ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਮਨੁੱਖੀ ਮਾਨਸਿਕਤਾ ਨੂੰ ਦੁੱਖ- ਸੁੱਖ ਦੇ ਬੰਧਨਾਂ ਦੀ ਪਹੁੰਚ ਤੋਂ ਦੂਰ ਸਦਾ ਥਿਰ ਅਨੰਦ ਦੀ ਅਕਥ ਅਵਸਥਾ ਦਾ ਧਾਰਨੀ ਬਣਾਉਂਦੀ ਹੈ। ਇਸ ਅਵਸਥਾ ਵਿਚ ਮਨੁੱਖ ਨਿੱਜੀ ਸਵਾਰਥਾਂ ਦੀ ਭਾਵਨਾ ਤੋਂ ਉੱਪਰ ਉੱਠ ਕੇ ਸਰਬੱਤ ਦੇ ਭਲੇ ਦੀ ਭਾਵਨਾ ਨੂੰ ਲੈ ਕੇ ਸੁਚੱਜੇ ਤੇ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਯਤਨਸ਼ੀਲ ਹੁੰਦਾ ਹੈ। ਬਾਬੇ ਨਾਨਕ ਦੀ ਵਿਚਾਰਧਾਰਾ ਰਾਹੀਂ ਘੜੀ ਗਈ ਗੁਰਮੁਖੀ ਸ਼ਖ਼ਸੀਅਤ ਸ਼ੰਕਿਆਂ, ਪਛਤਾਵਿਆਂ, ਨਫ਼ਰਤੀ ਭਾਵਨਾ, ਅਨੈਤਿਕਤਾ ਭਰਪੂਰ ਫੁਰਨਿਆਂ ਦੀਆਂ ਜ਼ੰਜੀਰਾਂ ਨੂੰ ਤੋੜ ਸਦਾ ਲਈ ਸ਼ੁਕਰਾਨੇ ਦੀ ਭਾਵਨਾ ਵਿਚ ਸਭਨਾਂ ਪ੍ਰਤੀ ਪ੍ਰੇਮਮਈ ਵਤੀਰਾ ਅਖਤਿਆਰ ਕਰ ਕੇ ਸਮੁੱਚਾ ਜੀਵਨ ਨੈਤਿਕਤਾ ਦੇ ਢਾਂਚੇ ’ਚ ਰਹਿ ਕੇ ਸਫਲਾ ਕਰਦੀ ਹੈ। ਉਨ੍ਹਾਂ ਨੇ ਮਨੁੱਖ ਨੂੰ ਮਾਨਸਿਕ ਤੌਰ ’ਤੇ ਚੜ੍ਹਦੀ ਕਲਾ ਦਾ ਧਾਰਨੀ ਬਣਾਉਣ ਲਈ ਸਭ ਤੋਂ ਪਹਿਲਾਂ ਦੁੱਖਾਂ- ਸੁੱਖਾਂ ਦੇ ਭੁਲੇਖੇ ਤੋਂ ਉੱਪਰ ਉੱਠਣ ਦੀ ਪ੍ਰੇਰਨਾ ਦਿੱਤੀ ਹੈ। ਗੁਰੂ ਜੀ ਅਨੁਸਾਰ ਦੁੱਖ- ਸੁੱਖ ਮਨੁੱਖ ਦੇ ਜੀਵਨ ਦੇ ਦੋ ਪਹਿਲੂ ਹਨ। ਜਿਵੇਂ ਅਸੀਂ ਹਰ ਰੋਜ਼ ਤਨ ਨੂੰ ਢਕਣ ਲਈ ਕੱਪੜੇ ਬਦਲਦੇ ਹਾਂ, ਇਸੇ ਤਰ੍ਹਾਂ ਵਾਹਿਗੁਰੂ ਦੀ ਦਰਗਾਹ ’ਚੋਂ ਮਨੁੱਖ ਨੂੰ ਦੁੱਖ-ਸੁੱਖ ਦੇ ਕੱਪੜੇ ਮਿਲੇ ਹਨ ਭਾਵ ਦੁੱਖਾਂ ਤੇ ਸੁੱਖਾਂ ਦੇ ਚੱਕਰ ਹਰੇਕ ’ਤੇ ਆਉਂਦੇ ਹੀ ਰਹਿੰਦੇ ਹਨ :

ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ॥

‘ਗੁਰਸਿਖੀ ਬਾਰੀਕ ਹੈ ਖੰਡੇ ਧਾਰ ਗਲੀ ਅਤਿ ਭੀੜੀ’ ਦੇ ਰਾਹ ਦਾ ਪਾਂਧੀ ਮਨੁੱਖ ਸੁਰਤਿ ਨੂੰ ਸੇਵਾ ਸਿਮਰਨ ਦੇ ਅਭਿਆਸ ਨਾਲ ਅਡੋਲ ਕਰ ਕੇ ਅਜਿਹੀ ਰੂਹਾਨੀ ਦੁਨੀਆ ’ਚ ਜਾ ਪਹੁੰਚਦਾ ਹੈ ਜਿੱਥੇ ਮਨੁੱਖ ਕੇਵਲ ਸੁੱਖਾਂ ਨੂੰ ਹੀ ਦਾਤ ਮੰਨ ਕੇ ਸ਼ੁਕਰਾਨਾ ਨਹੀਂ ਕਰਦਾ ਸਗੋਂ ਦੁੱਖਾਂ, ਮੁਸੀਬਤਾਂ ਨੂੰ ਵੀ ਵਾਹਿਗੁਰੂ ਦੀ ਦਾਤ ਦੇ ਰੂਪ ’ਚ ਸਵੀਕਾਰ ਕਰਦਾ ਹੋਇਆ ਸੁਆਸ-ਸੁਆਸ ਨਾਲ ਸ਼ੁਕਰਾਨੇ ਦੇ ਭਾਵ ਪ੍ਰਗਟ ਕਰਦਾ ਹੈ :

ਕੇਤਿਆ ਦੂਖ ਭੂਖ ਸਦ ਮਾਰ॥ ਏਹਿ ਭਿ ਦਾਤਿ ਤੇਰੀ ਦਾਤਾਰ॥

ਇਸੇ ਸੁਰਤਿ ਦੀ ਬਲਵਾਨਤਾ ਨੂੰ ਭਾਈ ਵੀਰ ਸਿੰਘ ਨੇ ਆਪਣੀ ਕਵਿਤਾ ’ਚ ਸਿੱਖੀ ਦੀ ਪਰਿਭਾਸ਼ਾ ਬਿਆਨ ਕਰਦਿਆਂ ਪੇਸ਼ ਕੀਤਾ ਹੈ ਕਿ ਸਿੱਖੀ ਦਾ ਅਰਥ ਸੁਰਤਿ ਦੀ ਬਲਵਾਨਤਾ ਹੈ। ਅਜਿਹੀ ਬਲਵਾਨਤਾ ਜਿਹੜੀ ਲੱਖਾਂ ਮੁਸੀਬਤਾਂ, ਦੁੱਖਾਂ-ਸੁੱਖਾਂ ’ਚ ਅਡੋਲ ਰਹਿੰਦਿਆਂ ਢਹਿੰਦੀ ਕਲਾ ਨੂੰ ਨੇੜੇ ਵੀ ਭਟਕਣ ਨਾ ਦੇਵੇ ਸਗੋਂ ਸਦਾ ਚੜ੍ਹਦੀ ਕਲਾ ’ਚ ਨਿਵਾਸ ਰੱਖੇ :

