ਮੀਆਂ ਮਿਠਾ ਪ੍ਰਸਿੱਧ ਸੂਫ਼ੀ ਫ਼ਕੀਰ ਸੀ। ਉਸ ਨੂੰ ਲੋਕ ਕਰਮਾਤੀ ਵੀ ਮੰਨਦੇ ਸਨ। ਪੰਜਾਬੀ ਕੋਸ਼ਾਂ 'ਚ ਲਿਖਿਆ ਹੈ ਕਿ ਮਿਠਣਕੋਟ ਰਹਿਣ ਕਰਕੇ ਉਸ ਦਾ ਨਾਂ ਮੀਆਂ ਮਿਠਾ ਪਿਆ। ਭਾਈ ਕਾਨ੍ਹ ਸਿੰਘ ਨਾਭਾ ਦਾ ਵੀ ਮੰਨਣਾ ਹੈ ਕਿ ਮਿਠਣਕੋਟ (ਡੇਰਾ ਗ਼ਾਜ਼ੀ ਖ਼ਾਂ) ਦਾ ਵਸਨੀਕ ਹੋਣ ਕਾਰਨ ਉਸ ਨੂੰ ਮੀਆਂ ਮਿਠਾ ਆਖਿਆ ਜਾਂਦਾ ਸੀ। ਮੀਆਂ ਸ਼ਬਦ ਇਸਲਾਮ ਧਰਮ 'ਚ ਆਦਰ-ਸੂਚਕ ਸ਼ਬਦ ਮੰਨਿਆ ਜਾਂਦਾ ਹੈ। ਬਹੁਤ ਸਾਰੇ ਵਿਦਵਾਨਾਂ ਨੇ ਮੀਆਂ ਮਿਠਾ ਦੇ ਗੁਰੂ ਨਾਨਕ ਸਾਹਿਬ ਨਾਲ ਵਾਰਤਾਲਾਪ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਵਿਚ ਪਿਆਰ ਸਿੰਘ (ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ), ਭਾਈ ਵੀਰ ਸਿੰਘ (ਸ੍ਰੀ ਗੁਰੂ ਨਾਨਕ ਚਮਤਕਾਰ), ਸੇਵਾ ਸਿੰਘ ਸੇਵਕ (ਪ੍ਰਾਚੀਨ ਜਨਮ ਸਾਖੀ), ਕਿਰਪਾਲ ਸਿੰਘ (ਜਨਮ ਸਾਖੀ ਪਰੰਪਰਾ), ਕਰਤਾਰ ਸਿੰਘ (ਜੀਵਨ ਕਥਾ ਸ੍ਰੀ ਗੁਰੂ ਨਾਨਕ ਦੇਵ ਜੀ), ਭਾਈ ਵੀਰ ਸਿੰਘ (ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ) ਆਦਿ ਸ਼ਾਮਲ ਹਨ। ਪਿਆਰ ਸਿੰਘ ਦੀ ਰਚਨਾ 'ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ' ਵਿਚ ਗੁਰੂ ਸਾਹਿਬ ਦੀ ਗੋਸਟਿ ਅਬਦੁਲ ਰਹਿਮਾਨ ਨਾਲ ਮੰਨੀ ਗਈ ਹੈ। ਕਰਤਾਰ ਸਿੰਘ ਆਪਣੀ ਰਚਨਾ 'ਜੀਵਨ ਕਥਾ ਗੁਰੂ ਨਾਨਕ ਦੇਵ ਜੀ' ਵਿਚ ਲਿਖਦਾ ਹੈ ਕਿ ਅਬਦੁਲ ਰਹਿਮਾਨ ਮੀਆਂ ਮਿਠੇ ਦਾ ਮੁਰਸ਼ਦ ਸੀ।ਪਰ ਕਈ ਥਾਵਾਂ 'ਤੇ ਇਸ ਤਰ੍ਹਾਂ ਮੰਨਿਆ ਗਿਆ ਹੈ ਕਿ ਮੀਆਂ ਮਿਠਾ, ਅਬਦੁਲ ਰਹਿਮਾਨ ਦਾ ਮੁਰਸ਼ਦ ਸੀ। ਮੀਆਂ ਮਿਠਾ ਦਾ ਜੋ ਸੰਵਾਦ ਗੁਰੂ ਨਾਨਕ ਸਾਹਿਬ ਨਾਲ ਹੋਇਆ, ਉਹ ਆਪਣੇ ਆਪ ਵਿਚ ਬਾ-ਕਮਾਲ ਹੈ।

