ਹਜ਼ਰਤ ਬਦੀਉੱਦੀਨ ਸ਼ਾਹ ਮਦਾਰ ਨੂੰ ਸੂਫ਼ੀ ਸਿਲਸਿਲਾ ਮਦਾਰੀਆਂ ਦੇ ਬਾਨੀ ਸਨ। ਆਪ ਦਾ ਮਜ਼ਾਰ ਸ਼ੀਰਫ਼ ਕਾਨ੍ਹਪੁਰ ਤੋਂ 40-45 ਕਿਲੋਮੀਟਰ ਦੇ ਫ਼ਾਸਲੇ ਉੱਤੇ ਮਕਨਪੁਰ ਵਿਖੇ ਸਥਿਤ ਹੈ। ਆਪ ਨੂੰ ਜ਼ਿੰਦਾ ਸ਼ਾਹ ਮਦਾਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਆਪ ਦਾ ਜਨਮ 1315 ਈਸਵੀ 'ਚ ਹੋਇਆ ਮੰਨਿਆ ਜਾਂਦਾ ਹੈ। ਆਪ ਦੇ ਪਿਤਾ ਦਾ ਨਾਂ ਹਜ਼ਰਤ ਅਬੂ ਇਸਹਾਕ ਸਾਮੀ ਸੀ। ਆਪ ਯਹੂਦੀ ਸਨ ਲੇਕਿਨ ਬਾਅਦ 'ਚ ਇਸਲਾਮ ਧਾਰਨ ਕਰ ਲਿਆ। ਮਾਨਤਾ ਹੈ ਕਿ ਹਜ਼ਰਤ ਬਦੀਉੱਦੀਨ ਸ਼ਾਹ ਮਦਾਰ ਦਾ ਜਨਮ ਸੀਰੀਆ ਦੇ ਐਲਪੋ ਸ਼ਹਿਰ ਵਿਖੇ ਹੋਇਆ ਤੇ ਇਥੇ ਹੀ ਆਪ ਨੇ ਮੁੱਢਲੀ ਸਿੱਖਿਆ ਹਾਸਲ ਕੀਤੀ। ਆਪ ਦੇ ਪੀਰੋ-ਮੁਰਸ਼ਦ ਦਾ ਨਾਂ ਸ਼ੇਖ਼ ਮੁਹੰਮਦ ਤੈਫ਼ੂਰੀ ਦੱਸਿਆ ਜਾਂਦਾ ਹੈ।

ਆਪ ਨੇ ਜਦੋਂ ਮੱਕਾ ਮਦੀਨਾ ਦੀ ਯਾਤਰਾ ਕੀਤੀ ਤਾਂ ਆਪ ਮਦੀਨਾ ਵਿਖੇ ਸਨ ਕਿ ਸੁਪਨੇ 'ਚ ਆਪ ਨੂੰ ਭਾਰਤ ਜਾਣ ਦੀ ਹਦਾਇਤ ਹੋਈ। ਆਪ ਗੁਜਰਾਤ, ਅਜਮੇਰ ਹੁੰਦੇ ਹੋਏ ਮਕਨਪੁਰ ਪਹੁੰਚੇ। ਇਸ ਇਲਾਕੇ ਵਿਚ ਆਪ ਨੇ 50 ਸਾਲ ਗੁਜ਼ਾਰੇ। ਆਪ ਦੀ ਜ਼ਿੰਦਗੀ ਨਾਲ ਅਨੇਕਾਂ ਕਰਾਮਾਤਾਂ ਜੁੜੀਆਂ ਹੋਈਆਂ ਹਨ। ਆਪ ਆਪਣੇ ਵਕਤ ਦੇ ਕੁਤਬ-ਉਲ-ਮਦਾਰ ਸਨ ਜੋ ਸੂਫ਼ੀ ਦਰਵੇਸ਼ਾਂ ਵਿਚ ਸਭ ਤੋਂ ਉੱਚਾ ਦਰਜਾ, ਮਰਤਬਾ ਮੰਨਿਆ ਜਾਂਦਾ ਹੈ। ਸੂਫ਼ੀ ਦਰਵੇਸ਼ਾਂ ਦੀ ਐਸੀ ਮਾਨਤਾ ਵੀ ਹੈ ਕਿ ਆਪ ਦੀ ਰੂਹਾਨੀ ਨਿਸਬਤ ਅਤੇ ਮੁਹੱਬਤ ਖ਼ਵਾਜਾ ਮੁਈਨੁੱਦੀਨ ਚਿਸ਼ਤੀ ਅਜਮੇਰੀ ਨਾਲ ਵੀ ਸੀ।

ਹਜ਼ਰਤ ਬਦੀਉੱਦੀਨ ਸ਼ਾਹ ਮਦਾਰ ਅਤੇ ਉਨ੍ਹਾਂ ਦੇ ਪੈਰੋਕਾਰ ਜ਼ਾਹਿਰੀ ਇਬਾਦਤ ਦੇ ਜ਼ਿਆਦਾ ਪਾਬੰਦ ਨਹੀਂ ਸਨ। ਮਕਨਪੁਰ ਵਿਖੇ ਹੀ ਸੰਨ 1436 ਈਸਵੀ ਵਿਚ ਆਪ ਦਾ ਦੇਹਾਂਤ ਹੋਇਆ। ਇਥੇ ਹੀ ਆਪ ਦਾ ਮਜ਼ਾਰ-ਏ-ਮੁਬਾਰਿਕ ਹੈ, ਜੋ ਮਦਾਰੀਆਂ ਸੂਫ਼ੀ ਸਿਲਸਿਲੇ ਦੀ ਸਭ ਤੋਂ ਵੱਡੀ ਜ਼ਿਆਰਤਗਾਹ ਹੈ। ਆਪ ਦੀ ਮਾਨਤਾ ਹਿੰਦੂ ਤੇ ਮੁਸਲਮਾਨ ਦੋਹਾਂ ਮਜ਼ਹਬਾਂ ਦੇ ਲੋਕ ਕਰਦੇ ਹਨ। ਮਦਾਰੀਆਂ ਸਿਲਸਿਲੇ ਦੇ ਦਰਵੇਸ਼ ਆਮ ਕਰਕੇ ਕਲੰਦਰੀਆ ਬਿਰਤੀ ਵਾਲੇ ਹੁੰਦੇ ਹਨ। ਉਹ ਜਾਦੂ ਵਿਖਾ ਕੇ, ਬਾਂਦਰਾਂ ਦਾ ਤਮਾਸ਼ਾ ਵਿਖਾ ਕੇ ਤੇ ਰਿੱਛਾਂ ਦਾ ਨਾਚ ਵਿਖਾ ਕੇ ਗੁਜ਼ਾਰਾ ਕਰਦੇ ਹਨ। ਇਸ ਸਿਲਸਿਲੇ ਦੇ ਦਰਵੇਸ਼ ਧਮਾਲ ਪਾਉਂਦੇ ਹਨ, ਕੋਲਿਆਂ ਦੀ ਅੱਗ ਪੈਰ ਮਾਰ-ਮਾਰ ਕੇ ਬੁਝਾਉਂਦੇ ਹਨ ਤੇ ਅਲੀ ਦਮ ਮਦਾਰ ਦੇ ਨਾਅਰੇ ਮਾਰਦੇ ਹਨ।

- ਪ੍ਰਿੰ. ਗੁਰਚਰਨ ਸਿੰਘ ਤਲਵਾੜਾ

94634-63193

Posted By: Harjinder Sodhi