ਨਈ ਦੁਨੀਆ, ਨਵੀਂ ਦਿੱਲੀ : Hanuman Janmotsav 2020 : ਪਵਨ ਪੁੱਤਰ ਹਨੂਮਾਨਜੀ ਨੂੰ ਬ੍ਰਹਮਚਾਰੀ ਕਿਹਾ ਜਾਂਦਾ ਹੈ ਤੇ ਲੋਕ ਇਸੇ ਰੂਪ 'ਚ ਉਨ੍ਹਾਂ ਨੂੰ ਪੂਜਦੇ ਹਨ। ਸ਼੍ਰੀਰਾਮ ਭਗਤ ਹਨੂਮਾਨ ਨੇ ਆਪਣਾ ਸਾਰਾ ਜੀਵਨ ਮਰਿਆਦਾ ਪੁਰਸ਼ੋਤਮ ਸ਼੍ਰੀਰਾਮ ਦੀ ਭਗਤੀ 'ਚ ਗੁਜ਼ਾਰ ਦਿੱਤਾ। ਬਜਰੰਗਬਲੀ ਨੇ ਦਿਲੋਂ ਉਨ੍ਹਾਂ ਨੂੰ ਆਪਣਾ ਸਭ ਕੁਝ ਮੰਨਿਆ ਤੇ ਤਨ-ਮਨ ਨਾਲ ਉਨ੍ਹਾਂ ਦੀ ਸੇਵਾ ਕੀਤੀ। ਇਸ ਲਈ ਕਿਹਾ ਜਾਂਦਾ ਹੈ ਕਿ ਉਨ੍ਹਾਂ ਲਈ ਭਰਾ-ਦੋਸਤ ਸਭ ਕੁਝ ਸ਼੍ਰੀਰਾਮ ਸਨ। ਇਹ ਗੱਲ ਸੁਣਨ ਵਿਚ ਜ਼ਰੂਰ ਅਜੀਬ ਲੱਗੇਗੀ, ਪਰ ਸੱਚ ਵੀ ਓਨੀ ਹੀ ਹੈ ਕਿ ਬਾਲ ਬ੍ਰਹਮਚਾਰੀ ਅਖਵਾਉਂਦੇ ਹੋਏ ਬਜਰੰਗਬਲੀ ਨੇ ਵੀ ਵਿਆਹ ਕੀਤਾ ਸੀ। ਆਓ ਜਾਣਦੇ ਹਾਂ ਕੌਣ ਸੀ ਉਨ੍ਹਾਂ ਦੀ ਪਤਨੀ ਤੇ ਕਿਨ੍ਹਾਂ ਹਾਲਾਤ 'ਚ ਉਨ੍ਹਾਂ ਵਿਆਹ ਕੀਤਾ ਸੀ।

ਸੂਰਜ ਦੇਵ ਸਨ ਹਨੂਮਾਨ ਜੀ ਦੇ ਗੁਰੂ

ਬ੍ਰਹਿਮੰਡ 'ਚ ਬ੍ਰਹਮਚਾਰੀ ਦੇ ਰੂਪ 'ਚ ਪੂਜੇ ਜਾਣ ਵਾਲੇ ਹਨੂਮਾਨ ਜੀ ਵਿਆਹ ਦੇ ਬੰਧਨ 'ਚ ਬੱਝੇ ਸਨ ਤੇ ਉਨ੍ਹਾਂ ਨੇ ਵੀ ਗ੍ਰਹਿਸਥ ਜੀਵਨ 'ਚ ਪ੍ਰਵੇਸ਼ ਕੀਤਾ ਸੀ। ਹਨੂਮਾਨ ਜੀ ਦੇ ਵਿਆਹ ਦਾ ਜ਼ਿਕਰ ਪਾਰਾਸ਼ਰ ਸੰਹਿਤਾ 'ਚ ਮਿਲਦਾ ਹੈ। ਪਰ ਵਾਲਮੀਕਿ ਰਾਮਾਇਣ, ਕੰਬ ਰਾਮਾਇਣ, ਰਾਮਚਰਿਤ ਮਾਨਸ ਵਰਗੇ ਸਾਰੇ ਗ੍ਰੰਥਾਂ 'ਚ ਹਨੂਮਾਨ ਜੀ ਦੇ ਬਾਲ ਬ੍ਰਹਮਚਾਰੀ ਸਰੂਪ ਦਾ ਹੀ ਜ਼ਿਕਰ ਕੀਤਾ ਗਿਆ ਹੈ। ਸ਼ਾਸਤਰਾਂ ਅਨੁਸਾਰ ਮਾਨਤਾ ਇਹ ਹੈ ਕਿ ਕੁਝ ਵਿਸ਼ੇਸ਼ ਹਾਲਾਤ 'ਚ ਹਨੂਮਾਨ ਜੀ ਨੂੰ ਵਿਆਹ ਦੇ ਬੰਧਨ 'ਚ ਬੱਝਣਾ ਪਿਆ ਸੀ।

ਮਹਾਬਲੀ ਹਨੂਮਾਨ ਸੂਰਜ ਦੇਵ ਨੂੰ ਆਪਣਾ ਗੁਰੂ ਮੰਨਦੇ ਸਨ ਤੇ ਉਨ੍ਹਾਂ ਤੋਂ ਵਿੱਦਿਆ ਗ੍ਰਹਿਣ ਕਰ ਰਹੇ ਸਨ। ਕਿਉਂਕਿ ਸੂਰਜ-ਨਾਰਾਇਣ ਬਗ਼ੈਰ ਆਪਣੇ ਰਥ ਨੂੰ ਵਿਰਾਮ ਦਿੱਤੇ 24 ਘੰਟੇ ਘੁੰਮਦੇ ਕਰਦੇ ਹਨ, ਇਸ ਲਈ ਹਨੂਮਾਨ ਜੀ ਉਨ੍ਹਾਂ ਦੇ ਸੱਤਾਂ ਘੋੜਿਆਂ ਵਾਲੇ ਰੱਥ ਦੇ ਨਾਲ ਉੱਡਦੇ ਰਹਿੰਦੇ ਸਨ। ਉੱਡਦਿਆਂ ਹੋਇਆਂ ਹੀ ਸੂਰਜ ਦੇਵ ਉਨ੍ਹਾਂ ਨੂੰ ਸਿੱਖਿਆ ਦਿੰਦੇ ਸਨ, ਪਰ ਗੁਰੂ-ਸ਼ਿਸ਼ ਦੇ ਵਿੱਦਿਆ ਦਾਨ 'ਚ ਇਕ ਅੜਚਨ ਆ ਗਈ ਤੇ ਹਨੂਮਾਨ ਜੀ ਸਾਹਮਣੇ ਧਰਮ ਸੰਕਟ ਖੜ੍ਹਾ ਹੋ ਗਿਆ। ਸੂਰਜ-ਨਾਰਾਇਣ ਹਨੂਮਾਨਜੀ ਨੂੰ ਨੌਂ ਤਰ੍ਹਾਂ ਦੀ ਵਿੱਦਿਆ ਦੇਣ ਵਾਲੇ ਸਨ। ਪੰਜ ਤਰ੍ਹਾਂ ਦੀ ਵਿੱਦਿਆ ਤਾਂ ਸੂਰਜ ਦੇਵ ਨੇ ਉਨ੍ਹਾਂ ਨੂੰ ਦੇ ਦਿੱਤੀ, ਪਰ ਬਾਕੀ ਬਚੀਆਂ ਚਾਰ ਵਿੱਦਿਆ ਅਜਿਹੀਆਂ ਸਨ ਜਿਹੜੀਆਂ ਸਿਰਫ਼ ਗ੍ਰਹਿਸਥ ਵਿਅਕਤੀ ਨੂੰ ਸਿਖਾਈਆਂ ਜਾ ਸਕਦੀਆਂ ਸਨ।