ਮੀਆਂ ਮਿਠਾ ਦੇ ਚੇਲਿਆਂ ਨੂੰ ਪਤਾ ਲੱਗਾ ਕਿ ਇਸ ਨਗਰ ਵਿਚ ਇਕ ਸੂਫ਼ੀ ਫ਼ਕੀਰ ਆਇਆ ਹੈ, ਜਿਸ ਦਾ ਨਾਂ ਬਾਬਾ ਨਾਨਕ ਹੈ ਤਾਂ ਮੀਆਂ ਮਿਠਾ ਦੇ ਸਾਰੇ ਚੇਲੇ ਬਾਬਾ ਜੀ ਦੀ ਕਥਾ ਸੁਣਨ ਜਾਇਆ ਕਰਦੇ ਸਨ। ਜਦੋਂ ਇਸ ਗੱਲ ਦਾ ਮੀਆਂ ਮਿਠਾ ਨੂੰ ਪਤਾ ਲੱਗਾ ਕਿ ਉਸ ਦੇ ਚੇਲੇ ਉਸ ਫ਼ਕੀਰ ਕੋਲ ਜਾਂਦੇ ਹਨ ਤਾਂ ਮੀਆਂ ਮਿਠਾ ਗੁੱਸੇ ਵਿਚ ਬੋਲਿਆ, ''ਨਾਨਕ ਬੇਸ਼ੱਕ ਚੰਗਾ ਫ਼ਕੀਰ ਹੈ ਪਰ ਜਦ ਸਾਨੂੰ ਮਿਲੇਗਾ, ਅਸੀਂ ਨਚੋੜ ਲਵਾਂਗੇ ਜੀਕੁਰ ਨਿਬੋਂ ਵਿੱਚੋਂ ਰਸ ਨਿਚੋੜੀਦਾ ਹੈ, ਇਉਂ ਉਤਾਰ ਲਵਾਂਗੇ ਜੀਕੁਰ ਦੁੱਧ ਤੋਂ ਮਲਾਈ ਉਤਾਰੀਦੀ ਹੈ।''

ਹੌਲੀ-ਹੌਲੀ ਬਹੁਤ ਸਾਰੇ ਹਿੰਦੂ ਤੇ ਮੁਸਲਮਾਨ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਬਣ ਗਏ। ਮੀਆਂ ਮਿਠਾ ਨੂੰ ਸਭ ਤੋਂ ਵੱਡੀ ਸੱਟ ਉਸ ਸਮੇਂ ਲੱਗੀ ਜਦੋਂ ਅਬਦੁਲ ਰਹਿਮਾਨ ਗੁਰੂ ਜੀ ਦਾ ਸ਼ਰਧਾਲੂ ਬਣ ਗਿਆ। ਫਿਰ ਅਬਦੁਲ ਰਹਿਮਾਨ ਨੇ ਮੀਆਂ ਮਿਠਾ ਨੂੰ ਸਲਾਹ ਦਿੱਤੀ ਕਿ ਉਹ ਇਕ ਵਾਰ ਬਾਬਾ ਜੀ ਦੇ ਦਰਸ਼ਨ ਜ਼ਰੂਰ ਕਰ ਲੈਣ। ਮੀਆਂ ਮਿਠਾ ਆਪਣੇ ਮੁਰਸ਼ਦ ਦੀ ਗੱਲ ਮੰਨ ਕੇ ਗੁਰੂ ਜੀ ਦੇ ਦਰਸ਼ਨ ਕਰਨ ਲਈ ਤਿਆਰ ਹੋ ਗਿਆ। ਜਦੋਂ ਮੀਆਂ ਮਿਠਾ ਗੁਰੂ ਜੀ ਦੇ ਦਰਸ਼ਨ ਕਰਨ ਲਈ ਗਿਆ ਤਾਂ ਗੁਰੂ ਨਾਨਕ ਦੇਵ ਜੀ ਦੇ ਚਿਹਰੇ ਦੇ ਜਲਾਲ ਨੇ ਮੀਆਂ ਮਿਠਾ ਦੇ ਦਿਲ 'ਤੇ ਗਹਿਰਾ ਪ੍ਰਭਾਵ ਪਾਇਆ ਤੇ ਉਹ ਚੁੱਪ ਕੀਤਾ ਗੁਰੂ ਜੀ ਪਾਸ ਬੈਠ ਗਿਆ ਅਤੇ।ਫਿਰ ਮੀਆਂ ਮਿਠਾ ਬੋਲਿਆ :

