ਮਨੁੱਖ ਦੀ ਸਭ ਤੋਂ ਵੱਡੀ ਕਮਜ਼ੋਰੀ ਹੁੰਦੀ ਹੈ ਉਸ ਦਾ ਹੰਕਾਰ। ਘੁਮੰਡ ਦੇ ਵਸ ਪੈ ਕੇ ਵਿਅਕਤੀ ਇਹੀ ਸੋਚਦਾ ਹੈ ਕਿ ਜੇਕਰ ਮੈਂ ਝੁਕ ਗਿਆ ਅਤੇ ਸਹਿ ਲਿਆ ਤਾਂ ਲੋਕ ਮੈਨੂੰ ਛੋਟਾ ਅਤੇ ਕਮਜ਼ੋਰ ਸਮਝ ਕੇ ਮੇਰੀ ਅਣਦੇਖੀ ਕਰਨੀ ਆਰੰਭ ਕਰ ਦੇਣਗੇ ਪਰ ਹਕੀਕਤ ਅਜਿਹੀ ਨਹੀਂ ਹੈ। ਝੁਕਣ ਵਾਲਾ ਵਿਅਕਤੀ ਕਦੇ ਵੀ ਛੋਟਾ ਜਾਂ ਕਮਜ਼ੋਰ ਨਹੀਂ ਹੁੰਦਾ ਬਲਕਿ ਉਹ ਵੱਡਾ ਅਤੇ ਮਜ਼ਬੂਤ ਹੁੰਦਾ ਹੈ। ਨਿਮਰਤਾ ਖ਼ੁਦ ਵਿਚ ਇਕ ਤਾਕਤ ਹੈ। ਫ਼ਲਾਂ ਨਾਲ ਲੱਦੀ ਹੋਈ ਟਾਹਣੀ ਝੁਕੀ ਹੋਈ ਹੁੰਦੀ ਹੈ, ਨਾਲ ਹੀ ਸਹਿਣਸ਼ੀਲ ਵੀ। ਹੰਕਾਰ ਅਤੇ ਪਾਖੰਡ ਕਾਰਨ ਹੀ ਰਾਜਕੁਮਾਰ ਹੁੰਦੇ ਹੋਏ ਵੀ ਦੁਰਯੋਧਨ ਆਪਣੀ ਪ੍ਰਭੂਸੱਤਾ ਸਥਾਪਤ ਨਹੀਂ ਕਰ ਸਕਿਆ। ਅਹੁਦੇ ਦੇ ਅਨੁਸਾਰ ਵੱਕਾਰ ਹਾਸਲ ਕਰਨਾ ਤਾਂ ਦੂਰ, ਉਹ ਲੋਕਾਂ ਦੀ ਨਜ਼ਰ ਵਿਚ ਵੀ ਡਿੱਗ ਗਿਆ ਸੀ। ਵੱਡਾ ਤਾਂ ਉਹ ਹੈ ਜੋ ਦੂਜੇ ਦੇ ਅਧਿਕਾਰਾਂ ਦੀ ਰੱਖਿਆ ਕਰਦਾ ਹੈ। ਦੂਜੇ ਨੂੰ ਸਨਮਾਨ ਪ੍ਰਦਾਨ ਕਰ ਕੇ ਆਪਣੇ ਸਨਮਾਨ ਵਿਚ ਵਾਧਾ ਕਰਦਾ ਹੈ। ਦੂਜੇ ਨੂੰ ਨੀਵਾਂ ਦਿਖਾ ਕੇ ਅਸੀਂ ਕਦੇ ਵੀ ਵੱਡੇ ਨਹੀਂ ਬਣ ਸਕਦੇ। ਇਕ ਵਾਰ ਰਾਮਕ੍ਰਿਸ਼ਨ ਪਰਮਹੰਸ ਦੇ ਦੋ ਸ਼ਿਸ਼ਾਂ ਵਿਚ ਵਿਵਾਦ ਹੋ ਗਿਆ ਕਿ ਸਾਡੇ ਵਿਚੋਂ ਵੱਡਾ ਕੌਣ ਹੈ? ਕੋਈ ਫ਼ੈਸਲਾ ਨਾ ਹੋ ਸਕਣ ’ਤੇ ਦੋਵੇਂ ਉਨ੍ਹਾਂ ਕੋਲ ਪੁੱਜੇ ਅਤੇ ਫ਼ੈਸਲਾ ਕਰਨ ਵਾਸਤੇ ਅਰਜ਼ੋਈ ਕੀਤੀ। ਪਰਮਹੰਸ ਬੋਲੇ-‘ਇਸ ਗੱਲ ਦਾ ਫ਼ੈਸਲਾ ਕਰਨਾ ਤਾਂ ਬਹੁਤ ਆਸਾਨ ਹੈ ਅਤੇ ਉਹ ਇਹੀ ਹੈ ਕਿ ਆਪਸ ਵਿਚ ਜੋ ਦੂਜੇ ਨੂੰ ਵੱਡਾ ਸਮਝਦਾ ਹੈ, ਅਸਲ ਵਿਚ ਉਹੀ ਵਿਅਕਤੀ ਵੱਡਾ ਹੁੰਦਾ ਹੈ।’ ਸਾਡੇ ਵਿਚੋਂ ਕਿੰਨੇ ਲੋਕ ਅਜਿਹੇ ਹਨ ਜੋ ਇਸ ਕੌੜੇ ਸੱਚ ਨੂੰ ਮਨੋਂ ਸਵੀਕਾਰ ਕਰਨ ਲਈ ਤਿਆਰ ਹੁੰਦੇ ਹਨ। ਅਸਲ ਵਿਚ ਹੇਠਾਂ ਰਹਿ ਕੇ ਹੀ ਕਿਸੇ ਵਸਤੂ ਨੂੰ ਹਾਸਲ ਕੀਤਾ ਜਾ ਸਕਦਾ ਹੈ। ਹਕੀਕਤ ਇਹ ਹੈ ਕਿ ਹਲੀਮੀ ਕਿਸੇ ਵੀ ਮਹਾਨ ਵਿਅਕਤੀ ਦੇ ਚਰਿੱਤਰ ਦੀ ਸਭ ਤੋਂ ਵੱਡੀ ਖ਼ਾਸੀਅਤ ਹੁੰਦੀ ਹੈ। ਖ਼ੁਦ ਨੂੰ ਬਹੁਤ ਖ਼ਾਸ ਅਤੇ ਅਸਾਧਾਰਨ ਮੰਨ ਕੇ ਪ੍ਰਾਰਥਨਾ ਕਰਨ ਦੀ ਕਲਾ ਨਹੀਂ ਆ ਸਕਦੀ। ਆਪਣੇ-ਆਪ ਨੂੰ ਬਹੁਤ ਸਾਧਾਰਨ ਅਤੇ ਆਮ ਮੰਨ ਕੇ ਹੀ ਸੰਭਵ ਹੈ ਕਿ ਸਾਡੇ ਅੰਦਰ ਇਹ ਗੁਣ ਆ ਸਕੇ। ਜਿਹੜੇ ਇਨਸਾਨ ਹੋਰਾਂ ਨੂੰ ਆਪਣੇ ਮੁਕਾਬਲੇ ਕੁਝ ਵੀ ਨਹੀਂ ਸਮਝਦੇ, ਉਹ ਜਲਦ ਹੀ ਤ੍ਰਿਸਕਾਰ ਦੇ ਪਾਤਰ ਬਣ ਜਾਂਦੇ ਹਨ। ਚੇਤੇ ਰੱਖੋ, ਬੋਲ-ਬਾਣੀ ਦੀ ਪ੍ਰਾਰਥਨਾ ਹੈ-ਮਧੁਰ ਵਿਚਾਰ, ਮਨ ਦੀ ਪ੍ਰਾਰਥਨਾ ਹੈ-ਸ੍ਰੇਸ਼ਠ ਵਿਚਾਰ, ਸਰੀਰ ਦੀ ਪ੍ਰਾਰਥਨਾ ਹੈ-ਚੰਗੇ ਕਾਰਜ। ਇਹ ਸਾਡੇ ਅੰਦਰ ਵਧਦੇ ਜਾਣ ਤਾਂ ਅਸੀਂ ਆਸਾਨੀ ਨਾਲ ਹਲੀਮੀ ਅਤੇ ਕੋਮਲਤਾ ਹਾਸਲ ਕਰ ਸਕਦੇ ਹਾਂ।

-ਲਲਿਤ ਗਰਗ।

Posted By: Jagjit Singh