ਗੁਰੂ ਗੋਬਿੰਦ ਸਿੰਘ ਜੀ ਸੂਰਜ ਦੀ ਸੋਚ, ਸਰਘੀ ਦਾ ਸੁਪਨਾ ਤੇ ਅਰਸ਼ ਜੇਡਾ ਬਲੀਆਂ ਦਾ ਦਾਨੀ - ਸ਼ਾਸਤਰ ਤੇ ਸ਼ਸਤਰ ਦੇ ਸੁਮੇਲ ਹਨ। ਉਹ ਤਲਵਾਰ ਤੇ ਵਾਰ ਦੇ ਧਨੀ, ਪਿਤਾ ਨੂੰ ਕੁਰਬਾਨੀ ਦਾ ਰਾਹ ਦੱਸਦੇ ਹੋਏ ਆਪਣੇ ਲਾਡਲਿਆਂ ਨੂੰ ਵੀ ਕੌਮ ਦੇ ਲੇਖੇ ਲਾ ਗਏ। ਨਿੱਕੀ ਜਿਹੀ ਉਮਰੇ ਅਰਸ਼ਾਂ ਵਰਗੇ ਉੱਚੇ ਕਰਤੱਵ ਸ਼ਾਇਦ ਇਸ ਮਹਾਨ ਸੂਰਮੇ ਗੁਰੂ ਦੇ ਹੀ ਹਿੱਸੇ ਆਏ ਸਨ। ਬਾਪ ਪਾਗ਼ਲ ਹੋ ਜਾਂਦੇ ਹਨ, ਮਾਵਾਂ ਮਰ ਮਿਟਦੀਆਂ ਹਨ ਆਪਣੇ ਲਾਡਲਿਆਂ ਦੇ ਵਿਛੜਣ ’ਤੇ ਪਰ ਉਹ ਪਤਾ ਨਹੀਂ ਕਿਸ ਮਿੱਟੀ ਚੋਂ ਉਪਜੇ ਸਨ ਕਿ ਤੀਰਾਂ ਦੇ ਨਿਸ਼ਾਨਚੀ, ਖੰਜਰ ਦੇ ਪਿਤਾਮਾ, ਤਲਵਾਰ ਦੇ ਆਸ਼ਕ ਨੇ ਏਡੀਆਂ ਕੁਰਬਾਨੀਆਂ ਦੇ ਕੇ ਇਕ ਹੰਝੂ ਵੀ ਨਾ ਕੇਰਿਆ।

ਵਿਸਾਖੀ ਪੰਜਾਬ ਦਾ ਪ੍ਰਸਿੱਧ ਤਿਉਹਾਰ ਹੈ। ਗਿੱਧੇ, ਭੰਗੜੇ ਰਾਹੀਂ ਖ਼ੁਸੀ ਨੂੰ ਜ਼ੋਰ-ਸ਼ੋਰ ਨਾਲ ਮਨਾਉਣ ਨੂੰ ਕੀਹਦਾ ਦਿਲ ਨਹੀਂ ਕਰਦਾ। ਕਣਕਾਂ ਨਾਲ ਭੜੋਲੇ ਤੇ ਕੋਠੀਆਂ ਤਾਂ ਭਰਦੀਆਂ ਹੀ ਹਨ, ਨਾਲ ਦੀ ਨਾਲ ਅੰਨਦਾਤਾ, ਖੇਤਾਂ ਦਾ ਸ਼ਹਿਨਸਾਹ ਲੋਕਾਈ ਦੀ ਭੁੱਖ ਵੀ ਦੂਰ ਕਰਦਾ ਹੋਇਆ ਆਪ ਵੀ ਹਿੱਕ ਕੱਢ ਕੇ ਚਾਰ ਦਿਨ ਟੁਰਦਾ ਹੈ, ਗੁਰੂ ਗੋਬਿੰਦ ਸਿੰਘ ਦੀ ਫ਼ੌਜ ਦਾ ਸੈਨਿਕ। ਗੁਰੂ ਗੋਬਿੰਦ ਸਿੰਘ ਜੀ ਪਹਿਲਾਂ ਤੋਂ ਹੀ ਇਸ ਦੇ ਸਿਰਜਕ ਰਹੇ ਹਨ ਅਤੇ ਇਸੇ ਵਿਸਾਖੀ ਦੇ ਤਿਉਹਾਰ ’ਤੇ ਉਨ੍ਹਾਂ ਖ਼ਾਲਸਾ ਪੰਥ ਦੀ ਸਿਰਜਣਾ ਦਾ ਅਨੋਖਾ, ਸੱਚਾ, ਸੁੱਚਾ ਤੇ ਇਨਕਲਾਬੀ ਰਿਸਮਾਂ ਵਾਲਾ ਸੰਸਕਾਰ ਪਹਿਲੀ ਵਾਰ ਸਾਜਿਆ। ਇਕ ਖ਼ਾਲਸਾਈ ਸੱਚੀ ਸੁੱਚੀ ਫ਼ੌਜ ਦਾ ਰਚੇਤਾ ਮੁੜ ਲੱਭਣਾ ਕਠਿਨ ਹੈ।

ਕਾਲ ਦੇ ਭੈਅ ਤੋਂ ਮੁਕਤ ਹੋ ਕੇ ਗੁਰੂ ਦਾ ਖ਼ਾਲਸਾ ਦਾ ਅਕਾਲ ਸ਼ਕਤੀ ਵਿਚ ਤਰੰਗਿਤ ਹੋ ਜਾਂਦਾ ਹੈ। ਸ਼ਾਸਤਰ ਨੂੰ ਸ਼ਸਤਰ ਦੀ ਹੋਂਦ ਮਿਲੀ ਤਾਂ ਥਿੜਕਦੀ ਹੋਈ ਕੌਮ ਦੀ ਨੀਂਹ ਹੋਰ ਬਲਵਾਨ ਬਣ ਗਈ। ਅਕਾਲ ਜੋ ਰਾਖਾ, ਕਿਰਪਾਲੂ ਤੇ ਤੇਗ਼ ਦਾ ਧਨੀ ਹੈ, ਉਹਦੇ ਨਾਲ ਰਚਮਿਚ ਕੇ ਸਾਰੇ ਸੰਸੇ ਖ਼ਤਮ ਹੋ ਜਾਂਦੇ ਹਨ। ਗੋਬਿੰਦ ਸ਼ਬਦ ਸੁਚੇਤ ਪੱਧਰ ਤੋਂ ਉੱਪਰ ਬੈਠਾ ਹੈ। ਉਨ੍ਹਾਂ ਨੇ ਵਿਭਿੰਨ ਭ੍ਰਾਂਤੀਆਂ ਅਤੇ ਹੀਣ-ਭਾਵਨਾਵਾਂ ਵਾਲਿਆਂ ਨੂੰ ਸ਼ਬਦ ਤੇ ਤੀਰ ਵੰਡੇ। ਉਨ੍ਹਾਂ ਕੌਮ ਦੀ ਮਾਨਸਿਕਤਾ ਚੋਂ ਗ਼ੁਲਾਮੀ ਨੂੰ ਮਾਰਿਆ ਤੇ ਯੋਧਿਆਂ ਦੇ ਸਿਰਤਾਜ ਬਣੇ। ਸੱਚ ਦੇ ਸਫ਼ਿਆਂ ਚੋਂ ਖ਼ਾਲਸਾ ਸਾਜ ਕੇ ਨਵਾਂ ਨਿਰਾਲਾ ਜਿਹਾ ਵਰਕਾ ਥੱਲਿਆ। ਖ਼ਾਲਸੇ ਦੇ ਸੰਕਲਪ ’ਚੋਂ ਹੀ ‘ਗੋਬਿੰਦ’ ਸਬਦ ਉਪਜਿਆ ਸੀ ਕਦੇ। ਲੋਕੋ ਲੱਭ ਕੇ ਲਿਆਓ ਕਿਤਿਓਂ, ਉਹ ਲੀਡਰ ਨਹੀਂ ਤਾਂ ਇਹ ਕੌਮ ਖਿੰਡ ਚੱਲੀ ਹੈ, ਕਿਤਿਓਂ ਭਾਲੋ ਉਹੀ ਇਖ਼ਲਾਕ ਦਾ ਚਿਹਰਾ, ਜੋ ਅੱਜ ਦੇ ਸਵੇਰਿਆਂ ’ਚ ਨਵਾਂ ਜਿਹਾ ਸੂਰਜ ਬਣ ਕੇ ਉਦੈ ਹੋਵੇ।

ਗੁਰੂ ਗੋਬਿੰਦ ਸਿੰਘ ਦਾ ਜਾਇਆ ਨਾ ਕਿਸੇ ਦੀ ਈਨ ਪ੍ਰਵਾਨ ਕਰੇ ਨਾ ਹੀ ਈਨ ਮੰਨਵਾਏ। ਉਸ ਦਾ ਕਰਮ ਸ਼ੁੱਭ ਅਮਲ ਦੀਆਂ ਪੈੜਾਂ ’ਤੇ ਪੱਬ ਧਰਦਾ ਹੈ। ਜਦੋਂ ਸ਼ੁੱਭ ਕਰਮ ’ਤੇ ਜੂਝ ਮਰਨਾ ਹੋ ਜਾਵੇ, ਮਨ-ਚਿੱਤ ’ਚ ਦਿ੍ਰੜ ਇਰਾਦਾ ਉੱਗ ਆਵੇ, ਸੇਧ ਤੇ ਤਲਵਾਰ ਗੋਬਿੰਦ ਦੀ ਹੋਵੇ ਤਾਂ ਜਿੱਤ ਨਿਸ਼ਚੈ ਹੀ ਹੋ ਜਾਂਦੀ ਹੈ। ਦਿ੍ਰੜਤਾ ਇਕ ਕਰਮ ਹੈ, ਸੱਚਾ ਸੁੱਚਾ ਇਸ਼ਕ ਹੈ ਗੋਬਿੰਦ ਸ਼ਬਦ ਦਾ, ਮੁਹੱਬਤ ਹੈ ਸੱਥਰਾਂ ’ਤੇ ਸੌਣ ਵਾਲੇ ਨਾਲ- ‘‘ਜਬ ਆਵ ਕੀ ਅਉਧ ਨਿਦਾਨ ਬਨੈ ਅਤ ਹੀ ਰਨ ਮੈ ਤਬ ਜੂਝ ਮਰੋ।’’ ਜਦੋਂ ਸੀਨੇ ਚ ਗੋਬਿੰਦ ਸ਼ਬਦ ਹੋਵੇ ਅਤੇ ਕਰਮ ਵਿਚ ਜੂਝਣ ਦਾ ਚਾਓ ਚਮਕੇ, ਉਦੋਂ ਹਰ ਪਾਸੇ ਜਿੱਤ ਹੁੰਦੀ ਹੈ। ਉਦੋਂ ਹੀ ਜ਼ਫ਼ਰਨਾਮਾ ਜਨਮ ਲੈਂਦਾ ਹੈ।