ਅਵਲ ਨਾਉ ਖੁਦਾਇ ਕਾ ਦੂਜਾ ਨਬੀ ਰਸੂਲ।

ਨਾਨਕ ਕਲਮਾ ਜੇ ਪੜਹਿ ਤਾਂ ਦਰਗਹ ਪਵਹਿ ਕਬੂਲ।।

ਗੁਰੂ ਜੀ ਨੇ ਉੱਤਰ ਦਿੱਤਾ :

ਅਵਲਿ ਨਾਉ ਖਦਾਇ ਕਾ ਦਰ ਦਰਵਾਨ ਰਸੂਲੁ।।

ਸੇਖਾ ਨੀਅਤਿ ਰਾਸਿ ਕਰਿ ਤਾਂ ਦਰਗਹਿ ਪਵਹਿ ਕਬੂਲ।।

ਮੀਆਂ ਮਿਠਾ ਬੋਲਿਆ, ''ਜਿਵੇਂ ਤੇਲ ਤੋਂ ਬਿਨਾਂ ਦੀਵਾ ਰੋਸ਼ਨ ਨਹੀਂ ਹੁੰਦਾ, ਇਸ ਤਰਾਂ ਰਸੂਲ ਪੈਗ਼ੰਬਰ ਤੋਂ ਬਿਨਾਂ ਨਜ਼ਾਤ ਨਹੀਂ ਮਿਲਦੀ ਤੇ ਅੱਲ੍ਹਾ ਨਾਲ ਵਸਲ (ਮਿਲਾਪ) ਨਹੀਂ ਹੁੰਦਾ।।' ਉੱਤਰ ਵਿਚ ਗੁਰੂ ਨਾਨਕ ਸਹਿਬ ਨੇ ਸ਼ਬਦ ਉਚਾਰਿਆ :

ਇਹੁ ਤੇਲੁ ਦੀਵਾ ਇਉ ਜਲੈ।।

ਕਰਿ ਚਾਨਣੁ ਸਾਹਿਬ ਤਉ ਮਿਲੈ।।

ਇਤ ਤਨਿ ਲਾਗੈ ਬਾਣੀਆ।।

ਸੁਖ ਹੋਵੈ ਸੇਵ ਕਮਾਣੀਆ।।

ਸਭ ਦੁਨੀਆ ਆਵਣ ਜਾਣੀਆ।।

ਵਿਚਿ ਦੁਨੀਆ ਸੇਵ ਕਮਾਈਐ।।

ਤਾ ਦਰਗਾਹ ਬੇਸਣੁ ਪਾਈਐ।।

ਕਹੁ ਨਾਨਕ ਬਾਹ ਲਡਾਈਐ।।

ਮੀਆ ਮਿਠਾ ਨੇ ਪੁਛਿਆ, ''ਉਹ ਕਵਨ ਕੁਰਾਨ ਹੈ, ਜਿਤ ਪੜ੍ਹੇ ਕਬੂਲ ਹੋਵੇ? ਉਹ ਕਿਹੜੀ ਦਰਵੇਸ਼ੀ ਹੈ, ਜਿਸ ਨਾਲ ਅੱਲ੍ਹਾ ਨਾਲ ਵਸਲ ਹੁੰਦਾ ਹੈ? ਉਹ ਕਿਹੜਾ ਰੋਜਾ ਤੇ ਕਿਹੜੀ ਨਮਾਜ ਹੈ ਜਿਸ ਨਾਲ ਮਨ, ਉਸ ਅੱਲ੍ਹਾ ਦੀ ਯਾਦ ਵਿਚ ਟਿਕਦਾ ਹੈ?'' ਗੁਰੂ ਨਾਨਕ ਪਾਤਸ਼ਾਹ ਨੇ ਮਰਦਾਨਾ ਜੀ ਨੂੰ ਕਿਹਾ ਕਿ ਰਬਾਬ

ਵਜਾਏ ਤੇ ਆਪ ਨੇ ਇਹ ਸ਼ਬਦ ਉਚਾਰਨ ਕੀਤਾ :

ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ।।

ਸਰਮ ਸੁੰਨਤ ਸੀਲੁ ਰੋਜਾ ਹੋਹੁ ਮੁਸਲਮਾਣੁ।।

ਕਰਣੀ ਬਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ।।

ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ।।

ਮੀਆਂ ਮਿਠਾ ਨੇ ਇਸ ਪਾਸੇ ਹਾਰ ਹੁੰਦੀ ਵੇਖੀ ਤਾਂ ਗੱਲਬਾਤ ਦਾ ਰੁਖ਼ ਬਦਲਣ ਲਈ ਕਹਿਣ ਲੱਗਾ, ''ਕੀ ਤੁਸੀਂ ਕਿਆਮਤ ਨੂੰ ਮੰਨਦੇ ਹੋ, ਜਿਸ ਦਿਨ ਅੱਲ੍ਹਾ ਨੇ ਫ਼ੈਸਲਾ ਲੈਣਾ ਹੈ?''

