ਯੋਗੇਂਦਰ ਸ਼ਰਮਾ, ਨਵੀਂ ਦਿੱਲੀ : Happy MahaShivratri 2020 ਦੇਵਾਂ ਦੇ ਦੇਵ ਮਹਾਦੇਵ ਕੈਲਾਸ਼ਵਾਸੀ ਅਤੇ ਭੰਗ-ਧਤੂਰੇ ਦਾ ਇਸਤੇਮਾਲ ਕਰਨ ਵਾਲੇ ਸ਼ਿਵ ਜੀ ਹਨ। ਉਹ ਨਾ ਤਾਂ ਭਗਤਾਂ 'ਚ ਭੇਦਭਾਵ ਕਰਦੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਚੀਜ਼ ਨਾਲ ਲਗਾਅ ਹੈ, ਪਰ ਮਨੁੱਖੀ ਜੀਵਨ 'ਚ ਸ਼ਿਵਜੀ ਨੂੰ ਖੁਸ਼ ਕਰਨ ਦੇ ਅਨੇਕ ਵਿਧਾਨ ਦੱਸੇ ਗਏ ਹਨ, ਜਿਸ ਨਾਲ ਭੋਲੇਨਾਥ ਦੀ ਅਰਾਧਨਾ ਕਰ ਕੇ ਉਨ੍ਹਾਂ ਦਾ ਅਸ਼ੀਰਵਾਦ ਹਾਸਲ ਕੀਤਾ ਜਾ ਸਕਦਾ ਹੈ। ਇਹ ਉਪਾਅ ਠੰਢੇ ਪਾਣੀ ਦੀ ਧਾਰਾ ਤੋਂ ਲੈ ਕੇ ਵੱਖ-ਵੱਖ ਫਲਾਂ, ਅਨਾਜਾਂ ਅਤੇ ਸ਼ਿਵ ਨੂੰ ਪ੍ਰਿਅ ਸਾਤਵਿਕ ਵਸਤਾਂ ਦੇ ਹੁੰਦੇ ਹਨ। ਭਗਵਾਨ ਆਸ਼ੂਤੋਸ਼ ਨੂੰ ਖੁਸ਼ ਕਰਨ ਦਾ ਇਕ ਅਜਿਹਾ ਹੀ ਉਪਾਅ ਖੁਸ਼ਬੂਦਾਰ ਫੁੱਲਾਂ ਦਾ ਹੈ।

ਸ਼ਿਵਪੁਰਾਣ ਮੁਤਾਬਕ ਫੁੱਲਾਂ ਨੂੰ ਸ਼੍ਰੀਸ਼ਿਵ ਨੂੰ ਸਮਰਪਿਤ ਕਰ ਕੇ ਤੁਸੀਂ ਮਨਚਾਹਿਆ ਫਲ ਹਾਸਲ ਕਰ ਸਕਦੇ ਹੋ। ਧਤੂਰੇ ਦੇ ਇਕ ਲੱਖ ਫੁੱਲਾਂ ਨਾਲ ਪੂਜਾ ਕਰਨ ਨਾਲ ਮਨੁੱਖ ਨੂੰ ਸ਼ੁੱਭ ਫਲ ਦੀ ਪ੍ਰਾਪਤੀ ਹੁੰਦੀ ਹੈ। ਲਾਲ ਡੰਠਲ ਵਾਲਾ ਧਤੂਰਾ ਪੂਜਾ 'ਚ ਸਰਬੋਤਮ ਮੰਨਿਆ ਗਿਆ ਹੈ। ਅਗਸਤਯ ਦੇ ਇਕ ਲੱਖ ਫੁੱਲਾਂ ਨਾਲ ਪੂਜਾ ਕਰਨ ਨਾਲ ਮਨੁੱਖ ਨੂੰ ਅਪਾਰ ਯੱਸ਼ ਦੀ ਪ੍ਰਾਪਤੀ ਹੁੰਦੀ ਹੈ।

ਤੁਲਸੀਦਲ ਨਾਲ ਪੂਜਾ ਕਰਨ ਨਾਲ ਮਨੁੱਖ ਨੂੰ ਮੁਕਤੀ ਆਸਾਨੀ ਨਾਲ ਪ੍ਰਾਪਤ ਹੁੰਦੀ ਹੈ। ਲਾਲ ਅਤੇ ਚਿੱਟਾ ਅੱਕ, ਅਪਾਮਾਰਗ ਅਤੇ ਚਿੱਟੇ ਕਮਲ ਦੇ ਇਕ ਲੱਖ ਫੁੱਲ ਸ਼੍ਰੀਸ਼ਿਵ ਨੂੰ ਸਮਰਪਿਤ ਕਰਨ ਨਾਲ ਵੀ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਜਪਾ ਦੇ ਇਕ ਲੱਖ ਫੁੱਲਾਂ ਨਾਲ ਕੀਤੀ ਹੋਈ ਸ਼ਿਵਪੂਜਾ ਦੁਸ਼ਮਣਾਂ ਨੂੰ ਮੌਤ ਦੇਣ ਵਾਲੀ ਹੁੰਦੀ ਹੈ। ਕਰਵਰੀ ਦੇ ਇਕ ਲੱਖ ਫੁੱਲਾਂ ਨਾਲ ਪੂਜਾ ਕਰਨ 'ਤੇ ਬਿਮਾਰੀਆਂ ਤੋਂ ਮੁਕਤੀ ਮਿਲਦੀ ਹੈ।

