ਭਾਦੋਂ ਮਹੀਨੇ ਦੇ ਸ਼ੁਕਲ ਪੱਖ ਦੀ ਚੌਦਸ ਤਿਥੀ, ਜੋ ਪੂਰਨਮਾਸ਼ੀ ਤੋਂ ਇਕ ਦਿਨ ਪਹਿਲਾਂ ਹੁੰਦੀ ਹੈ, ਨੂੰ ਜਲੰਧਰ ਵਿਖੇ ਸਿੱਧ ਬਾਬਾ ਸੋਢਲ ਦਾ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਇਹ ਮੇਲਾ 11, 12 ਤੇ 13 ਤਰੀਕ ਨੂੰ ਮਨਾਇਆ ਜਾ ਰਿਹਾ ਹੈ।

ਪੌਰਾਣਿਕ ਕਥਾਵਾਂ ਅਨੁਸਾਰ ਇਕ ਸਦੀ ਪਹਿਲਾਂ ਇਥੇ ਬਾਬਾ ਸੋਢਲ ਪ੍ਰਗਟ ਹੋਏ। ਚੱਢਾ ਬਿਰਾਦਰੀ ਦੀ ਇਕ ਲੜਕੀ ਦਾ ਵਿਆਹ ਆਨੰਦ ਪਰਿਵਾਰ ਵਿਚ ਹੋਇਆ ਤੇ ਕੁਝ ਸਮਾਂ ਪਾ ਕੇ ਉਨ੍ਹਾਂ ਦੇ ਘਰ ਬੇਟਾ ਪੈਦਾ ਹੋਇਆ। ਇਕ ਦਿਨ ਉਹ ਬੀਬੀ ਬਾਬਾ ਸੋਢਲ ਵਾਲੇ ਸਥਾਨ 'ਤੇ ਕੱਪੜੇ ਧੋ ਰਹੀ ਸੀ ਕਿ ਚੰਚਲ ਸੁਭਾਅ ਵਾਲਾ ਉਹ ਬੱਚਾ ਮਾਤਾ ਨੂੰ ਤੰਗ ਕਰ ਰਿਹਾ ਸੀ ਤਾਂ ਮਾਤਾ ਨੇ ਗੁੱਸੇ 'ਚ ਉਸ ਨੂੰ ਕਿਹਾ ਕਿ ਜਾ ਪਾਣੀ ਵਿਚ ਡੁੱਬ ਜਾ। ਬੱਚੇ ਨੇ ਪਾਣੀ 'ਚ ਛਾਲ ਮਾਰ ਦਿੱਤੀ। ਜਦ ਬਾਅਦ ਵਿਚ ਮਾਂ ਨੂੰ ਬੱਚਾ ਨਜ਼ਰੀਂ ਨਾ ਪਿਆ ਤਾਂ ਮਾਂ ਬਹੁਤ ਰੋਈ ਕੁਰਲਾਈ ਤੇ ਪਰਮਾਤਮਾ ਅੱਗੇ ਅਰਜੋਈਆਂ ਕਰਨ ਲੱਗੀ ਤਾਂ ਬਾਬਾ ਸੋਢਲ ਨਾਗ ਰੂਪ ਵਿਚ ਪ੍ਰਗਟ ਹੋਏ ਤੇ ਉਸ ਔਰਤ ਪਾਸੋਂ ਮੱਠੀਆਂ ਦੀ ਮੰਗ ਕੀਤੀ ਤੇ ਆਖਿਆ ਕਿ ਜੋ ਵੀ ਇਸ ਦਿਨ ਇਸ ਥਾਂ 'ਤੇ ਮੰਨਤ ਮੰਗੇਗਾ, ਉਸ ਦੀ ਮੁਰਾਦ ਜ਼ਰੂਰ ਪੂਰੀ ਹੋਵੇਗੀ। ਉਸ ਦਿਨ ਤੋਂ ਅੱਜ ਤਕ ਚੱਢਾ ਪਰਿਵਾਰ ਦੇ ਲੋਕ ਮੱਠੀਆਂ ਬਣਾ ਕੇ ਇਥੇ ਲਿਆ ਕੇ ਸਿਧ ਬਾਬਾ ਸੋਢਲ ਨੂੰ ਭੇਟ ਚੜ੍ਹਾਉਂਦੇ ਹਨ। ਇਹ ਪ੍ਰਸਾਦ ਉਨ੍ਹਾਂ ਦੀ ਬੇਟੀ ਤੇ ਜਵਾਈ ਖਾ ਸਕਦੇ ਹਨ ਪਰ ਉਨ੍ਹਾਂ ਦਾ ਆਪਣਾ ਪਰਿਵਾਰ ਨਹੀਂ ਖਾ ਸਕਦਾ।

