਦਾ ਦਾਮਨ ਨਾ ਛੱਡਿਆ ਜਾਵੇ।

-ਲਲਿਤ ਗਰਗ।

Posted By: Jagjit Singh