ਦੂਪਹਰੀਆ ਦੇ ਫੁੱਲਾਂ ਨਾਲ ਪੂਜਾ ਕਰਨ ਨਾਲ ਗਹਿਣਿਆਂ ਦੀ ਪ੍ਰਾਪਤੀ ਹੁੰਦੀ ਹੈ। ਚਮੇਲੀ ਦੇ ਫੁੱਲਾਂ ਨਾਲ ਸ਼ਿਵਜੀ ਦੀ ਪੂਜਾ ਕਰਨ 'ਤੇ ਵਾਹਨ ਦੀ ਪ੍ਰਾਪਤੀ ਹੁੰਦੀ ਹੈ। ਅਲਸੀ ਦੇ ਫੁੱਲਾਂ ਨਾਲ ਸ਼ਿਵਪੂਜਾ ਕਰਨ 'ਤੇ ਮਨੁੱਖ ਸ਼੍ਰੀਹਰੀ ਨੂੰ ਪ੍ਰਿਅ ਹੁੰਦਾ ਹੈ। ਸ਼ਮੀਪੱਤਰਾਂ ਨਾਲ ਪੂਜਾ ਕਰਨ 'ਤੇ ਮਨੁੱਖ ਨੂੰ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਫੁੱਲ ਸ਼੍ਰੀਸ਼ਿਵ ਨੂੰ ਸਮਰਪਿਤ ਕਰਨ 'ਤੇ ਸੁੰਦਰ ਪਤਨੀ ਪ੍ਰਾਪਤ ਹੁੰਦੀ ਹੈ।

ਜੂਹੀ ਦੇ ਫੁੱਲਾਂ ਨਾਲ ਸ਼ਿਵਜੀ ਦੀ ਪੂਜਾ ਕਰਨ 'ਤੇ ਘਰ 'ਚ ਅਨਾਜ ਦੇ ਭੰਡਾਰ ਭਰੇ ਰਹਿੰਦੇ ਹਨ। ਕਨੇਰ ਦੇ ਫੁੱਲਾਂ ਨਾਲ ਪੂਜਾ ਕਰਨ 'ਤੇ ਸੁੰਦਰ ਕੱਪੜਿਆਂ ਦੀ ਪ੍ਰਾਪਤੀ ਹੁੰਦੀ ਹੈ। ਸ਼ੈਫਾਲਿਕਾ ਦੇ ਫੁੱਲ ਨਾਲ ਸ਼ਿਵਪੂਜਾ ਕਰਨ ਨਾਲ ਮਨੁੱਖ ਦਾ ਮਨ ਨਿਰਮਲ ਹੁੰਦਾ ਹੈ। ਹਾਰ-ਸ਼ਿੰਗਾਰ ਦੇ ਫੁੱਲਾਂ ਨਾਲ ਸ਼ਿਵਪੂਜਾ ਕਰਨ 'ਤੇ ਸੁੱਖ ਅਤੇ ਜਾਇਦਾਦ ਦੀ ਪ੍ਰਾਪਤੀ ਹੁੰਦੀ ਹੈ। ਰਾਈ ਦੇ ਫੁੱਲਾਂ ਨੂੰ ਸ਼ਿਵਜੀ ਨੂੰ ਸਮਰਪਿਤ ਕੀਤਾ ਜਾਵੇ ਤਾਂ ਦੁਸ਼ਮਣ ਪੀੜਾ ਦਾ ਨਾਸ਼ ਹੁੰਦਾ ਹੈ। ਮੌਸਮ ਮੁਤਾਬਕ ਉੱਗਣ ਵਾਲੇ ਫੁੱਲ ਸ਼ਿਵਜੀ ਨੂੰ ਸਮਰਪਿਤ ਕਰਨ ਨਾਲ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਇਕ ਲੱਖ ਬੇਲਪੱਤਰ ਚੜ੍ਹਾਉਣ ਨਾਲ ਸਾਰੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ।

Posted By: Seema Anand