ਗੁਰੂ ਜੀ ਨੇ ਕਿਹਾ, ''ਹਾਂ ਹਰ ਕਿਸੇ ਨੂੰ ਆਪਣਾ ਬੀਜਿਆ ਵੱਢਣਾ ਪੈਣਾ ਹੈ। ਆਪਣੇ ਕੀਤੇ ਕਰਮਾਂ ਦਾ ਫਲ ਭੁਗਤਣਾ ਪੈਣਾ ਹੈ। ਅੱਗੇ ਗਿਆਂ ਦਾ ਰੱਬ ਨੇ ਲੇਖਾ ਮੰਗਣਾ ਹੈ।'' ਮੀਆਂ ਮਿਠਾ ਨੇ ਆਖਿਆ, ''ਇਹ ਤਾਂ ਬੜੀ ਚੰਗੀ ਗੱਲ ਹੈ ਪਰ ਕੀ ਤੁਸੀਂ ਕਦੇ ਇਹ ਖ਼ਿਆਲ ਕੀਤਾ ਹੈ ਕਿ ਉਸ ਕਿਆਮਤ ਵਾਲੇ ਦਿਨ ਹਿੰਦੂਆਂ ਵਿਚਾਰਿਆਂ ਨਾਲ ਕਿਵੇਂ ਗੁਜ਼ਰੇਗੀ? ਮੁਸਲਮਾਨਾਂ ਨੂੰ ਤਾਂ ਮਰਨ ਪਿੱਛੋਂ ਦਫ਼ਨਾਇਆ ਜਾਂਦਾ ਹੈ, ਉਨ੍ਹਾਂ ਦੇ ਸਰੀਰਾਂ ਨੂੰ ਜ਼ਮੀਨ ਦੇ ਸਪੁਰਦ ਕੀਤਾ ਜਾਂਦਾ ਹੈ। ਮੁਸਲਮਾਨਾਂ ਦੀਆਂ ਰੂਹਾਂ ਕਬਰਾਂ ਨੂੰ ਮੱਲ ਕੇ ਬਹਿ ਰਹਿੰਦੀਆਂ ਹਨ। ਕਿਆਮਤ ਵਾਲੇ ਦਿਨ ਜਦ ਅੱਲ੍ਹਾ ਦਾ ਫ਼ਰਿਸਤਾ ਤੁੱਰੀ ਵਜਾਵੇਗਾ, ਤਦ ਜਿਨ੍ਹਾਂ ਸਰੀਰਾਂ ਨੂੰ ਧਰਤੀ ਤੇ ਸੁਪਰਦ ਕੀਤਾ ਗਿਆ ਹੋਵੇਗਾ, ਉਹ ਧਰਤੀ ਉਨ੍ਹਾਂ ਨੂੰ ਲਿਆ ਹਾਜ਼ਰ ਕਰੇਗੀ।''