ਸੂਰਜ ਨੇ ਆਪਣੀ ਪੁੱਤਰੀ ਸੁਵਰਚਲਾ ਦਾ ਸ਼ਿਸ਼ ਹਨੂਮਾਨ ਨਾਲ ਕੀਤਾ ਵਿਆਹ

ਹਨੂਮਾਨ ਜੀ ਸਾਰੀਆਂ ਨੌਂ ਵਿੱਦਿਆ ਸਿੱਖਣ ਦਾ ਸੰਕਲਪ ਲੈ ਚੁੱਕੇ ਸਨ। ਇਸ ਲਈ ਉਹ ਹੁਣ ਵਿੱਦਿਆ ਅਧਿਐਨ ਤੋਂ ਪਿੱਛੇ ਨਹੀਂ ਹਟਣ ਵਾਲੇ ਸਨ, ਉੱਥੇ ਹੀ ਭਗਵਾਨ ਸੂਰਜ ਦੇਵ ਸਾਹਮਣੇ ਵੀ ਇਹ ਧਰਮ ਸੰਕਟ ਖੜ੍ਹਾ ਹੋ ਗਿਆ ਕਿ ਸ਼ਿਸ਼ ਹਨੂਮਾਨ ਨੂੰ ਸਿੱਖਿਆ ਕਿਵੇਂ ਦੇਣ। ਨਿਯਮਾਂ ਤਹਿਤ ਹਨੂਮਾਨ ਜੀ ਵਿੱਦਿਆ ਅਧਿਐਨ ਦੀ ਕਸੌਟੀ 'ਤੇ ਖਰੇ ਨਹੀਂ ਉਤਰਦੇ ਸਨ, ਉੱਥੇ ਹੀ ਬਜਰੰਗਬਲੀ ਸਾਰੀਆਂ ਵਿੱਦਿਆ ਸਿੱਖਣ ਦੀ ਜ਼ਿੱਦ 'ਤੇ ਅੜੇ ਹੋਏ ਸਨ। ਅਜਿਹੇ ਵਿਚ ਸੂਰਜ-ਨਾਰਾਇਣ ਨੇ ਹਨੂਮਾਨ ਜੀ ਨੂੰ ਵਿਆਹ ਕਰਨ ਦੀ ਸਲਾਹ ਦਿੱਤੀ। ਸਾਰੀਆਂ ਨੌਂ ਵਿੱਦਿਆ 'ਚ ਮੁਹਾਰਤ ਹਾਸਲ ਕਾਰਨ ਦੇ ਜਨੂਨ 'ਚ ਹਨੂਮਾਨ ਜੀ ਵਿਆਹ ਕਰਨ ਲਈ ਤਿਆਰ ਹੋ ਗਏ, ਪਰ ਹੁਣ ਦੂਸਰੀ ਸਮੱਸਿਆ ਸਾਹਮਣੇ ਇਹ ਆਈ ਕਿ ਉਨ੍ਹਾਂ ਲਈ ਕੁੜੀ ਕਿੱਥੇ ਲੱਭੀਏ ਤੇ ਕੌਣ ਉਨ੍ਹਾਂ ਦੀ ਪਤਨੀ ਬਣੇਗੀ।

ਅਜਿਹੇ ਵਿਚ ਗੁਰੂ ਸੂਰਜ ਦੇਵ ਨੇ ਆਪਣੇ ਸ਼ਿਸ਼ ਹਨੂਮਾਨ ਜੀ ਨੂੰ ਰਸਤਾ ਦਿਖਾਇਆ। ਸੂਰਜ-ਨਾਰਾਇਣ ਨੇ ਆਪਣੀ ਪਰਮ ਤਪੱਸਵੀ ਤੇ ਤੇਜਸਵੀ ਪੁੱਤਰੀ ਸੁਵਰਚਲਾ ਨੂੰ ਹਨੂਮਾਨ ਜੀ ਨਾਲ ਵਿਆਹ ਬੰਧਨ 'ਚ ਬੱਝਣ ਲਈ ਤਿਆਰ ਕਰ ਲਿਆ। ਵਿਆਹੇ ਹੋਣ ਦੇ ਨਾਲ ਹੀ ਹਨੂਮਾਨ ਜੀ ਨੇ ਆਪਣੀ ਵਿੱਦਿਆ ਮੁਕੰਮਲ ਕੀਤੀ ਤੇ ਸੁਵਰਚਲਾ ਹਮੇਸ਼ਾ ਲਈ ਆਪਣੀ ਤਪੱਸਿਆ 'ਚ ਲੀਨ ਹੋ ਗਈ। ਇਸ ਤਰ੍ਹਾਂ ਹਨੂਮਾਨ ਜੀ ਵਿਆਹ ਦੇ ਬੰਧਨ 'ਚ ਬੱਝਣ ਤੋਂ ਬਾਅਦ ਵੀ ਸਰੀਰਕ ਰੂਪ 'ਚ ਬ੍ਰਹਮਚਾਰੀ ਰਹੇ। ਇਸ ਲਈ ਉਨ੍ਹਾਂ ਨੂੰ ਬਾਲ ਬ੍ਰਹਮਚਾਰੀ ਵੀ ਕਿਹਾ ਜਾਂਦਾ ਹੈ।