ਸਿੱਖੀ ਹੈ ਬਲਵਾਨ ਕਰਨਾ ਸੁਰਤਿ ਨੂੰ

ਚੜ੍ਹਦੀ ਕਲਾ ਨਿਵਾਸ

ਸਦ ਹੀ ਰੱਖਣਾ।

ਸਮੁੱਚੀ ਗੁਰਬਾਣੀ ਦੀ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ’ਚ ਬਹੁਤ ਸਾਰੇ ਸ਼ਬਦ ਸਿੱਖੀ ਸੁਰਤਿ ਦੀ ਇਸ ਚੜ੍ਹਦੀ ਕਲਾ ਨੂੰ ਬਿਆਨ ਕਰਦੇ ਹਨ, ਜਿਸ ਅਵਸਥਾ ’ਚ ਮਨੁੱਖ ਨਿੱਜ ਤੋਂ ਉੱਪਰ ਉੱਠ ਕੇ ਸਰਬੱਤ ਦੇ ਭਲੇ ਲਈ ਕਾਰਜਸ਼ੀਲ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਗੁਰੂ ਤੇਗ ਬਹਾਦਰ ਜੀ ਦੀ ਬਾਣੀ 15 ਰਾਗਾਂ ’ਚ ਦਰਜ ਹੈ। ਆਪ ਜੀ ਦੇ ਕੁੱਲ 59 ਸ਼ਬਦ ਗਉੜੀ, ਆਸਾ, ਦੇਵਗੰਧਾਰੀ, ਬਿਹਾਗੜਾ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਤਿਲੰਗ, ਬਿਲਾਵਲ, ਰਾਮਕਲੀ, ਮਾਰੂ, ਬਸੰਤ, ਸਾਰੰਗ ਅਤੇ ਜੈਜਾਵੰਤੀ ’ਚ ਦਰਜ ਹਨ। ਆਪ ਜੀ ਦੇ 57 ਸਲੋਕ ਰਾਗ ਮੁਕਤ ਬਾਣੀ ‘ਸਲੋਕ ਵਾਰਾਂ ਤੇ ਵਧੀਕ’ ਸਿਰਲੇਖ ਹੇਠ ਦਰਜ ਹਨ।

ਸਿੱਖੀ ਸੁਰਤਿ ਦੀ ਚੜ੍ਹਦੀ ਕਲਾ

ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਿੱਖੀ ਸੁਰਤਿ ਦੀ ਚੜ੍ਹਦੀ ਕਲਾ ਨੂੰ ਰਾਗ ਸੋਰਠਿ ’ਚ ਆਪਣੇ ਪਾਵਨ ਸ਼ਬਦ ’ਚ ਬਾਖੂਬੀ ਬਿਆਨਿਆ ਹੈ। ਆਪ ਜੀ ਫੁਰਮਾਉਂਦੇ ਹਨ ਕਿ ਉਹ ਮਨੁੱਖ ਗੁਰਮੁਖ ਹੋ ਨਿਬੜਦਾ ਹੈ, ਜਿਹੜਾ ਜੀਵਨ ਵਿਚ ਆਏ ਦੁੱਖਾਂ-ਸੁੱਖਾਂ ਤੋਂ ਘਬਰਾਉਂਦਾ ਨਹੀਂ, ਜਿਸ ਦੇ ਹਿਰਦੇ ’ਚ ਸੁੱਖਾਂ ਪ੍ਰਤੀ ਕੋਈ ਖਿੱਚ ਨਹੀਂ, ਕਿਸੇ ਦਾ ਕੋਈ ਭੈ ਨਹੀਂ, ਜੋ ਕੰਚਨ ਨੂੰ ਮਿੱਟੀ ਦੇ ਸਮਾਨ ਮੰਨਦਾ ਹੈ, ਜਿਸ ਦੇ ਅੰਦਰ ਉਸਤਤਿ-ਨਿੰਦਾ, ਲੋਭ, ਮੋਹ, ਅਭਿਮਾਨ ਆਦਿ ਦਾ ਪ੍ਰਭਾਵ ਨਹੀਂ, ਜੋ ਖ਼ੁਸ਼ੀ-ਗ਼ਮੀ ’ਚ ਸੁਰਤਿ ਨੂੰ ਸੰਤੁਲਿਤ ਰੱਖਦਾ ਹੋਇਆ ਲੋਕਾਈ ਵੱਲੋਂ ਬੋਲੇ ਆਦਰ ਜਾਂ ਨਿਰਾਦਰ ਭਰਪੂਰ ਸ਼ਬਦਾਂ ਦੀ ਪਰਵਾਹ ਨਹੀਂ ਕਰਦਾ। ਉਹ ਸੁਰਤਿ ਨੂੰ ਏਨਾ ਬਲਵਾਨ ਕਰ ਲੈਂਦਾ ਹੈ ਕਿ ਇਸ ਸੰਸਾਰ ਰੂਪੀ ਮਾਇਆ ’ਚ ਰਹਿੰਦਿਆਂ ਹੋਇਆਂ ਵੀ ਸੁਰਤਿ ਨੂੰ ਸੰਸਾਰਿਕ ਵਾਸ਼ਨਾਵਾਂ, ਇੱਛਾਵਾਂ ਤੋਂ ਨਿਰਲੇਪ ਰੱਖਦਾ ਹੈ। ਉਹ ਸੰਸਾਰ ’ਚ ਪਸਰ ਰਹੀ ਅਨੈਤਿਕਤਾ ਦੇ ਮੂਲ ਕਾਰਨ ਕਾਮ, ਕ੍ਰੋਧ ਆਦਿਕ ਵਿਕਾਰਾਂ ਨੂੰ ਵੱਸ ’ਚ ਕਰ ਕੇ ਹਿਰਦਾ ਅਜਿਹਾ ਪਵਿੱਤਰ ਕਰ ਲੈਂਦਾ ਹੈ ਕਿ ਉਸ ਹਿਰਦੇ ’ਚ ਵਾਹਿਗੁਰੂ ਨਿਵਾਸ ਕਰਦਾ ਹੈ :

ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ॥

ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ॥

ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ॥

ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ॥

ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ॥

ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ॥

ਗੁਰੂ ਜੀ ਅਜਿਹੀ ਜੀਵਨ ਜੁਗਤਿ ਦੀ ਪ੍ਰਾਪਤੀ ਗੁਰੂ ਦੀ ਕਿਰਪਾ ’ਚੋਂ ਹੀ ਫੁਰਮਾਉਂਦੇ ਹਨ। ਅਜਿਹੀ ਗੁਰਮੁਖ ਸ਼ਖ਼ਸੀਅਤ ਬੇਅੰਤਤਾ ਸਵਰੂਪ ਅਕਾਲ ਪੁਰਖ ’ਚ ਸਦਾ ਲਈ ਅਜਿਹੀ ਅਭੇਦ ਹੋ ਜਾਂਦੀ ਹੈ, ਜਿਵੇਂ ਪਾਣੀ ’ਚ ਪਾਣੀ ਮਿਲ ਜਾਂਦਾ ਹੈ :

ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ॥

ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ॥

ਇਹੀ ਸੁਰਤਿ ਦੀ ਅਵਸਥਾ ਦਾ ਪ੍ਰਗਟ ਰੂਪ ਸਾਨੂੰ ਸਾਡੇ ਮਾਣਮੱਤੇ ਇਤਿਹਾਸ ਦੀਆਂ ਮਹਾਨ ਸ਼ਖ਼ਸੀਅਤਾਂ ਦੇ ਜੀਵਨ ’ਚੋਂ ਦੇਖਣ ਨੂੰ ਮਿਲ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਵੱਲੋਂ ਤੱਤੀ ਤਵੀ ’ਤੇ ਬੈਠ ਕੇ ਸਿਰ ’ਚ ਤੱਤੀ ਰੇਤ ਪਵਾਉਂਦੇ ਸਮੇਂ ਵੀ ਮੱੁਖੋਂ ‘ਤੇਰਾ ਕੀਆ ਮੀਠਾ ਲਾਗੈ’ ਇਲਾਹੀ ਬਚਨ ਉਚਾਰ ਸਾਨੂੰ ਚੜ੍ਹਦੀ ਕਲਾ ਦੀ ਪ੍ਰੇਰਨਾ ਦੇ ਰਹੇ ਹਨ। ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਨੇ ਸਰੀਰਕ ਦੁੱਖਾਂ-ਸੁੱਖਾਂ, ਧਨ-ਪਦਾਰਥਾਂ ,ਅਹੁਦਿਆਂ ਆਦਿ ਤੋਂ ਉੱਪਰ ਉੱਠ ਕੇ ਸਿੱਖੀ ਕੇਸਾਂ-ਸੁਆਸਾਂ ਸੰਗ ਨਿਭਾਈ ਤੇ ਗੁਰੂ ਤੇਗ ਬਹਾਦਰ ਜੀ ਦੇ ਸਨਮੁੱਖ ਖ਼ੁਸ਼ੀ-ਖ਼ੁਸ਼ੀ ਸ਼ਹਾਦਤ ਦਾ ਜਾਮ ਪੀਤਾ। ਦੇਗਾਂ ’ਚ ਉਬਾਲੇ ਜਾਂਦੇ, ਆਰਿਆਂ ਨਾਲ ਚੀਰੇ ਜਾਂਦੇ, ਰੂੰ ’ਚ ਸੜਦੇ ਹੋਏ ਵੀ ਸ਼ੁਕਰਾਨੇ ਦੇ ਇਲਾਹੀ ਗੀਤ ਅਲਾਪ ਰਹੇ ਹਨ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅਜਿਹੀ ਸਿੱਖੀ ਸੁਰਤਿ ਦੀ ਚੜ੍ਹਦੀਕਲਾ ਭਰਪੂਰ ਸ਼ਖ਼ਸੀਅਤ ਦੀ ਘਾੜਤ ਘੜਦੀ ਹੈ, ਜਿਹੜੀ ਸੁਰਤਿ ਨੂੰ ਸਦਾ ਚੜ੍ਹਦੀ ਕਲਾ ’ਚ ਰੱਖੇ, ਦੁੱਖਾਂ ਮੁਸੀਬਤਾਂ ’ਚ ਸ਼ਿਕਵਾ ਕਰਨ ਦੀ ਬਜਾਇ ਕੇਵਲ ਸ਼ੁਕਰਾਨੇ ਦੇ ਗੀਤ ਅਲਾਪੇ। ਹਰਖ-ਸੋਗ, ਲੋਭ, ਮੋਹ, ਅਭਿਮਾਨ ਤੋਂ ਨਿਰਲੇਪ ਅਜਿਹੀ ਸ਼ਖ਼ਸੀਅਤ ਨੂੰ ਗੁਰੂ ਜੀ ਨੇ

ਪਰਮਾਤਮਾ ਦਾ ਸਾਖਿਆਤ ਰੂਪ ਵੀ ਫੁਰਮਾਇਆ ਹੈ :

ਸੁਖੁ ਦੁਖੁ ਜਿਹ ਪਰਸੈ ਨਹੀ ਲੋਭੁ ਮੋਹੁ ਅਭਿਮਾਨ॥

ਕਹੁ ਨਾਨਕ ਸੁਨੁ ਰੇ ਮਨਾ ਸੋ ਮੂਰਤਿ ਭਗਵਾਨ॥

ਇਸ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅਜੋਕੇ ਮਨੁੱਖ ਦੀ ਮਾਨਸਿਕਤਾ ਨੂੰ ਪਦਾਰਥਵਾਦ ਦੀਆਂ ਜ਼ੰਜੀਰਾਂ ਤੋਂ ਮੁਕਤ ਕਰ ਕੇ ਪਰਮਾਰਥਵਾਦ ਦੀ ਦੁਨੀਆ ’ਚ ਲੈ ਕੇ ਜਾਂਦੀ ਹੈ।

