ਇਸ ਸਾਲ 9 ਮਾਰਚ 2020 ਯਾਨੀ ਸੋਮਵਾਰ ਨੂੰ ਹੋਲਿਕਾ ਦਹਿਨ ਕੀਤਾ ਜਾਵੇਗਾ। 10 ਮਾਰਚ 2020 ਯਾਨੀ ਮੰਗਲਵਾਰ ਨੂੰ ਰੰਗਾਂ ਦਾ ਤਿਉਹਾਰ ਹੋਲੀ ਉਤਸ਼ਾਹ ਨਾਲ ਮਨਾਇਆ ਜਾਵੇਗਾ। ਆਓ ਜਾਣਦੇ ਹਾਂ 9 ਮਾਰਚ 2020 ਨੂੰ ਕਦੋਂ ਕਰੀਏ ਹੋਲਿਕਾ ਦਹਿਨ ਤੇ ਕੀ ਹੈ ਪੂਜਾ ਦਾ ਸਹੀ ਤਰੀਕਾ।

ਹੋਲੀ 2020 ਸ਼ੁੱਭ ਮਹੂਰਤ

ਸ਼ਾਮ ਨੂੰ 6 ਵਜ ਕੇ 22 ਮਿੰਟ ਤੋਂ 8 ਵਜ ਕੇ 49 ਮਿੰਟ ਤਕ ਹੋਲਿਕਾ ਦਹਿਨ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਜੇਕਰ ਤੁਸੀਂ ਨਹੀਂ ਜਾਣਦੇ ਹੋ ਕਿ ਹੋਲੀ ਦੀ ਪੂਜਾ ਕਿਵੇਂ ਕਰੀਏ ਤਾਂ ਇਹ ਸਭ ਤੋਂ ਸਰਲ ਤਰੀਕਾ ਤੁਹਾਡੇ ਲਈ ਹੈ...

ਹੋਲੀ ਦੀ ਪੂਜਾ ਵਿਧੀ

  • ਹੋਲਿਕਾ ਦਹਿਨ ਤੋਂ ਬਾਅਦ ਹੋਲਿਕਾ 'ਚ ਜਿਨ੍ਹਾਂ ਵਸਤਾਂ ਦੀ ਆਹੂਤੀ ਦਿੱਤੀ ਜਾਂਦੀ ਹੈ, ਉਨ੍ਹਾਂ 'ਚ ਕੱਚੇ ਅੰਬ, ਨਾਰੀਅਲ, ਭੁੱਟੇ ਜਾਂ ਸਤਨਾਜਾ, ਚੀਨੀ ਦੇ ਬਣੇ ਖਿਡੌਣੇ, ਨਵੀਂ ਫ਼ਸਲ ਦਾ ਕੁਝ ਹਿੱਸਾ ਹੈ। ਸਤਨਾਜਾ ਹੈ ਕਣਕ, ਮਾਂਹ, ਮੂੰਗੀ, ਛੋਲੇ, ਜੌਂ, ਚੌਲ ਤੇ ਮਸਰਾਂ ਦੀ ਦਾਲ ਦਾ ਇਕੱਠ।
  • ਹੋਲਿਕਾ ਦਹਿਨ ਤੋਂ ਪਹਿਲਾਂ ਹੋਲੀ ਦੀ ਪੂਜਾ ਕੀਤੀ ਜਾਂਦੀ ਹੈ। ਪੂਜਾ ਕਰਨ ਵਾਲੇ ਵਿਅਕਤੀ ਨੂੰ ਹੋਲਿਕਾ ਨੇੜੇ ਜਾ ਕੇ ਪੂਰਬੀ ਤੇ ਉੱਤਰੀ ਦਿਸ਼ਾ ਵੱਲ ਮੂੰਹ ਕਰ ਕੇ ਬੈਠਣਾ ਚਾਹੀਦਾ ਹੈ। ਪੂਜਾ ਕਰਨ ਲਈ ਇਸ ਸਮੱਗਰੀ ਦੀ ਵਰਤੋਂ ਕਰੋ...ਇਕ ਗੜਵੀ ਪਾਣੀ, ਮਾਲਾ, ਰੋਲੀ, ਚੌਲ, ਇਤਰ, ਫੁੱਲ, ਕੱਚਾ ਧਾਗਾ, ਗੁੜ, ਸਾਬਤ ਹਲਦੀ, ਮੂੰਗ, ਬਤਾਸ਼ੇ, ਗੁਲਾਲ, ਨਾਰੀਅਲ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਪੱਕੇ ਛੋਲਿਆਂ ਦੇ ਸਿੱਟੇ ਤੇ ਕਣਕ ਦੇ ਸਿੱਟੇ ਵੀ ਸਮੱਗਰੀ ਦੇ ਰੂਪ 'ਚ ਰੱਖੇ ਜਾਂਦੇ ਹਨ।
  • ਇਸ ਤੋਂ ਬਾਅਦ ਹੋਲਿਕਾ ਨੇੜੇ ਗੋਬਰ ਨਾਲ ਬਣੀ ਢਾਲ ਤੇ ਹੋਰ ਖਿਡੌਣੇ ਰੱਖ ਦਿੱਤੇ ਜਾਂਦੇ ਹਨ।
  • ਹੋਲਿਕਾ ਦਹਿਨ ਮਹੂਰਤ ਸਮੇਂ ਪਾਣੀ, ਮੌਲੀ, ਫੁੱਲ, ਗੁਲਾਲ, ਢਾਲ ਤੇ ਖਿਡੌਣਿਆਂ ਦੀਆਂ ਚਾਰ ਮਾਲਾ ਵੱਖਰੇ ਤੌਰ 'ਤੇ ਘਰ ਲਿਆ ਕੇ ਸੁਰੱਖਿਅਤ ਰੱਖ ਲਈਆਂ ਜਾਂਦੀਆਂ ਹਨ। ਇਨ੍ਹਾਂ ਵਿਚੋਂ ਇਕ ਮਾਲਾ ਪਿੱਤਰਾਂ ਦੇ ਨਾਂ ਦੀ, ਦੂਸਰੀ ਹਨੂਮਾਨ ਜੀ ਦੇ, ਤੀਸਰੀ ਸੀਤਲਾ ਮਾਤਾ ਤੇ ਚੌਥੀ ਆਪਣੇ ਘਰ-ਪਰਿਵਾਰ ਦੇ ਨਾਂ ਦੀ ਹੁੰਦੀ ਹੈ।
  • ਕੱਚੇ ਧਾਗੇ ਨੂੰ ਹੋਲਿਕਾ ਦੇ ਚੁਫੇਰੇ ਤੇ ਤਿੰਨ ਜਾਂ ਸੱਤ ਪਰਿਕਰਮਾ ਕਰਦੇ ਹੋਏ ਲਪੇਟਣਾ ਹੁੰਦਾ ਹੈ। ਫਿਰ ਗੜਵੀ ਦਾ ਸ਼ੁੱਧ ਜਲ ਤੇ ਹੋਰ ਪੂਜਾ ਦੀਆਂ ਸਾਰੀਆਂ ਵਸਤਾਂ ਇਕ-ਇਕ ਕਰ ਕੇ ਹੋਲਿਕਾ ਨੂੰ ਸਮਰਪਿਤ ਕੀਤੀਆਂ ਜਾਂਦੀਆਂ ਹੈ।

Posted By: Seema Anand