ਖੰਮਮ 'ਚ ਹੈ ਹਨੂਮਾਨਜੀ ਦਾ ਆਪਣੀ ਪਤਨੀ ਨਾਲ ਮੰਦਰ

ਆਂਧਰ ਪ੍ਰਦੇਸ਼ ਦੇ ਖੰਮਮ ਜ਼ਿਲ੍ਹੇ 'ਚ ਹਨੂਮਾਨ ਜੀ ਦਾ ਇਕ ਵਿਸ਼ੇਸ਼ ਮੰਦਰ ਹੈ, ਜਿਹੜਾ ਇਸ ਗੱਲ ਦੀ ਯਾਦ ਦਿਵਾਉਂਦਾ ਹੈ ਕਿ ਹਨੂਮਾਨ ਜੀ ਬ੍ਰਹਮਚਾਰੀ ਹੀ ਨਹੀਂ ਬਲਕਿ ਗ੍ਰਹਿਸਥ ਵੀ ਸਨ। ਇਸ ਮੰਦਰ 'ਚ ਪਵਨ ਪੁੱਤਰ ਹਨੂਮਾਨ ਆਪਣੀ ਪਤਨੀ ਸੁਵਰਚਲਾ ਨਾਲ ਬਿਰਾਜਮਾਨ ਹਨ। ਪਾਰਾਸ਼ਰ ਸੰਹਿਤਾ 'ਚ ਕਿਹਾ ਗਿਆ ਹੈ ਕਿ ਹਨੂਮਾਨ ਜੀ ਦਾ ਸੂਰਜ ਦੇਵ ਨੇ ਸੁਵਰਚਲਾ ਨਾਲ ਵਿਆਹ ਬ੍ਰਹਿਮੰਡ ਦੇ ਕਲਿਆਣ ਲਈ ਕਰਵਾਇਆ ਸੀ। ਇਸ ਨਾਲ ਹਨੂਮਾਨ ਜੀ ਵਿਆਹ ਦੇ ਬੰਧਨ 'ਚ ਬੱਝ ਗਏ ਤੇ ਉਨ੍ਹਾਂ ਦਾ ਬ੍ਰਹਮਚਾਰਯ ਵੀ ਬਰਕਰਾਰ ਰਿਹਾ। ਇਸ ਮੰਦਰ 'ਚ ਦੂਰ-ਦੁਰਾਡੇ ਤੋਂ ਲੋਕ ਹਨੂਮਾਨਜੀ ਦੇ ਗ੍ਰਹਿਸਥ ਰੂਪ ਦੇ ਦਰਸ਼ਨਾਂ ਲਈ ਆਉਂਦੇ ਹਨ। ਮਾਨਤਾ ਹੈ ਕਿ ਹਨੂਮਾਨ ਜੀ ਦੇ ਗ੍ਰਹਿਸਥ ਰੂਪ ਦੇ ਦਰਸ਼ਨ ਕਰਨ ਨਾਲ ਘਰ-ਪਰਿਵਾਰ ਦੇ ਤਣਾਅ ਤੋਂ ਮੁਕਤੀ ਮਿਲਦੀ ਹੈ ਤੇ ਪਤੀ-ਪਤਨੀ ਵਿਚਕਾਰ ਬਿਹਤਰ ਤਾਲਮੇਲ ਰਹਿੰਦਾ ਹੈ।

