ਸਮੁੱਚਾ ਸੰਸਾਰ ਕੋਰੋਨਾ ਇਨਫੈਕਸ਼ਨ ਕਾਰਨ ਤ੍ਰਾਹੀਮਾਮ ਕਰ ਰਿਹਾ ਹੈ। ਇਸ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਕਿ ਸਮਰੱਥਾਵਾਨ ਆਪਣੀ ਸਮਰੱਥਾ ਮੁਤਾਬਕ ਦੁਖੀ ਅਤੇ ਪੀੜਤ ਲੋਕਾਂ ਦੀ ਮਦਦ ਕਰਨ। ਇਸ ਤਰ੍ਹਾਂ ਹੋਰਾਂ ਦਾ ਦਰਦ ਦੂਰ ਕਰਨ ’ਤੇ ਮਨੁੱਖ ਨੂੰ ਖ਼ੁਦ ਅਦੁੱਤੀ ਸ਼ਾਂਤੀ ਅਤੇ ਸੰਤੁਸ਼ਟੀ ਪ੍ਰਾਪਤ ਹੁੰਦੀ ਹੈ। ਮਨੁੱਖੀ ਸੱਭਿਅਤਾ ਦੇ ਆਰੰਭ ਤੋਂ ਹੀ ਸੰਸਾਰਕ ਕੰਮਾਂਕਾਰਾਂ ਦੇ ਕੁਝ ਨਿਯਮ ਅਤੇ ਰਵਾਇਤਾਂ ਤੈਅ ਕੀਤੀਆਂ ਗਈਆਂ ਤਾਂ ਕਿ ਉਨ੍ਹਾਂ ਸਦਕਾ ਸਾਰੇ ਪ੍ਰਾਣੀ ਜਗਤ ਦਾ ਕਲਿਆਣ ਹੋ ਸਕੇ। ਇਸ ਕਲਿਆਣ ਵਿਚ ਰੂਹਾਨੀ ਸੰਤੁਸ਼ਟੀ ਲਈ ਈਸ਼ਵਰੀ ਚੇਤਨਾ ਦਾ ਵਿਕਾਸ ਕਰਨ ਦੀ ਵੀ ਵਿਵਸਥਾ ਹੈ। ਇਸ ਪੂਰੇ ਵਿਸਥਾਰ ਨੂੰ ਧਰਮ ਕਿਹਾ ਗਿਆ ਹੈ। ਇਸ ਤਰ੍ਹਾਂ ਦੇਖੀਏ ਤਾਂ ਧਰਮ ਕੇਵਲ ਪੂਜਾ ਪ੍ਰਣਾਲੀ ਤਕ ਹੀ ਸੀਮਤ ਨਹੀਂ ਹੈ। ਧਰਮ ਦਾ ਅਰਥ ਬਹੁਤ ਵਿਆਪਕ ਹੈ। ਇਸ ਸੰਕਟਕਾਲ ਵਿਚ ਦੇਖਣ ਨੂੰ ਮਿਲ ਰਿਹਾ ਹੈ ਕਿ ਜ਼ਿਆਦਾਤਰ ਭਾਈਚਾਰਿਆਂ ਦੇ ਪੂਜਾ ਸਥਲਾਂ ਵਿਚ ਇਕੱਠੇ ਧਨ ਅਤੇ ਸੋਮਿਆਂ ਨੂੰ ਆਮ ਲੋਕਾਂ ਲਈ ਉਪਲਬਧ ਕਰਵਾ ਦਿੱਤਾ ਗਿਆ ਹੈ ਜੋ ਅਸਲ ਵਿਚ ਧਰਮ ਦੀ ਸਹੀ ਪਰਿਭਾਸ਼ਾ ਦੇ ਅਨੁਰੂਪ ਹੀ ਹੈ। ਅਸਲ ਵਿਚ ਇਨ੍ਹਾਂ ਧਾਰਮਿਕ ਅਸਥਾਨਾਂ ਵਿਚ ਅਰਪਿਤ ਧਨ ਦਾ ਮਕਸਦ ਮਨੁੱਖ ਜਾਤੀ ਦਾ ਕਲਿਆਣ ਹੀ ਹੁੰਦਾ ਹੈ। ਇਸ ਦਾ ਸਬੂਤ ਦੇਣ ਲਈ ਖ਼ੁਦ ਭਗਵਾਨ ਨੇ ਅਵਤਾਰ ਲਿਆ। ਆਪਣੇ ਹਰ ਅਵਤਾਰ ਵਿਚ ਮਨੁੱਖ ਜਾਤੀ ਦੇ ਕਲਿਆਣ ਲਈ ਕਸ਼ਟ ਸਹਿ ਕੇ ਉਸ ਨੂੰ ਸੁੱਖ ਪ੍ਰਦਾਨ ਕੀਤਾ। ਤ੍ਰੇਤਾ ਯੁੱਗ ਵਿਚ ਜਦ ਦਾਨਵਾਂ ਦੀ ਪੂਰੇ ਸੰਸਾਰ ਵਿਚ ਦਹਿਸ਼ਤ ਫੈਲ ਗਈ ਸੀ ਉਦੋਂ ਭਗਵਾਨ ਰਾਮ ਨੇ ਮਨੁੱਖ ਦੇ ਰੂਪ ਵਿਚ ਅਵਤਾਰ ਧਾਰਨ ਕਰ ਕੇ 14 ਸਾਲਾਂ ਤਕ ਜੰਗਲ ਵਿਚ ਰਹਿ ਕੇ ਕਸ਼ਟ ਸਹਾਰੇ ਅਤੇ ਉਨ੍ਹਾਂ ਖੇਤਰਾਂ ਵਿਚ ਸਰਗਰਮ ਦਾਨਵਾਂ ਅਤੇ ਮਨੁੱਖਤਾ ਵਿਰੋਧੀ ਅਨਸਰਾਂ ਦਾ ਨਾਸ ਕੀਤਾ। ਸੰਸਾਰ ਨੂੰ ਮਿਸਾਲ ਦੇਣ ਲਈ ਭਗਵਾਨ ਨੇ ਇਸ ਕੰਮ ਵਿਚ ਸਾਧਾਰਨ ਅਤੇ ਉਪਲਬਧ ਸੋਮਿਆਂ ਨਾਲ ਹੀ ਇੰਨੇ ਵੱਡੇ ਕੰਮਾਂ ਨੂੰ ਕੀਤਾ। ਨਹੀਂ ਤਾਂ ਲੋਕ ਕਹਿੰਦੇ ਕਿ ਉਨ੍ਹਾਂ ਨੇ ਇਹ ਸਭ ਕੰਮ ਆਪਣੀਆਂ ਖ਼ਾਸ ਈਸ਼ਵਰੀ ਸ਼ਕਤੀਆਂ ਨਾਲ ਕੀਤੇ ਸਨ। ਇੱਥੋਂ ਤਕ ਕਿ ਉਨ੍ਹਾਂ ਨੇ ਸਮੁੰਦਰ ਅੱਗੇ ਵੀ ਬੇਨਤੀ ਕੀਤੀ। ਭਗਵਾਨ ਰਾਮ ਨੂੰ ਮਰਿਆਦਾ ਪਰਸ਼ੋਤਮ ਅਤੇ ਉਨ੍ਹਾਂ ਦੇ ਸ਼ਾਸਨ ਨੂੰ ਰਾਮ ਰਾਜ ਕਿਹਾ ਗਿਆ ਹੈ। ਸਾਨੂੰ ਵੀ ਉਨ੍ਹਾਂ ਦੀ ਸ਼ਖ਼ਸੀਅਤ ਤੋਂ ਪ੍ਰੇਰਨਾ ਲੈ ਕੇ ਦਾਨਵ ਰੂਪੀ ਕੋਰੋਨਾ ਵਿਰੁੱਧ ਸੰਗਰਾਮ ਵਿਚ ਇਕਜੁੱਟ ਹੋਣਾ ਚਾਹੀਦਾ ਹੈ।

-ਕਰਨਲ ਸ਼ਿਵਦਾਨ ਸਿੰਘ

Posted By: Susheel Khanna