ਜੰਜਾਲ ’ਚੋਂ ਬਾਹਰ ਨਿਕਲਣ ਦੀ ਪ੍ਰੇਰਨਾ

ਬਹੁਤੀ ਵਾਰ ਮਨੁੱਖ ਜੀਵਨ ’ਚ ਆਏ ਦੁੱਖਾਂ-ਸੁੱਖਾਂ ਦੇ ਭੁਲੇਖਿਆਂ ’ਚ ਅਜਿਹਾ ਲਪੇਟਿਆ ਜਾਂਦਾ ਹੈ ਕਿ ਦੁਬਾਰਾ ਬਾਹਰ ਨਿਕਲ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ। ਉਹ ਵਾਰ-ਵਾਰ ਮਨੁੱਖ ਨੂੰ ਝੂਠੇ ਮਾਣ-ਸਨਮਾਨ, ਉਸਤਤਿ-ਨਿੰਦਾ, ਹਰਖ-ਸੋਗ ਆਦਿਕ ਜੰਜਾਲਾਂ ਤੋਂ ਬਾਹਰ ਨਿਕਲਣ ਦੀ ਪ੍ਰੇਰਨਾ ਕਰਦੇ ਹਨ। ਗੁਰੂ ਜੀ ਅਨੁਸਾਰ ਅਸਲ ਗੁਰਮੁਖ ਉਹੀ ਹੈ, ਜੋ ਦੁੱਖ-ਸੁੱਖ ਆਦਿ ਤੋਂ ਉੱਪਰ ਉੱਠ ਸ਼ੁਕਰਾਨੇ ’ਚ ਜੀਵਨ ਗੁਜ਼ਾਰਦਾ ਹੈ। ਆਪ ਜੀ ਫੁਰਮਾਉਂਦੇ ਹਨ ਕਿ ਦੁੱਖਾਂ-ਸੁੱਖਾਂ ਤੋਂ ਨਿਰਲੇਪਤਾ ਵਾਲਾ ਖੇਡ ਬਹੁਤ ਮੁਸ਼ਕਲ ਹੈ। ਇਹ ਤਾਂ ਕੋਈ ਵਿਰਲਾ ਪੁਰਖ ਜੋ ਗੁਰੂ ਦੀ ਸ਼ਰਨ ’ਚ ਆ ਕੇ ਗੁਰੂ ਦੀ ਸਿੱਖਿਆ ਨੂੰ ਕਮਾਉਂਦਾ ਹੋਇਆ ਗੁਰੂ ਦੀ ਕਿਰਪਾ ਦਾ ਪਾਤਰ ਬਣਦਾ ਹੈ , ਉਹੀ ਗੁਰਮੁਖ ਇਸ ਖੇਡ ਨੂੰ ਸਮਝ ਪਾਉਂਦਾ ਹੈ :

ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ॥

ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ॥

ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ॥

ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ॥

ਵਿਕਾਰਾਂ ਤੋਂ ਮੁਕਤੀ ਦਾ ਸਾਧਨ

ਗੁਰੂ ਤੇਗ ਬਹਾਦਰ ਜੀ ਨੇ ਮਨੁੱਖ ਨੂੰ ਗੁਰਮੁਖ ਬਣਨ ਲਈ ਆਪਣੇ ਅਭਿਮਾਨ, ਮੋਹ ਤੇ ਮਾਇਆ ਦੇ ਝੂਠੇ ਰਸਾਂ ਨੂੰ ਤਿਆਗ ਪ੍ਰਭੂ ਸਿਮਰਨ ’ਚ ਸੁਰਤਿ ਨੂੰ ਜੋੜਨ ਦੀ ਪ੍ਰੇਰਨਾ ਕੀਤੀ ਹੈ। ਇਸੇ ਮਾਰਗ ਨੂੰ ਗੁਰੂ ਜੀ ਨੇ ਮਨੁੱਖੀ ਜੀਵਨ ਦੀ ਵਿਕਾਰਾਂ ਤੋਂ ਮੁਕਤੀ ਦਾ ਸਾਧਨ ਦੱਸਿਆ ਹੈ ਪਰ ਇਹ ਮਾਰਗ ਅਤੇ ਵਿਕਾਰਾਂ ਤੋਂ ਮੁਕਤ ਜੀਵਨ ਅਵਸਥਾ ਵਾਲੀ ਮੰਜ਼ਿਲ ਕੇਵਲ ਗੁਰੂ ਦੀ ਸ਼ਰਨ ’ਚ ਜਾ ਕੇ ਹੀ ਪ੍ਰਾਪਤ ਹੁੰਦੀ ਹੈ :