ਹਨੂਮਾਨ ਜੀ ਦੇ ਤਿੰਨ ਵਿਆਹਾਂ ਦਾ ਵੀ ਜ਼ਿਕਰ

ਕੁਝ ਧਰਮ ਸ਼ਾਸਤਰਾਂ 'ਚ ਹਨੂਮਾਨ ਜੀ ਦੀਆਂ ਤਿੰਨ ਪਤਨੀਆਂ ਦਾ ਜ਼ਿਕਰ ਮਿਲਦਾ ਹੈ ਭਾਵ ਉਹ ਤਿੰਨ ਵਾਰ ਵਿਆਹ ਦੇ ਬੰਧਨ 'ਚ ਬੱਝੇ ਸਨ। ਹਨੂਮਾਨਜੀ ਦਾ ਪਹਿਲਾ ਵਿਆਹ ਸੂਰਜ ਦੇਵ ਦੀ ਪੁੱਤਰੀ ਸੁਵਰਚਲਾ ਨਾਲ ਹੋਇਆ ਸੀ। 'ਪਉਮ ਚਰਿਤ' 'ਚ ਉਨ੍ਹਾਂ ਦੇ ਦੂਸਰੇ ਵਿਆਹ ਦਾ ਜ਼ਿਕਰ ਮਿਲਦਾ ਹੈ। ਇਸ ਅਨੁਸਾਰ ਜਦੋਂ ਰਾਵਣ ਤੇ ਵਰੁਣ ਦੇਵ ਵਿਚਕਾਰ ਯੁੱਧ ਹੋਇਆ ਤਾਂ ਵਰੁਣ ਦੇਵ ਵੱਲੋਂ ਹਨੂਮਾਨ ਨੇ ਰਾਵਣ ਨਾਲ ਯੁੱਧ ਕੀਤਾ ਤੇ ਰਾਵਣ ਦੇ ਸਾਰੇ ਪੁੱਤਰਾਂ ਨੂੰ ਬੰਦੀ ਬਣਾ ਲਿਆ। ਜੰਗ 'ਚ ਹਾਰ ਹੋਣ ਤੋਂ ਬਾਅਦ ਰਾਵਣ ਨੇ ਆਪਣੀ ਪੁੱਤਰੀ ਅਨੰਗਕੁਸੁਮਾ ਦਾ ਵਿਆਹ ਹਨੂਮਾਨ ਨਾਲ ਕਰ ਦਿੱਤਾ। ਅਨੰਗਕੁਸੁਮਾ ਦਾ ਜ਼ਿਕਰ ਪਉਮ ਚਰਿਤ 'ਚ ਇਸ ਤਰ੍ਹਾਂ ਵੀ ਮਿਲਦਾ ਹੈ ਕਿ ਖ-ਦੂਸ਼ਣ ਦੀ ਮੌਤ ਦੀ ਖ਼ਬਰ ਜਦੋਂ ਹਨੂਮਾਨ ਦੀ ਸਭਾ 'ਚ ਪੁੱਜੀ ਤਾਂ ਅੰਤਹਪੁਰ 'ਚ ਸੋਗ ਦੀ ਲਹਿਰ ਦੌੜ ਗਈ ਤੇ ਅਨੰਗਕੁਸੁਮਾ ਬੇਹੋਸ਼ ਹੋ ਗਈ।

ਹਨੂਮਾਨਜੀ ਦਾ ਤੀਸਰਾ ਵਿਆਹ ਦੇਵੀ ਸੱਤਿਆਵਤੀ ਨਾਲ ਹੋਇਆ ਸੀ। ਰਾਵਣ ਤੇ ਵਰੁਣਦੇਵ ਦੇ ਯੁੱਧ 'ਚ ਜਦੋਂ ਹਨੂਮਾਨਜੀ ਵਰੁਣਦੇਵ ਵੱਲੋਂ ਲੜੇ ਤੇ ਉਨ੍ਹਾਂ ਲੰਕਾਪਤੀ ਰਾਵਣ ਨੂੰ ਕਰਾਰੀ ਮਾਤ ਦਿੱਤੀ ਤਾਂ ਵਰੁਣਦੇਵ ਨੇ ਪ੍ਰਸੰਨ ਹੋ ਕੇ ਆਪਣੀ ਪੁੱਤਰੀ ਸਤਯਵਤੀ ਦਾ ਵਿਆਹ ਹਨੂਮਾਨ ਜੀ ਨਾਲ ਕਰ ਦਿੱਤਾ ਸੀ। ਇਸ ਤਰ੍ਹਾਂ ਸ਼ਾਸਤਰਾਂ 'ਚ ਬਾਲ ਬ੍ਰਹਮਚਾਰੀ ਹਨੂਮਾਨਜੀ ਦੇ ਤਿੰਨ ਵਿਆਹਾਂ ਦਾ ਜ਼ਿਕਰ ਮਿਲਦਾ ਹੈ।

Posted By: Seema Anand