ਕੇਰਲ ਸੂਬੇ ਦੇ ਥਲੇਸਰ ਨਾਮੀ ਇਕ ਅਨਾਥ ਆਸ਼ਰਮ ਦਾ ਦੌਰਾ ਕਰਨ ਆਏ ਇਲਾਕੇ ਦੇ ਸਬ ਕੁਲੈਕਟਰ ਨੂੰ ਦੇਖ ਕੇ ਅਨਾਥ ਆਸ਼ਰਮ 'ਚ ਰਹਿ ਕੇ ਪੜ੍ਹ ਰਹੇ ਅਬਦੁਲ ਨਾਸਿਰ ਨੂੰ ਜ਼ਿੰਦਗੀ 'ਚ ਕੁਲੈਕਟਰ ਬਣਨ ਦੀ ਚਿਣਗ ਲੱਗ ਗਈ। ਜ਼ਿੰਦਗੀ ਦੇ ਮੁੱਢਲੇ ਸਤਾਰਾਂ ਸਾਲ ਅਨਾਥ ਆਸ਼ਰਮ 'ਚ ਗੁਜ਼ਾਰਨ ਵਾਲੇ ਅਬਦੁਲ ਨਾਸਿਰ ਦਾ ਪਿਤਾ ਇਸ ਜਗਤ ਤੋਂ ਉਸ ਵਕਤ ਰੁਖ਼ਸਤ ਹੋ ਗਿਆ ਸੀ ਜਦੋਂ ਨਾਸਿਰ ਅਜੇ ਪੰਜ ਸਾਲ ਦਾ ਸੀ। ਘੋਰ ਗ਼ਰੀਬੀ 'ਚ ਘਰ 'ਚ ਛੇ ਬੱਚਿਆਂ ਨੂੰ ਪਾਲਣ ਦੀ ਜ਼ਿੰਮੇਵਾਰੀ ਮਾਤਾ ਮੰਨਜ਼ੂਮਾ 'ਤੇ ਆ ਪਈ ਜੋ ਕਿ ਉਸ ਲਈ ਬੇਹੱਦ ਮੁਸ਼ਕਿਲ ਸੀ। ਆਰਥਿਕ ਮੁਸ਼ਕਲਾਂ 'ਚ ਘਿਰੀ ਮਾਤਾ ਨੇ ਆਖ਼ਰ ਅਬਦੁਲ ਨਾਸਿਰ ਨੂੰ ਅਨਾਥ ਆਸ਼ਰਮ ਭੇਜ ਦਿੱਤਾ। ਸਕੂਲੀ ਸਿੱਖਿਆ ਦੌਰਾਨ ਆਪਣਾ ਅਤੇ ਘਰ ਦਾ ਖ਼ਰਚਾ ਚਲਾਉਣ ਲਈ ਅਬਦੁਲ ਨਾਸਿਰ ਨੇ ਰਾਤ ਵੇਲੇ ਹੋਟਲਾਂ 'ਚ ਸੇਵਾਦਾਰ ਵਜੋਂ ਵੀ ਕੰਮ ਕੀਤਾ। ਉਹ ਰਾਤ ਦੇ ਹਨੇਰਿਆਂ 'ਚ ਆਪਣਾ ਚਮਕਦਾ ਭਵਿੱਖ ਤਲਾਸ਼ ਰਿਹਾ ਸੀ। ਉਚੇਰੀ ਸਿੱਖਿਆ ਲਈ ਉਸ ਨੇ ਨੇੜੇ ਦੇ ਸਰਕਾਰੀ ਕਾਲਜ 'ਚ ਬੀਏ 'ਚ ਦਾਖ਼ਲਾ ਲੈ ਲਿਆ ਅਤੇ ਅੰਗਰੇਜ਼ੀ ਸਾਹਿਤ ਨਾਲ ਬੀਏ ਅਤੇ ਐੱਮਏ ਸਫ਼ਲਤਾਪੂਰਵਕ ਪਾਸ ਕਰ ਲਈ। ਘਰ ਦੀ ਡਾਵਾਂਡੋਲ ਆਰਥਿਕ ਹਾਲਤ ਨੂੰ ਸਹਾਰਾ ਦੇਣ ਲਈ ਉਹ ਹੈਲਥ ਸਾਇੰਸ ਦਾ ਇਕ ਛੋਟਾ ਕੋਰਸ ਕਰ ਕੇ ਛੇਤੀ ਹੀ ਹੈਲਥ ਇੰਸਪੈਕਟਰ ਲੱਗ ਗਿਆ। ਇਸ ਨਾਲ ਘਰ ਦਾ ਗੁਜ਼ਾਰਾ ਵਧੀਆ ਹੋਣ ਲੱਗਾ ਪਰ ਉਸ ਦਾ ਅਸਲ ਟੀਚਾ ਅਫ਼ਸਰ ਬਣਨ ਦਾ ਸੀ ਜੋ ਅਜੇ ਅਧੂਰਾ ਸੀ। ਅਬਦੁਲ ਲਗਾਤਾਰ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰਦਾ ਹੋਇਆ ਆਪਣੇ ਅਸਲ ਸੁਪਨੇ ਨੂੰ ਹਕੀਕਤ 'ਚ ਬਦਲਣ ਲਈ ਮਿਹਨਤ ਕਰਦਾ ਰਿਹਾ। ਆਖ਼ਰ ਕੇਰਲ ਸਰਕਾਰ ਵੱਲੋਂ ਸੰਨ 2006 'ਚ ਲਈ ਸਿਵਲ ਸੇਵਾ ਪ੍ਰੀਖਿਆ ਪਾਸ ਕਰ ਕੇ ਉਹ ਡਿਪਟੀ ਕਲੈਕਟਰ ਬਣ ਗਿਆ। ਕਈ ਸਾਲਾਂ ਤੋਂ ਉਸ ਦਾ ਅਧੂਰਾ ਸੁਪਨਾ ਹਕੀਕਤ 'ਚ ਬਦਲ ਗਿਆ। ਬਤੌਰ ਅਫ਼ਸਰ ਅਬਦੁਲ ਨਾਸਿਰ ਦੀ ਵਧੀਆ ਕਾਰਜਸ਼ੈਲੀ ਨੂੰ ਦੇਖਦੇ ਹੋਏ ਸੰਨ 2017 'ਚ ਸਰਕਾਰ ਨੇ ਉਸ ਨੂੰ ਆਈਏਐੱਸ ਅਫ਼ਸਰ ਵਜੋਂ ਪ੍ਰਮੋਟ ਕਰ ਦਿੱਤਾ। ਅਬਦੁਲ ਨਾਸਿਰ ਦੱਸਦਾ ਹੈ ਕਿ ਸ਼ੁਰੂਆਤ 'ਚ ਬਤੌਰ ਹੈਲਥ ਅਫ਼ਸਰ ਮਿਲੀ ਨੌਕਰੀ ਨੂੰ ਦੇਖ ਕੇ ਉਹ ਸੰਤੁਸਟ ਹੋ ਕੇ ਬੈਠ ਸਕਦਾ ਸੀ ਪਰ ਅਸਲ ਟੀਚੇ 'ਤੇ ਪਹੁੰਚਣ ਦੇ ਸੁਪਨੇ ਨੇ ਉਸ ਨੂੰ ਹੋਰ ਮਿਹਨਤ ਲਈ ਪ੍ਰੇਰਿਤ ਕੀਤਾ। ਆਪਣੀ ਮਾਤਾ ਨੂੰ ਆਪਣਾ ਸਹਾਰਾ ਅਤੇ ਮਾਰਗਦਰਸ਼ਕ ਮੰਨਣ ਵਾਲੇ ਅਬਦੁਲ ਨੇ ਘਰ 'ਚ ਮਾੜੇ ਆਰਥਿਕ ਹਾਲਾਤ ਦੇ ਬਾਵਜੂਦ ਆਪਣਾ ਮਿੱਥਿਆ ਨਿਸ਼ਾਨਾ ਸਰ ਕਰ ਕੇ ਨੌਜਵਾਨ ਪੀੜ੍ਹੀ ਲਈ ਜਿਊਂਦੀ-ਜਾਗਦੀ ਮਿਸਾਲ ਪੇਸ਼ ਕੀਤੀ ਹੈ। ਅਸਲ 'ਚ ਚਣੌਤੀਆਂ ਮਨੁੱਖ ਨੂੰ ਪਰਖ਼ਦੀਆਂ ਹਨ। ਜੇ ਅਸੀਂ ਉਨ੍ਹਾਂ ਤੋਂ ਡਰ ਕੇ ਭੱਜਾਂਗੇ ਤਾਂ ਅਸਫਲ ਹੋ ਜਾਵਾਂਗੇ ਅਤੇ ਜੇਕਰ ਉਨ੍ਹਾਂ ਦਾ ਦ੍ਰਿੜ੍ਹਤਾ ਨਾਲ ਮੁਕਾਬਲਾ ਕੀਤਾ ਜਾਵੇ ਤਾਂ ਜਿੱਤ ਨਿਸ਼ਚਿਤ ਹੈ।

-ਪ੍ਰੋ. ਧਰਮਜੀਤ ਸਿੰਘ ਮਾਨ (94784-60084)

Posted By: Sukhdev Singh