ਜੇਐੱਨਐੱਨ, ਕੁਰੂਕਸ਼ੇਤਰ (ਜਗਮਹਿੰਦਰ ਸਰੋਹਾ) : ਇਸ ਵਾਰ ਹੋਲੀ ਵਾਲੇ ਦਿਨ ਦੇਵਗੁਰੂ ਬ੍ਰਹਿਸਪਤੀ ਆਪਣੀ ਧਨੂ ਰਾਸ਼ੀ ਤੇ ਸ਼ਨੀ ਗ੍ਰਹਿਣ ਆਪਣੀ ਹੀ ਰਾਸ਼ੀ ਮਕਰ 'ਚ ਰਹਿਣਗੇ। ਇਸ ਤੋਂ ਪਹਿਲਾਂ ਇਨ੍ਹਾਂ ਦੋਵਾਂ ਗ੍ਰਹਿਆਂ ਦਾ ਅਜਿਹਾ ਸੰਜੋਗ ਤਿੰਨ ਮਾਰਚ, 1521 ਨੂੰ ਬਣਿਆ ਸੀ। ਉਸ ਵੇਲੇ ਵੀ ਇਹ ਦੋਵੇਂ ਗ੍ਰਹਿ ਆਪਣੀ ਰਾਸ਼ੀ 'ਚ ਹੀ ਸਨ। ਹੋਲੀ 'ਤੇ ਸ਼ੁੱਕਰ ਮੇਖ ਰਾਸ਼ੀ, ਮੰਗਲ ਤੇ ਕੇਤੂ ਧਨੂ, ਰਾਹੂ ਮਿਥੁਨ, ਸੂਰਜ ਤੇ ਬੁੱਧ ਕੁੰਭ ਤੇ ਚੰਦਰ ਸਿੰਘ ਰਾਸ਼ੀ 'ਚ ਰਹਿਣਗੇ। ਗ੍ਰਹਿਆਂ ਦੇ ਇਸ ਸੰਜੋਗ ਦੌਰਾਨ ਆਉਣ ਵਾਲੀ ਹੋਲੀ ਸ਼ੁੱਭ ਫਲ਼ਦਾਈ ਹੋਵੇਗੀ। ਇਸ ਵਾਰ 9 ਮਾਰਚ ਨੂੰ ਹੋਲੀ ਹੈ।

ਧਾਰਮਿਕ ਖੋਜ ਕੇਂਦਰ ਦੇ ਪ੍ਰਧਾਨ ਪੰਡਤ ਰਿਸ਼ਭ ਵਤਸ ਨੇ ਦੱਸਿਆ ਕਿ ਹਰ ਸਾਲ ਜਦੋਂ ਸੂਰਜ ਕੁੰਭ ਰਾਸ਼ੀ ਤੇ ਚੰਦਰ ਸਿੰਘ ਰਾਸ਼ੀ 'ਚ ਹੁੰਦਾ ਹੈ, ਉਦੋਂ ਹੋਲੀ ਮਨਾਈ ਜਾਂਦੀ ਹੈ। ਇਹ ਫੱਗਣ ਸ਼ੁਕਲ ਪੱਖ ਪੁੰਨਿਆ ਦਾ ਦਿਨ ਹੀ ਹੁੰਦਾ ਹੈ। ਹੋਲਿਕਾ ਦਹਿਨ ਤੋਂ ਅਗਲੇ ਦਿਨ ਨੂੰ ਰੰਗਾਂ ਵਾਲੀ ਹੋਲੀ ਜਾਂ ਫਾਗ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਦਿਨ ਗੁਲਾਲ ਤੇ ਪਾਣੀ ਦੇ ਰੰਗਾਂ ਨਾਲ ਉਤਸਵ ਮਨਾਇਆ ਜਾਂਦਾ ਹੈ।

ਹਿੰਦੂ ਪੰਚਾਂਗ ਅਨੁਸਾਰ ਫੱਗਣ ਮਹੀਨੇ ਦੇ ਸ਼ੁਕਲ ਪੱਖ ਦੀ ਅਸ਼ਟਮੀ ਤੋਂ ਪੁੰਨਿਆ ਤਕ ਹੋਲਾਸ਼ਟਕ ਰਹਿੰਦਾ ਹੈ। ਇਸ ਵਾਰ ਹੋਲਾਸ਼ਟਕ 2 ਤੋਂ 9 ਮਾਰਚ ਰਾਤ 11:17 ਤਕ ਰਹੇਗਾ। ਹੋਲਾਸ਼ਟਕ 'ਚ ਹਰ ਤਰ੍ਹਾਂ ਦੇ ਸ਼ੁੱਭ ਕਾਰਜ ਕਰਨ ਦੀ ਮਨਾਹੀ ਹੁੰਦੀ ਹੈ। ਇਨ੍ਹਾਂ ਦਿਨਾਂ 'ਚ ਪੂਜਾ-ਪਾਠ ਤੇ ਦਾਨ-ਪੁੰਨ ਕਰਨਾ ਦਾ ਵਿਸ਼ੇਸ਼ ਮਹੱਤਵ ਹੈ। ਹੋਲਾਸ਼ਟਕ ਮਿਆਦ ਨੂੰ ਤਾਂਤ੍ਰਿਕ ਪੂਜਾ, ਕਰੂਰ ਗ੍ਰਹਿ ਸ਼ਾਂਤੀ ਲਈ ਕਾਫ਼ੀ ਢੁਕਵਾਂ ਸਮਾਂ ਮੰਨਿਆ ਜਾਂਦਾ ਹੈ।