ਗੁਰੂ ਗੋਬਿੰਦ ਸਿੰਘ ਜੀ ਦਾ ਸਿਰਜਿਆ ਮਾਡਲ, ਸ਼ਾਸਤਰ ਤੇ ਸ਼ਸਤਰ ਚੜ੍ਹਦੀ ਕਲਾ ਵਾਲਾ ਹੈ ਜੋ ਭਵਿੱਖਮੁਖੀ, ਨਵੀਂ ਪੈੜ੍ਹ ਅਤੇ ਸਰੋਂ੍ਹ ਦੇ ਫੁੱਲਾਂ ਵਰਗਾ ਤਾਰੀਖ਼ ਦਾ ਪੰਨਾ ਹੈ। ਗੋਬਿੰਦ ਸ਼ਬਦ ਸ਼ਕਤੀ ਦਾ ਰਹੱਸ ਹੈ। ਉਨ੍ਹਾਂ ਨੇ ਸੰਕਲਪਾਂ ਨੂੰ ਵਿਹਾਰਕ ਝਰੋਖੇ ’ਚੋਂ ਉਸਾਰ ਕੇ ਇਤਿਹਾਸ ਦੇ ਪੰਨਿਆਂ ’ਤੇ ਜੜ੍ਹ ਦਿੱਤਾ, ਜੋ ਇਨਸਾਨੀਅਤ ਦਾ ਗੌਰਵ ਤੇ ਸਵੈਮਾਣ ਬਣਿਆ, ਨਵਾਂ ਰਾਹ ਉੱਕਰਿਆ, ਨਵੀਂ ਪੈੜ ਪਾਈ ਗਈ। ਚਿੰਤਨ ਅਤੇ ਚੇਤਨਾ ’ਚ ਗੁਰੂ ਸਾਹਿਬ ਨੇ ਨਿਵੇਕਲੇ ਜਿਹੇ ਸਫ਼ੇ

ਸਿਰਜੇ, ਜਿਨ੍ਹਾਂ ਦੀ ਪ੍ਰਸੰਗਿਕਤਾ ਵਰਤਮਾਨ ਸਮੇਂ ਦੇ ਸੀਨੇ ਉੱਪਰ ਵੀ ਅਰਸ਼ ਵਰਗਾ ਹੀ ਸਤੰਬ ਹੈ, ਮੀਨਾਰ ਹੈ ਅੰਬਰ ਦੇ ਬਨੇਰੇ ’ਤੇ।

ਤਾਰੀਖ਼ ਦੇ ਪੰਨੇ ’ਤੇ ਚਿੰਤਨ ਅਤੇ ਚੇਤਨ ਦਾ ਜਿਹੜਾ ਨਵਾਂ ਅਧਿਆਇ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੁਰੂ ਕੀਤਾ ਸੀ, ਉਸ ਦਾ ਕਿਤੇ ਵੀ ਨਿਸ਼ਾਨ ਨਹੀਂ ਮਿਲਦਾ, ਜੋ ਰੁਲਦਾ ਜਾ ਰਿਹਾ ਹੈ। ਜੇ ਇਹੀ ਸਾਡੇ ਵਿਹੜਿਆਂ ’ਚ ਸੋਚ ਬਣੀ ਰਹੀ, ਜੋ ਅੱਜ ਕੱਲ੍ਹ ਵਿਚਰ ਵਾਪਰ ਰਿਹਾ ਹੈ ਤਾਂ ਗੁਰੂ ਸਾਹਿਬ ਦੇ ਤੀਰ ਇਕ-ਇਕ ਕਰਕੇ ਸਾਨੂੰ ਪੁੱਛਣਗੇ-ਬਾਪੂ ਦੇ ਸੀਸ ਦੀ ਤਾਰੀ ਕੀਮਤ, ਤੋਤਲੀ ਉਮਰੇ ਸਾਡੇ ਵਾਸਤੇ ਨੀਹਾਂ ’ਚ ਚਿਣੇ ਪਿਆਰੇ ਤੇ ਨਿਆਰੇ ਲਾਡਲੇ ਜਿਹੇ ਬੋਲ। ਮਾਤਾ ਗੁਜਰੀ ਦੀ ਹਿੱਕ ਫਿਰ ਭੁੱਬਾਂ ਮਾਰ ਕੇ ਤੜਪੇਗੀ, ਭਾਵੇਂ ਕਿ ਉਨ੍ਹਾਂ ਨੇ ਉਦੋਂ ਵੀ ਅੱਥਰੂ ਵੀ ਨਹੀਂ ਸੀ ਕੇਰਿਆ। ਕੌਮ ਕੁਰਾਹੇ ਪੈ ਚੱਲੀ ਹੈ, ਗੁਰੂ ਗੋਬਿੰਦ ਸਿੰਘ ਜੀ ਦੀਆਂ ਪੈੜਾਂ ਤੋਂ ਪਰ੍ਹੇ ਹੋਈ ਜਾ ਰਹੀ ਹੈ। ਗੁਰੂ ਨੇ ਭਗੌਤੀ ਸਿਮਰ ਕੇ ਪੰਥ ਸਾਜਿਆ ਸੀ ਇਸੇ ਕਰਕੇ ਪੰਥ ਦੀ ਸੁਰਤਿ ਵਿਚ ਸ਼ਸਤਰ ਦੀ ਉਪਾਸਨਾ ਹੋਈ ਅਤੇ ਹਮੇਸ਼ਾ ਨਿਆਰਾ ਤੇ ਨਿਰਾਲਾ ਰਿਹਾ ਹੈ-ਨਵੇਂ ਚਰਿਤਰ ਵਾਲਾ, ਕਿਉਂਕਿ ਉਹਦੇ ਚਿੱਤ ਵਿਚ ਯੁੱਧ ਅਤੇ ਮੁੱਖ ਵਿਚ ਨਾਨਕ ਹੈ। ਸ਼ਾਸਤਰ ਤੇ ਸ਼ਸਤਰ ਦਾ ਸੰਗਮ ਹੋ ਗਿਆ ਹੈ। ਮਜ਼ਲੂਮਾਂ ਦਾ ਰੱਖਿਅਕ ਹੈ ਗੋਬਿੰਦ। ਗੁਰੂ ਸਾਹਿਬ ਦੀਆਂ ਰਚਨਾਤਮਿਕ ਪੈੜਾਂ :

- ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ॥

ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ॥

- ਰੇ ਮਨ ਇਹਿ ਬਿਧਿ ਜੋਗੁ ਕਮਾਓ॥

ਸਿੰਙੀ ਸਾਚ ਅਕਪਟ ਕੰਠਲਾ ਧਿਆਨ ਬਿਭੂਤ ਚੜ੍ਹਾਓ॥

- ਪ੍ਰਭਜੂ ਤੋਕਹਿ ਲਾਜ ਹਮਾਰੀ॥

ਨੀਲ ਕੰਠ ਨਰਹਰਿ ਨਾਰਾਇਣ ਨੀਲ ਬਸਨ ਬਨਵਾਰੀ॥

- ਜਾਗਤਿ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨ ਆਨੈ॥

ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ॥

ਸ਼ਾਸਤਰ ਤੇ ਸ਼ਸਤਰ ਦੇ ਮਾਡਲ ਰਾਹੀਂ ਸਗਲ ਜਮਾਤ ਸਾਜ ਕੇ ਗੁਰੂ ਸਾਹਿਬ ਨੇ ਇਕ ਖ਼ਾਲਸ ਹਾਰ ਪਰੋਇਆ, ਜਿਸ ਦੇ ਫੁੱਲ-ਪੱਤੀਆਂ ਰੰਗ-ਬਰੰਗੇ ਤੇ ਸੂਹੇ ਸਨ। ਜੋ ਲਤਾੜੀਆਂ ਰੂਹਾਂ ਤੇ ਪੀੜਤ ਆਤਮਾਵਾਂ ’ਚ ਸਵੈਮਾਣ ਦਾ ਦੀਪਕ ਹੈ। ਅਮਰ ਸਿਰਜਣਾ ’ਚ ਮਾਨਵੀ ਮੁਕਤੀ ਲਈ ਕਰਮਸ਼ੀਲਤਾ ਦੀ ਤਸਵੀਰ ਹੈ, ਜੋ ਸਦਾ ਇਤਿਹਾਸ ਦੀ ਹਿੱਕ ’ਤੇ ਜੜ੍ਹੀ ਰਹੇਗੀ, ਜਿਸ ਨੇ ਜੂਝਣ ’ਚੋਂ ਆਪਣੇ ਅਰਥ ਭਾਲੇ ਅਤੇ ਸੰਸਾਰ ਨੂੰ ਭੇਟ ਕੀਤੇ।

- ਡਾ. ਅਮਰਜੀਤ ਟਾਂਡਾ

Posted By: Harjinder Sodhi