ਤਜਿ ਅਭਿਮਾਨ ਮੋਹ ਮਾਇਆ ਫੁਨਿ ਭਜਨ ਰਾਮ ਚਿਤੁ ਲਾਵਉ॥

ਨਾਨਕ ਕਹਤ ਮੁਕਤਿ ਪੰਥੁ ਇਹੁ ਗੁਰਮੁਖਿ ਹੋਇ ਤੁਮ ਪਾਵਉ॥

ਮੁਕਤੀ ਦੀ ਸੁਚੱਜੀ ਜੁਗਤੀ

ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੀ ਬਾਣੀ ’ਚੋਂ ਵੀ ਅਜਿਹੇ ਗੁਰਮੁੱਖ ਦੀ ਸ਼ਖ਼ਸੀਅਤ ਦਾ ਵਰਨਣ ਮਿਲਦਾ ਹੈ , ਜੋ ਵਾਹਿਗੁਰੂ ਦੀ ਆਗਿਆ ’ਚ ਜੀਵਨ ਬਿਤਾਉਂਦਾ ਹੋਇਆ ਸੁਰਤਿ ਨੂੰ ਪਦਾਰਥਕ ਖਿੱਚਾਂ ਤੋਂ ਨਿਰਲੇਪ ਰੱਖਦਾ ਹੈ। ਉਹ ਹਰਖ-ਸੋਗ ਤੇ ਕੰਚਨ-ਮਿੱਟੀ ਨੂੰ ਸਮ ਕਰ ਕੇ ਜਾਣਦਾ ਹੋਇਆ ਮਾਣ ਵਡਿਆਈ ਦੀ ਤੜਪ ਤੋਂ ਉੱਪਰ ਉੱਠ ਕੇ ਆਪਣੀ ਹੋ ਰਹੀ ਨਿੰਦਿਆ ਦੇ ਪ੍ਰਭਾਵ ਤੋਂ ਵੀ ਨਿਰਲੇਪ ਤੇ ਬੇਫ਼ਿਕਰ ਰਹਿੰਦਾ ਹੈ। ਉਹ ਹਿਰਦੇ ’ਚ ਅਮੀਰ-ਗ਼ਰੀਬ ਜਾਂ ਉੱਚੇ-ਨੀਵੇਂ ਪ੍ਰਤੀ ਬਰਾਬਰਤਾ ਦੀ ਭਾਵਨਾ ਨੂੰ ਬਰਕਰਾਰ ਰੱਖਦਾ ਹੋਇਆ ਅਜਿਹਾ ਸਿਦਕ ਭਰਪੂਰ ਜੀਵਨ ਗੁਜ਼ਾਰਦਾ ਹੈ ਜਿਸ ਨੂੰ ਗੁਰੂ ਜੀ ਮੁਕਤੀ ਦੀ ਸੁਚੱਜੀ ਜੁਗਤਿ ਦੱਸਦੇ ਹਨ :

ਤੈਸਾ ਹਰਖੁ ਤੈਸਾ ਉਸ ਸੋਗੁ॥

ਸਦਾ ਅਨੰਦੁ ਤਹ ਨਹੀ ਬਿਓਗੁ॥

ਤੈਸਾ ਸੁਵਰਨੁ ਤੈਸੀ ਉਸੁ ਮਾਟੀ॥

ਤੈਸਾ ਅੰਮਿ੍ਰਤ ਤੈਸੀ ਬਿਖੁ ਖਾਟੀ॥


- ਨਵਜੋਤ ਸਿੰਘ


Posted By: Harjinder Sodhi