ਗੁਰੂ ਜੀ ਨੇ ਆਖਿਆ, ''ਪਰ ਮੁਸਲਮਾਨਾਂ ਦੇ ਸਰੀਰ ਵੀ ਸਮਾਂ ਪਾ ਕੇ ਮਿੱਟੀ ਹੋ ਜਾਂਦੇ ਹਨ, ਜਿਵੇਂ ਹਿੰਦੂਆਂ ਦੇ ਅੱਗ ਨਾਲ ਸੜ ਕੇ ਮਿੱਟੀ-ਸਵਾਹ ਹੋ ਜਾਂਦੇ ਹਨ। ਤੁਹਾਡੇ ਕਿਆਮਤ ਦੇ ਦਿਨ ਤੀਕ ਇਨ੍ਹਾਂ ਦਾ ਰੱਤੀ ਭਰ ਨਿਸ਼ਾਨ ਵੀ ਬਾਕੀ ਨਹੀਂ ਰਹਿਣਾ। ਜੇ ਫਿਰ ਤੁਹਾਡੇ ਸਰੀਰ ਉਸ ਦਿਨ ਉੱਠ ਬਹਿਣਗੇ ਤਾਂ ਕੋਈ ਦਲੀਲ ਨਹੀਂ ਕਿ ਹਿੰਦੂਆਂ ਦੇ ਇਉਂ ਨਾ ਉੱਠ ਸਕਣਗੇ। ਦੂਜੀ ਗੱਲ ਇਹ ਹੈ ਕਿ ਜੇ ਤੁਸੀਂ ਇਹ ਮੰਨਦੇ ਹੋ ਕਿ ਹਿੰਦੂਆਂ ਦੇ ਸਰੀਰ ਸੜ ਜਾਂਦੇ ਹਨ, ਇਸ ਕਰਕੇ ਰੱਬ ਦਾ ਕਹਿਰ ਉਨ੍ਹਾਂ ਉੱਪਰ ਟੁੱਟੇਗਾ, ਤਾਂ ਸ਼ੇਖ਼ ਜੀ! ਮੁਸਲਮਾਨ ਵੀ ਇਸ ਕਹਿਰ ਤੋਂ ਬਚ ਨਹੀ ਸਕਦੇ ਕਿਉਂਕਿ ਉਨ੍ਹਾਂ ਦੇ ਸਰੀਰ ਵੀ ਆਮ ਕਰਕੇ ਅੰਤ ਨੂੰ ਸੜ ਹੀ ਜਾਂਦੇ ਹਨ।''

ਮੀਆ ਮਿੱਠਾ ਨੇ ਪੁੱਛਿਆ, ''ਉਹ ਕਿਵੇਂ? ਉਹ ਤਾਂ ਦੱਬੇ ਜਾਂਦੇ ਹਨ।'' ਇਸ ਦਾ ਉੱਤਰ ਦਿੰਦੇ ਹੋਏ ਗੁਰੂ ਜੀ ਆਖਦੇ ਹਨ, ''ਸ਼ੇਖ਼ ਜੀ! ਤੁਹਾਨੂੰ ਪਤਾ ਹੀ ਹੈ ਕਿ ਪੁਰਾਣੀਆਂ ਕਬਰਾਂ ਦੀ ਮਿੱਟੀ ਬੜੀ ਚੀਕਣੀ ਹੁੰਦੀ ਹੈ। ਘੁਮਿਆਰ ਚੀਕਣੀ ਮਿੱਟੀ ਲੱਭ ਕੇ ਲਿਆਉਂਦੇ ਹਨ ਤਾਂ ਜੋ ਇੱਟਾਂ-ਭਾਂਡੇ ਚੰਗੇ ਪੱਕੇ ਬਣਨ। ਇਸ ਲਈ ਉਹ ਲੋਕ ਪੁਰਾਣੇ ਕਬਿਰਸਤਾਨਾਂ ਦੀ ਮਿੱਟੀ ਪੁੱਟ ਕੇ ਲਿਆਉਂਦੇ ਤੇ ਗੁੰਨ੍ਹਦੇ ਹਨ ਅਤੇ ਚੱਕ ਉੱਪਰ ਧਰ ਕੇ ਭਾਂਡੇ ਘੜਦੇ ਹਨ। ਕਈ ਉਸ ਨੂੰ ਸੰਚਿਆਂ ਵਿਚ ਪਾ ਕੇ ਇੱਟਾਂ ਪੱਥਦੇ ਹਨ, ਫਿਰ ਇਨ੍ਹਾਂ ਨੂੰ ਧੁੱਪੇ ਸੁਕਾ ਕੇ ਆਵਿਆਂ ਵਿਚ ਬੀੜ ਕੇ ਅੱਗ ਦਿੰਦੇ ਹਨ। ਮੁਸਲਮਾਨਾਂ ਦੇ ਸਰੀਰ ਤੋਂ ਬਣੀ ਹੋਈ ਮਿੱਟੀ ਇਸ ਤਰ੍ਹਾਂ ਕਰੜੀ ਅੱਗ ਵਿਚ ਸੜਦੀ ਹੈ। ਜੇ ਦੇਹ ਦੀ ਮਿੱਟੀ ਦਾ ਸੜਨਾ ਪਾਪ ਹੈ ਤਾਂ ਮੁਸਲਮਾਨ ਦੀ ਮਿੱਟੀ ਵੀ ਸੜਦੀ ਹੈ।'' ਗੁਰੂ ਜੀ ਨੇ ਆਪਣੇ ਇਹ ਖ਼ਿਆਲ 'ਆਸਾ ਦੀ ਵਾਰ' ਵਿਚ ਇੰਜ ਉਚਾਰੇ ਹਨ :।

ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ।।

ਘੜਿ ਭਾਂਡੇ ਇੱਟਾ ਕੀਆ ਜਲਦੀ ਕਰੇ ਪੁਕਾਰ।।

ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਅਗਿਆਰ।।

ਨਾਨਕ ਜਿਨਿ ਕਰਤੇ ਕਾਰਣੁ ਕੀਅ ਸੋ ਜਾਣੈ ਕਰਤਾਰੁ।।

ਸ਼ੇਖ਼ ਨੂੰ ਸਾਰੀ ਗੱਲ ਸਮਝ ਆ ਗਈ। ਉਹ ਗੁਰੂ ਜੀ ਦੇ ਚਰਨੀਂ ਢਹਿ ਪਿਆ। ਗੁਰੂ ਜੀ ਨੇ ਸ਼ੇਖ਼ ਨੂੰ ਨਾਮ-ਦਾਨ ਦੀ ਅਮੋਲ ਦਾਤ ਬਖ਼ਸ਼ੀ।

ਉਪਰੋਕਤ ਗੋਸਟ ਤੋਂ ਬਾਅਦ ਅਸੀਂ ਆਖ ਸਕਦੇ ਹਾਂ ਕਿ ਅੱਗੇ ਜਾ ਕੇ ਦੁਨੀਆ ਵਿਚ ਕੀਤੇ ਹੋਏ ਅਮਲਾਂ ਅਨੁਸਾਰ ਹੀ ਨਬੇੜੇ ਹੋਣੇ ਹਨ, ਉੱਥੇ ਜਾਤ-ਮਜ਼ਹਬ ਦੀ ਕਿਸੇ ਪੁੱਛ ਨਹੀਂ ਕਰਨੀ। ਇਸ ਭੁਲੇਖੇ ਵਿਚ ਨਾ ਰਹੋ ਕਿ ਸਾਡਾ ਦੀਨ ਰਾਜ-ਧਰਮ ਹੈ, ਅਸੀਂ ਹੋਰਨਾਂ ਨੂੰ ਹਿੱਕ ਦੇ ਧੱਕੇ ਤੇ ਤਲਵਾਰ ਦੇ ਜ਼ੋਰ ਨਾਲ ਇਹ ਦੀਨ ਮੰਨਵਾ ਸਕਦੇ ਹਾਂ, ਇਸ ਲਈ ਅੱਲ੍ਹਾ ਦੀ ਦਰਗਾਹੇ ਵੀ ਸਾਨੂੰ ਖ਼ਾਸ ਰਿਆਇਤਾ ਤੇ ਸਹੂਲਤਾਂ ਮਿਲਣਗੀਆਂ ਅਤੇ ਅੱਲ੍ਹਾ ਦੀਆਂ ਨਜ਼ਰਾਂ ਵਿਚ ਅਸੀਂ ਹੋਰਨਾਂ ਨਾਲੋਂ ਚੰਗੇਰੇ ਤੇ ਉਚੇਰੇ ਸਮਝੇ ਜਾਵਾਂਗੇ, ਅਜਿਹੇ ਸੌੜੇ ਤੇ ਈਰਖਾ ਭਰੇ ਵਿਚਾਰ ਤੇ ਇਨਸਾਨ ਦੀਆਂ ਕਾਇਮ ਕੀਤੀਆਂ ਹੋਈਆਂ ਹੱਦਾਂ, ਸਭ ਤਿਆਗ ਦੇਣੀਆ ਚਾਹੀਦੀਆਂ ਹਨ। ਸਾਨੂੰ ਉਸ ਪਰਮਾਤਮਾ ਦੇ ਸਿਰਜੇ ਹੋਏ ਜੀਵਾਂ ਨਾਲ ਪਿਆਰ ਕਰਨਾ ਚਾਹੀਦਾ ਹੈ ਤਦ ਹੀ ਅਸੀਂ ਉਸ ਪਰਮਾਤਮਾ ਦੇ ਦਰ 'ਤੇ ਕਬੂਲ ਹੋ ਸਕਾਂਗੇ।

- ਡਾ. ਜਸਵਿੰਦਰ ਸਿੰਘ

+65 98951996

Posted By: Harjinder Sodhi