ਇਕ ਹੋਰ ਕਥਾ ਅਨੁਸਾਰ ਸਿੱਧ ਬਾਬਾ ਸੋਢਲ ਦੇ ਇਸ ਸਥਾਨ 'ਤੇ ਇਕ ਉਦਾਸੀਨ ਸਾਧੂ ਦਾ ਡੇਰਾ ਸੀ। ਉਹ ਸਾਧੂ ਬਹੁਤ ਕਰਨੀ ਵਾਲੇ ਸਨ। ਚੱਢਾ ਪਰਿਵਾਰ ਦੀ ਇਕ ਬੀਬੀ, ਜਿਸ ਦੇ ਵਿਆਹ ਤੋਂ ਲੰਬੇ ਅਰਸੇ ਬਾਅਦ ਵੀ ਬੱਚਾ ਨਹੀਂ ਸੀ ਹੋਇਆ, ਉੁਨ੍ਹਾਂ ਕੋਲ ਆਈ ਤੇ ਬੜੀ ਆਰਥਾ ਨਾਲ ਉਨ੍ਹਾਂ ਦੀ ਸੇਵਾ ਕੀਤੀ। ਖ਼ੁਸ਼ ਹੋ ਕੇ ਸਾਧੂ ਮਹਾਰਾਜ ਨੇ ਉਸ ਨੂੰ ਕੁਝ ਮੰਗਣ ਲਈ ਕਿਹਾ। ਉਸ ਔਰਤ ਨੇ ਆਪਣੇ ਘਰ ਔਲਾਦ ਨਾ ਹੋਣ ਦੀ ਗੱਲ ਕਹੀ ਤਾਂ ਸਾਧੂ ਮਹਾਰਾਜ ਨੇ ਉਸ ਬੀਬੀ ਨੂੰ ਇਕ ਬੱਚਾ ਹੋਣ ਦਾ ਵਰ ਦਿੱਤਾ ਤੇ ਆਖਿਆ ਕਿ ਇਸ ਨੂੰ ਕਦੀ ਵੀ ਆਪਣੇ ਤੋਂ ਦੂਰ ਹੋਣ ਲਈ ਨਹੀਂ ਕਹਿਣਾ ਪਰ ਉਮੀਦਵਾਰੀ ਹੋਣ 'ਤੇ ਜਦੋਂ ਉਹ ਔਰਤ ਇਕ ਦਿਨ ਕੱਪੜੇ ਧੋ ਰਹੀ ਸੀ ਤਾਂ ਬੱਚੇ ਦੀਆਂ ਸ਼ਰਾਰਤਾਂ ਕਾਰਨ ਉਸ ਨੇ ਗੁੱਸੇ 'ਚ ਆ ਕੇ ਬੱਚੇ ਨੂੰ ਪਾਣੀ ਦੇ ਛੱਪੜ ਵਿਚ ਡੁੱਬ ਜਾਣ ਦੀ ਗੱਲ ਆਖ ਦਿੱਤੀ। ਬੱਚੇ ਨੇ ਪਾਣੀ ਵਿਚ ਛਾਲ ਮਾਰੀ ਤੇ ਅਲੋਪ ਹੋ ਗਿਆ। ਮਾਤਾ ਦੇ ਬਹੁਤ ਰੋਣ ਕੁਰਲਾਉਣ ਅਤੇ ਮਿੰਨਤਾਂ ਕਰਨ ਤੇ ਸਿੱਧ ਬਾਬਾ ਨਾਗ ਰਪੂ 'ਚ ਪਾਣੀ ਤੋਂ ਬਾਹਰ ਆਏ ਤੇ ਉਸ ਔਰਤ ਨੂੰ ਸਾਧੂ ਮਹਾਤਮਾ ਦੀ ਗੱਲ ਯਾਦ ਕਰਵਾਈ ਤੇ ਆਖਿਆ ਕਿ ਜਦੋਂ ਵੀ ਉਸ ਦੀ ਮਾਂ ਉਸ ਨੂੰ ਯਾਦ ਕਰੇਗੀ, ਉਹ ਸਿੱਧ ਰੂਪ ਵਿਚ ਮਿਲਣ ਜ਼ਰੂਰ ਆਵੇਗਾ।