ਹੋਲੀ ਦੀ ਪੌਰਾਣਿਕ ਕਥਾ

ਹੋਲੀ ਦੀ ਕਥਾ ਭਗਤ ਪ੍ਰਹਿਲਾਦ ਤੇ ਹਰਨਾਖ਼ਸ਼ ਦੀ ਭੈਣ ਹੋਲਿਕਾ ਨਾਲ ਜੁੜੀ ਹੋਈ ਹੈ। ਕਥਾ ਅਨੁਸਾਰ ਪ੍ਰਾਚੀਨ ਸਮੇਂ 'ਚ ਹਰਨਾਖ਼ਸ਼ ਅਸੁਰਾਂ ਦਾ ਰਾਜਾ ਸੀ। ਉਹ ਭਗਵਾਨ ਵਿਸ਼ਨੂੰ ਨੂੰ ਆਪਣਾ ਦੁਸ਼ਮਣ ਮੰਨਦਾ ਸੀ। ਉਸ ਦਾ ਪੁੱਤਰ ਪ੍ਰਹਿਲਾਦ ਭਗਵਾਨ ਦਾ ਪਰਮ ਭਗਤ ਸੀ। ਇਸ ਗੱਲ ਤੋਂ ਹਰਨਾਖ਼ਸ਼ ਕਾਫ਼ੀ ਨਾਰਾਜ਼ ਤੇ ਗੁੱਸੇ 'ਚ ਰਹਿੰਦਾ ਸੀ। ਉਸ ਨੇ ਕਈ ਵਾਰ ਪ੍ਰਹਿਲਾਦ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸਫ਼ਲ ਨਹੀਂ ਹੋ ਸਕਿਆ। ਉਸ ਦੀ ਭੈਣ ਹੋਲਿਕਾ ਨੂੰ ਵਰਦਾਨ ਮਿਲਿਆ ਸੀ ਕਿ ਉਹ ਅੱਗ 'ਚ ਨਹੀਂ ਸੜੇਗੀ। ਫੱਗਣ ਮਹੀਨੇ ਦੀ ਪੁੰਨਿਆ 'ਤੇ ਹਰਨਾਖ਼ਸ਼ ਨੇ ਲਕੱੜਾਂ ਦੀ ਚਿਖਾ ਬਣਾ ਕੇ ਹੋਲਿਕਾ ਦੀ ਗੋਦੀ 'ਚ ਪ੍ਰਹਿਲਾਦ ਨੂੰ ਬਿਠਾ ਦਿੱਤਾ ਤੇ ਅੱਗ ਲਗਾ ਦਿੱਤੀ। ਇਸ ਅੱਗ 'ਚ ਭਗਵਾਨ ਵਿਸ਼ਨੂੰ ਦੇ ਅਸ਼ੀਰਵਾਦ ਨਾਲ ਪ੍ਰਹਿਲਾਦ ਤਾਂ ਬਚ ਗਿਆ ਪਰ ਹੋਲਿਕਾ ਸੜ ਗਈ। ਉਦੋਂ ਤੋਂ ਹਰ ਸਾਲ ਇਸੇ ਤਾਰੀਕ ਨੂੰ ਹੋਲਿਕਾ ਦਹਿਨ ਕੀਤਾ ਜਾਂਦਾ ਹੈ।

ਹੋਲਿਕਾ ਦਹਿਨ ਦਾ ਜੋਤਿਸ਼ 'ਚ ਮਹੱਤਵ

ਇਸ ਵਾਰ ਹੋਲਿਕਾ ਦਹਿਨ 9 ਮਾਰਚ ਦਿਨ ਸੋਮਵਾਰ ਰਾਤ 11:17 ਤੋਂ ਪਹਿਲਾਂ ਹੀ ਹੋਵੇਗਾ। ਇਹ ਦਹਿਨ ਪੂਰਵਾਫਾਲਗੁਣੀ ਨਛੱਤਰ ਸਿੰਘ ਰਾਸ਼ੀ 'ਚ ਹੋਵੇਗਾ। ਰਾਤ 6:44 ਤੋਂ 9:02 ਤਕ ਦਾ ਸਮਾਂ ਹੋਲਿਕਾ ਦਹਿਨ ਲਈ ਸਰਬੋਤਮ ਹੈ।

Posted By: Seema Anand