ਉਸ ਦਿਨ ਤੋਂ ਇਸ ਅਸਥਾਨ ਤੇ ਸਿਧ ਬਾਬਾ ਸੋਢਲ ਦੀ ਮਾਨਤਾ ਸ਼ੁਰੂ ਹੋਈ। ਚੱਢਾ, ਆਨੰਦ ਤੇ ਹੋਰ ਖੱਤਰੀ ਪਰਿਵਾਰਾਂ ਤੋਂ ਇਲਾਵਾ ਦੂਜੇ ਧਰਮਾਂ ਤੇ ਮਜ਼ਹਬਾਂ ਦੇ ਲੋਕ ਵੀ ਇਥੇ ਸਿੱਧ ਬਾਬਾ ਸੋਢਲ ਪਾਸੋਂ ਮੰਨਤਾਂ ਮੰਗਦੇ ਆਉਂਦੇ ਹਨ। ਮੁਰਾਦ ਪੂਰੀ ਹੋਣ 'ਤੇ ਉਹ ਢੋਲ ਵਾਜਿਆਂ ਕੇ ਬਾਬਾ ਜੀ ਦਰਬਾਰ ਪਹੁੰਚ ਕੇ ਉਨ੍ਹਾਂ ਦਾ ਧੰਨਵਾਦ ਕਰਦੇ ਹਨ ਤੇ ਸੀਸ ਝੁਕਾਉਂਦੇ ਹਨ। ਜਲੰਧਰ ਸ਼ਹਿਰ ਦਾ ਇਹ ਇਕੋ ਇਕ ਅਜਿਹਾ ਮੇਲਾ ਹੈ, ਜਿੱਥੇ ਪੰਜਾਬ, ਦੂਸਰੇ ਸੂਬਿਆਂ ਅਤੇ ਵਿਦੇਸ਼ਾਂ ਤੋਂ ਲੱਖਾਂ ਲੋਕ ਆਣ ਕੇ ਬਾਬਾ ਸੋਢਲ ਦੇ ਦਰ 'ਤੇ ਹਾਜ਼ਰੀ ਭਰਦੇ ਹਨ। ਇਸ ਮੌਕੇ ਸ਼ਹਿਰ ਦੀਆਂ ਸੈਂਕੜੇ ਥਾਵਾਂ 'ਤੇ ਸ਼ਰਧਾਲੂਆਂ ਲਈ ਵੱਖ-ਵੱਖ ਭੋਜਨਾਂ ਦੇ ਲੰਗਰ ਲਗਾਏ ਜਾਂਦੇ ਹਨ। ਲੋਕ ਆਪਣੇ ਘਰਾਂ ਵਿਚ ਖੇਤਰੀ ਬੀਜਦੇ ਹਨ ਤੇ ਇਸ ਦਿਨ ਬਾਬਾ ਸੋਢਲ ਨੂੰ ਅਰਪਣ ਕਰਦੇ ਹੋਏ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਨ।

- ਬਲਵਿੰਦਰ ਸਿੰਘ

94641-91001

Posted By: Harjinder Sodhi